Home Blog Page 382

ਸੀਐਨਜੀ ਫਿਰ ਹੋਈ ਮਹਿੰਗੀ, ਦਿੱਲੀ-ਐਨਸੀਆਰ ਵਿੱਚ ਦੋ ਦਿਨਾਂ ‘ਚ ਦੂਜੀ ਵਾਰ ਵਧੇ ਰੇਟ

ਨਵੀਂ ਦਿੱਲੀ :- ਦਿੱਲੀ ਅਤੇ ਐਨਸੀਆਰ ਖੇਤਰ ਵਿੱਚ ਇੱਕ ਵਾਰ ਫਿਰ ਸੀਐਨਜੀ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਦੋ ਦਿਨਾਂ ਦੇ ਅੰਦਰ ਇਹ ਦੂਜੀ ਵਾਰ ਹੈ ਜਦੋਂ ਦਰਾਂ ਵਿੱਚ ਇਜ਼ਾਫ਼ਾ ਕੀਤਾ ਗਿਆ ਹੈ। ਨਵੀਆਂ ਕੀਮਤਾਂ ਸ਼ਨੀਵਾਰ ਸਵੇਰੇ ਤੋਂ ਲਾਗੂ ਹੋ ਗਈਆਂ ਹਨ, ਜਿਸ ਨਾਲ ਰੋਜ਼ਾਨਾ ਸਫ਼ਰ ਕਰਨ ਵਾਲੇ ਲੋਕਾਂ ਅਤੇ ਵਪਾਰਕ ਵਾਹਨ ਚਾਲਕਾਂ ‘ਤੇ ਵਾਧੂ ਆਰਥਿਕ ਬੋਝ ਪੈਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ।

ਦਿੱਲੀ ਸਮੇਤ ਕਈ ਸ਼ਹਿਰਾਂ ‘ਚ ਵਧੀਆਂ ਦਰਾਂ
ਨਵੇਂ ਰੇਟਾਂ ਅਨੁਸਾਰ ਦਿੱਲੀ ਵਿੱਚ ਸੀਐਨਜੀ ਦੀ ਕੀਮਤ ਹੁਣ 80 ਰੁਪਏ 9 ਪੈਸੇ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਲੋਕਾਂ ਨੂੰ 88 ਰੁਪਏ 70 ਪੈਸੇ ਪ੍ਰਤੀ ਕਿਲੋ ਦੇ ਹਿਸਾਬ ਨਾਲ ਸੀਐਨਜੀ ਖਰੀਦਣੀ ਪਵੇਗੀ, ਜਦਕਿ ਗੁਰੂਗ੍ਰਾਮ ਵਿੱਚ ਇਹ ਕੀਮਤ 85 ਰੁਪਏ 12 ਪੈਸੇ ਪ੍ਰਤੀ ਕਿਲੋ ਹੋ ਗਈ ਹੈ। ਮੇਰਠ, ਮੁਜ਼ੱਫਰਨਗਰ, ਸ਼ਾਮਲੀ ਅਤੇ ਕਾਨਪੁਰ ਸਮੇਤ ਹੋਰ ਕਈ ਸ਼ਹਿਰਾਂ ਵਿੱਚ ਵੀ ਰੇਟ ਵਧਾਏ ਗਏ ਹਨ।

ਵਿਸ਼ਵ ਪੱਧਰੀ ਹਾਲਾਤਾਂ ਦਾ ਪਿਆ ਅਸਰ
ਗੈਸ ਸਪਲਾਈ ਕਰਨ ਵਾਲੀ ਕੰਪਨੀ ਇੰਦਰਪ੍ਰਸਥ ਗੈਸ ਲਿਮਿਟਡ ਨੇ ਕਿਹਾ ਕਿ ਆਯਾਤੀ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਅਤੇ ਅਮਰੀਕੀ ਡਾਲਰ ਦੀ ਮਜ਼ਬੂਤੀ ਕਾਰਨ ਖਰਚ ਵਧ ਗਿਆ ਹੈ। ਇਸੇ ਕਾਰਨ ਸੀਐਨਜੀ ਦੀਆਂ ਦਰਾਂ ਵਿੱਚ ਤਬਦੀਲੀ ਕਰਨੀ ਪਈ ਹੈ। ਕੰਪਨੀ ਦਾ ਕਹਿਣਾ ਹੈ ਕਿ ਵਾਧੇ ਦੇ ਬਾਵਜੂਦ ਸੀਐਨਜੀ ਹਾਲੇ ਵੀ ਪੈਟਰੋਲ ਅਤੇ ਡੀਜ਼ਲ ਨਾਲੋਂ ਸਸਤਾ ਵਿਕਲਪ ਹੈ।

