Home Blog Page 383

ਅੱਜ ਅੰਮ੍ਰਿਤਸਰ ਆਉਣਗੇ ਭਗਵੰਤ ਮਾਨ, ਰਾਵੀ-ਬਿਆਸ ਮੁੱਦੇ ਤੇ ਹੋਵੇਗੀ ਅਹਿਮ ਬੈਠਕ

ਅੰਮ੍ਰਿਤਸਰ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਅੰਮ੍ਰਿਤਸਰ ਦੇ ਦੌਰੇ ‘ਤੇ ਰਹਿਣਗੇ, ਜਿੱਥੇ ਉਹ ਸ਼ਾਮ 7 ਵਜੇ ਰਾਵੀ-ਬਿਆਸ ਟ੍ਰਿਬਿਊਨਲ ਦੇ ਮੈਂਬਰਾਂ ਨਾਲ ਮਹੱਤਵਪੂਰਨ ਮੀਟਿੰਗ ਕਰਨਗੇ। ਇਸ ਬੈਠਕ ਦੌਰਾਨ ਪੰਜਾਬ ਦੇ ਪਾਣੀਆਂ ਅਤੇ ਦਰਿਆਈ ਹੱਕਾਂ ਨਾਲ ਜੁੜੇ ਕਈ ਅਹਿਮ ਮਸਲਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਸਰਕਾਰ ਵੱਲੋਂ ਸੂਬੇ ਦੇ ਹੱਕਾਂ ਦੀ ਪੂਰੀ ਤਾਕਤ ਨਾਲ ਪੇਸ਼ਕਾਰੀ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ ਮੁੱਖ ਮੰਤਰੀ ਪੰਜਾਬ ਦੇ ਪਾਣੀਆਂ ਦੀ ਰੱਖਿਆ ਅਤੇ ਸੂਬੇ ਦੇ ਹਿੱਤਾਂ ਨੂੰ ਪਹਿਲ ਦੇਣ ਸਬੰਧੀ ਆਪਣਾ ਪੱਖ ਸਪੱਸ਼ਟ ਤੌਰ ‘ਤੇ ਟ੍ਰਿਬਿਊਨਲ ਸਾਹਮਣੇ ਰੱਖਣਗੇ।

ਪੰਜਾਬ ‘ਚ ਮੁੜ ਤਪੇਗਾ ਮੌਸਮ, 18 ਮਈ ਤੋਂ ਗਰਮੀ ਦੀ ਲਹਿਰ ਦਾ ਅਲਰਟ ਜਾਰੀ, ਅਗਲੇ ਪੰਜ ਦਿਨ ਰਹੇਗਾ ਖੁਸ਼ਕ ਮੌਸਮ

ਚੰਡੀਗੜ੍ਹ :- ਪੰਜਾਬ ਅਤੇ ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਗਰਮੀ ਨੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਮੌਸਮ ਵਿਭਾਗ ਮੁਤਾਬਕ 17 ਮਈ ਨੂੰ ਸੂਬੇ ਭਰ ਵਿੱਚ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹੇਗਾ, ਜਦਕਿ 18 ਮਈ ਤੋਂ ਕਈ ਇਲਾਕਿਆਂ ਵਿੱਚ ਗਰਮੀ ਦੀ ਲਹਿਰ ਚੱਲਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਇਸ ਸਬੰਧੀ ਪੀਲਾ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ।

ਫਰੀਦਕੋਟ ਰਿਹਾ ਸਭ ਤੋਂ ਗਰਮ ਸ਼ਹਿਰ
ਸੂਬੇ ਵਿੱਚ ਤਾਪਮਾਨ ਲਗਾਤਾਰ ਵਧ ਰਿਹਾ ਹੈ। ਬੀਤੇ ਦਿਨਾਂ ਦੇ ਮੁਕਾਬਲੇ ਪਾਰੇ ਵਿੱਚ ਕਰੀਬ 2 ਡਿਗਰੀ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ। ਸਭ ਤੋਂ ਵੱਧ ਗਰਮੀ ਫਰੀਦਕੋਟ ਵਿੱਚ ਮਹਿਸੂਸ ਕੀਤੀ ਗਈ, ਜਿੱਥੇ ਤਾਪਮਾਨ 42.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।

ਪਟਿਆਲਾ ਵਿੱਚ 40.8 ਡਿਗਰੀ ਅਤੇ ਬਠਿੰਡਾ ਵਿੱਚ 40.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਚੰਡੀਗੜ੍ਹ ਵਿੱਚ ਪਾਰਾ 39 ਡਿਗਰੀ ਤੱਕ ਪਹੁੰਚ ਗਿਆ।

ਅੰਮ੍ਰਿਤਸਰ ਵਿੱਚ 38.2 ਡਿਗਰੀ, ਲੁਧਿਆਣਾ ਵਿੱਚ 39.8, ਪਠਾਨਕੋਟ ਵਿੱਚ 37.6, ਗੁਰਦਾਸਪੁਰ ਵਿੱਚ 38 ਡਿਗਰੀ, ਫਾਜ਼ਿਲਕਾ ਵਿੱਚ 39 ਡਿਗਰੀ ਅਤੇ ਹੁਸ਼ਿਆਰਪੁਰ ਵਿੱਚ 36.7 ਡਿਗਰੀ ਤਾਪਮਾਨ ਦਰਜ ਕੀਤਾ ਗਿਆ।

ਚਾਰ ਦਿਨਾਂ ਦੌਰਾਨ ਹੋਰ ਵਧੇਗੀ ਤਪਸ਼
ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਸੁਰੇਂਦਰ ਪਾਲ ਅਨੁਸਾਰ ਅਗਲੇ ਚਾਰ ਦਿਨਾਂ ਵਿੱਚ ਤਾਪਮਾਨ 4 ਤੋਂ 5 ਡਿਗਰੀ ਤੱਕ ਹੋਰ ਵਧ ਸਕਦਾ ਹੈ। ਉਨ੍ਹਾਂ ਕਿਹਾ ਕਿ 18 ਮਈ ਤੋਂ ਪੰਜਾਬ ਦੇ ਕਈ ਹਿੱਸਿਆਂ ਵਿੱਚ ਗਰਮੀ ਦੀ ਲਹਿਰ ਦਾ ਅਸਰ ਵੱਧਣ ਦੀ ਸੰਭਾਵਨਾ ਹੈ।

ਉਨ੍ਹਾਂ ਦੇ ਮੁਤਾਬਕ ਅਗਲੇ ਕਰੀਬ 15 ਦਿਨਾਂ ਤੱਕ ਪੰਜਾਬ ਸਮੇਤ ਉੱਤਰੀ ਭਾਰਤ ਦੇ ਕਈ ਇਲਾਕਿਆਂ ਵਿੱਚ ਮੌਸਮ ਗਰਮ ਅਤੇ ਸੁੱਕਾ ਬਣਿਆ ਰਹਿ ਸਕਦਾ ਹੈ।

