Home Blog Page 394

ਚੋਣ ਜਾਬਤੇ ਦਰਮਿਆਨ ਪੰਜਾਬ ਸਰਕਾਰ ਨੇ ਕੀਤੇ ਆਈਏਐਸ ਅਧਿਕਾਰੀਆਂ ਦੇ ਤਬਾਦਲੇ, ਚਾਰ ਸੀਨੀਅਰ ਅਫਸਰਾਂ ਨੂੰ ਮਿਲੀਆਂ ਨਵੀਆਂ ਜ਼ਿੰਮੇਵਾਰੀਆਂ

ਚੰਡੀਗੜ੍ਹ :- ਪੰਜਾਬ ਵਿੱਚ ਸਥਾਨਕ ਚੋਣਾਂ ਲਈ ਚੋਣ ਜਾਬਤਾ ਲਾਗੂ ਹੋਣ ਦੇ ਬਾਵਜੂਦ ਸੂਬਾ ਸਰਕਾਰ ਨੇ ਪ੍ਰਸ਼ਾਸਨਿਕ ਪੱਧਰ ’ਤੇ ਵੱਡਾ ਫੇਰਬਦਲ ਕਰਦਿਆਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਨਿਯੁਕਤੀਆਂ ਦੇ ਹੁਕਮ ਜਾਰੀ ਕੀਤੇ ਹਨ। ਸਰਕਾਰ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਕਈ ਅਹਿਮ ਵਿਭਾਗਾਂ ਵਿੱਚ ਅਧਿਕਾਰੀਆਂ ਨੂੰ ਵਾਧੂ ਜ਼ਿੰਮੇਵਾਰੀਆਂ ਵੀ ਸੌਂਪੀਆਂ ਗਈਆਂ ਹਨ।

ਰਾਮਵੀਰ ਨੂੰ ਮਿਲਿਆ ਜਲੰਧਰ ਡਿਵੀਜ਼ਨ ਦਾ ਚਾਰਜ

ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਰਾਮਵੀਰ ਨੂੰ ਹੁਣ ਡਿਵੀਜ਼ਨਲ ਕਮਿਸ਼ਨਰ ਜਲੰਧਰ ਵਜੋਂ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਕੱਤਰ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ।

ਘਨਸ਼ਿਆਮ ਥੋਰੀ ਨੂੰ ਸਿਹਤ ਵਿਭਾਗ ਦੀ ਵੱਡੀ ਜ਼ਿੰਮੇਵਾਰੀ

ਆਈਏਐਸ ਅਧਿਕਾਰੀ ਘਨਸ਼ਿਆਮ ਥੋਰੀ ਨੂੰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਉਹ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਮਿਸ਼ਨ ਡਾਇਰੈਕਟਰ ਵਜੋਂ ਵੀ ਕੰਮ ਸੰਭਾਲਣਗੇ। ਸਰਕਾਰ ਵੱਲੋਂ ਉਨ੍ਹਾਂ ਨੂੰ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਸਕੱਤਰ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ।

ਪੁਨੀਤ ਗੋਇਲ ਤੇ ਅਕਸ਼ਿਤਾ ਗੁਪਤਾ ਨੂੰ ਨਵੀਆਂ ਤਾਇਨਾਤੀਆਂ

ਪੁਨੀਤ ਗੋਇਲ ਨੂੰ ਵਿਸ਼ੇਸ਼ ਸਕੱਤਰ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਨਾਲ-ਨਾਲ ਡਾਇਰੈਕਟਰ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉੱਧਰ ਆਈਏਐਸ ਅਧਿਕਾਰੀ ਅਕਸ਼ਿਤਾ ਗੁਪਤਾ ਨੂੰ ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਵਜੋਂ ਤਾਇਨਾਤ ਕੀਤਾ ਗਿਆ ਹੈ।

ਚੋਣਾਂ ਦੌਰਾਨ ਪ੍ਰਸ਼ਾਸਨਿਕ ਫੇਰਬਦਲ ’ਤੇ ਚਰਚਾ

ਚੋਣ ਜਾਬਤਾ ਲਾਗੂ ਹੋਣ ਦੌਰਾਨ ਕੀਤੇ ਗਏ ਇਨ੍ਹਾਂ ਤਬਾਦਲਿਆਂ ਨੂੰ ਲੈ ਕੇ ਪ੍ਰਸ਼ਾਸਨਿਕ ਅਤੇ ਸਿਆਸੀ ਹਲਕਿਆਂ ਵਿੱਚ ਚਰਚਾ ਛਿੜ ਗਈ ਹੈ। ਹਾਲਾਂਕਿ ਸਰਕਾਰ ਵੱਲੋਂ ਇਸ ਨੂੰ ਰੁਟੀਨ ਪ੍ਰਸ਼ਾਸਨਿਕ ਕਾਰਵਾਈ ਦੱਸਿਆ ਜਾ ਰਿਹਾ ਹੈ।

ਬਾਰਾਮਤੀ ਹਵਾਈ ਅੱਡੇ ਨੇੜੇ ਫਿਰ ਵਾਪਰਿਆ ਜਹਾਜ਼ ਹਾਦਸਾ, ਟ੍ਰੇਨਿੰਗ ਏਅਰਕ੍ਰਾਫਟ ਖੇਤਾਂ ’ਚ ਡਿੱਗਿਆ, ਅਜੀਤ ਪਵਾਰ ਦੇ ਹਾਦਸੇ ਤੋਂ ਕੁਝ ਮਹੀਨੇ ਬਾਅਦ ਮੁੜ ਸੁਰੱਖਿਆ ਤੇ ਉੱਠੇ ਸਵਾਲ

ਮਹਾਰਾਸ਼ਟਰ :- ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਅਧੀਨ ਬਾਰਾਮਤੀ ਹਵਾਈ ਅੱਡੇ ਨੇੜੇ ਅੱਜ ਇਕ ਟ੍ਰੇਨਿੰਗ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਇਲਾਕੇ ਵਿੱਚ ਹੜਕੰਪ ਮਚ ਗਿਆ। ਜਾਣਕਾਰੀ ਮੁਤਾਬਕ ਦੋ ਸੀਟਾਂ ਵਾਲਾ ਇਹ ਟ੍ਰੇਨਿੰਗ ਜਹਾਜ਼ ਉਡਾਣ ਦੌਰਾਨ ਸੰਤੁਲਨ ਗੁਆ ਬੈਠਾ ਅਤੇ ਗੋਜੂਬਾਵੀ ਪਿੰਡ ਕੋਲ ਖੇਤਾਂ ਵਿੱਚ ਜਾ ਡਿੱਗਿਆ।

ਟ੍ਰੇਨੀ ਪਾਇਲਟ ਨੂੰ ਮਾਮੂਲੀ ਸੱਟਾਂ

ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ‘ਰੇਡਬਰਡ ਐਵੀਏਸ਼ਨ’ ਨਾਲ ਸੰਬੰਧਿਤ ਸੀ ਅਤੇ ਨਿਯਮਿਤ ਟ੍ਰੇਨਿੰਗ ਉਡਾਣ ’ਤੇ ਸੀ। ਹਾਦਸੇ ਵੇਲੇ ਜਹਾਜ਼ ਵਿੱਚ ਮੌਜੂਦ ਟ੍ਰੇਨੀ ਪਾਇਲਟ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ। ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਪੁਲਿਸ ਤੇ ਪ੍ਰਸ਼ਾਸਨ ਨੇ ਸ਼ੁਰੂ ਕੀਤੀ ਜਾਂਚ

