Home Blog Page 395

ਅਮਨ ਅਰੋੜਾ ਨੇ ਉਦਯੋਗ ਅਤੇ ਵਣਜ ਮੰਤਰੀ ਵਜੋਂ ਅਹੁਦਾ ਸੰਭਾਲਿਆ

ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਬਣਾਉਣਾ ਮੁੱਖ ਤਰਜੀਹ: ਅਰੋੜਾ

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਉਦਯੋਗ ਭਵਨ, ਚੰਡੀਗੜ੍ਹ ਵਿਖੇ ਉਦਯੋਗ ਅਤੇ ਵਣਜ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ। ਅਰੋੜਾ ਪਹਿਲਾਂ ਹੀ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ, ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ, ਸੁਚੱਜਾ ਪ੍ਰਸ਼ਾਸਨ ਤੇ ਸੂਚਨਾ ਤਕਨਾਲੋਜੀ ਅਤੇ ਪ੍ਰਿੰਟਿੰਗ ਤੇ ਸਟੇਸ਼ਨਰੀ ਵਰਗੇ ਮੁੱਖ ਵਿਭਾਗ ਦਾ ਚਾਰਜ ਸੰਭਾਲ ਰਹੇ ਹਨ।

ਅਹੁਦਾ ਸੰਭਾਲਣ ਉਪਰੰਤ  ਅਰੋੜਾ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਉਨ੍ਹਾਂ ਵਿੱਚ ਵਿਸ਼ਵਾਸ ਜਤਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੁੱਖ ਤਰਜੀਹ ਲਾਲ ਫੀਤਾਸ਼ਾਹੀ ਨੂੰ ਖ਼ਤਮ ਕਰਕੇ ਅਤੇ ਟਿਕਾਊ ਉਦਯੋਗਾਂ ਨੂੰ ਉਤਸ਼ਾਹਿਤ ਕਰਕੇ ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਬਣਾਉਣ ਦੇ ਨਾਲ-ਨਾਲ ਹਰੇਕ ਉਦਯੋਗਿਕ ਵਿਸਥਾਰ ਵਿੱਚ ਸਥਾਨਕ ਲੋਕਾਂ ਨੂੰ ਨੌਕਰੀਆਂ ਮਿਲਣਾ ਯਕੀਨੀ ਬਣਾਉਣਾ ਹੈ।

ਇਸ ਦੇ ਨਾਲ ਹੀ ਉਦਯੋਗਿਕ ਨੀਤੀ, ਕੁਦਰਤੀ ਊਰਜਾ, ਹੁਨਰ ਵਿਕਾਸ ਅਤੇ ਸ਼ਾਸਨ ਸਬੰਧੀ ਸੁਧਾਰਾਂ ਨੂੰ ਆਪਸ ਵਿੱਚ ਜੋੜ ਕੇ ਸੂਬੇ ਵਿੱਚ ਸੁਚਾਰੂ ਮਾਹੌਜ ਸਿਰਜਣਾ ਹੈ। “ਮੇਰਾ ਟੀਚਾ ਪੰਜਾਬ ਨੂੰ ‘ਕਾਰੋਬਾਰ ਕਰਨ ਵਿੱਚ ਸੁਖਾਲਾ’ ਬਣਾਉਂਦਿਆਂ ਇੱਕ ਆਦਰਸ਼ ਸੂਬੇ ਵਜੋਂ ਸਥਾਪਤ ਕਰਨਾ ਹੈ, ਜਿਸ ਵਿੱਚ ਸਾਡੇ ਨੌਜਵਾਨਾਂ ਲਈ ਸਨਮਾਨਜਨਕ ਅਤੇ ਹੁਨਰ-ਆਧਾਰਤ ਰੋਜ਼ਗਾਰ ਦੇ ਮੌਕੇ ਪੈਦਾ ਹੋ ਸਕਣ।”

ਉਦਯੋਗ ਅਤੇ ਵਣਜ ਹੁਣ ਹੁਨਰ ਵਿਕਾਸ ਅਤੇ ਨਵਿਆਉਣਯੋਗ ਊਰਜਾ ਨਾਲ ਜੁੜ ਗਏ ਹਨ, ਜਿਸ ਨਾਲ ਸੂਬੇ ਵਿੱਚ ਇੱਕ ਸਰਕੁਲਰ ਅਰਥਵਿਵਸਥਾ ਦਾ ਨਿਰਮਾਣ ਹੋਵੇਗਾ, ਜਿੱਥੇ ਵਿਕਾਸ, ਕੁਦਰਤੀ ਊਰਜਾ ਅਤੇ ਰੋਜ਼ਗਾਰ ਨਾਲੋ-ਨਾਲ ਚਲਣਗੇ।

ਇਸ ਤੋਂ ਪਹਿਲਾਂ ਅਰੋੜਾ ਦਾ ਉਦਯੋਗ ਭਵਨ ਪਹੁੰਚਣ ‘ਤੇ ਪ੍ਰਬੰਧਕੀ ਸਕੱਤਰ ਉਦਯੋਗ ਤੇ ਵਣਜ ਗੁਰਕਿਰਤ ਕਿਰਪਾਲ ਸਿੰਘ, ਪੰਜਾਬ ਵਿਕਾਸ ਕਮਿਸ਼ਨ ਦੇ ਉਪ-ਚੇਅਰਪਰਸਨ ਸੀਮਾ ਬਾਂਸਲ, ਸੀ.ਈ.ਓ ਇਨਵੈਸਟ ਪੰਜਾਬ ਅਮਿਤ ਢਾਕਾ, ਸਕੱਤਰ ਉਦਯੋਗ ਮਹਿੰਦਰ ਪਾਲ, ਡਾਇਰੈਕਟਰ ਉਦਯੋਗ ਜਸਪ੍ਰੀਤ ਸਿੰਘ, ਪੰਜਾਬ ਇਨਫੋਟੈਕ ਦੇ ਐਮ.ਡੀ. ਐਚ.ਐਸ. ਬਰਾੜ, ਪੀ.ਐਸ.ਆਈ.ਡੀ.ਸੀ. ਦੇ ਐਮ.ਡੀ. ਹਰਪ੍ਰੀਤ ਸਿੰਘ ਸੂਦਨ, ਪੰਜਾਬ ਵਿੱਤ ਕਾਰਪੋਰੇਸ਼ਨ ਦੀ ਐਮ.ਡੀ. ਸੇਨੂ ਦੁੱਗਲ ਨੇ ਨਿੱਘਾ ਸਵਾਗਤ ਕੀਤਾ।