ਜੂਨ ਦੇ ਅਖੀਰ ਤੱਕ ਪੰਜਾਬ ‘ਚ ਦਸਤਕ ਦੇ ਸਕਦਾ ਹੈ ਮਾਨਸੂਨ
ਮੌਸਮ ਵਿਭਾਗ ਦੇ ਅਨੁਸਾਰ ਦੱਖਣ-ਪੱਛਮੀ ਮਾਨਸੂਨ ਦੇ 26 ਮਈ ਦੇ ਆਸਪਾਸ ਕੇਰਲ ਪਹੁੰਚਣ ਦੀ ਉਮੀਦ ਹੈ। ਆਮ ਤੌਰ ‘ਤੇ ਮਾਨਸੂਨ ਜੂਨ ਦੇ ਆਖਰੀ ਹਫ਼ਤੇ ਦੌਰਾਨ ਦਿੱਲੀ ਅਤੇ ਨਾਲ ਲੱਗਦੇ ਖੇਤਰਾਂ ਵਿੱਚ ਪਹੁੰਚਦਾ ਹੈ, ਜਿਸ ਤੋਂ ਬਾਅਦ ਇਹ ਪੰਜਾਬ ਅਤੇ ਹਰਿਆਣਾ ਵੱਲ ਅੱਗੇ ਵਧਦਾ ਹੈ।

ਇਸ ਸਮੇਂ ਪੱਛਮੀ ਗੜਬੜੀ ਦੇ ਕਮਜ਼ੋਰ ਪੈਣ ਕਾਰਨ ਉੱਤਰੀ ਭਾਰਤ ਵਿੱਚ ਗਰਮੀ ਲਗਾਤਾਰ ਵਧ ਰਹੀ ਹੈ। ਮੌਸਮ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਤਿੱਖੀ ਧੁੱਪ ਅਤੇ ਗਰਮ ਹਵਾਵਾਂ ਦਾ ਵੱਧ ਸਾਹਮਣਾ ਕਰਨਾ ਪੈ ਸਕਦਾ ਹੈ।

ਇੰਗਲੈਂਡ – ਬਰਤਾਨੀਆ ਦੀ ਕੈਬਨਿਟ ‘ਚ ਪੰਜਾਬ ਦੀ ਧੀ ਪ੍ਰੀਤ ਕੌਰ ਗਿੱਲ ਨੂੰ ਮਿਲੀ ਵੱਡੀ ਜ਼ਿੰਮੇਵਾਰੀ

ਇੰਗਲੈਂਡ :- ਬਰਤਾਨੀਆ ਦੀ ਰਾਜਨੀਤੀ ਵਿੱਚ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਪੰਜਾਬੀ ਮੂਲ ਦੀ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੂੰ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਵੱਲੋਂ ਕੈਬਨਿਟ ਵਿੱਚ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਕੈਬਨਿਟ ਵਿੱਚ ਕੀਤੇ ਗਏ ਫੇਰਬਦਲ ਦੌਰਾਨ ਉਨ੍ਹਾਂ ਨੂੰ ਜੂਨੀਅਰ ਸਿਹਤ ਮੰਤਰੀ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਨਾਲ ਪੰਜਾਬੀਆਂ ਵਿੱਚ ਖੁਸ਼ੀ ਦਾ ਮਾਹੌਲ ਹੈ।

ਪਹਿਲੀ ਮਹਿਲਾ ਸਿੱਖ ਸੰਸਦ ਮੈਂਬਰ ਬਣ ਕੇ ਰਚਿਆ ਸੀ ਇਤਿਹਾਸ
ਪ੍ਰੀਤ ਕੌਰ ਗਿੱਲ ਲੰਬੇ ਸਮੇਂ ਤੋਂ ਬਰਤਾਨੀਆ ਦੀ ਰਾਜਨੀਤੀ ਵਿੱਚ ਸਰਗਰਮ ਹਨ। ਉਨ੍ਹਾਂ ਨੇ ਆਪਣਾ ਸਿਆਸੀ ਸਫ਼ਰ ਕੌਂਸਲਰ ਵਜੋਂ ਸ਼ੁਰੂ ਕੀਤਾ ਸੀ ਅਤੇ ਸਾਲ 2012 ਵਿੱਚ ਪਹਿਲੀ ਵਾਰ ਲੇਬਰ ਪਾਰਟੀ ਦੀ ਟਿਕਟ ‘ਤੇ ਕੌਂਸਲਰ ਚੁਣੀਆਂ ਗਈਆਂ ਸਨ। ਇਸ ਤੋਂ ਬਾਅਦ ਸਾਲ 2017 ਦੀਆਂ ਆਮ ਚੋਣਾਂ ਵਿੱਚ ਉਹ ਬਰਮਿੰਘਮ ਐਜਬੈਸਟਨ ਹਲਕੇ ਤੋਂ ਸੰਸਦ ਮੈਂਬਰ ਬਣੀਆਂ। ਇਸ ਜਿੱਤ ਨਾਲ ਉਹ ਬਰਤਾਨੀਆ ਦੇ ਇਤਿਹਾਸ ਦੀ ਪਹਿਲੀ ਮਹਿਲਾ ਸਿੱਖ ਸੰਸਦ ਮੈਂਬਰ ਬਣ ਗਈਆਂ ਸਨ।

ਲਗਾਤਾਰ ਤਿੰਨ ਚੋਣਾਂ ਵਿੱਚ ਦਰਜ ਕੀਤੀ ਜਿੱਤ
ਪ੍ਰੀਤ ਕੌਰ ਗਿੱਲ ਨੇ 2019 ਅਤੇ 2024 ਦੀਆਂ ਚੋਣਾਂ ਵਿੱਚ ਵੀ ਵੱਡੇ ਬਹੁਮਤ ਨਾਲ ਜਿੱਤ ਹਾਸਲ ਕੀਤੀ। ਉਹ ਬਰਤਾਨੀਆ ਵਿੱਚ ਪੰਜਾਬੀ ਅਤੇ ਸਿੱਖ ਭਾਈਚਾਰੇ ਦੀ ਮਜ਼ਬੂਤ ਆਵਾਜ਼ ਮੰਨੀ ਜਾਂਦੀਆਂ ਹਨ ਅਤੇ ਕਈ ਸਮਾਜਿਕ ਮਸਲਿਆਂ ‘ਤੇ ਖੁੱਲ੍ਹ ਕੇ ਆਪਣੀ ਰਾਇ ਰੱਖਦੀਆਂ ਰਹੀਆਂ ਹਨ।