ਪੱਛਮੀ ਏਸ਼ੀਆ ਦੇ ਤਣਾਅ ਕਾਰਨ ਵਧਿਆ ਦਬਾਅ
ਅੰਤਰਰਾਸ਼ਟਰੀ ਊਰਜਾ ਬਾਜ਼ਾਰਾਂ ਵਿੱਚ ਜਾਰੀ ਅਸਥਿਰਤਾ ਦਾ ਸਿੱਧਾ ਅਸਰ ਭਾਰਤੀ ਇੰਧਨ ਬਾਜ਼ਾਰ ‘ਤੇ ਵੀ ਪੈ ਰਿਹਾ ਹੈ। ਖ਼ਾਸ ਕਰਕੇ ਹੋਰਮੁਜ਼ ਜਲਡਮਰੂ ਦੇ ਲੰਬੇ ਸਮੇਂ ਤੱਕ ਪ੍ਰਭਾਵਿਤ ਰਹਿਣ ਕਾਰਨ ਵਿਸ਼ਵ ਪੱਧਰ ‘ਤੇ ਤੇਲ ਅਤੇ ਗੈਸ ਦੀ ਸਪਲਾਈ ਮਹਿੰਗੀ ਹੋ ਗਈ ਹੈ। ਇਸ ਨਾਲ ਭਾਰਤੀ ਕੰਪਨੀਆਂ ਦੀ ਲਾਗਤ ਵਿੱਚ ਵੀ ਵੱਡਾ ਵਾਧਾ ਦਰਜ ਕੀਤਾ ਗਿਆ ਹੈ।

ਆਵਾਜਾਈ ਖਰਚੇ ਵਧਣ ਦਾ ਖ਼ਤਰਾ
ਮਾਹਿਰਾਂ ਦਾ ਮੰਨਣਾ ਹੈ ਕਿ ਸੀਐਨਜੀ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਦਾ ਅਸਰ ਜਲਦ ਹੀ ਜਨਤਕ ਆਵਾਜਾਈ ‘ਤੇ ਵੀ ਪੈ ਸਕਦਾ ਹੈ। ਦਿੱਲੀ-ਐਨਸੀਆਰ ਵਿੱਚ ਹਜ਼ਾਰਾਂ ਆਟੋ, ਟੈਕਸੀਆਂ ਅਤੇ ਬੱਸਾਂ ਸੀਐਨਜੀ ‘ਤੇ ਨਿਰਭਰ ਹਨ। ਇਸ ਕਰਕੇ ਕਿਰਾਏ ਵਧਾਉਣ ਦੀ ਮੰਗ ਵੀ ਜਲਦ ਸਾਹਮਣੇ ਆ ਸਕਦੀ ਹੈ।

ਮਹਿੰਗਾਈ ‘ਤੇ ਵੀ ਪੈ ਸਕਦਾ ਹੈ ਅਸਰ
ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਇੰਧਨ ਦੀਆਂ ਵਧਦੀਆਂ ਕੀਮਤਾਂ ਨਾਲ ਟਰਾਂਸਪੋਰਟ ਅਤੇ ਡਿਲਿਵਰੀ ਖਰਚੇ ਵਧਣਗੇ, ਜਿਸ ਦਾ ਅਸਰ ਰੋਜ਼ਮਰਰਾ ਦੀਆਂ ਚੀਜ਼ਾਂ ਅਤੇ ਸੇਵਾਵਾਂ ਦੀਆਂ ਕੀਮਤਾਂ ‘ਤੇ ਵੀ ਪੈ ਸਕਦਾ ਹੈ। ਇਸ ਨਾਲ ਆਉਣ ਵਾਲੇ ਸਮੇਂ ਵਿੱਚ ਆਮ ਲੋਕਾਂ ਦਾ ਘਰੇਲੂ ਬਜਟ ਹੋਰ ਪ੍ਰਭਾਵਿਤ ਹੋ ਸਕਦਾ ਹੈ।