ਅਮਨ ਅਰੋੜਾ ਨੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਸਮੀਖਿਆ ਮੀਟਿੰਗ ਵੀ ਕੀਤੀ ਅਤੇ ਅਧਿਕਾਰੀਆਂ ਨੂੰ ਪ੍ਰਗਤੀ ਅਧੀਨ ਉਦਯੋਗਿਕ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਅਤੇ ਸੂਬੇ ਵਿੱਚ ਹੋਰ ਨਿਵੇਸ਼ ਲਿਆਉਣ ਲਈ ਯਤਨ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ।

Punjab News: ਪੰਜਾਬ ਦੇ ਆਰਮੀ ਸਕੂਲਾਂ ਵਿੱਚ ਪੰਜਾਬੀ ਨੂੰ ਵਿਕਲਪਿਕ ਬਣਾਉਣ ‘ਤੇ AAP ਦਾ ਕੇਂਦਰ ‘ਤੇ ਤਿੱਖਾ ਹਮਲਾ, ਕਿਹਾ- “ਇਹ ਪੰਜਾਬ ਦੀ ਪਹਿਚਾਣ ‘ਤੇ ਵਾਰ”

ਚੰਡੀਗੜ੍ਹ, 12 ਮਈ 2026: ਆਮ ਆਦਮੀ ਪਾਰਟੀ (AAP) ਨੇ ਮੰਗਲਵਾਰ ਨੂੰ ਪੰਜਾਬ ਦੇ ਆਰਮੀ ਸਕੂਲਾਂ ਵਿੱਚ ਸੰਸਕ੍ਰਿਤ ਨੂੰ ਲਾਜ਼ਮੀ ਅਤੇ ਪੰਜਾਬੀ ਨੂੰ ਵਿਕਲਪਿਕ ਵਿਸ਼ਾ ਬਣਾਉਣ ਦੇ ਫੈਸਲੇ ‘ਤੇ ਕੇਂਦਰ ਦੀ BJP ਸਰਕਾਰ ਖ਼ਿਲਾਫ਼ ਤਿੱਖਾ ਹਮਲਾ ਬੋਲਿਆ। ਪਾਰਟੀ ਨੇ ਇਸ ਫੈਸਲੇ ਨੂੰ ਪੰਜਾਬ ਦੀ ਭਾਸ਼ਾਈ ਪਹਿਚਾਣ ਅਤੇ ਸੱਭਿਆਚਾਰਕ ਜੜ੍ਹਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਾਰ ਦਿੰਦਿਆਂ ਕਿਹਾ ਕਿ ਪੰਜਾਬੀ ਆਪਣੀ ਮਾਂ ਬੋਲੀ ਨਾਲ ਹੋ ਰਹੀ ਕਿਸੇ ਵੀ ਤਰ੍ਹਾਂ ਦੀ ਬੇਇਨਸਾਫ਼ੀ ਬਰਦਾਸ਼ਤ ਨਹੀਂ ਕਰਨਗੇ।

AAP ਪੰਜਾਬ ਦੇ ਸਟੇਟ ਮੀਡੀਆ ਇੰਚਾਰਜ Baltej Pannu ਨੇ ਕਿਹਾ ਕਿ ਇਹ ਫੈਸਲਾ ਕੇਂਦਰ ਸਰਕਾਰ ਦੀ “ਪੰਜਾਬ ਵਿਰੋਧੀ ਸੋਚ” ਨੂੰ ਇੱਕ ਵਾਰ ਫਿਰ ਸਾਹਮਣੇ ਲਿਆਉਂਦਾ ਹੈ। ਉਨ੍ਹਾਂ ਕਿਹਾ ਕਿ BJP ਸਰਕਾਰ ਪਹਿਲਾਂ ਵੀ ਕਈ ਅਜਿਹੇ ਫੈਸਲੇ ਕਰ ਚੁੱਕੀ ਹੈ, ਜਿਨ੍ਹਾਂ ਕਾਰਨ ਪੰਜਾਬ ਦੇ ਲੋਕਾਂ ਵਿੱਚ ਨਾਰਾਜ਼ਗੀ ਪੈਦਾ ਹੋਈ ਹੈ।