ਘਟਨਾ ਦੀ ਸੂਚਨਾ ਮਿਲਦੇ ਹੀ ਪੁਣੇ ਦਿਹਾਤੀ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਮੌਕੇ ’ਤੇ ਪਹੁੰਚ ਗਈਆਂ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਵੱਲੋਂ ਤਕਨੀਕੀ ਖ਼ਰਾਬੀ ਅਤੇ ਮੌਸਮੀ ਹਾਲਾਤਾਂ ਸਮੇਤ ਹਰ ਪੱਖ ਦੀ ਜਾਂਚ ਕੀਤੀ ਜਾ ਰਹੀ ਹੈ।

ਅਜੀਤ ਪਵਾਰ ਦੇ ਜਹਾਜ਼ ਹਾਦਸੇ ਦੀਆਂ ਯਾਦਾਂ ਤਾਜ਼ਾ

ਇਹ ਘਟਨਾ ਇਸ ਲਈ ਵੀ ਚਰਚਾ ਵਿੱਚ ਆ ਗਈ ਹੈ ਕਿਉਂਕਿ ਇਸੇ ਸਾਲ ਜਨਵਰੀ ਮਹੀਨੇ ਵਿੱਚ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦਾ ਜਹਾਜ਼ ਵੀ ਬਾਰਾਮਤੀ ਹਵਾਈ ਅੱਡੇ ਨੇੜੇ ਹਾਦਸਾਗ੍ਰਸਤ ਹੋ ਗਿਆ ਸੀ। ਉਸ ਦਰਦਨਾਕ ਹਾਦਸੇ ਵਿੱਚ ਅਜੀਤ ਪਵਾਰ ਸਮੇਤ ਪੰਜ ਲੋਕਾਂ ਦੀ ਜਾਨ ਚਲੀ ਗਈ ਸੀ। ਉਸ ਸਮੇਂ ਖ਼ਰਾਬ ਮੌਸਮ ਅਤੇ ਘੱਟ ਦਿੱਖ ਨੂੰ ਹਾਦਸੇ ਦਾ ਵੱਡਾ ਕਾਰਨ ਮੰਨਿਆ ਗਿਆ ਸੀ।

ਹਵਾਈ ਸੁਰੱਖਿਆ ਪ੍ਰਬੰਧਾਂ ’ਤੇ ਉੱਠ ਰਹੇ ਸਵਾਲ

ਕੁਝ ਹੀ ਮਹੀਨਿਆਂ ਵਿੱਚ ਬਾਰਾਮਤੀ ਖੇਤਰ ਵਿੱਚ ਦੂਜਾ ਜਹਾਜ਼ ਹਾਦਸਾ ਸਾਹਮਣੇ ਆਉਣ ਮਗਰੋਂ ਹੁਣ ਹਵਾਈ ਸੁਰੱਖਿਆ ਅਤੇ ਟ੍ਰੇਨਿੰਗ ਪ੍ਰਬੰਧਾਂ ’ਤੇ ਸਵਾਲ ਉੱਠਣ ਲੱਗੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹਵਾਈ ਅੱਡੇ ਦੇ ਆਲੇ-ਦੁਆਲੇ ਉਡਾਣਾਂ ਲਈ ਸੁਰੱਖਿਆ ਮਾਪਦੰਡਾਂ ਦੀ ਮੁੜ ਸਮੀਖਿਆ ਹੋਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।

ਦਿਲਜੀਤ ਦੇ ਮੈਨੇਜਰ ਦੇ ਘਰ ਫਾਇਰਿੰਗ ਮਾਮਲੇ ’ਚ ਸਿਆਸਤ ਭਖੀ, ‘ਆਪ’ ਨੇ ਬੀਜੇਪੀ ’ਤੇ ਲਗਾਏ ਗੰਭੀਰ ਦੋਸ਼

ਚੰਡੀਗੜ੍ਹ :- ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਮੈਨੇਜਰ ਦੇ ਘਰ ਹੋਈ ਫਾਇਰਿੰਗ ਦੀ ਘਟਨਾ ਤੋਂ ਬਾਅਦ ਸਿਆਸੀ ਮਾਹੌਲ ਗਰਮਾ ਗਿਆ ਹੈ। ਆਮ ਆਦਮੀ ਪਾਰਟੀ ਦੇ ਆਗੂ ਅਨੁਰਾਗ ਢਾਂਡਾ ਨੇ ਇਸ ਮਾਮਲੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ’ਤੇ ਤਿੱਖਾ ਹਮਲਾ ਬੋਲਿਆ ਹੈ।

ਸੋਸ਼ਲ ਮੀਡੀਆ ਰਾਹੀਂ ਲਗਾਏ ਦੋਸ਼

ਅਨੁਰਾਗ ਢਾਂਡਾ ਨੇ ਸੋਸ਼ਲ ਮੀਡੀਆ ’ਤੇ ਕੀਤੀ ਆਪਣੀ ਪ੍ਰਤੀਕਿਰਿਆ ਵਿੱਚ ਦਾਅਵਾ ਕੀਤਾ ਕਿ ਕੁਝ ਸਮਾਂ ਪਹਿਲਾਂ ਦਿਲਜੀਤ ਦੋਸਾਂਝ ਨੂੰ ਬੀਜੇਪੀ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਗਾਇਕ ਵੱਲੋਂ ਇਸ ਨੂੰ ਠੁਕਰਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਸਿਰਫ਼ ਇਕ ਆਮ ਵਾਰਦਾਤ ਵਜੋਂ ਨਹੀਂ ਦੇਖਿਆ ਜਾ ਸਕਦਾ।

ਲਾਰੈਂਸ ਬਿਸ਼ਨੋਈ ਦਾ ਵੀ ਕੀਤਾ ਜ਼ਿਕਰ

‘ਆਪ’ ਆਗੂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਦਿਲਜੀਤ ਵੱਲੋਂ ਇਨਕਾਰ ਕਰਨ ਮਗਰੋਂ ਗੁਜਰਾਤ ਦੀ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਂ ਨਾਲ ਇਹ ਫਾਇਰਿੰਗ ਜੋੜੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬੀਆਂ ਨੂੰ ਡਰਾ ਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਭਾਜਪਾ ਵੱਲੋਂ ਅਜੇ ਕੋਈ ਪ੍ਰਤੀਕਿਰਿਆ ਨਹੀਂ

ਫਿਲਹਾਲ ਭਾਜਪਾ ਵੱਲੋਂ ਇਨ੍ਹਾਂ ਦੋਸ਼ਾਂ ’ਤੇ ਕੋਈ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ। ਦੂਜੇ ਪਾਸੇ, ਪੁਲਿਸ ਵੱਲੋਂ ਫਾਇਰਿੰਗ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਸੁਰੱਖਿਆ ਏਜੰਸੀਆਂ ਵੱਖ-ਵੱਖ ਪੱਖਾਂ ਤੋਂ ਮਾਮਲੇ ਦੀ ਪੜਤਾਲ ਕਰ ਰਹੀਆਂ ਹਨ।