ਗੁਰਦੀਪ ਪਹਿਲਵਾਨ ਕਤਲ ਮਾਮਲੇ ‘ਚ ਅਦਾਲਤ ਦਾ ਵੱਡਾ ਫ਼ੈਸਲਾ, ਜੱਗੂ ਭਗਵਾਨਪੁਰਿਆ ਸਮੇਤ ਪੰਜ ਬਰੀ

ਅੱਠ ਸਾਲ ਪੁਰਾਣੇ ਚਰਚਿਤ ਕਤਲ ਕੇਸ ‘ਚ ਤਿੰਨ ਦੋਸ਼ੀਆਂ ਨੂੰ ਉਮਰਕੈਦ

ਅੰਮ੍ਰਿਤਸਰ :- ਅੰਮ੍ਰਿਤਸਰ ਦੇ ਬਹੁਚਰਚਿਤ ਕਾਂਗਰਸੀ ਕੌਂਸਲਰ ਗੁਰਦੀਪ ਪਹਿਲਵਾਨ ਕਤਲ ਮਾਮਲੇ ਵਿੱਚ ਅਦਾਲਤ ਨੇ ਲੰਬੀ ਸੁਣਵਾਈ ਤੋਂ ਬਾਅਦ ਮਹੱਤਵਪੂਰਨ ਫ਼ੈਸਲਾ ਸੁਣਾਇਆ ਹੈ। ਵਧੀਕ ਸੈਸ਼ਨ ਜੱਜ ਸੰਜੀਵ ਕੁੰਡੀ ਦੀ ਅਦਾਲਤ ਨੇ ਨਾਮੀ ਗੈਂਗਸਟਰ ਜਗਦੀਪ ਸਿੰਘ ਉਰਫ਼ ਜੱਗੂ ਭਗਵਾਨਪੁਰਿਆ ਸਮੇਤ ਪੰਜ ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ, ਜਦਕਿ ਤਿੰਨ ਹੋਰਨਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ।

ਸਰਕਾਰੀ ਪੱਖ ਦੋਸ਼ ਸਾਬਤ ਕਰਨ ‘ਚ ਰਿਹਾ ਨਾਕਾਮ
ਅਦਾਲਤ ਵੱਲੋਂ ਜਿਨ੍ਹਾਂ ਮੁਲਜ਼ਮਾਂ ਨੂੰ ਬਰੀ ਕੀਤਾ ਗਿਆ, ਉਨ੍ਹਾਂ ਵਿੱਚ ਬੌਬੀ ਮਲਹੋਤਰਾ, ਭੁਪਿੰਦਰ ਸਿੰਘ ਉਰਫ਼ ਸੋਨੂੰ ਕੰਗਲਾ, ਕਾਰਤਿਕ ਉਰਫ਼ ਘੋੜਾ ਅਤੇ ਵਰਿੰਦਰ ਸਿੰਘ ਉਰਫ਼ ਸੰਨੀ ਦੇ ਨਾਮ ਸ਼ਾਮਲ ਹਨ। ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਟਿੱਪਣੀ ਕੀਤੀ ਕਿ ਸਰਕਾਰੀ ਪੱਖ ਇਨ੍ਹਾਂ ਖ਼ਿਲਾਫ਼ ਲਗੇ ਦੋਸ਼ਾਂ ਨੂੰ ਪੱਕੇ ਤੌਰ ‘ਤੇ ਸਾਬਤ ਕਰਨ ਵਿੱਚ ਅਸਫਲ ਰਿਹਾ ਹੈ।

ਤਿੰਨ ਮੁਲਜ਼ਮਾਂ ਨੂੰ ਮਿਲੀ ਸਖ਼ਤ ਉਮਰਕੈਦ
ਦੂਜੇ ਪਾਸੇ ਅਦਾਲਤ ਨੇ ਅਰੁਣ ਕੁਮਾਰ ਉਰਫ਼ ਛੁਰੀਮਾਰ, ਅੰਗਰੇਜ਼ ਸਿੰਘ ਅਤੇ ਅਮਨਪ੍ਰੀਤ ਸਿੰਘ ਉਰਫ਼ ਰਿੰਕਾ ਨੂੰ ਕਤਲ, ਅਪਰਾਧਿਕ ਸਾਜ਼ਿਸ਼, ਸਬੂਤ ਮਿਟਾਉਣ ਅਤੇ ਜਾਅਲਸਾਜ਼ੀ ਸਮੇਤ ਕਈ ਗੰਭੀਰ ਧਾਰਾਵਾਂ ਤਹਿਤ ਦੋਸ਼ੀ ਕਰਾਰ ਦਿੱਤਾ। ਤਿੰਨਾਂ ਨੂੰ ਸਖ਼ਤ ਉਮਰਕੈਦ ਦੀ ਸਜ਼ਾ ਸੁਣਾਉਂਦੇ ਹੋਏ 22 ਹਜ਼ਾਰ ਰੁਪਏ ਪ੍ਰਤੀ ਵਿਅਕਤੀ ਜੁਰਮਾਨਾ ਵੀ ਲਗਾਇਆ ਗਿਆ ਹੈ। ਜੁਰਮਾਨਾ ਨਾ ਭਰਨ ਦੀ ਸੂਰਤ ਵਿੱਚ ਛੇ ਮਹੀਨੇ ਦੀ ਵਾਧੂ ਕੈਦ ਵੀ ਭੁਗਤਣੀ ਪਵੇਗੀ।