ਜਲੰਧਰ ਦੇ ਪਿੰਡ ਖੇੜਾ ਨਾਲ ਜੁੜੀਆਂ ਹਨ ਪਰਿਵਾਰਕ ਜੜ੍ਹਾਂ
ਪ੍ਰੀਤ ਕੌਰ ਗਿੱਲ ਦੇ ਪਰਿਵਾਰ ਦੀਆਂ ਜੜ੍ਹਾਂ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਖੇੜਾ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਦੇ ਪਿਤਾ ਦਲਜੀਤ ਸਿੰਘ ਸ਼ੇਰਗਿੱਲ ਸਾਲ 1962 ਵਿੱਚ ਬਰਤਾਨੀਆ ਵੱਸ ਗਏ ਸਨ। ਪ੍ਰੀਤ ਕੌਰ ਗਿੱਲ ਦਾ ਜਨਮ 1972 ਵਿੱਚ ਬਰਮਿੰਘਮ ਵਿੱਚ ਹੋਇਆ ਸੀ, ਜਿੱਥੇ ਉਨ੍ਹਾਂ ਨੇ ਆਪਣੀ ਪੜ੍ਹਾਈ ਅਤੇ ਰਾਜਨੀਤਿਕ ਜੀਵਨ ਦੀ ਸ਼ੁਰੂਆਤ ਕੀਤੀ।

ਮਜੀਠਾ ਦੇ ਕਈ ਕਾਂਗਰਸੀ ਆਗੂ ਆਮ ਆਦਮੀ ਪਾਰਟੀ ’ਚ ਸ਼ਾਮਲ

ਅੰਮ੍ਰਿਤਸਰ :- ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਹਲਚਲ ਵੇਖਣ ਨੂੰ ਮਿਲੀ ਜਦੋਂ ਮਜੀਠਾ ਹਲਕੇ ਨਾਲ ਸੰਬੰਧਤ ਕਈ ਕਾਂਗਰਸੀ ਆਗੂਆਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਇਨ੍ਹਾਂ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਅਤੇ ਉਨ੍ਹਾਂ ਦਾ ਸਵਾਗਤ ਕੀਤਾ।

ਮਜੀਠਾ ਖੇਤਰ ਦੇ ਆਗੂਆਂ ਨੇ ਬਦਲਿਆ ਸਿਆਸੀ ਪੱਖ
ਜਾਣਕਾਰੀ ਅਨੁਸਾਰ ਕਾਂਗਰਸ ਨਾਲ ਜੁੜੇ ਪਰਮਜੀਤ ਸਿੰਘ ਪੰਮਾ, ਪਲਵਿੰਦਰ ਸਿੰਘ ਪਾਲੀ, ਜਗਦੀਪ ਸਿੰਘ ਗੋਗਾ, ਅਪਰਮਦੀਪ ਸਿੰਘ ਅੱਪੂ ਅਤੇ ਅਮਨਦੀਪ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਇਸ ਮੌਕੇ ਮਜੀਠਾ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਵੀ ਮੌਜੂਦ ਰਹੇ।

ਮਾਨ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋਣ ਦੀ ਗੱਲ ਕਹੀ
ਪਾਰਟੀ ਵਿੱਚ ਸ਼ਾਮਲ ਹੋਏ ਆਗੂਆਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਅਤੇ ਵਿਕਾਸ ਨਾਲ ਜੁੜੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਨਾਲ ਜੁੜੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਹੁਣ ਪੰਜਾਬ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਮਿਲ ਕੇ ਕੰਮ ਕਰਨਗੇ।

ਭਗਵੰਤ ਮਾਨ ਨੇ ਦਿੱਤਾ ਇਕੱਠੇ ਕੰਮ ਕਰਨ ਦਾ ਸੰਦੇਸ਼
ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਸ਼ਾਮਲ ਹੋਏ ਆਗੂਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਪਾਰਟੀ ਵਿੱਚ ਹਰ ਉਸ ਵਿਅਕਤੀ ਦਾ ਸਤਿਕਾਰ ਹੈ ਜੋ ਪੰਜਾਬ ਦੀ ਤਰੱਕੀ ਅਤੇ ਲੋਕਾਂ ਦੀ ਸੇਵਾ ਲਈ ਕੰਮ ਕਰਨਾ ਚਾਹੁੰਦਾ ਹੈ। ਉਨ੍ਹਾਂ ਨੇ ਸਾਰੇ ਆਗੂਆਂ ਨੂੰ ਮਿਲਜੁਲ ਕੇ ਸੂਬੇ ਦੇ ਵਿਕਾਸ ਲਈ ਯੋਗਦਾਨ ਪਾਉਣ ਦਾ ਸੰਦੇਸ਼ ਦਿੱਤਾ।

ਤੇਜ਼ ਗਰਮੀ ਕਾਰਨ ਰਾਜਸਥਾਨ ਦੇ ਸਕੂਲਾਂ ’ਚ ਅੱਜ ਤੋਂ ਗਰਮੀਆਂ ਦੀਆਂ ਛੁੱਟੀਆਂ

ਰਾਜਸਥਾਨ :- ਦੇਸ਼ ਭਰ ਵਿੱਚ ਵੱਧ ਰਹੀ ਗਰਮੀ ਅਤੇ ਹੀਟਵੇਵ ਦੇ ਹਾਲਾਤਾਂ ਨੂੰ ਦੇਖਦਿਆਂ ਰਾਜਸਥਾਨ ਸਰਕਾਰ ਨੇ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਸਰਕਾਰੀ ਅਤੇ ਨਿੱਜੀ ਸਕੂਲਾਂ ਵਿੱਚ ਛੁੱਟੀਆਂ 17 ਮਈ ਤੋਂ ਸ਼ੁਰੂ ਹੋ ਰਹੀਆਂ ਹਨ। ਸਿੱਖਿਆ ਵਿਭਾਗ ਵੱਲੋਂ ਇਸ ਸਬੰਧੀ ਸਾਰੇ ਸਕੂਲਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।

20 ਜੂਨ ਤੱਕ ਬੰਦ ਰਹਿਣਗੇ ਸਕੂਲ
ਨਵੇਂ ਐਲਾਨ ਅਨੁਸਾਰ ਵਿਦਿਆਰਥੀ 20 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਮਨਾਉਣਗੇ। ਇਸ ਦੌਰਾਨ ਸਕੂਲ ਪ੍ਰਬੰਧਕਾਂ ਨੂੰ ਸਕੂਲਾਂ ਦੀ ਸੁਰੱਖਿਆ ਅਤੇ ਰੱਖ-ਰਖਾਅ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਭਾਰੀ ਗਰਮੀ ਕਾਰਨ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ।