ਗੁਰਦਾਸਪੁਰ ’ਚ ਜ਼ਮੀਨੀ ਝਗੜੇ ਨੇ ਲਿਆ ਖੂਨੀ ਰੂਪ, ਭਰਾ ਨੇ ਸਕੇ ਭਰਾ ਤੇ ਭਾਬੀ ਨੂੰ ਗੋਲੀਆਂ ਮਾਰੀਆਂ

ਗੁਰਦਾਸਪੁਰ :- ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਨੈਣੇਕੋਟ ਵਿੱਚ ਜ਼ਮੀਨ ਦੀ ਵੰਡ ਨੂੰ ਲੈ ਕੇ ਚੱਲ ਰਿਹਾ ਪਰਿਵਾਰਕ ਵਿਵਾਦ ਖੂਨੀ ਟਕਰਾਅ ਵਿੱਚ ਬਦਲ ਗਿਆ। ਜਾਣਕਾਰੀ ਮੁਤਾਬਕ ਇਕ ਵਿਅਕਤੀ ਨੇ ਆਪਣੇ ਹੀ ਸਕੇ ਭਰਾ ਅਤੇ ਭਾਬੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਸੈਰ ਦੌਰਾਨ ਭਰਾ ’ਤੇ ਕੀਤੀ ਫਾਇਰਿੰਗ

ਪੁਲਿਸ ਨੂੰ ਮਿਲੀ ਮੁੱਢਲੀ ਜਾਣਕਾਰੀ ਅਨੁਸਾਰ ਪਿੰਡ ਦੇ ਤਿੰਨ ਭਰਾਵਾਂ ਵਿਚਕਾਰ ਕਰੀਬ ਨੌ ਕਿੱਲੇ ਜ਼ਮੀਨ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਤਣਾਅ ਚੱਲ ਰਿਹਾ ਸੀ। ਬੁੱਧਵਾਰ ਸਵੇਰੇ ਅਜੈਬ ਸਿੰਘ ਰੋਜ਼ਾਨਾ ਦੀ ਤਰ੍ਹਾਂ ਘਰ ਤੋਂ ਬਾਹਰ ਸੈਰ ਕਰ ਰਿਹਾ ਸੀ ਕਿ ਇਸ ਦੌਰਾਨ ਉਸ ਦੇ ਭਰਾ ਅਮਰਜੀਤ ਸਿੰਘ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਗੰਭੀਰ ਸੱਟਾਂ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਭਾਬੀ ਨੂੰ ਵੀ ਘਰ ਅੰਦਰ ਮਾਰੀ ਗੋਲੀ

ਇਸ ਘਟਨਾ ਤੋਂ ਬਾਅਦ ਮੁਲਜ਼ਮ ਅਮਰਜੀਤ ਸਿੰਘ ਸਿੱਧਾ ਆਪਣੇ ਭਰਾ ਦੇ ਘਰ ਪਹੁੰਚ ਗਿਆ, ਜਿੱਥੇ ਉਸ ਨੇ ਅਜੈਬ ਸਿੰਘ ਦੀ ਪਤਨੀ ਕਮਲ ਕੌਰ ਨੂੰ ਵੀ ਨਿਸ਼ਾਨਾ ਬਣਾਇਆ। ਗੋਲੀ ਲੱਗਣ ਕਾਰਨ ਉਸ ਦੀ ਵੀ ਮੌਤ ਹੋ ਗਈ। ਦੋਹਰੀ ਹੱਤਿਆ ਦੀ ਇਸ ਵਾਰਦਾਤ ਨਾਲ ਪਿੰਡ ਵਿੱਚ ਸਨਸਨੀ ਫੈਲ ਗਈ।

ਘਟਨਾ ਮਗਰੋਂ ਖੁਦ ਕੀਤਾ ਆਤਮ ਸਮਰਪਣ

ਦੋਵੇਂ ਕਤਲ ਕਰਨ ਤੋਂ ਬਾਅਦ ਮੁਲਜ਼ਮ ਖੁਦ ਕਾਹਨੂੰਵਾਨ ਥਾਣੇ ਪਹੁੰਚ ਗਿਆ ਅਤੇ ਆਪਣੇ ਆਪ ਨੂੰ ਪੁਲਿਸ ਹਵਾਲੇ ਕਰ ਦਿੱਤਾ। ਸੂਚਨਾ ਮਿਲਣ ’ਤੇ ਡੀਐਸਪੀ ਕੁਲਵੰਤ ਸਿੰਘ ਮਾਨ ਸਮੇਤ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਪੋਸਟਮਾਰਟਮ ਲਈ ਭੇਜੀਆਂ ਗਈਆਂ ਲਾਸ਼ਾਂ

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮੁੱਢਲੀ ਜਾਂਚ ਵਿੱਚ ਜ਼ਮੀਨੀ ਵਿਵਾਦ ਹੀ ਕਤਲ ਦਾ ਮੁੱਖ ਕਾਰਨ ਸਾਹਮਣੇ ਆ ਰਿਹਾ ਹੈ। ਪੁਲਿਸ ਵੱਲੋਂ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਮਾਨ ਅੱਜ ਦਿੱਲੀ ’ਚ ਕੇਂਦਰੀ ਮੰਤਰੀਆਂ ਨਾਲ ਕਰਨਗੇ ਅਹਿਮ ਮੀਟਿੰਗਾਂ, ਹਾਈਵੇਅ ਪ੍ਰੋਜੈਕਟਾਂ ਤੋਂ ਲੈ ਕੇ ਕਿਸਾਨੀ ਮਸਲਿਆਂ ਤੱਕ ਹੋਵੇਗੀ ਚਰਚਾ

ਚੰਡੀਗੜ੍ਹ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਦੌਰੇ ’ਤੇ ਰਹਿਣਗੇ, ਜਿੱਥੇ ਉਹ ਕੇਂਦਰ ਸਰਕਾਰ ਦੇ ਦੋ ਸੀਨੀਅਰ ਮੰਤਰੀਆਂ ਨਾਲ ਵੱਖ-ਵੱਖ ਮੀਟਿੰਗਾਂ ਕਰਕੇ ਸੂਬੇ ਨਾਲ ਜੁੜੇ ਅਹਿਮ ਮਸਲਿਆਂ ’ਤੇ ਗੱਲਬਾਤ ਕਰਨਗੇ। ਇਹ ਦੌਰਾ ਪੰਜਾਬ ਦੇ ਵਿਕਾਸ ਕਾਰਜਾਂ ਅਤੇ ਕੇਂਦਰ ਨਾਲ ਤਾਲਮੇਲ ਦੇ ਨਜ਼ਰੀਏ ਤੋਂ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