ਬਲਤੇਜ ਪੰਨੂ ਨੇ ਕਿਹਾ ਕਿ ਪੰਜਾਬੀ ਸਿਰਫ਼ ਇੱਕ ਭਾਸ਼ਾ ਨਹੀਂ, ਸਗੋਂ ਪੰਜਾਬ ਦੀ ਰੂਹ ਅਤੇ ਪਹਿਚਾਣ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ‘ਤੇ ਪੰਜਾਬੀ ਨੂੰ ਦੂਜੇ ਦਰਜੇ ‘ਤੇ ਧੱਕਣ ਦੀ ਕੋਸ਼ਿਸ਼ ਕਿਸੇ ਵੀ ਕੀਮਤ ‘ਤੇ ਕਬੂਲ ਨਹੀਂ ਕੀਤੀ ਜਾ ਸਕਦੀ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਪਣੀ ਮਾਂ ਬੋਲੀ ਨਾਲ ਡੂੰਘਾ ਜਜ਼ਬਾਤੀ ਅਤੇ ਸੱਭਿਆਚਾਰਕ ਰਿਸ਼ਤਾ ਰੱਖਦੇ ਹਨ। ਇਸ ਲਈ ਪੰਜਾਬੀ ਨੂੰ ਘੱਟ ਮਹੱਤਵ ਦੇਣ ਵਾਲਾ ਕੋਈ ਵੀ ਫੈਸਲਾ ਲੋਕਾਂ ਵਿੱਚ ਗੁੱਸਾ ਪੈਦਾ ਕਰੇਗਾ।

AAP ਦਾ ਦੋਸ਼: ਕੇਂਦਰ ਲਗਾਤਾਰ ਪੰਜਾਬ ਦੀ ਪਹਿਚਾਣ ਨੂੰ ਕਮਜ਼ੋਰ ਕਰਨ ਵਿੱਚ ਲੱਗਾ

ਬਲਤੇਜ ਪੰਨੂ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੇਂਦਰ ਸਰਕਾਰ ‘ਤੇ ਪੰਜਾਬ ਦੇ ਹੱਕਾਂ ਨੂੰ ਕਮਜ਼ੋਰ ਕਰਨ ਦੇ ਦੋਸ਼ ਲੱਗੇ ਹੋਣ। ਉਨ੍ਹਾਂ ਕਿਹਾ ਕਿ ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ ਅਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਵਰਗੇ ਮੁੱਦਿਆਂ ‘ਤੇ ਵੀ ਪੰਜਾਬ ਦੇ ਲੋਕਾਂ ਵਿੱਚ ਇਹ ਧਾਰਣਾ ਬਣੀ ਕਿ ਕੇਂਦਰ ਪੰਜਾਬ ਦੇ ਅਧਿਕਾਰਾਂ ਅਤੇ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਹੁਣ ਆਰਮੀ ਸਕੂਲਾਂ ਵਿੱਚ ਪੰਜਾਬੀ ਨੂੰ ਵਿਕਲਪਿਕ ਬਣਾਉਣ ਦਾ ਫੈਸਲਾ ਇਸ ਸੋਚ ਨੂੰ ਹੋਰ ਮਜ਼ਬੂਤ ਕਰਦਾ ਹੈ। ਬਲਤੇਜ ਪੰਨੂ ਦੇ ਅਨੁਸਾਰ ਇਹ ਸਿਰਫ਼ ਭਾਸ਼ਾ ਦਾ ਮਾਮਲਾ ਨਹੀਂ, ਸਗੋਂ ਪੰਜਾਬ ਦੀ ਸੱਭਿਆਚਾਰਕ ਪਹਿਚਾਣ ਨਾਲ ਜੁੜਿਆ ਹੋਇਆ ਮੁੱਦਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦਾ ਇਤਿਹਾਸ, ਸੱਭਿਆਚਾਰ ਅਤੇ ਸਾਹਿਤ ਪੰਜਾਬੀ ਭਾਸ਼ਾ ਨਾਲ ਡੂੰਘੇ ਤੌਰ ‘ਤੇ ਜੁੜੇ ਹੋਏ ਹਨ। ਜੇ ਨਵੀਂ ਪੀੜ੍ਹੀ ਨੂੰ ਆਪਣੀ ਮਾਂ ਬੋਲੀ ਤੋਂ ਦੂਰ ਕੀਤਾ ਗਿਆ ਤਾਂ ਇਸਦਾ ਲੰਬੇ ਸਮੇਂ ਵਿੱਚ ਸਮਾਜਕ ਅਤੇ ਸੱਭਿਆਚਾਰਕ ਅਸਰ ਪਵੇਗਾ।

ਬਲਤੇਜ ਪੰਨੂ ਨੇ ਇਹ ਵੀ ਸਪੱਸ਼ਟ ਕੀਤਾ ਕਿ AAP ਕਿਸੇ ਵੀ ਭਾਸ਼ਾ ਦੇ ਵਿਰੁੱਧ ਨਹੀਂ ਹੈ। ਉਨ੍ਹਾਂ ਕਿਹਾ ਕਿ ਸੰਸਕ੍ਰਿਤ ਜਾਂ ਹੋਰ ਭਾਸ਼ਾਵਾਂ ਸਿਖਾਉਣ ‘ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ, ਪਰ ਪੰਜਾਬ ਦੀ ਧਰਤੀ ‘ਤੇ ਪੰਜਾਬੀ ਨੂੰ ਦੂਜੇ ਦਰਜੇ ‘ਤੇ ਰੱਖਣਾ ਬਿਲਕੁਲ ਗਲਤ ਹੈ।

ਫੈਸਲਾ ਵਾਪਸ ਲੈਣ ਦੀ ਮੰਗ, ਲੋਕਾਂ ਨੂੰ ਇਕੱਠੇ ਹੋਣ ਦੀ ਅਪੀਲ

AAP ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਹ ਫੈਸਲਾ ਤੁਰੰਤ ਵਾਪਸ ਲਿਆ ਜਾਵੇ ਅਤੇ ਪੰਜਾਬੀ ਨੂੰ ਉਸਦਾ ਬਣਦਾ ਸਨਮਾਨ ਦਿੱਤਾ ਜਾਵੇ। ਬਲਤੇਜ ਪੰਨੂ ਨੇ ਕਿਹਾ ਕਿ ਭਾਸ਼ਾ ਨਾਲ ਜੁੜੇ ਫੈਸਲੇ ਲੋਕਾਂ ਦੀ ਭਾਵਨਾ ਅਤੇ ਖੇਤਰੀ ਪਹਿਚਾਣ ਦਾ ਸਤਿਕਾਰ ਕਰਦੇ ਹੋਏ ਕੀਤੇ ਜਾਣੇ ਚਾਹੀਦੇ ਹਨ।