ਇਸ ਵਾਰ ਘੱਟ ਹੋਈਆਂ ਛੁੱਟੀਆਂ
ਹਰ ਸਾਲ ਆਮ ਤੌਰ ’ਤੇ ਗਰਮੀਆਂ ਦੀਆਂ ਛੁੱਟੀਆਂ ਕਰੀਬ 45 ਦਿਨਾਂ ਲਈ ਹੁੰਦੀਆਂ ਹਨ, ਪਰ ਇਸ ਵਾਰ ਛੁੱਟੀਆਂ ਦੀ ਮਿਆਦ ਘਟਾ ਕੇ 35 ਦਿਨ ਕਰ ਦਿੱਤੀ ਗਈ ਹੈ। ਪਿਛਲੇ ਸਾਲਾਂ ਵਿੱਚ ਸਕੂਲ 21 ਜੂਨ ਨੂੰ ਕੇਵਲ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਖੁੱਲ੍ਹਦੇ ਸਨ ਅਤੇ ਫਿਰ ਦੁਬਾਰਾ ਬੰਦ ਹੋ ਜਾਂਦੇ ਸਨ।

21 ਜੂਨ ਤੋਂ ਨਿਯਮਤ ਕਲਾਸਾਂ ਲੱਗਣਗੀਆਂ
ਇਸ ਵਾਰ ਸਰਕਾਰ ਨੇ ਸਮਾਂ-ਸਾਰਣੀ ਵਿੱਚ ਬਦਲਾਅ ਕਰਦਿਆਂ 21 ਜੂਨ ਤੋਂ ਹੀ ਨਿਯਮਤ ਕਲਾਸਾਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ ਅਤੇ ਸਿਲੇਬਸ ਸਮੇਂ ਸਿਰ ਪੂਰਾ ਕੀਤਾ ਜਾ ਸਕੇ।

ਮੰਤਰੀ ਸੰਜੀਵ ਅਰੋੜਾ ਨੂੰ ਮੁੜ 2 ਦਿਨ ਈਡੀ ਰਿਮਾਂਡ ‘ਤੇ ਭੇਜਿਆ

ਚੰਡੀਗੜ੍ਹ :- ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਪੰਜਾਬ ਸਰਕਾਰ ਦੇ ਮੰਤਰੀ ਸੰਜੀਵ ਅਰੋੜਾ ਨੂੰ ਮੁੜ ਗੁਰੂਗ੍ਰਾਮ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪਹਿਲਾਂ ਦਿੱਤੇ ਗਏ ਸੱਤ ਦਿਨਾਂ ਦੇ ਰਿਮਾਂਡ ਦੀ ਮਿਆਦ ਖਤਮ ਹੋਣ ਮਗਰੋਂ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਹੋਰ ਦੋ ਦਿਨਾਂ ਲਈ ਈਡੀ ਦੀ ਹਿਰਾਸਤ ਵਿੱਚ ਭੇਜਣ ਦੇ ਹੁਕਮ ਜਾਰੀ ਕੀਤੇ।

ਕਈ ਥਾਵਾਂ ’ਤੇ ਛਾਪੇਮਾਰੀ ਮਗਰੋਂ ਹੋਈ ਸੀ ਗ੍ਰਿਫ਼ਤਾਰੀ

ਈਡੀ ਵੱਲੋਂ ਇਸ ਮਾਮਲੇ ਦੀ ਜਾਂਚ ਦੌਰਾਨ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਸਮੇਤ ਦਿੱਲੀ ਅਤੇ ਗੁਰੂਗ੍ਰਾਮ ਦੇ ਕਈ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਸੀ। ਜਾਂਚ ਟੀਮ ਨੇ ਲੰਬੀ ਪੁੱਛਗਿੱਛ ਮਗਰੋਂ ਸੰਜੀਵ ਅਰੋੜਾ ਨੂੰ ਹਿਰਾਸਤ ਵਿੱਚ ਲਿਆ ਸੀ। ਜਾਂਚ ਏਜੰਸੀ ਹੁਣ ਮਾਮਲੇ ਨਾਲ ਜੁੜੇ ਵਿੱਤੀ ਲੈਣ-ਦੇਣ ਦੀਆਂ ਹੋਰ ਕੜੀਆਂ ਖੰਗਾਲ ਰਹੀ ਹੈ।

ਆਮ ਆਦਮੀ ਪਾਰਟੀ ਨੇ ਦਿੱਤੀ ਸਿਆਸੀ ਪ੍ਰਤੀਕਿਰਿਆ

ਜਿਕਰਯੋਗ ਹੈ ਕਿ ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਤੇ ਸਿਆਸੀ ਨਿਸ਼ਾਨਾ ਵੀ ਸਾਧਿਆ। ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਦਸੀ,  ਓਹਨਾਂ ਕਿਹਾ ਕਿ ਕੇਂਦਰੀ ਏਜੰਸੀਆਂ ਦੀ ਦੁਰਵਰਤੋ ‘ਆਪ’ ਆਗੂਆਂ ਖ਼ਿਲਾਫ਼ ਦਬਾਅ ਬਣਾਉਣ ਲਈ ਕੀਤੀ ਜਾ ਰਹੀ ਹੈ। ਦੂਜੇ ਪਾਸੇ, ਈਡੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸਬੂਤਾਂ ਦੇ ਆਧਾਰ ’ਤੇ ਕੀਤੀ ਜਾ ਰਹੀ ਹੈ।

ਕਪੂਰਥਲਾ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੰਸ਼ੋਧਨ ਮੁਹਿੰਮ ਦਾ ਐਲਾਨ, 25 ਜੂਨ ਤੋਂ ਘਰ-ਘਰ ਜਾ ਕੇ ਹੋਵੇਗੀ ਜਾਂਚ

ਕਪੂਰਥਲਾ :- ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਵਿੱਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਪ੍ਰਕਿਰਿਆ ਸ਼ੁਰੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਅਕਾਸ਼ ਬਾਂਸਲ ਨੇ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ ਦੇ ਭੁਲੱਥ, ਕਪੂਰਥਲਾ, ਸੁਲਤਾਨਪੁਰ ਲੋਧੀ ਅਤੇ ਫਗਵਾੜਾ ਵਿਧਾਨ ਸਭਾ ਹਲਕਿਆਂ ਵਿੱਚ 25 ਜੂਨ ਤੋਂ 24 ਜੁਲਾਈ 2026 ਤੱਕ ਘਰ-ਘਰ ਜਾ ਕੇ ਵੋਟਰਾਂ ਦੀ ਜਾਂਚ ਅਤੇ ਗਿਣਤੀ ਦਾ ਕੰਮ ਕੀਤਾ ਜਾਵੇਗਾ।