ਨਿਤਿਨ ਗਡਕਰੀ ਨਾਲ ਸੜਕ ਪ੍ਰੋਜੈਕਟਾਂ ’ਤੇ ਹੋਵੇਗੀ ਗੱਲਬਾਤ

ਦੁਪਹਿਰ ਕਰੀਬ 1 ਵਜੇ ਮੁੱਖ ਮੰਤਰੀ ਦੀ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਨਿਰਧਾਰਤ ਹੈ। ਇਸ ਮੀਟਿੰਗ ਦੌਰਾਨ ਪੰਜਾਬ ਵਿੱਚ ਚੱਲ ਰਹੇ ਨੈਸ਼ਨਲ ਹਾਈਵੇਅ ਪ੍ਰੋਜੈਕਟਾਂ, ਨਵੇਂ ਸੜਕ ਨਿਰਮਾਣ ਕੰਮਾਂ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਸਬੰਧੀ ਵਿਚਾਰ-ਵਟਾਂਦਰਾ ਹੋਣ ਦੀ ਸੰਭਾਵਨਾ ਹੈ।

ਖੇਤੀਬਾੜੀ ਮੰਤਰੀ ਨਾਲ ਕਿਸਾਨੀ ਮਸਲਿਆਂ ’ਤੇ ਚਰਚਾ

ਇਸ ਤੋਂ ਬਾਅਦ ਮੁੱਖ ਮੰਤਰੀ ਸ਼ਾਮ ਤੋਂ ਪਹਿਲਾਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਵੀ ਮੀਟਿੰਗ ਕਰਨਗੇ। ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਇਸ ਮੁਲਾਕਾਤ ਵਿੱਚ ਘੱਟ ਰਹੀ ਧਾਨ-ਗੇਂਹੂ ਚੱਕਰ ਤੋਂ ਬਾਹਰ ਫ਼ਸਲੀ ਵਿਭਿੰਨਤਾ, ਐਮਐਸਪੀ ਅਤੇ ਕਿਸਾਨਾਂ ਨਾਲ ਜੁੜੇ ਹੋਰ ਮੁੱਖ ਮੁੱਦਿਆਂ ’ਤੇ ਚਰਚਾ ਹੋ ਸਕਦੀ ਹੈ।

ਕੇਂਦਰੀ ਫੰਡਾਂ ਅਤੇ ਵਿਕਾਸ ਕਾਰਜਾਂ ਦਾ ਮਸਲਾ ਵੀ ਉਠਣ ਦੇ ਆਸਾਰ

ਸੂਤਰਾਂ ਮੁਤਾਬਕ ਮੁੱਖ ਮੰਤਰੀ ਕੇਂਦਰੀ ਫੰਡਾਂ ਦੀ ਰਿਲੀਜ਼ ਅਤੇ ਸੂਬੇ ਦੇ ਵਿਕਾਸ ਪ੍ਰੋਜੈਕਟਾਂ ਵਿੱਚ ਆ ਰਹੀਆਂ ਰੁਕਾਵਟਾਂ ਦਾ ਮਸਲਾ ਵੀ ਕੇਂਦਰੀ ਮੰਤਰੀਆਂ ਸਾਹਮਣੇ ਰੱਖ ਸਕਦੇ ਹਨ। ਸਰਕਾਰੀ ਹਲਕਿਆਂ ਵਿੱਚ ਇਸ ਦੌਰੇ ਨੂੰ ਪੰਜਾਬ ਲਈ ਵਿੱਤੀ ਅਤੇ ਵਿਕਾਸੀ ਪੱਖੋਂ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।

ਅਖਿਲੇਸ਼ ਯਾਦਵ ਦੇ ਪਰਿਵਾਰ ’ਚ ਸੋਗ, ਭਰਾ ਪ੍ਰਤੀਕ ਯਾਦਵ ਦਾ ਦੇਹਾਂਤ

ਨਵੀਂ ਦਿੱਲੀ :- ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦੇ ਪਰਿਵਾਰ ਤੋਂ ਇਕ ਦੁਖਭਰੀ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ ਦੇ ਸੌਤੇਲੇ ਭਰਾ ਪ੍ਰਤੀਕ ਯਾਦਵ ਦਾ ਬੁੱਧਵਾਰ ਸਵੇਰੇ ਲਖਨਊ ਵਿੱਚ ਦਿਹਾਂਤ ਹੋ ਗਿਆ। ਉਹ ਕਰੀਬ 38 ਸਾਲ ਦੇ ਸਨ। ਜਾਣਕਾਰੀ ਮੁਤਾਬਕ ਪ੍ਰਤੀਕ ਯਾਦਵ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਅਚਾਨਕ ਤਬੀਅਤ ਜ਼ਿਆਦਾ ਖ਼ਰਾਬ ਹੋਣ ’ਤੇ ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਬਚਾਇਆ ਨਾ ਜਾ ਸਕਿਆ ਅਤੇ ਹਸਪਤਾਲ ਪਹੁੰਚਣ ਮਗਰੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਇਸ ਖ਼ਬਰ ਮਗਰੋਂ ਯਾਦਵ ਪਰਿਵਾਰ ਅਤੇ ਪਾਰਟੀ ਵਰਕਰਾਂ ਵਿੱਚ ਸੋਗ ਦੀ ਲਹਿਰ ਹੈ।

ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਅੱਜ ਹਨੇਰੀ ਤੇ ਮੀਂਹ ਦੀ ਚੇਤਾਵਨੀ, ਪਠਾਨਕੋਟ, ਹੁਸ਼ਿਆਰਪੁਰ ਤੇ ਰੂਪਨਗਰ ਲਈ ਯੈਲੋ ਅਲਰਟ ਜਾਰੀ, ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ

ਚੰਡੀਗੜ੍ਹ :- ਪੰਜਾਬ ਵਿੱਚ ਇਕ ਵਾਰ ਫਿਰ ਮੌਸਮ ਨੇ ਕਰਵਟ ਲੈਣੀ ਸ਼ੁਰੂ ਕਰ ਦਿੱਤੀ ਹੈ। ਮੌਸਮ ਵਿਭਾਗ ਨੇ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਜ਼ਿਲ੍ਹਿਆਂ ਵਿੱਚ ਅੱਜ ਹਨੇਰੀ, ਬਿਜਲੀ ਚਮਕਣ ਅਤੇ ਤੇਜ਼ ਹਵਾਵਾਂ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਇਲਾਕਿਆਂ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਇਸ ਦੇ ਨਾਲ ਕੁਝ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਜਤਾਈ ਗਈ ਹੈ।

ਤਾਪਮਾਨ ’ਚ ਵਾਧਾ, ਫਿਰ ਵੀ ਆਮ ਤੋਂ ਘੱਟ ਗਰਮੀ

ਬੀਤੇ ਦਿਨ ਸੂਬੇ ਦੇ ਵੱਧੋ-ਵੱਧ ਤਾਪਮਾਨ ਵਿੱਚ ਲਗਭਗ 1.2 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਇਸ ਦੇ ਬਾਵਜੂਦ ਤਾਪਮਾਨ ਹਾਲੇ ਵੀ ਆਮ ਨਾਲੋਂ ਕਰੀਬ 2 ਡਿਗਰੀ ਘੱਟ ਬਣਿਆ ਹੋਇਆ ਹੈ। ਸਭ ਤੋਂ ਵੱਧ ਗਰਮੀ ਫਰੀਦਕੋਟ ਵਿੱਚ ਮਹਿਸੂਸ ਕੀਤੀ ਗਈ, ਜਿੱਥੇ ਪਾਰਾ 43 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।