ਉਨ੍ਹਾਂ ਕਿਹਾ ਕਿ ਜੇ ਇਸ ਤਰ੍ਹਾਂ ਦੀਆਂ ਨੀਤੀਆਂ ਜਾਰੀ ਰਹੀਆਂ ਤਾਂ ਪੰਜਾਬ ਦੇ ਲੋਕ ਇਸਦਾ ਡਟ ਕੇ ਵਿਰੋਧ ਕਰਨਗੇ। ਉਨ੍ਹਾਂ ਦੇ ਅਨੁਸਾਰ ਪੰਜਾਬੀਆਂ ਨੇ ਇਤਿਹਾਸ ਵਿੱਚ ਹਮੇਸ਼ਾ ਆਪਣੀ ਭਾਸ਼ਾ ਅਤੇ ਪਹਿਚਾਣ ਦੀ ਰੱਖਿਆ ਲਈ ਸੰਘਰਸ਼ ਕੀਤਾ ਹੈ ਅਤੇ ਭਵਿੱਖ ਵਿੱਚ ਵੀ ਕਰਦੇ ਰਹਿਣਗੇ।

ਬਲਤੇਜ ਪੰਨੂ ਨੇ BJP ‘ਤੇ ਖੇਤਰੀ ਪਹਿਚਾਣ ਨਾਲ ਜੁੜੇ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਪੰਜਾਬ ਦੇ ਲੋਕ ਅਜਿਹੀਆਂ ਨੀਤੀਆਂ ਨੂੰ ਕਦੇ ਸਵੀਕਾਰ ਨਹੀਂ ਕਰਨਗੇ, ਜੋ ਉਨ੍ਹਾਂ ਦੀ ਮਾਂ ਬੋਲੀ ਅਤੇ ਸੱਭਿਆਚਾਰ ਨੂੰ ਘੱਟਜ਼ੋਰ ਕਰਨ ਦੀ ਕੋਸ਼ਿਸ਼ ਕਰਨ।

ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਸਿਰਫ਼ ਸੰਚਾਰ ਦਾ ਸਾਧਨ ਨਹੀਂ, ਸਗੋਂ ਪੰਜਾਬ ਦੇ ਇਤਿਹਾਸ, ਵਿਰਾਸਤ ਅਤੇ ਭਾਵਨਾਵਾਂ ਦੀ ਪਹਿਚਾਣ ਹੈ। ਇਸਦੀ ਅਣਦੇਖੀ ਨੂੰ ਲੋਕ ਆਪਣੀ ਅਸਮੀਤਾ ‘ਤੇ ਹਮਲਾ ਮੰਨਦੇ ਹਨ।

ਅੰਤ ਵਿੱਚ ਬਲਤੇਜ ਪੰਨੂ ਨੇ ਕਿਹਾ ਕਿ AAP ਪੰਜਾਬੀ ਭਾਸ਼ਾ ਅਤੇ ਪੰਜਾਬ ਦੀ ਪਹਿਚਾਣ ਦੀ ਰੱਖਿਆ ਲਈ ਹਰ ਮੰਚ ‘ਤੇ ਅਵਾਜ਼ ਉਠਾਉਂਦੀ ਰਹੇਗੀ ਅਤੇ ਕਿਸੇ ਵੀ ਅਜਿਹੇ ਫੈਸਲੇ ਦਾ ਵਿਰੋਧ ਕਰੇਗੀ, ਜੋ ਪੰਜਾਬ ਦੇ ਹਿੱਤਾਂ ਦੇ ਖਿਲਾਫ਼ ਹੋਵੇ।

ਪੰਜਾਬ ਸਕੂਲ ਸਿੱਖਿਆ ਬੋਰਡ ਦਾ ਐਲਾਨ, ਬਾਰ੍ਹਵੀਂ ਜਮਾਤ ਦੇ ਨਤੀਜੇ ਦਾ ਭਲਕੇ ਆਵੇਗਾ ਰਿਜ਼ਲਟ

ਕੌਮਾਂਤਰੀ ਬਾਡੀ ਬਿਲਡਰ ਰਣ ਸਿੰਘ ਦੀ ਅਚਾਨਕ ਮੌਤ ਨਾਲ ਟਾਂਡਾ ਇਲਾਕੇ ’ਚ ਸੋਗ ਦੀ ਲਹਿਰ

ਟਾਂਡਾ :- ਖੇਡ ਜਗਤ ਲਈ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਟਾਂਡਾ ਇਲਾਕੇ ਦੇ ਕੌਮਾਂਤਰੀ ਪੱਧਰ ਦੇ ਮਸ਼ਹੂਰ ਬਾਡੀ ਬਿਲਡਰ ਰਣ ਸਿੰਘ ਦਾ ਅਚਾਨਕ ਦੇਹਾਂਤ ਹੋ ਗਿਆ, ਜਿਸ ਨਾਲ ਪੂਰੇ ਇਲਾਕੇ ਵਿੱਚ ਗਹਿਰਾ ਸੋਗ ਛਾ ਗਿਆ ਹੈ। ਉਨ੍ਹਾਂ ਦੀ ਅਚਾਨਕ ਮੌਤ ਦੀ ਖ਼ਬਰ ਮਿਲਦਿਆਂ ਹੀ ਖੇਡ ਪ੍ਰੇਮੀਆਂ ਅਤੇ ਜਾਣੂਆਂ ਵਿੱਚ ਦੁੱਖ ਦੀ ਲਹਿਰ ਦੌੜ ਗਈ।