ਬੀ.ਐਲ.ਓਜ਼ ਵੱਲੋਂ ਵੰਡੇ ਜਾਣਗੇ ਜਾਣਕਾਰੀ ਫਾਰਮ
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਬੂਥ ਲੈਵਲ ਅਫਸਰਾਂ ਵੱਲੋਂ ਹਰ ਘਰ ਤੱਕ ਪਹੁੰਚ ਕਰਕੇ ਵੋਟਰਾਂ ਨੂੰ ਦੋ ਕਾਪੀਆਂ ਵਿੱਚ ਜਾਣਕਾਰੀ ਫਾਰਮ ਦਿੱਤੇ ਜਾਣਗੇ। ਇੱਕ ਕਾਪੀ ਵੋਟਰਾਂ ਕੋਲ ਰਹੇਗੀ ਜਦਕਿ ਦੂਜੀ ਕਾਪੀ ਭਰ ਕੇ ਬੀ.ਐਲ.ਓ. ਨੂੰ ਵਾਪਸ ਦੇਣੀ ਹੋਵੇਗੀ। ਇਸੇ ਜਾਣਕਾਰੀ ਦੇ ਆਧਾਰ ’ਤੇ ਵੋਟਰਾਂ ਦੇ ਨਾਮ ਸੂਚੀ ਵਿੱਚ ਦਰਜ ਜਾਂ ਅਪਡੇਟ ਕੀਤੇ ਜਾਣਗੇ।

ਨਵੇਂ ਵੋਟਰਾਂ ਲਈ ਦਸਤਾਵੇਜ਼ ਲਾਜ਼ਮੀ
ਜ਼ਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਪਹਿਲੀ ਵਾਰ ਵੋਟ ਬਣਵਾਉਣ ਵਾਲੇ ਨਾਗਰਿਕਾਂ ਨੂੰ ਆਪਣੀ ਯੋਗਤਾ ਸਾਬਤ ਕਰਨ ਲਈ ਜਨਮ ਸਰਟੀਫਿਕੇਟ, ਪਾਸਪੋਰਟ, ਮੈਟ੍ਰਿਕ ਸਰਟੀਫਿਕੇਟ, ਸਥਾਈ ਨਿਵਾਸ ਪੱਤਰ, ਪਰਿਵਾਰ ਰਜਿਸਟਰ ਜਾਂ ਸਰਕਾਰੀ ਅਲਾਟਮੈਂਟ ਸਬੰਧੀ ਦਸਤਾਵੇਜ਼ ਪੇਸ਼ ਕਰਨੇ ਪੈਣਗੇ।

ਚੋਣ ਅਮਲੇ ਦੀ ਤਾਇਨਾਤੀ ਮੁਕੰਮਲ
ਇਸ ਮਹੱਤਵਪੂਰਨ ਮੁਹਿੰਮ ਨੂੰ ਸਫਲਤਾਪੂਰਵਕ ਚਲਾਉਣ ਲਈ ਜ਼ਿਲ੍ਹੇ ਵਿੱਚ 791 ਬੀ.ਐਲ.ਓਜ਼, 77 ਸੁਪਰਵਾਈਜ਼ਰ, 4 ਚੋਣਕਾਰ ਰਜਿਸਟ੍ਰੇਸ਼ਨ ਅਫਸਰ ਅਤੇ 8 ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੀ ਟ੍ਰੇਨਿੰਗ ਅਤੇ ਹੋਰ ਤਿਆਰੀਆਂ 15 ਜੂਨ ਤੋਂ 24 ਜੂਨ ਤੱਕ ਪੂਰੀਆਂ ਕੀਤੀਆਂ ਜਾਣਗੀਆਂ।

81 ਫੀਸਦੀ ਤੋਂ ਵੱਧ ਵੋਟਰਾਂ ਦੀ ਮੈਪਿੰਗ ਪੂਰੀ
ਅਕਾਸ਼ ਬਾਂਸਲ ਨੇ ਦੱਸਿਆ ਕਿ ਪ੍ਰੀ-ਐਸ.ਆਈ.ਆਰ. ਮੈਪਿੰਗ ਤਹਿਤ ਜ਼ਿਲ੍ਹੇ ਦੇ ਕੁੱਲ 6 ਲੱਖ 15 ਹਜ਼ਾਰ 358 ਵੋਟਰਾਂ ਵਿੱਚੋਂ 5 ਲੱਖ 3 ਹਜ਼ਾਰ 533 ਵੋਟਰਾਂ ਦੀ ਮੈਪਿੰਗ ਕੀਤੀ ਜਾ ਚੁੱਕੀ ਹੈ, ਜੋ ਕੁੱਲ ਗਿਣਤੀ ਦਾ 81.83 ਫੀਸਦੀ ਬਣਦੀ ਹੈ। ਇਸ ਪ੍ਰਕਿਰਿਆ ਲਈ 1 ਜਨਵਰੀ 2003 ਨੂੰ ਯੋਗਤਾ ਮਿਤੀ ਨਿਰਧਾਰਤ ਕੀਤਾ ਗਿਆ ਹੈ।

1 ਅਕਤੂਬਰ ਨੂੰ ਜਾਰੀ ਹੋਵੇਗੀ ਅੰਤਿਮ ਵੋਟਰ ਸੂਚੀ
ਉਨ੍ਹਾਂ ਅੱਗੇ ਦੱਸਿਆ ਕਿ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ 31 ਜੁਲਾਈ 2026 ਨੂੰ ਕੀਤੀ ਜਾਵੇਗੀ। ਇਸ ਤੋਂ ਬਾਅਦ 30 ਅਗਸਤ ਤੱਕ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ, ਜਦਕਿ ਇਨ੍ਹਾਂ ਦੀ ਸੁਣਵਾਈ ਅਤੇ ਨਿਪਟਾਰਾ 28 ਸਤੰਬਰ ਤੱਕ ਕੀਤਾ ਜਾਵੇਗਾ। ਸਾਰੀ ਕਾਰਵਾਈ ਪੂਰੀ ਹੋਣ ਉਪਰੰਤ ਅੰਤਿਮ ਵੋਟਰ ਸੂਚੀ 1 ਅਕਤੂਬਰ 2026 ਨੂੰ ਜਾਰੀ ਕੀਤੀ ਜਾਵੇਗੀ।