ਚੰਡੀਗੜ੍ਹ, ਮੁਹਾਲੀ ਅਤੇ ਰੂਪਨਗਰ ਸਮੇਤ ਕਈ ਇਲਾਕਿਆਂ ਵਿੱਚ ਤਾਪਮਾਨ 33 ਤੋਂ 36 ਡਿਗਰੀ ਦਰਮਿਆਨ ਰਿਹਾ, ਜਦਕਿ ਬਠਿੰਡਾ ਅਤੇ ਅਬੋਹਰ ਵਰਗੇ ਮਾਲਵਾ ਖੇਤਰਾਂ ਵਿੱਚ ਗਰਮੀ ਦਾ ਅਸਰ ਹੋਰ ਵੱਧ ਨਜ਼ਰ ਆਇਆ। ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲਾ ਵਿੱਚ ਵੀ ਤਾਪਮਾਨ 36 ਡਿਗਰੀ ਤੋਂ ਉੱਪਰ ਦਰਜ ਕੀਤਾ ਗਿਆ।

15 ਤੇ 16 ਮਈ ਨੂੰ ਵੀ ਕੁਝ ਇਲਾਕਿਆਂ ’ਚ ਮੀਂਹ ਦੇ ਆਸਾਰ

ਮੌਸਮ ਵਿਭਾਗ ਮੁਤਾਬਕ 15 ਮਈ ਨੂੰ ਭਾਵੇਂ ਕਿਸੇ ਤਰ੍ਹਾਂ ਦਾ ਅਧਿਕਾਰਕ ਅਲਰਟ ਨਹੀਂ ਹੈ, ਪਰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ ਅਤੇ ਜਲੰਧਰ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ।

ਇਸੇ ਤਰ੍ਹਾਂ 16 ਮਈ ਨੂੰ ਵੀ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਕਪੂਰਥਲਾ ਦੇ ਕੁਝ ਇਲਾਕਿਆਂ ਵਿੱਚ ਮੌਸਮ ਬਦਲਿਆ ਰਹਿਣ ਅਤੇ ਛਿਟਪੁੱਟ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ।

ਕਿਸਾਨਾਂ ਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ

ਮੌਸਮ ਵਿਭਾਗ ਨੇ ਖਾਸ ਕਰਕੇ ਖੁੱਲ੍ਹੇ ਇਲਾਕਿਆਂ ਵਿੱਚ ਕੰਮ ਕਰਨ ਵਾਲੇ ਲੋਕਾਂ ਅਤੇ ਕਿਸਾਨਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਤੇਜ਼ ਹਵਾਵਾਂ ਅਤੇ ਬਿਜਲੀ ਚਮਕਣ ਦੌਰਾਨ ਰੁੱਖਾਂ ਅਤੇ ਬਿਜਲੀ ਦੇ ਖੰਭਿਆਂ ਤੋਂ ਦੂਰ ਰਹਿਣ ਦੀ ਹਦਾਇਤ ਕੀਤੀ ਗਈ ਹੈ।

ਮੋਦੀ ਨੇ ਆਪਣੇ ਕਾਫ਼ਲੇ ਦੇ ਵਾਹਨ ਅੱਧੇ ਕਰਨ ਦੇ ਦਿੱਤੇ ਹੁਕਮ, ਤੇਲ ਤੇ ਸਰਕਾਰੀ ਖਰਚੇ ਘਟਾਉਣ ਲਈ ਪ੍ਰਧਾਨ ਮੰਤਰੀ ਦੀ ਵੱਡੀ ਪਹਿਲ

ਨਵੀਂ ਦਿੱਲੀ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰੀ ਖਰਚਿਆਂ ਵਿੱਚ ਕਟੌਤੀ ਅਤੇ ਸਾਦਗੀ ਨੂੰ ਤਰਜੀਹ ਦਿੰਦਿਆਂ ਆਪਣੇ ਅਧਿਕਾਰਕ ਕਾਫ਼ਲੇ ਨੂੰ ਛੋਟਾ ਕਰਨ ਦਾ ਮਹੱਤਵਪੂਰਨ ਫ਼ੈਸਲਾ ਲਿਆ ਹੈ। ਸੂਤਰਾਂ ਮੁਤਾਬਕ, ਪ੍ਰਧਾਨ ਮੰਤਰੀ ਨੇ ਆਪਣੀ ਸੁਰੱਖਿਆ ਸੰਭਾਲ ਰਹੀ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਨੂੰ ਨਿਰਦੇਸ਼ ਦਿੱਤੇ ਹਨ ਕਿ ਕਾਫ਼ਲੇ ਵਿੱਚ ਸ਼ਾਮਲ ਵਾਹਨਾਂ ਦੀ ਗਿਣਤੀ ਲਗਭਗ ਅੱਧੀ ਕਰ ਦਿੱਤੀ ਜਾਵੇ।

ਇਲੈਕਟ੍ਰਿਕ ਵਾਹਨਾਂ ਨੂੰ ਤਰਜੀਹ ਦੇਣ ਦੀ ਤਿਆਰੀ

ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨੇ ਕਾਫ਼ਲੇ ਵਿੱਚ ਹੌਲੀ-ਹੌਲੀ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਵਧਾਉਣ ਦੀ ਇੱਛਾ ਵੀ ਜਤਾਈ ਹੈ। ਹਾਲਾਂਕਿ ਨਵੇਂ ਵਾਹਨ ਖਰੀਦਣ ਦੀ ਬਜਾਏ ਮੌਜੂਦਾ ਸਰੋਤਾਂ ਦੀ ਹੀ ਬਿਹਤਰ ਵਰਤੋਂ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ, ਤਾਂ ਜੋ ਸਰਕਾਰੀ ਖ਼ਜ਼ਾਨੇ ’ਤੇ ਵਾਧੂ ਬੋਝ ਨਾ ਪਵੇ।

ਦੌਰਿਆਂ ਦੌਰਾਨ ਦਿਖਣ ਲੱਗਾ ਅਸਰ

ਸੂਤਰਾਂ ਦਾ ਕਹਿਣਾ ਹੈ ਕਿ ਇਸ ਫ਼ੈਸਲੇ ਦਾ ਅਸਰ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਦੇ ਦਿੱਲੀ ਤੋਂ ਬਾਹਰ ਹੋਏ ਦੌਰਿਆਂ ਦੌਰਾਨ ਸਾਫ਼ ਨਜ਼ਰ ਆਇਆ। ਕਾਫ਼ਲੇ ਵਿੱਚ ਪਹਿਲਾਂ ਨਾਲੋਂ ਕਾਫ਼ੀ ਘੱਟ ਵਾਹਨ ਦੇਖੇ ਗਏ। ਸੁਰੱਖਿਆ ਏਜੰਸੀਆਂ ਇਹ ਵੀ ਯਕੀਨੀ ਬਣਾ ਰਹੀਆਂ ਹਨ ਕਿ ਸੁਰੱਖਿਆ ਪ੍ਰਬੰਧਾਂ ਨਾਲ ਕੋਈ ਸਮਝੌਤਾ ਨਾ ਹੋਵੇ ਅਤੇ ਨਿਰਧਾਰਤ ਮਾਪਦੰਡ ਪੂਰੀ ਤਰ੍ਹਾਂ ਲਾਗੂ ਰਹਿਣ।

ਮੋਦੀ ਨੇ ਪਹਿਲਾਂ ਲੋਕਾਂ ਨੂੰ ਵੀ ਕੀਤੀ ਸੀ ਅਪੀਲ

ਐਤਵਾਰ ਨੂੰ ਹੈਦਰਾਬਾਦ ਦੌਰੇ ਦੌਰਾਨ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਤੇਲ ਦੀ ਖਪਤ ਘਟਾਉਣ ਅਤੇ ਸੋਨੇ ਦੀ ਬੇਲੋੜੀ ਖਰੀਦ ਤੋਂ ਬਚਣ ਦੀ ਸਲਾਹ ਦਿੱਤੀ ਸੀ। ਹੁਣ ਆਪਣੇ ਹੀ ਕਾਫ਼ਲੇ ਦਾ ਆਕਾਰ ਘਟਾ ਕੇ ਉਨ੍ਹਾਂ ਨੇ ਇਹ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸੰਜਮ ਅਤੇ ਬਚਤ ਦੀ ਸ਼ੁਰੂਆਤ ਸੱਤਾ ਦੇ ਸਿਖਰ ਤੋਂ ਹੋਣੀ ਚਾਹੀਦੀ ਹੈ।

ਮੰਤਰਾਲਿਆਂ ਨੂੰ ਵੀ ਦਿੱਤੇ ਗਏ ਸੰਕੇਤ

ਕੇਂਦਰ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਵੀ ਖਰਚਿਆਂ ਦੀ ਸਮੀਖਿਆ ਕਰਨ ਅਤੇ ਗੈਰ-ਜ਼ਰੂਰੀ ਖ਼ਰਚੇ ਘਟਾਉਣ ਲਈ ਕਿਹਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵਿਭਾਗ ਵੀ ਸਰਕਾਰੀ ਖ਼ਰਚਿਆਂ ’ਚ ਕਟੌਤੀ ਲਈ ਨਵੇਂ ਕਦਮ ਚੁੱਕ ਸਕਦੇ ਹਨ।

ਸਾਦਗੀ ਰਾਹੀਂ ਸੰਦੇਸ਼ ਦੇਣ ਦੀ ਕੋਸ਼ਿਸ਼

ਰਾਜਨੀਤਿਕ ਅਤੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਪ੍ਰਧਾਨ ਮੰਤਰੀ ਦੇ ਇਸ ਕਦਮ ਨੂੰ ਪ੍ਰਤੀਕਾਤਮਕ ਤੌਰ ’ਤੇ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਇਸ ਨੂੰ ਸਰਕਾਰ ਵੱਲੋਂ ਆਰਥਿਕ ਅਨੁਸ਼ਾਸਨ, ਸੰਯਮ ਅਤੇ ਆਤਮਨਿਰਭਰਤਾ ਵੱਲ ਦਿੱਤੇ ਜਾ ਰਹੇ ਸੁਨੇਹੇ ਦੇ ਰੂਪ ਵਿੱਚ ਵੇਖਿਆ ਜਾ ਰਿਹਾ ਹੈ।

ਮੋਦੀ ਦੇ ਬਿਆਨ ਮਗਰੋਂ ਸੋਨੇ ਤੇ ਕੇਂਦਰ ਦੀ ਸਖ਼ਤੀ, ਆਯਾਤ ਡਿਊਟੀ ਕੀਤੀ ਦੁੱਗਣੀ!

ਨਵੀਂ ਦਿੱਲੀ :- ਕੇਂਦਰ ਸਰਕਾਰ ਨੇ ਸੋਨਾ, ਚਾਂਦੀ ਅਤੇ ਹੋਰ ਕੀਮਤੀ ਧਾਤਾਂ ਦੀ ਆਯਾਤ ’ਤੇ ਲੱਗਣ ਵਾਲੇ ਟੈਕਸ ਵਿੱਚ ਵੱਡਾ ਵਾਧਾ ਕਰਦਿਆਂ ਨਵੀਆਂ ਦਰਾਂ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੀਆਂ ਹਨ। ਵਿੱਤ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨਾਂ ਅਨੁਸਾਰ ਹੁਣ ਵਿਦੇਸ਼ਾਂ ਤੋਂ ਆਉਣ ਵਾਲੇ ਸੋਨੇ ’ਤੇ ਪਹਿਲਾਂ ਨਾਲੋਂ ਕਾਫ਼ੀ ਵੱਧ ਡਿਊਟੀ ਦੇਣੀ ਪਵੇਗੀ, ਜਿਸ ਨਾਲ ਦੇਸ਼ ਦੇ ਸਰਾਫਾ ਕਾਰੋਬਾਰ ਅਤੇ ਆਮ ਖਪਤਕਾਰਾਂ ’ਤੇ ਸਿੱਧਾ ਅਸਰ ਪੈਣ ਦੀ ਸੰਭਾਵਨਾ ਬਣ ਗਈ ਹੈ।

ਸੋਨੇ ’ਤੇ ਡਿਊਟੀ 6 ਤੋਂ ਵਧ ਕੇ 11 ਫੀਸਦੀ ਦੇ ਨੇੜੇ

ਸਰਕਾਰ ਨੇ ਸੋਨੇ ’ਤੇ ਲੱਗਣ ਵਾਲੀ ਬੇਸਿਕ ਕਸਟਮ ਡਿਊਟੀ ਨੂੰ 5 ਫੀਸਦੀ ਤੋਂ ਵਧਾ ਕੇ 10 ਫੀਸਦੀ ਕਰ ਦਿੱਤਾ ਹੈ। ਇਸ ਦੇ ਨਾਲ ਖੇਤੀਬਾੜੀ ਢਾਂਚਾਗਤ ਵਿਕਾਸ ਸੈੱਸ ਵਿੱਚ ਵੀ ਵਾਧਾ ਕੀਤਾ ਗਿਆ ਹੈ। ਪਹਿਲਾਂ ਸੋਨੇ ’ਤੇ ਕੁੱਲ ਮਿਲਾਕੇ ਲਗਭਗ 6 ਫੀਸਦੀ ਆਯਾਤ ਡਿਊਟੀ ਲੱਗਦੀ ਸੀ, ਪਰ ਨਵੀਆਂ ਦਰਾਂ ਲਾਗੂ ਹੋਣ ਤੋਂ ਬਾਅਦ ਇਹ ਬੋਝ ਕਾਫ਼ੀ ਵਧ ਗਿਆ ਹੈ।