ਸਿਹਤ ਵਿਗੜਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ

ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਰਣ ਸਿੰਘ ਦੀ ਸਿਹਤ ਅਚਾਨਕ ਖਰਾਬ ਹੋ ਗਈ ਸੀ। ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਮ੍ਰਿਤਕ ਘੋਸ਼ਿਤ ਕਰ ਦਿੱਤਾ। ਸ਼ੁਰੂਆਤੀ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ।

ਵਿਦੇਸ਼ਾਂ ਵਿੱਚ ਵੀ ਜਿੱਤੇ ਕਈ ਖਿਤਾਬ

ਰਣ ਸਿੰਘ ਨੇ ਬਾਡੀ ਬਿਲਡਿੰਗ ਖੇਤਰ ਵਿੱਚ ਆਪਣੀ ਮਿਹਨਤ ਸਦਕਾ ਵਿਲੱਖਣ ਪਛਾਣ ਬਣਾਈ ਸੀ। ਉਹ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਵਿੱਚ ਹੋਏ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਅਨੇਕਾਂ ਕੌਮਾਂਤਰੀ ਖਿਤਾਬ ਅਤੇ ਇਨਾਮ ਆਪਣੇ ਨਾਮ ਕਰ ਚੁੱਕੇ ਸਨ। ਉਨ੍ਹਾਂ ਦੀਆਂ ਉਪਲਬਧੀਆਂ ਨੇ ਨਾ ਸਿਰਫ਼ ਟਾਂਡਾ, ਸਗੋਂ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ।

ਬਚਪਨ ਤੋਂ ਹੀ ਸੀ ਬਾਡੀ ਬਿਲਡਿੰਗ ਦਾ ਜ਼ੁਨੂਨ

ਪਰਿਵਾਰਕ ਮੈਂਬਰਾਂ ਮੁਤਾਬਕ ਰਣ ਸਿੰਘ ਨੂੰ ਬਚਪਨ ਤੋਂ ਹੀ ਬਾਡੀ ਬਿਲਡਿੰਗ ਦਾ ਬਹੁਤ ਸ਼ੌਂਕ ਸੀ। ਆਪਣੀ ਲਗਨ ਅਤੇ ਸਖ਼ਤ ਮਿਹਨਤ ਦੇ ਬਲਬੂਤੇ ਉਨ੍ਹਾਂ ਨੇ ਦੇਸ਼-ਵਿਦੇਸ਼ ਵਿੱਚ ਵੱਡਾ ਨਾਮ ਕਮਾਇਆ ਅਤੇ ਕਈ ਮੈਡਲ ਹਾਸਲ ਕੀਤੇ।

ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ

ਰਣ ਸਿੰਘ ਆਪਣੇ ਪਿੱਛੇ ਬਜ਼ੁਰਗ ਮਾਤਾ-ਪਿਤਾ, ਪਤਨੀ ਅਤੇ ਦੋ ਸਾਲ ਦੀ ਧੀ ਨੂੰ ਛੱਡ ਗਏ ਹਨ। ਉਨ੍ਹਾਂ ਦੀ ਬੇਵਕਤੀ ਮੌਤ ਨਾਲ ਪਰਿਵਾਰ ’ਤੇ ਦੁੱਖਾਂ ਦਾ ਵੱਡਾ ਪਹਾੜ ਟੁੱਟ ਪਿਆ ਹੈ, ਜਦਕਿ ਖੇਡ ਜਗਤ ਨੇ ਵੀ ਇੱਕ ਹੋਣਹਾਰ ਖਿਡਾਰੀ ਨੂੰ ਸਦਾ ਲਈ ਗੁਆ ਦਿੱਤਾ ਹੈ।

ਹਾਈਕੋਰਟ ’ਚ ਸੰਜੀਵ ਅਰੋੜਾ ਦਾ ਪੱਖ ਮਜ਼ਬੂਤੀ ਨਾਲ ਰੱਖਿਆ ਗਿਆ, ਰਾਹਤ ਲਈ 14 ਮਈ ’ਤੇ ਟਿਕੀਆਂ ਨਜ਼ਰਾਂ!

ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਵੱਡਾ ਝਟਕਾ; ਨੀਟ-ਯੂਜੀ 2026 ਪ੍ਰੀਖਿਆ ਰੱਦ!

ਚੰਡੀਗੜ੍ਹ :- ਦੇਸ਼ ਭਰ ਦੇ ਮੈਡੀਕਲ ਵਿਦਿਆਰਥੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਕੌਮੀ ਜਾਂਚ ਏਜੰਸੀ ਵੱਲੋਂ 3 ਮਈ 2026 ਨੂੰ ਕਰਵਾਈ ਗਈ ਨੀਟ-ਯੂਜੀ 2026 ਪ੍ਰੀਖਿਆ ਨੂੰ ਅਧਿਕਾਰਿਕ ਤੌਰ ’ਤੇ ਰੱਦ ਕਰ ਦਿੱਤਾ ਗਿਆ ਹੈ। ਏਜੰਸੀ ਨੇ ਸੋਮਵਾਰ ਨੂੰ ਜਾਰੀ ਕੀਤੇ ਨੋਟਿਸ ਵਿੱਚ ਕਿਹਾ ਕਿ ਹੁਣ ਇਹ ਪ੍ਰੀਖਿਆ ਵੈਧ ਨਹੀਂ ਮੰਨੀ ਜਾਵੇਗੀ।