ਲੋਕਾਂ ਨੂੰ ਸਹਿਯੋਗ ਦੀ ਅਪੀਲ
ਜ਼ਿਲ੍ਹਾ ਚੋਣ ਅਫਸਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੋਟਰ ਸੂਚੀਆਂ ਦੀ ਇਸ ਵਿਸ਼ੇਸ਼ ਸੰਸ਼ੋਧਨ ਮੁਹਿੰਮ ਦੌਰਾਨ ਬੀ.ਐਲ.ਓਜ਼ ਦਾ ਪੂਰਾ ਸਹਿਯੋਗ ਕਰਨ ਤਾਂ ਜੋ ਕੋਈ ਵੀ ਯੋਗ ਨਾਗਰਿਕ ਆਪਣੇ ਵੋਟ ਦੇ ਅਧਿਕਾਰ ਤੋਂ ਵਾਂਝਾ ਨਾ ਰਹਿ ਜਾਵੇ।

ਅਬੋਹਰ ’ਚ ਖਾਦ ਤੇ ਕੀਟਨਾਸ਼ਕਾਂ ਦੇ ਗੈਰਕਾਨੂੰਨੀ ਭੰਡਾਰ ਦਾ ਪਰਦਾਫਾਸ਼, ਵਿਅਕਤੀ ਖ਼ਿਲਾਫ਼ ਮਾਮਲਾ ਦਰਜ

ਅਬੋਹਰ :- ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਅਬੋਹਰ ਵਿੱਚ ਖਾਦ ਅਤੇ ਕੀਟਨਾਸ਼ਕਾਂ ਦੇ ਗੈਰਕਾਨੂੰਨੀ ਸਟਾਕ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਇਕ ਵਿਅਕਤੀ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਹੈ। ਇਹ ਕਾਰਵਾਈ ਨਵੀਂ ਅਨਾਜ ਮੰਡੀ ਸਥਿਤ ਇਕ ਦੁਕਾਨ ’ਤੇ ਕੀਤੀ ਗਈ ਛਾਪੇਮਾਰੀ ਦੌਰਾਨ ਸਾਹਮਣੇ ਆਈ ਬੇਨਿਯਮੀਆਂ ਦੇ ਆਧਾਰ ’ਤੇ ਅਮਲ ਵਿੱਚ ਲਿਆਂਦੀ ਗਈ।

ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹੋਈ ਕਾਰਵਾਈ
ਮਿਲੀ ਜਾਣਕਾਰੀ ਮੁਤਾਬਕ ਇਹ ਛਾਪੇਮਾਰੀ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਫਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਗੁਰਜੀਤ ਸਿੰਘ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਗਈ। ਸਹਾਇਕ ਪੌਦਾ ਸੁਰੱਖਿਆ ਅਧਿਕਾਰੀ ਡਾ. ਸ਼ਿਸ਼ਪਾਲ ਗੋਦਾਰਾ ਦੀ ਅਗਵਾਈ ਹੇਠ ਟੀਮ ਨੇ 14 ਮਈ ਨੂੰ ਨਵੀਂ ਅਨਾਜ ਮੰਡੀ ਦੀ ਦੁਕਾਨ ਨੰਬਰ 77 ’ਤੇ ਜਾਂਚ ਕੀਤੀ।

ਵੱਡੀ ਮਾਤਰਾ ਵਿੱਚ ਖਾਦ ਅਤੇ ਕੀਟਨਾਸ਼ਕ ਜ਼ਬਤ
ਜਾਂਚ ਦੌਰਾਨ ਟੀਮ ਨੇ ਵੱਡੀ ਮਾਤਰਾ ਵਿੱਚ ਬਿਨਾਂ ਮਨਜ਼ੂਰੀ ਸਟੋਰ ਕੀਤੇ ਖਾਦ ਅਤੇ ਕੀਟਨਾਸ਼ਕ ਬਰਾਮਦ ਕੀਤੇ। ਜ਼ਬਤ ਸਮੱਗਰੀ ਵਿੱਚ 400 ਇੱਕ ਲੀਟਰ ਵਾਲੀਆਂ IPL-5G ਖਾਦ ਦੀਆਂ ਇਕਾਈਆਂ, 4 ਕਿਲੋ ਵਾਲੇ 144 ਬੈਗ ਗ੍ਰਿਫਿਨ ਅਤੇ ਕਾਰਟੈਪ ਹਾਈਡਰੋਕਲੋਰਾਈਡ 4 ਫ਼ੀਸਦੀ GR ਵਾਲੇ 199 ਪੈਕੇਟ ਸ਼ਾਮਲ ਸਨ। ਵਿਭਾਗੀ ਅਧਿਕਾਰੀਆਂ ਵੱਲੋਂ ਪਹਿਲਾਂ ਉਕਤ ਸਮੱਗਰੀ ਦੇ ਸੈਂਪਲ ਜਾਂਚ ਲਈ ਇਕੱਠੇ ਕੀਤੇ ਗਏ ਅਤੇ ਬਾਅਦ ਵਿੱਚ ਸਾਰਾ ਸਟਾਕ ਕਬਜ਼ੇ ਵਿੱਚ ਲੈ ਲਿਆ ਗਿਆ।

ਦੋਸ਼ੀ ਖ਼ਿਲਾਫ਼ ਦਰਜ ਹੋਇਆ ਮਾਮਲਾ
ਇਸ ਮਾਮਲੇ ਵਿੱਚ ਅਬੋਹਰ ਤਹਿਸੀਲ ਦੇ ਧਨੀ ਕਰਨੈਲ ਵਾਸੀ ਵਿਜੈ ਕਾਂਬੋਜ ਖ਼ਿਲਾਫ਼ 15 ਮਈ 2026 ਨੂੰ ਐੱਫ.ਆਈ.ਆਰ. ਨੰਬਰ 0148 ਦਰਜ ਕੀਤੀ ਗਈ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ 2023 ਦੀ ਧਾਰਾ 318(4) ਅਤੇ ਕੀਟਨਾਸ਼ਕ ਐਕਟ 1968 ਦੀ ਧਾਰਾ 29 ਤਹਿਤ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਨਕਲੀ ਖੇਤੀ ਸਮੱਗਰੀ ਵੇਚਣ ਵਾਲਿਆਂ ਨੂੰ ਦਿੱਤੀ ਚੇਤਾਵਨੀ
ਮੁੱਖ ਖੇਤੀਬਾੜੀ ਅਧਿਕਾਰੀ ਡਾ. ਹਰਬੰਸ ਸਿੰਘ ਸਿੱਧੂ ਨੇ ਕਿਹਾ ਕਿ ਵਿਭਾਗ ਵੱਲੋਂ ਖੇਤੀਬਾੜੀ ਨਾਲ ਸੰਬੰਧਤ ਗੈਰਕਾਨੂੰਨੀ ਕਾਰੋਬਾਰਾਂ ’ਤੇ ਨਿਗਰਾਨੀ ਹੋਰ ਸਖ਼ਤ ਕੀਤੀ ਜਾ ਰਹੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਕਿਸਾਨਾਂ ਨਾਲ ਧੋਖਾਧੜੀ ਕਰਨ ਜਾਂ ਨਕਲੀ ਖਾਦ-ਕੀਟਨਾਸ਼ਕ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਵਿਭਾਗ ਦੀ ਪਹਿਲ ਹੈ ਤਾਂ ਜੋ ਫ਼ਸਲਾਂ ਅਤੇ ਖੇਤੀ ਉਤਪਾਦਨ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ।