ਗਹਿਣਿਆਂ ਦੇ ਛੋਟੇ ਪੁਰਜ਼ੇ ਵੀ ਡਿਊਟੀ ਦੇ ਘੇਰੇ ’ਚ

ਨਵੀਆਂ ਹਦਾਇਤਾਂ ਅਨੁਸਾਰ ਕੇਵਲ ਸੋਨੇ ਦੀਆਂ ਇੱਟਾਂ ਜਾਂ ਬਿਸਕੁਟ ਹੀ ਨਹੀਂ, ਸਗੋਂ ਗਹਿਣੇ ਬਣਾਉਣ ਲਈ ਵਰਤੇ ਜਾਣ ਵਾਲੇ ਹੁੱਕ, ਪਿੰਨ, ਕਲਿੱਪ ਅਤੇ ਹੋਰ ਨੰਨੇ ਹਿੱਸੇ ਵੀ ਹੁਣ ਉੱਚ ਡਿਊਟੀ ਦੇ ਦਾਇਰੇ ਵਿੱਚ ਆਉਣਗੇ। ਇਸ ਤੋਂ ਇਲਾਵਾ ਪੁਰਾਣੀਆਂ ਧਾਤਾਂ ਤੋਂ ਸੋਨਾ ਅਤੇ ਚਾਂਦੀ ਕੱਢਣ ਲਈ ਆਯਾਤ ਕੀਤੇ ਜਾਣ ਵਾਲੇ ਸਕ੍ਰੈਪ ’ਤੇ ਵੀ 10 ਫੀਸਦੀ ਟੈਕਸ ਲਗਾ ਦਿੱਤਾ ਗਿਆ ਹੈ।

ਯੂਏਈ ਤੋਂ ਆਉਣ ਵਾਲੇ ਸੋਨੇ ’ਤੇ ਵੀ ਵਧਿਆ ਬੋਝ

ਖਾਸ ਕੋਟਾ ਪ੍ਰਣਾਲੀ ਅਧੀਨ ਸੰਯੁਕਤ ਅਰਬ ਅਮੀਰਾਤ ਤੋਂ ਆਯਾਤ ਹੋਣ ਵਾਲੇ ਸੋਨੇ ਨੂੰ ਪਹਿਲਾਂ ਰਿਆਇਤੀ ਡਿਊਟੀ ਦਾ ਲਾਭ ਮਿਲਦਾ ਸੀ, ਪਰ ਹੁਣ ਉਸ ਵਿੱਚ ਵੀ ਵਾਧਾ ਕਰ ਦਿੱਤਾ ਗਿਆ ਹੈ। ਇਸ ਨਾਲ ਖਾੜੀ ਦੇਸ਼ਾਂ ਤੋਂ ਆਉਣ ਵਾਲੇ ਸੋਨੇ ਦੀ ਲਾਗਤ ਹੋਰ ਵਧੇਗੀ।

ਪਿਛਲੇ ਸਾਲ ਘਟਾਈ ਸੀ ਡਿਊਟੀ

ਜਿਕਰਯੋਗ ਹੈ ਕਿ ਜੁਲਾਈ 2024 ਦੇ ਕੇਂਦਰੀ ਬਜਟ ਦੌਰਾਨ ਸਰਕਾਰ ਨੇ ਸੋਨੇ ’ਤੇ ਕੁੱਲ ਆਯਾਤ ਡਿਊਟੀ 15 ਫੀਸਦੀ ਤੋਂ ਘਟਾ ਕੇ 6 ਫੀਸਦੀ ਕਰ ਦਿੱਤੀ ਸੀ। ਉਸ ਵੇਲੇ ਬੇਸਿਕ ਕਸਟਮ ਡਿਊਟੀ 10 ਤੋਂ ਘਟਾ ਕੇ 5 ਫੀਸਦੀ ਅਤੇ ਸੈੱਸ 5 ਤੋਂ ਘਟਾ ਕੇ 1 ਫੀਸਦੀ ਕੀਤਾ ਗਿਆ ਸੀ। ਡਿਊਟੀ ਘਟਣ ਮਗਰੋਂ ਦੇਸ਼ ਵਿੱਚ ਸੋਨੇ ਦੀ ਆਯਾਤ ਵਿੱਚ ਰਿਕਾਰਡ ਵਾਧਾ ਦੇਖਣ ਨੂੰ ਮਿਲਿਆ ਸੀ।

ਆਮ ਲੋਕਾਂ ਲਈ ਵਧ ਸਕਦੀਆਂ ਹਨ ਕੀਮਤਾਂ

ਮਾਹਿਰਾਂ ਦਾ ਮੰਨਣਾ ਹੈ ਕਿ ਆਯਾਤ ਮਹਿੰਗੀ ਹੋਣ ਕਾਰਨ ਸੋਨੇ ਅਤੇ ਚਾਂਦੀ ਦੇ ਭਾਅ ਵਿੱਚ ਨਵਾਂ ਉਛਾਲ ਆ ਸਕਦਾ ਹੈ। ਵਿਆਹਾਂ ਅਤੇ ਤਿਉਹਾਰੀ ਮੌਸਮ ਵਿੱਚ ਗਹਿਣੇ ਖਰੀਦਣ ਵਾਲੇ ਲੋਕਾਂ ਦੀ ਜੇਬ ’ਤੇ ਇਸ ਦਾ ਵੱਡਾ ਅਸਰ ਪਵੇਗਾ। ਸਰਾਫਾ ਵਪਾਰੀਆਂ ਲਈ ਵੀ ਕਾਰੋਬਾਰੀ ਲਾਗਤ ਵਧੇਗੀ।

ਉਦਯੋਗਿਕ ਖੇਤਰ ’ਤੇ ਵੀ ਪਵੇਗਾ ਅਸਰ

ਕੀਮਤੀ ਧਾਤਾਂ ਦੀ ਵਰਤੋਂ ਕਰਨ ਵਾਲੀਆਂ ਉਦਯੋਗਿਕ ਇਕਾਈਆਂ ਅਤੇ ਰੀਸਾਈਕਲਿੰਗ ਨਾਲ ਜੁੜੀਆਂ ਕੰਪਨੀਆਂ ਲਈ ਵੀ ਨਵੀਆਂ ਦਰਾਂ ਚੁਣੌਤੀ ਬਣ ਸਕਦੀਆਂ ਹਨ। ਕੱਚੇ ਮਾਲ ਦੀ ਲਾਗਤ ਵਧਣ ਨਾਲ ਉਤਪਾਦਨ ਖਰਚੇ ਵਿੱਚ ਵਾਧਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਸੋਨੇ ਦੀ ਖਪਤ ’ਚ ਭਾਰਤ ਦੁਨੀਆ ਦੇ ਅੱਗੇ

ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸੋਨਾ ਖਪਤ ਕਰਨ ਵਾਲਾ ਦੇਸ਼ ਮੰਨਿਆ ਜਾਂਦਾ ਹੈ, ਜਦਕਿ ਚਾਂਦੀ ਦੀ ਖਪਤ ਵਿੱਚ ਦੇਸ਼ ਪਹਿਲੇ ਸਥਾਨਾਂ ਵਿੱਚ ਸ਼ਾਮਲ ਹੈ। ਇਸ ਕਾਰਨ ਸਰਕਾਰ ਸੋਨੇ ਦੀ ਆਯਾਤ ’ਤੇ ਨਿਗਰਾਨੀ ਰੱਖਦੀ ਹੈ, ਕਿਉਂਕਿ ਵੱਡੇ ਪੱਧਰ ’ਤੇ ਆਯਾਤ ਨਾਲ ਵਪਾਰ ਘਾਟਾ ਅਤੇ ਵਿਦੇਸ਼ੀ ਮੁਦਰਾ ਭੰਡਾਰ ਪ੍ਰਭਾਵਿਤ ਹੁੰਦੇ ਹਨ।

ਤੇਲ ਸੰਕਟ ਦੇ ਡਰ ਕਾਰਨ ਵੀ ਸਖ਼ਤੀ

ਮੱਧ ਪੂਰਬ ਵਿੱਚ ਵਧ ਰਹੇ ਤਣਾਅ ਅਤੇ ਕੱਚੇ ਤੇਲ ਦੀਆਂ ਚੜ੍ਹਦੀਆਂ ਕੀਮਤਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਆਰਥਿਕ ਦਬਾਅ ਘਟਾਉਣ ਲਈ ਕਦਮ ਚੁੱਕ ਰਹੀ ਹੈ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਵੱਲੋਂ ਵੀ ਲੋਕਾਂ ਨੂੰ ਬੇਲੋੜੀ ਸੋਨੇ ਦੀ ਖਰੀਦ ਤੋਂ ਬਚਣ, ਇੰਧਨ ਦੀ ਖਪਤ ਘਟਾਉਣ ਅਤੇ ਵਿਦੇਸ਼ ਯਾਤਰਾਵਾਂ ਸੀਮਿਤ ਕਰਨ ਦੀ ਅਪੀਲ ਕੀਤੀ ਗਈ ਸੀ, ਤਾਂ ਜੋ ਦੇਸ਼ ਦੀ ਆਰਥਿਕਤਾ ’ਤੇ ਵਧਦੇ ਗਲੋਬਲ ਦਬਾਅ ਦਾ ਅਸਰ ਘਟਾਇਆ ਜਾ ਸਕੇ।

ਦਿਲਜੀਤ ਦੋਸਾਂਝ ਨੂੰ ਧਮਕੀ, ਲਾਰੈਂਸ ਗਿਰੋਹ ਨੇ ਮੈਨੇਜਰ ਦੇ ਘਰ ਬਾਹਰ ਕੀਤੀ ਫਾਇਰਿੰਗ!

ਚੰਡੀਗੜ੍ਹ :- ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਟੀਮ ਨੂੰ ਲੈ ਕੇ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਲਾਰੈਂਸ ਬਿਸ਼ਨੋਈ ਗਿਰੋਹ ਨਾਲ ਜੁੜੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦਿਲਜੀਤ ਦੋਸਾਂਝ ਦੇ ਮੈਨੇਜਰ ਨਾਲ ਸੰਬੰਧਿਤ ਟੀਮ ਨੂੰ ਨਿਸ਼ਾਨਾ ਬਣਾਉਂਦਿਆਂ ਹਰਿਆਣਾ ਦੇ ਗੋਂਦਰ ਪਿੰਡ ਵਿੱਚ ਫਾਇਰਿੰਗ ਕੀਤੀ ਗਈ ਹੈ।

ਸੋਸ਼ਲ ਮੀਡੀਆ ਪੋਸਟ ਰਾਹੀਂ ਲਈ ਜ਼ਿੰਮੇਵਾਰੀ

ਸੋਸ਼ਲ ਮੀਡੀਆ ’ਤੇ ਸਾਹਮਣੇ ਆਏ ਪੋਸਟ ਵਿੱਚ ਟਾਇਸਨ ਬਿਸ਼ਨੋਈ ਨਾਮ ਨਾਲ ਇਹ ਦਾਅਵਾ ਕੀਤਾ ਗਿਆ ਕਿ ਗੁਰਪ੍ਰਤਾਪ ਕੰਗ ਦੇ ਘਰ ਬਾਹਰ ਗੋਲੀਆਂ ਚਲਾਈਆਂ ਗਈਆਂ। ਪੋਸਟ ਵਿੱਚ ਇਹ ਵੀ ਕਿਹਾ ਗਿਆ ਕਿ ਇਸ ਵਾਰਦਾਤ ਦੌਰਾਨ ਆਸਟਰੀਆ ਵਿੱਚ ਬਣੇ ਹਥਿਆਰ ਵਰਤੇ ਗਏ। ਹਾਲਾਂਕਿ ਪੁਲਿਸ ਵੱਲੋਂ ਇਸ ਦਾਅਵੇ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ।

ਆਸਟ੍ਰੇਲੀਆ ਦੌਰੇ ਨੂੰ ਲੈ ਕੇ ਲਗਾਏ ਦੋਸ਼

ਵਾਇਰਲ ਪੋਸਟ ਵਿੱਚ ਦਿਲਜੀਤ ਦੋਸਾਂਝ ਦੀ ਟੀਮ ਦੇ ਇੱਕ ਮੈਂਬਰ ’ਤੇ ਆਸਟ੍ਰੇਲੀਆ ਦੌਰੇ ਦੌਰਾਨ ਕਥਿਤ ਗਲਤ ਵਿਹਾਰ ਦੇ ਦੋਸ਼ ਵੀ ਲਗਾਏ ਗਏ ਹਨ। ਇਸ ਦੇ ਨਾਲ ਹੀ ਕਿਹਾ ਗਿਆ ਕਿ ਗਾਇਕ ਅਤੇ ਉਸ ਦੀ ਮੈਨੇਜਮੈਂਟ ਨੂੰ ਪਹਿਲਾਂ ਵੀ ਕਈ ਵਾਰ ਚੇਤਾਵਨੀ ਦਿੱਤੀ ਜਾ ਚੁੱਕੀ ਹੈ।

ਅੱਗੇ ਵੀ ਕਾਰਵਾਈ ਕਰਨ ਦੀ ਦਿੱਤੀ ਧਮਕੀ

ਪੋਸਟ ਵਿੱਚ ਇਹ ਵੀ ਲਿਖਿਆ ਗਿਆ ਕਿ ਜੇਕਰ ਉਨ੍ਹਾਂ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਧਮਕੀ ਭਰੇ ਸੰਦੇਸ਼ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੀ ਸਤਰਕ ਹੋ ਗਈਆਂ ਹਨ।

ਸੁਰੱਖਿਆ ਏਜੰਸੀਆਂ ਨੇ ਸ਼ੁਰੂ ਕੀਤੀ ਜਾਂਚ

ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਅਤੇ ਹੋਰ ਜਾਂਚ ਏਜੰਸੀਆਂ ਵੱਲੋਂ ਸੋਸ਼ਲ ਮੀਡੀਆ ਪੋਸਟ ਦੀ ਜਾਂਚ ਕੀਤੀ ਜਾ ਰਹੀ ਹੈ। ਸੁਰੱਖਿਆ ਪੱਖੋਂ ਵੀ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਸੰਬੰਧਿਤ ਲੋਕਾਂ ਤੋਂ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।