ਉੱਚ ਪੱਧਰੀ ਮਨਜ਼ੂਰੀ ਤੋਂ ਬਾਅਦ ਲਿਆ ਗਿਆ ਫ਼ੈਸਲਾ
ਜਾਂਚ ਏਜੰਸੀ ਮੁਤਾਬਕ ਇਹ ਫ਼ੈਸਲਾ ਭਾਰਤ ਸਰਕਾਰ ਦੀ ਉੱਚ ਪੱਧਰੀ ਮਨਜ਼ੂਰੀ ਮਗਰੋਂ ਲਿਆ ਗਿਆ ਹੈ। ਨੋਟਿਸ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਪਹਿਲਾਂ ਹੋਈ ਪਰੀਖਿਆ ਨੂੰ ਦਾਖ਼ਲਾ ਪ੍ਰਕਿਰਿਆ ਲਈ ਮੰਨਤਾ ਨਹੀਂ ਦਿੱਤੀ ਜਾਵੇਗੀ।

ਸਾਰੇ ਵਿਦਿਆਰਥੀਆਂ ਲਈ ਮੁੜ ਹੋਵੇਗੀ ਪਰੀਖਿਆ
ਏਜੰਸੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਹੁਣ ਸਾਰੇ ਦਰਜ ਵਿਦਿਆਰਥੀਆਂ ਲਈ ਮੁੜ ਪਰੀਖਿਆ ਕਰਵਾਈ ਜਾਵੇਗੀ। ਇਸ ਸੰਬੰਧੀ ਨਵਾਂ ਕਾਰਜਕ੍ਰਮ ਅਤੇ ਤਰੀਖਾਂ ਜਲਦ ਜਾਰੀ ਕੀਤੀਆਂ ਜਾਣਗੀਆਂ। ਦੇਸ਼ ਭਰ ਵਿੱਚ ਪਰੀਖਿਆ ਦੇਣ ਵਾਲੇ ਸਾਰੇ ਉਮੀਦਵਾਰਾਂ ਨੂੰ ਮੁੜ ਪ੍ਰੀਖਿਆ ਵਿੱਚ ਸ਼ਾਮਲ ਹੋਣਾ ਪਵੇਗਾ।

ਵਿਦਿਆਰਥੀਆਂ ਵਿੱਚ ਚਿੰਤਾ ਦਾ ਮਾਹੌਲ
ਨੀਟ-ਯੂਜੀ ਪ੍ਰੀਖਿਆ ਰੱਦ ਹੋਣ ਦੀ ਖ਼ਬਰ ਨਾਲ ਲੱਖਾਂ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਚਿੰਤਾ ਅਤੇ ਉਲਝਣ ਦਾ ਮਾਹੌਲ ਬਣ ਗਿਆ ਹੈ। ਹੁਣ ਸਭ ਦੀ ਨਜ਼ਰ ਜਾਂਚ ਏਜੰਸੀ ਵੱਲੋਂ ਜਾਰੀ ਕੀਤੇ ਜਾਣ ਵਾਲੇ ਨਵੇਂ ਕਾਰਜਕ੍ਰਮ ਤੇ ਟਿਕੀ ਹੋਈ ਹੈ।

ਕਪੂਰਥਲਾ ’ਚ ਦਿਨ-ਦਿਹਾੜੇ ਖੂਨੀ ਵਾਰਦਾਤ; ਨੌਜਵਾਨ ਦਾ ਕਤਲ, ਇਲਾਕੇ ’ਚ ਸਹਿਮ ਦਾ ਮਾਹੌਲ!

ਕਪੂਰਥਲਾ :- ਕਪੂਰਥਲਾ ਜ਼ਿਲ੍ਹੇ ਦੇ ਬੇਗੋਵਾਲ ਸ਼ਹਿਰ ਵਿੱਚ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਮੁੱਖ ਬਾਜ਼ਾਰ ਵਿੱਚ ਹੋਈ ਇੱਕ ਮਾਮੂਲੀ ਤਕਰਾਰ ਨੇ ਖੂਨੀ ਰੂਪ ਧਾਰ ਲਿਆ। ਮੀਖੋਵਾਲ ਪਾਰਕ ਨੇੜੇ ਦੋ ਨੌਜਵਾਨਾਂ ਵਿਚਾਲੇ ਹੋਈ ਬਹਿਸ ਕੁਝ ਹੀ ਪਲਾਂ ਵਿੱਚ ਹਿੰਸਕ ਝੜਪ ਵਿੱਚ ਤਬਦੀਲ ਹੋ ਗਈ, ਜਿਸ ਦੌਰਾਨ ਇੱਕ ਨੌਜਵਾਨ ’ਤੇ ਤੇਜ਼ਧਾਰ ਹਥਿਆਰ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਗਿਆ।

ਹਸਪਤਾਲ ਲਿਜਾਂਦੇ ਸਮੇਂ ਤੋੜਿਆ ਦਮ
ਹਮਲੇ ਵਿੱਚ ਗੰਭੀਰ ਰੂਪ ਵਿੱਚ ਜਖ਼ਮੀ ਹੋਏ ਨੌਜਵਾਨ ਨੂੰ ਤੁਰੰਤ ਬੇਗੋਵਾਲ ਦੇ ਇੱਕ ਨਿੱਜੀ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਵੱਲੋਂ ਹਾਲਤ ਨਾਜ਼ੁਕ ਦੇਖਦਿਆਂ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ, ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਬਾਲਾਪੀਰ, ਬੇਗੋਵਾਲ ਵਜੋਂ ਹੋਈ ਹੈ।