ਬੇਗੋਵਾਲ ’ਚ ਪੁਲਿਸ ਤੇ ਨਸ਼ਾ ਤਸਕਰਾਂ ਵਿਚਾਲੇ ਮੁਠਭੇੜ, ਫਾਇਰਿੰਗ ਦੌਰਾਨ ਸਾਬਕਾ ਸਰਪੰਚ ਜ਼ਖ਼ਮੀ

ਬੇਗੋਵਾਲ :- ਕਪੂਰਥਲਾ ਦੇ ਬੇਗੋਵਾਲ ਇਲਾਕੇ ਵਿੱਚ ਸ਼ੁੱਕਰਵਾਰ ਸ਼ਾਮ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਨਸ਼ਾ ਤਸਕਰਾਂ ਅਤੇ ਸੀਆਈਏ ਕਪੂਰਥਲਾ ਦੀ ਪੁਲਿਸ ਟੀਮ ਵਿਚਾਲੇ ਮੁਠਭੇੜ ਹੋ ਗਈ। ਘਟਨਾ ਸਤਿਗੁਰੂ ਰਾਖਾ ਚੌਕ ਨੇੜੇ ਵਾਪਰੀ, ਜਿੱਥੇ ਪੁਲਿਸ ਟੀਮ ਗੁਪਤ ਸੂਚਨਾ ਦੇ ਆਧਾਰ ’ਤੇ ਨਸ਼ੇ ਦੀ ਖੇਪ ਲੈ ਕੇ ਜਾ ਰਹੇ ਤਸਕਰਾਂ ਦਾ ਪਿੱਛਾ ਕਰ ਰਹੀ ਸੀ।

ਤਸਕਰਾਂ ਨੇ ਪੁਲਿਸ ਟੀਮ ’ਤੇ ਕੀਤੀ ਗੋਲੀਬਾਰੀ
ਜਾਣਕਾਰੀ ਅਨੁਸਾਰ ਜਿਵੇਂ ਹੀ ਸ਼ੱਕੀ ਵਾਹਨ ਚੌਕ ਕੋਲ ਪਹੁੰਚਿਆ ਤਾਂ ਉਸ ਵਿੱਚ ਸਵਾਰ ਤਸਕਰਾਂ ਨੇ ਪੁਲਿਸ ਟੀਮ ਨੂੰ ਨਿਸ਼ਾਨਾ ਬਣਾਉਂਦਿਆਂ ਅਚਾਨਕ ਫਾਇਰਿੰਗ ਸ਼ੁਰੂ ਕਰ ਦਿੱਤੀ। ਅਚਾਨਕ ਚੱਲੀਆਂ ਗੋਲੀਆਂ ਨਾਲ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਦੌੜਦੇ ਨਜ਼ਰ ਆਏ।

ਫਾਇਰਿੰਗ ਦੌਰਾਨ ਸਾਬਕਾ ਸਰਪੰਚ ਹੋਏ ਜ਼ਖ਼ਮੀ
ਇਸ ਦੌਰਾਨ ਚੌਕ ਵਿੱਚ ਸਬਜ਼ੀ ਖਰੀਦ ਰਹੇ ਪਿੰਡ ਨਡਾਲੀ ਦੇ ਸਾਬਕਾ ਸਰਪੰਚ ਸਤਪਾਲ ਸਿੰਘ ਗੋਲੀ ਦੇ ਛਰਰੇ ਲੱਗਣ ਕਾਰਨ ਜ਼ਖ਼ਮੀ ਹੋ ਗਏ। ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਉਨ੍ਹਾਂ ਨੂੰ ਤੁਰੰਤ ਬੇਗੋਵਾਲ ਦੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਮੁਠਭੇੜ ਦੌਰਾਨ ਕਰੀਬ ਪੰਜ ਤੋਂ ਛੇ ਰਾਊਂਡ ਫਾਇਰਿੰਗ ਹੋਈ।

ਇੱਕ ਤਸਕਰ ਕਾਬੂ, ਦੂਜੇ ਦੀ ਭਾਲ ਜਾਰੀ
ਐਸਪੀ-ਡੀ ਹਰਿੰਦਰ ਸਿੰਘ ਗਿੱਲ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸੀਆਈਏ ਦੀ ਟੀਮ ਲਗਭਗ ਦੋ ਘੰਟਿਆਂ ਤੋਂ ਸ਼ੱਕੀ ਤਸਕਰਾਂ ਦੇ ਪਿੱਛੇ ਲੱਗੀ ਹੋਈ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਕਾਰਵਾਈ ਦੌਰਾਨ ਇੱਕ ਮੁਲਜ਼ਮ ਨੂੰ ਕਾਬੂ ਕਰਕੇ ਉਸ ਕੋਲੋਂ ਨਸ਼ੇ ਦੀ ਵੱਡੀ ਖੇਪ ਬਰਾਮਦ ਕੀਤੀ ਹੈ, ਜਦਕਿ ਉਸਦਾ ਸਾਥੀ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ।

ਫਰਾਰ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ
ਪੁਲਿਸ ਵੱਲੋਂ ਫਰਾਰ ਹੋਏ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਉੱਚ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ ਅਤੇ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਰਸਾਇਣਾਂ ਨਾਲ ਪਕਾਏ ਜਾ ਰਹੇ ਅੰਬਾਂ ਨੇ ਵਧਾਈ ਚਿੰਤਾ, ਸਿਹਤ ਲਈ ਬਣ ਸਕਦੇ ਨੇ ਖਤਰਾ

