ਰਾਜਾਸਾਂਸੀ :- ਹਲਕਾ ਰਾਜਾਸਾਂਸੀ ਦੇ ਸਰਹੱਦੀ ਪਿੰਡ ਮਿਆਦੀਆਂ ਕਲਾਂ ਨਾਲ ਸਬੰਧਤ ਨੌਜਵਾਨ ਅੰਮ੍ਰਿਤਪਾਲ ਸਿੰਘ ਉੱਪਲ ਨੇ ਕੈਨੇਡਾ ਦੀ ਪੁਲਸ ਸੇਵਾ ਵਿੱਚ ਭਰਤੀ ਹੋ ਕੇ ਆਪਣੇ ਪਰਿਵਾਰ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਯੋਧੂਵਾਲੀਆ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਅੰਮ੍ਰਿਤਪਾਲ ਦੀ ਇਸ ਪ੍ਰਾਪਤੀ ਨਾਲ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਹੈ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਉਸ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਪੜ੍ਹਾਈ ਲਈ ਗਿਆ ਸੀ ਕੈਨੇਡਾ, ਹੁਣ ਬਣਿਆ ਪੁਲਸ ਅਧਿਕਾਰੀ
ਅੰਮ੍ਰਿਤਪਾਲ ਸਿੰਘ, ਸਵਰਗਵਾਸੀ ਮਹਿੰਦਰ ਸਿੰਘ ਉੱਪਲ ਦਾ ਪੋਤਾ ਅਤੇ ਅਮਰੀਕ ਸਿੰਘ ਉੱਪਲ ਤੇ ਪਲਵਿੰਦਰ ਕੌਰ ਦਾ ਪੁੱਤਰ ਹੈ। ਪਰਿਵਾਰ ਮੁਤਾਬਕ ਉਹ ਲਗਭਗ ਦਸ ਸਾਲ ਪਹਿਲਾਂ ਉੱਚ ਸਿੱਖਿਆ ਲਈ ਕੈਨੇਡਾ ਗਿਆ ਸੀ। ਉੱਥੇ ਉਸ ਨੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣੀ ਲਗਨ ਅਤੇ ਸਖ਼ਤ ਮਿਹਨਤ ਦੇ ਬਲਬੂਤੇ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਸ ਵਿੱਚ ਭਰਤੀ ਹੋਣ ਦਾ ਮਾਣ ਹਾਸਲ ਕੀਤਾ।
ਪਰਿਵਾਰ ਨੇ ਦੱਸਿਆ ਮਾਣ ਵਾਲਾ ਪਲ
ਅੰਮ੍ਰਿਤਪਾਲ ਦੀ ਦਾਦੀ ਹਰਭਜਨ ਕੌਰ, ਤਾਇਆ ਜਗਜੀਤ ਸਿੰਘ ਅਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਪਰਿਵਾਰ ਲਈ ਇਹ ਬਹੁਤ ਮਾਣ ਅਤੇ ਖੁਸ਼ੀ ਦਾ ਸਮਾਂ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਨੇ ਹਮੇਸ਼ਾਂ ਆਪਣਾ ਟੀਚਾ ਸਪੱਸ਼ਟ ਰੱਖਿਆ ਅਤੇ ਕਦੇ ਵੀ ਮਿਹਨਤ ਤੋਂ ਪਿੱਛੇ ਨਹੀਂ ਹਟਿਆ।
ਪਿੰਡ ਪਹਿਲਾਂ ਵੀ ਕਈ ਮਾਣਮੱਤੇ ਚਿਹਰੇ ਦੇ ਚੁੱਕਿਆ ਹੈ
ਪਿੰਡ ਵਾਸੀਆਂ ਨੇ ਦੱਸਿਆ ਕਿ ਮਿਆਦੀਆਂ ਕਲਾਂ ਪਹਿਲਾਂ ਵੀ ਕਈ ਪ੍ਰਤਿਭਾਵਾਂ ਦੇ ਚੱਲਦਿਆਂ ਚਰਚਾ ਵਿੱਚ ਰਹਿ ਚੁੱਕਾ ਹੈ। ਓਲੰਪਿਕ ਹਾਕੀ ਖਿਡਾਰਨ ਗੁਰਜੀਤ ਕੌਰ ਵੀ ਇਸੇ ਪਿੰਡ ਨਾਲ ਸਬੰਧਤ ਹੈ, ਜਿਸ ਨੇ ਖੇਡ ਜਗਤ ਵਿੱਚ ਦੇਸ਼ ਦਾ ਨਾਮ ਚਮਕਾਇਆ। ਹੁਣ ਅੰਮ੍ਰਿਤਪਾਲ ਸਿੰਘ ਦੀ ਇਹ ਪ੍ਰਾਪਤੀ ਪਿੰਡ ਲਈ ਇੱਕ ਹੋਰ ਮਾਣ ਵਾਲਾ ਅਧਿਆਇ ਬਣ ਗਈ ਹੈ।