ਵਾਰਦਾਤ ਤੋਂ ਬਾਅਦ ਬਾਜ਼ਾਰ ’ਚ ਫੈਲੀ ਦਹਿਸ਼ਤ
ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਦਿਨ-ਦਿਹਾੜੇ ਹੋਈ ਇਸ ਖੂਨੀ ਵਾਰਦਾਤ ਕਾਰਨ ਬਾਜ਼ਾਰ ਵਿੱਚ ਅਫਰਾਤਫਰੀ ਮਚ ਗਈ ਅਤੇ ਲੋਕ ਘਬਰਾਏ ਹੋਏ ਨਜ਼ਰ ਆਏ। ਸਥਾਨਕ ਲੋਕਾਂ ਅਨੁਸਾਰ ਹਮਲਾ ਇੰਨਾ ਅਚਾਨਕ ਹੋਇਆ ਕਿ ਕਿਸੇ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ।

ਮੁਲਜ਼ਮ ਫ਼ਰਾਰ, ਪੁਲਿਸ ਵੱਲੋਂ ਭਾਲ ਤੇਜ਼
ਮਾਮਲੇ ਦੀ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਏਐਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਇੱਕ ਵਿਅਕਤੀ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ, ਜਦਕਿ ਫ਼ਰਾਰ ਹਮਲਾਵਰ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਸਰਹੱਦੀ ਪਿੰਡ ਦੇ ਨੌਜਵਾਨ ਨੇ ਕੈਨੇਡਾ ਪੁਲਸ ’ਚ ਭਰਤੀ ਹੋ ਕੇ ਵਧਾਇਆ ਪੰਜਾਬ ਦਾ ਮਾਣ

ਰਾਜਾਸਾਂਸੀ :- ਹਲਕਾ ਰਾਜਾਸਾਂਸੀ ਦੇ ਸਰਹੱਦੀ ਪਿੰਡ ਮਿਆਦੀਆਂ ਕਲਾਂ ਨਾਲ ਸਬੰਧਤ ਨੌਜਵਾਨ ਅੰਮ੍ਰਿਤਪਾਲ ਸਿੰਘ ਉੱਪਲ ਨੇ ਕੈਨੇਡਾ ਦੀ ਪੁਲਸ ਸੇਵਾ ਵਿੱਚ ਭਰਤੀ ਹੋ ਕੇ ਆਪਣੇ ਪਰਿਵਾਰ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਯੋਧੂਵਾਲੀਆ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਅੰਮ੍ਰਿਤਪਾਲ ਦੀ ਇਸ ਪ੍ਰਾਪਤੀ ਨਾਲ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਹੈ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਉਸ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

ਪੜ੍ਹਾਈ ਲਈ ਗਿਆ ਸੀ ਕੈਨੇਡਾ, ਹੁਣ ਬਣਿਆ ਪੁਲਸ ਅਧਿਕਾਰੀ
ਅੰਮ੍ਰਿਤਪਾਲ ਸਿੰਘ, ਸਵਰਗਵਾਸੀ ਮਹਿੰਦਰ ਸਿੰਘ ਉੱਪਲ ਦਾ ਪੋਤਾ ਅਤੇ ਅਮਰੀਕ ਸਿੰਘ ਉੱਪਲ ਤੇ ਪਲਵਿੰਦਰ ਕੌਰ ਦਾ ਪੁੱਤਰ ਹੈ। ਪਰਿਵਾਰ ਮੁਤਾਬਕ ਉਹ ਲਗਭਗ ਦਸ ਸਾਲ ਪਹਿਲਾਂ ਉੱਚ ਸਿੱਖਿਆ ਲਈ ਕੈਨੇਡਾ ਗਿਆ ਸੀ। ਉੱਥੇ ਉਸ ਨੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣੀ ਲਗਨ ਅਤੇ ਸਖ਼ਤ ਮਿਹਨਤ ਦੇ ਬਲਬੂਤੇ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਸ ਵਿੱਚ ਭਰਤੀ ਹੋਣ ਦਾ ਮਾਣ ਹਾਸਲ ਕੀਤਾ।

ਪਰਿਵਾਰ ਨੇ ਦੱਸਿਆ ਮਾਣ ਵਾਲਾ ਪਲ
ਅੰਮ੍ਰਿਤਪਾਲ ਦੀ ਦਾਦੀ ਹਰਭਜਨ ਕੌਰ, ਤਾਇਆ ਜਗਜੀਤ ਸਿੰਘ ਅਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਪਰਿਵਾਰ ਲਈ ਇਹ ਬਹੁਤ ਮਾਣ ਅਤੇ ਖੁਸ਼ੀ ਦਾ ਸਮਾਂ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਨੇ ਹਮੇਸ਼ਾਂ ਆਪਣਾ ਟੀਚਾ ਸਪੱਸ਼ਟ ਰੱਖਿਆ ਅਤੇ ਕਦੇ ਵੀ ਮਿਹਨਤ ਤੋਂ ਪਿੱਛੇ ਨਹੀਂ ਹਟਿਆ।

ਪਿੰਡ ਪਹਿਲਾਂ ਵੀ ਕਈ ਮਾਣਮੱਤੇ ਚਿਹਰੇ ਦੇ ਚੁੱਕਿਆ ਹੈ
ਪਿੰਡ ਵਾਸੀਆਂ ਨੇ ਦੱਸਿਆ ਕਿ ਮਿਆਦੀਆਂ ਕਲਾਂ ਪਹਿਲਾਂ ਵੀ ਕਈ ਪ੍ਰਤਿਭਾਵਾਂ ਦੇ ਚੱਲਦਿਆਂ ਚਰਚਾ ਵਿੱਚ ਰਹਿ ਚੁੱਕਾ ਹੈ। ਓਲੰਪਿਕ ਹਾਕੀ ਖਿਡਾਰਨ ਗੁਰਜੀਤ ਕੌਰ ਵੀ ਇਸੇ ਪਿੰਡ ਨਾਲ ਸਬੰਧਤ ਹੈ, ਜਿਸ ਨੇ ਖੇਡ ਜਗਤ ਵਿੱਚ ਦੇਸ਼ ਦਾ ਨਾਮ ਚਮਕਾਇਆ। ਹੁਣ ਅੰਮ੍ਰਿਤਪਾਲ ਸਿੰਘ ਦੀ ਇਹ ਪ੍ਰਾਪਤੀ ਪਿੰਡ ਲਈ ਇੱਕ ਹੋਰ ਮਾਣ ਵਾਲਾ ਅਧਿਆਇ ਬਣ ਗਈ ਹੈ।

ਸਰਹੱਦ ਨੇੜੇ ਸ਼ੱਕੀ ਹਲਚਲ ਨਾਲ ਹੜਕੰਪ, ਬੀਐਸਐਫ ਵੱਲੋਂ ਉਡੀਸਾ ਦਾ ਵਿਅਕਤੀ ਕਾਬੂ

ਅੰਮ੍ਰਿਤਸਰ :- ਅੰਮ੍ਰਿਤਸਰ ਦਿਹਾਤੀ ਦੇ ਥਾਣਾ ਰਮਦਾਸ ਅਧੀਨ ਪੈਂਦੇ ਸਰਹੱਦੀ ਖੇਤਰ ਵਿੱਚ ਉਸ ਵੇਲੇ ਚੌਕਸੀ ਵਧਾ ਦਿੱਤੀ ਗਈ ਜਦੋਂ ਬੀਐਸਐਫ ਦੇ ਜਵਾਨਾਂ ਨੇ ਸਰਹੱਦੀ ਫੈਂਸਿੰਗ ਕੋਲ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ। ਇਹ ਕਾਰਵਾਈ ਬੀਓਪੀ ਦਰਿਆ ਮਨਸੂਰ ਇਲਾਕੇ ਵਿੱਚ ਕੀਤੀ ਗਈ, ਜਿੱਥੇ 117 ਬਟਾਲੀਅਨ ਦੇ ਜਵਾਨ ਗਸ਼ਤ ਦੌਰਾਨ ਤਾਇਨਾਤ ਸਨ। ਜਵਾਨਾਂ ਨੇ ਵਿਅਕਤੀ ਦੀਆਂ ਗਤੀਵਿਧੀਆਂ ‘ਤੇ ਸ਼ੱਕ ਹੋਣ ‘ਤੇ ਤੁਰੰਤ ਉਸ ਨੂੰ ਰੋਕ ਲਿਆ।

ਪੁੱਛਗਿੱਛ ਦੌਰਾਨ ਸਾਹਮਣੇ ਆਈ ਪਹਿਚਾਣ
ਸੁਰੱਖਿਆ ਏਜੰਸੀਆਂ ਮੁਤਾਬਕ ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਆਦੀ ਮਲਿਕ ਪੁੱਤਰ ਦੇਬਾ ਮਲਿਕ ਵਜੋਂ ਹੋਈ ਹੈ, ਜੋ ਉਡੀਸਾ ਦਾ ਵਸਨੀਕ ਦੱਸਿਆ ਜਾ ਰਿਹਾ ਹੈ। ਅਧਿਕਾਰੀਆਂ ਵੱਲੋਂ ਉਸ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਸਰਹੱਦੀ ਖੇਤਰ ਵਿੱਚ ਕਿਸ ਮਕਸਦ ਨਾਲ ਪਹੁੰਚਿਆ ਸੀ।

ਸੁਰੱਖਿਆ ਏਜੰਸੀਆਂ ਹਰ ਪੱਖ ਤੋਂ ਕਰ ਰਹੀਆਂ ਜਾਂਚ
ਘਟਨਾ ਤੋਂ ਬਾਅਦ ਬੀਐਸਐਫ ਅਤੇ ਹੋਰ ਸੁਰੱਖਿਆ ਏਜੰਸੀਆਂ ਨੇ ਇਲਾਕੇ ਵਿੱਚ ਨਿਗਰਾਨੀ ਹੋਰ ਸਖ਼ਤ ਕਰ ਦਿੱਤੀ ਹੈ। ਸਰਹੱਦ ਨਾਲ ਲੱਗਦੇ ਖੇਤਰਾਂ ਵਿੱਚ ਗਸ਼ਤ ਵਧਾ ਦਿੱਤੀ ਗਈ ਹੈ ਅਤੇ ਸ਼ੱਕੀ ਹਲਚਲਾਂ ‘ਤੇ ਖਾਸ ਨਜ਼ਰ ਰੱਖੀ ਜਾ ਰਹੀ ਹੈ। ਜਾਂਚ ਅਧਿਕਾਰੀ ਇਹ ਵੀ ਖੰਗਾਲ ਰਹੇ ਹਨ ਕਿ ਕਿਤੇ ਇਸ ਵਿਅਕਤੀ ਦਾ ਕੋਈ ਸਰਹੱਦ ਪਾਰ ਨੈੱਟਵਰਕ ਜਾਂ ਸ਼ੱਕੀ ਗਤੀਵਿਧੀ ਨਾਲ ਸੰਬੰਧ ਤਾਂ ਨਹੀਂ।

ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਪੈਰੋਲ ਲਈ ਹਾਈਕੋਰਟ ਦਾ ਰੁਖ ਬਿਮਾਰ ਮਾਤਾ ਦੀ ਸੇਵਾ ਲਈ ਚਾਰ ਹਫ਼ਤਿਆਂ ਦੀ ਰਾਹਤ ਮੰਗੀ