ਚੰਡੀਗੜ੍ਹ :- ਗਰਮੀ ਦੇ ਮੌਸਮ ਵਿੱਚ ਬਾਜ਼ਾਰਾਂ ’ਚ ਅੰਬਾਂ ਦੀ ਭਰਮਾਰ ਦੇਖਣ ਨੂੰ ਮਿਲ ਰਹੀ ਹੈ, ਪਰ ਇਨ੍ਹਾਂ ਵਿੱਚੋਂ ਕਈ ਅੰਬ ਸਿਹਤ ਲਈ ਖਤਰਨਾਕ ਵੀ ਸਾਬਤ ਹੋ ਸਕਦੇ ਹਨ। ਸੋਸ਼ਲ ਮੀਡੀਆ ’ਤੇ ਮੁੰਬਈ ਦੇ ਵਾਸ਼ੀ ਸਥਿਤ ਏਪੀਐੱਮਸੀ ਮੰਡੀ ਦੀ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਰਸਾਇਣਾਂ ਨਾਲ ਅੰਬ ਪਕਾਉਣ ਦੇ ਮਾਮਲੇ ਨੇ ਚਰਚਾ ਛੇੜ ਦਿੱਤੀ ਹੈ। ਵੀਡੀਓ ਵਿੱਚ ਕੁਝ ਲੋਕ ਅੰਬਾਂ ਨੂੰ ਜਲਦੀ ਪਕਾਉਣ ਲਈ ਰਸਾਇਣਾਂ ਦੀ ਵਰਤੋਂ ਕਰਦੇ ਨਜ਼ਰ ਆ ਰਹੇ ਹਨ।

ਕੈਲਸ਼ੀਅਮ ਕਾਰਬਾਈਡ ਦੀ ਵਰਤੋਂ ਨੂੰ ਲੈ ਕੇ ਵਧੀ ਚਿੰਤਾ
ਮਾਹਿਰਾਂ ਅਨੁਸਾਰ ਕੁਝ ਵਪਾਰੀ ਅੰਬਾਂ ਨੂੰ ਕੁਦਰਤੀ ਤਰੀਕੇ ਨਾਲ ਪਕਾਉਣ ਦੀ ਬਜਾਏ ‘ਕੈਲਸ਼ੀਅਮ ਕਾਰਬਾਈਡ’ ਵਰਗੇ ਪਾਬੰਦੀਸ਼ੁਦਾ ਰਸਾਇਣ ਦੀ ਵਰਤੋਂ ਕਰਦੇ ਹਨ। ਇਹ ਰਸਾਇਣ ਅੰਬਾਂ ਨੂੰ ਘੱਟ ਸਮੇਂ ਵਿੱਚ ਪੀਲਾ ਅਤੇ ਆਕਰਸ਼ਕ ਬਣਾ ਦਿੰਦਾ ਹੈ, ਪਰ ਇਸ ਨਾਲ ਸਿਹਤ ’ਤੇ ਗੰਭੀਰ ਅਸਰ ਪੈ ਸਕਦੇ ਹਨ। ਜਾਣਕਾਰਾਂ ਮੁਤਾਬਕ ਇਹ ਰਸਾਇਣ ਖਤਰਨਾਕ ਗੈਸ ਪੈਦਾ ਕਰਦਾ ਹੈ ਅਤੇ ਇਸ ਵਿੱਚ ਜ਼ਹਿਰੀਲੇ ਤੱਤ ਵੀ ਹੋ ਸਕਦੇ ਹਨ।

ਸਿਹਤ ਲਈ ਪੈਦਾ ਹੋ ਸਕਦੀਆਂ ਨੇ ਗੰਭੀਰ ਸਮੱਸਿਆਵਾਂ
ਡਾਕਟਰਾਂ ਦਾ ਕਹਿਣਾ ਹੈ ਕਿ ਅਜਿਹੇ ਅੰਬ ਖਾਣ ਨਾਲ ਸਿਰਦਰਦ, ਉਲਟੀਆਂ, ਪੇਟ ਦਰਦ ਅਤੇ ਚੱਕਰ ਆਉਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਸਾਹ ਲੈਣ ਵਿੱਚ ਤਕਲੀਫ, ਜਿਗਰ ਅਤੇ ਗੁਰਦਿਆਂ ’ਤੇ ਮਾੜਾ ਪ੍ਰਭਾਵ ਵੀ ਪੈ ਸਕਦਾ ਹੈ। ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਬੱਚੇ, ਬਜ਼ੁਰਗ ਅਤੇ ਗਰਭਵਤੀ ਔਰਤਾਂ ਇਸ ਦੇ ਪ੍ਰਭਾਵ ਹੇਠ ਜ਼ਿਆਦਾ ਜਲਦੀ ਆ ਸਕਦੇ ਹਨ।

ਅਸਲੀ ਤੇ ਰਸਾਇਣਕ ਅੰਬ ਦੀ ਇੰਝ ਕਰੋ ਪਛਾਣ
ਸਿਹਤ ਮਾਹਿਰਾਂ ਅਨੁਸਾਰ ਕੁਦਰਤੀ ਤਰੀਕੇ ਨਾਲ ਪੱਕੇ ਅੰਬਾਂ ਦਾ ਰੰਗ ਇੱਕਸਾਰ ਨਹੀਂ ਹੁੰਦਾ ਅਤੇ ਉਨ੍ਹਾਂ ਵਿੱਚ ਹਰਾ ਤੇ ਪੀਲਾ ਰੰਗ ਮਿਲਿਆ ਹੋਇਆ ਦਿਖਾਈ ਦਿੰਦਾ ਹੈ। ਉੱਥੇ ਹੀ ਰਸਾਇਣਾਂ ਨਾਲ ਪੱਕੇ ਅੰਬ ਬਹੁਤ ਜ਼ਿਆਦਾ ਚਮਕਦਾਰ ਅਤੇ ਪੂਰੀ ਤਰ੍ਹਾਂ ਪੀਲੇ ਨਜ਼ਰ ਆਉਂਦੇ ਹਨ। ਕੁਦਰਤੀ ਅੰਬਾਂ ਵਿੱਚ ਮਿੱਠੀ ਖੁਸ਼ਬੂ ਹੁੰਦੀ ਹੈ, ਜਦਕਿ ਰਸਾਇਣਕ ਅੰਬਾਂ ਵਿੱਚੋਂ ਅਜੀਬ ਗੰਧ ਆ ਸਕਦੀ ਹੈ।

ਖਰੀਦਦਾਰੀ ਸਮੇਂ ਸਾਵਧਾਨ ਰਹਿਣ ਦੀ ਲੋੜ
ਮਾਹਿਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਅੰਬ ਖਰੀਦਣ ਸਮੇਂ ਬਹੁਤ ਜ਼ਿਆਦਾ ਚਮਕਦਾਰ ਫਲਾਂ ਤੋਂ ਬਚਿਆ ਜਾਵੇ ਅਤੇ ਖਾਣ ਤੋਂ ਪਹਿਲਾਂ ਉਨ੍ਹਾਂ ਨੂੰ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋਇਆ ਜਾਵੇ। ਸਿਹਤ ਦੀ ਸੁਰੱਖਿਆ ਲਈ ਕੁਦਰਤੀ ਤਰੀਕੇ ਨਾਲ ਪੱਕੇ ਫਲਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ।