ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਬਣਾਉਣਾ ਮੁੱਖ ਤਰਜੀਹ: ਅਰੋੜਾ
ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਉਦਯੋਗ ਭਵਨ, ਚੰਡੀਗੜ੍ਹ ਵਿਖੇ ਉਦਯੋਗ ਅਤੇ ਵਣਜ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ। ਅਰੋੜਾ ਪਹਿਲਾਂ ਹੀ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ, ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ, ਸੁਚੱਜਾ ਪ੍ਰਸ਼ਾਸਨ ਤੇ ਸੂਚਨਾ ਤਕਨਾਲੋਜੀ ਅਤੇ ਪ੍ਰਿੰਟਿੰਗ ਤੇ ਸਟੇਸ਼ਨਰੀ ਵਰਗੇ ਮੁੱਖ ਵਿਭਾਗ ਦਾ ਚਾਰਜ ਸੰਭਾਲ ਰਹੇ ਹਨ।
ਅਹੁਦਾ ਸੰਭਾਲਣ ਉਪਰੰਤ ਅਰੋੜਾ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਉਨ੍ਹਾਂ ਵਿੱਚ ਵਿਸ਼ਵਾਸ ਜਤਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੁੱਖ ਤਰਜੀਹ ਲਾਲ ਫੀਤਾਸ਼ਾਹੀ ਨੂੰ ਖ਼ਤਮ ਕਰਕੇ ਅਤੇ ਟਿਕਾਊ ਉਦਯੋਗਾਂ ਨੂੰ ਉਤਸ਼ਾਹਿਤ ਕਰਕੇ ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਬਣਾਉਣ ਦੇ ਨਾਲ-ਨਾਲ ਹਰੇਕ ਉਦਯੋਗਿਕ ਵਿਸਥਾਰ ਵਿੱਚ ਸਥਾਨਕ ਲੋਕਾਂ ਨੂੰ ਨੌਕਰੀਆਂ ਮਿਲਣਾ ਯਕੀਨੀ ਬਣਾਉਣਾ ਹੈ।
ਇਸ ਦੇ ਨਾਲ ਹੀ ਉਦਯੋਗਿਕ ਨੀਤੀ, ਕੁਦਰਤੀ ਊਰਜਾ, ਹੁਨਰ ਵਿਕਾਸ ਅਤੇ ਸ਼ਾਸਨ ਸਬੰਧੀ ਸੁਧਾਰਾਂ ਨੂੰ ਆਪਸ ਵਿੱਚ ਜੋੜ ਕੇ ਸੂਬੇ ਵਿੱਚ ਸੁਚਾਰੂ ਮਾਹੌਜ ਸਿਰਜਣਾ ਹੈ। “ਮੇਰਾ ਟੀਚਾ ਪੰਜਾਬ ਨੂੰ ‘ਕਾਰੋਬਾਰ ਕਰਨ ਵਿੱਚ ਸੁਖਾਲਾ’ ਬਣਾਉਂਦਿਆਂ ਇੱਕ ਆਦਰਸ਼ ਸੂਬੇ ਵਜੋਂ ਸਥਾਪਤ ਕਰਨਾ ਹੈ, ਜਿਸ ਵਿੱਚ ਸਾਡੇ ਨੌਜਵਾਨਾਂ ਲਈ ਸਨਮਾਨਜਨਕ ਅਤੇ ਹੁਨਰ-ਆਧਾਰਤ ਰੋਜ਼ਗਾਰ ਦੇ ਮੌਕੇ ਪੈਦਾ ਹੋ ਸਕਣ।”
ਉਦਯੋਗ ਅਤੇ ਵਣਜ ਹੁਣ ਹੁਨਰ ਵਿਕਾਸ ਅਤੇ ਨਵਿਆਉਣਯੋਗ ਊਰਜਾ ਨਾਲ ਜੁੜ ਗਏ ਹਨ, ਜਿਸ ਨਾਲ ਸੂਬੇ ਵਿੱਚ ਇੱਕ ਸਰਕੁਲਰ ਅਰਥਵਿਵਸਥਾ ਦਾ ਨਿਰਮਾਣ ਹੋਵੇਗਾ, ਜਿੱਥੇ ਵਿਕਾਸ, ਕੁਦਰਤੀ ਊਰਜਾ ਅਤੇ ਰੋਜ਼ਗਾਰ ਨਾਲੋ-ਨਾਲ ਚਲਣਗੇ।
ਇਸ ਤੋਂ ਪਹਿਲਾਂ ਅਰੋੜਾ ਦਾ ਉਦਯੋਗ ਭਵਨ ਪਹੁੰਚਣ ‘ਤੇ ਪ੍ਰਬੰਧਕੀ ਸਕੱਤਰ ਉਦਯੋਗ ਤੇ ਵਣਜ ਗੁਰਕਿਰਤ ਕਿਰਪਾਲ ਸਿੰਘ, ਪੰਜਾਬ ਵਿਕਾਸ ਕਮਿਸ਼ਨ ਦੇ ਉਪ-ਚੇਅਰਪਰਸਨ ਸੀਮਾ ਬਾਂਸਲ, ਸੀ.ਈ.ਓ ਇਨਵੈਸਟ ਪੰਜਾਬ ਅਮਿਤ ਢਾਕਾ, ਸਕੱਤਰ ਉਦਯੋਗ ਮਹਿੰਦਰ ਪਾਲ, ਡਾਇਰੈਕਟਰ ਉਦਯੋਗ ਜਸਪ੍ਰੀਤ ਸਿੰਘ, ਪੰਜਾਬ ਇਨਫੋਟੈਕ ਦੇ ਐਮ.ਡੀ. ਐਚ.ਐਸ. ਬਰਾੜ, ਪੀ.ਐਸ.ਆਈ.ਡੀ.ਸੀ. ਦੇ ਐਮ.ਡੀ. ਹਰਪ੍ਰੀਤ ਸਿੰਘ ਸੂਦਨ, ਪੰਜਾਬ ਵਿੱਤ ਕਾਰਪੋਰੇਸ਼ਨ ਦੀ ਐਮ.ਡੀ. ਸੇਨੂ ਦੁੱਗਲ ਨੇ ਨਿੱਘਾ ਸਵਾਗਤ ਕੀਤਾ।
ਅਮਨ ਅਰੋੜਾ ਨੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਸਮੀਖਿਆ ਮੀਟਿੰਗ ਵੀ ਕੀਤੀ ਅਤੇ ਅਧਿਕਾਰੀਆਂ ਨੂੰ ਪ੍ਰਗਤੀ ਅਧੀਨ ਉਦਯੋਗਿਕ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਅਤੇ ਸੂਬੇ ਵਿੱਚ ਹੋਰ ਨਿਵੇਸ਼ ਲਿਆਉਣ ਲਈ ਯਤਨ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ।