ਸ਼ਹਿਰ ‘ਚ ਕਾਫ਼ੀ ਚਰਚਾ ‘ਚ ਰਿਹਾ ਸੀ ਮਾਮਲਾ
ਗੁਰਦੀਪ ਪਹਿਲਵਾਨ ਦਾ ਕਤਲ ਅੰਮ੍ਰਿਤਸਰ ਦੇ ਸਭ ਤੋਂ ਸੰਵੇਦਨਸ਼ੀਲ ਅਤੇ ਚਰਚਿਤ ਰਾਜਨੀਤਿਕ ਕਤਲ ਮਾਮਲਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਸ਼ਹਿਰ ਵਿੱਚ ਕਾਫ਼ੀ ਤਣਾਅ ਅਤੇ ਸਿਆਸੀ ਹਲਚਲ ਦੇਖਣ ਨੂੰ ਮਿਲੀ ਸੀ। ਹੁਣ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਇਹ ਮਾਮਲਾ ਇੱਕ ਵਾਰ ਫਿਰ ਚਰਚਾ ਦਾ ਕੇਂਦਰ ਬਣ ਗਿਆ ਹੈ।

ਪਟਿਆਲਾ ‘ਚ ਸਾਬਕਾ ਸਰਪੰਚ ‘ਤੇ ਜਾਨਲੇਵਾ ਹਮਲਾ, ਤੇਜ਼ਧਾਰ ਹਥਿਆਰਾਂ ਨਾਲ ਕੀਤਾ ਜ਼ਖ਼ਮੀ

ਪਟਿਆਲਾ :- ਪਟਿਆਲਾ ਵਿੱਚ ਇੱਕ ਸਾਬਕਾ ਸਰਪੰਚ ‘ਤੇ ਕੁਝ ਹਮਲਾਵਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸਾਬਕਾ ਸਰਪੰਚ ਕਰਮਜੀਤ ਸਿੰਘ ਆਪਣੀ ਗੱਡੀ ਵਿੱਚ ਕਿਤੇ ਜਾ ਰਹੇ ਸਨ ਕਿ ਰਸਤੇ ਵਿੱਚ ਕੁਝ ਨੌਜਵਾਨਾਂ ਨੇ ਉਨ੍ਹਾਂ ਦੀ ਗੱਡੀ ਘੇਰ ਲਈ ਅਤੇ ਹਮਲਾ ਕਰ ਦਿੱਤਾ। ਅਚਾਨਕ ਹੋਏ ਹਮਲੇ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਜਾਨ ਬਚਾਉਣ ਲਈ ਭੱਜੇ, ਹਮਲਾਵਰਾਂ ਨੇ ਕੀਤਾ ਪਿੱਛਾ
ਹਮਲੇ ਦੌਰਾਨ ਕਰਮਜੀਤ ਸਿੰਘ ਨੇ ਆਪਣੀ ਜਾਨ ਬਚਾਉਣ ਲਈ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਹਮਲਾਵਰਾਂ ਨੇ ਉਨ੍ਹਾਂ ਦਾ ਪਿੱਛਾ ਕਰਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਹਮਲੇ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।

ਸੀਸੀਟੀਵੀ ਵੀਡੀਓ ਆਈ ਸਾਹਮਣੇ
ਘਟਨਾ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇੱਕ ਸਕੂਟੀ ਸਵਾਰ ਨੌਜਵਾਨ ਅਤੇ ਹੋਰ ਗੱਡੀ ਵਿੱਚ ਆਏ ਕੁਝ ਲੋਕਾਂ ਨੇ ਪਹਿਲਾਂ ਸਾਬਕਾ ਸਰਪੰਚ ਦੀ ਗੱਡੀ ਨੂੰ ਰੋਕਿਆ ਅਤੇ ਫਿਰ ਉਸ ‘ਤੇ ਹਮਲਾ ਕਰ ਦਿੱਤਾ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਜਾਂਚ ਹੋਰ ਤੇਜ਼ ਕਰ ਦਿੱਤੀ ਹੈ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਮਲੇ ਦੇ ਪਿੱਛੇ ਦੇ ਕਾਰਨਾਂ ਬਾਰੇ ਹਾਲੇ ਤੱਕ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ। ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ ‘ਤੇ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਅਮਰੀਕਾ ਜਾਣ ਦੇ ਸੁਪਨੇ ‘ਤੇ ਮੰਡਰਾਇਆ ਸੰਕਟ, ਭਾਰਤੀ ਵਿਦਿਆਰਥੀਆਂ ਲਈ ਵਧੀਆਂ ਮੁਸ਼ਕਲਾਂ

ਅਮਰੀਕਾ :- ਸਾਲਾਂ ਤੋਂ ਭਾਰਤੀ ਵਿਦਿਆਰਥੀਆਂ ਲਈ ਅਮਰੀਕਾ ਉੱਚ ਸਿੱਖਿਆ ਅਤੇ ਚੰਗੇ ਭਵਿੱਖ ਦਾ ਸਭ ਤੋਂ ਵੱਡਾ ਕੇਂਦਰ ਮੰਨਿਆ ਜਾਂਦਾ ਰਿਹਾ ਹੈ। ਅਮਰੀਕੀ ਯੂਨੀਵਰਸਿਟੀਆਂ ਦੀ ਡਿਗਰੀ ਤੋਂ ਬਾਅਦ ਨੌਕਰੀ, ਫਿਰ ਐੱਚ-1-ਬੀ ਵੀਜ਼ਾ ਅਤੇ ਆਖ਼ਰਕਾਰ ਗ੍ਰੀਨ ਕਾਰਡ ਹਾਸਲ ਕਰਨ ਦਾ ਸੁਪਨਾ ਲੈ ਕੇ ਹਰ ਸਾਲ ਹਜ਼ਾਰਾਂ ਵਿਦਿਆਰਥੀ ਵਿਦੇਸ਼ ਜਾਂਦੇ ਹਨ। ਪਰ ਹੁਣ ਅਮਰੀਕੀ ਪ੍ਰਸ਼ਾਸਨ ਵੱਲੋਂ ਓਪੀਟੀ ਪ੍ਰੋਗਰਾਮ ‘ਤੇ ਕੀਤੀ ਜਾ ਰਹੀ ਸਖ਼ਤੀ ਨੇ ਵਿਦਿਆਰਥੀਆਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ।

ਫ਼ਰਜ਼ੀ ਨੌਕਰੀਆਂ ਅਤੇ ਕਾਗਜ਼ੀ ਕੰਪਨੀਆਂ ‘ਤੇ ਕਾਰਵਾਈ ਸ਼ੁਰੂ
ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਏਜੰਸੀ ਵੱਲੋਂ ਹਜ਼ਾਰਾਂ ਮਾਮਲਿਆਂ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਜਾਂਚ ਦੌਰਾਨ ਕਈ ਅਜਿਹੀਆਂ ਕੰਪਨੀਆਂ ਸਾਹਮਣੇ ਆਈਆਂ ਹਨ, ਜਿੱਥੇ ਵਿਦਿਆਰਥੀਆਂ ਨੂੰ ਸਿਰਫ਼ ਕਾਗਜ਼ਾਂ ਵਿੱਚ ਨੌਕਰੀ ‘ਤੇ ਦਿਖਾਇਆ ਗਿਆ। ਕੁਝ ਥਾਵਾਂ ‘ਤੇ ਖਾਲੀ ਇਮਾਰਤਾਂ ਅਤੇ ਰਿਹਾਇਸ਼ੀ ਮਕਾਨਾਂ ਨੂੰ ਕੰਪਨੀ ਦਫ਼ਤਰ ਵਜੋਂ ਵਰਤਣ ਦੇ ਦੋਸ਼ ਵੀ ਸਾਹਮਣੇ ਆਏ ਹਨ।

ਭਾਰਤੀ ਵਿਦਿਆਰਥੀਆਂ ‘ਤੇ ਸਭ ਤੋਂ ਵੱਧ ਅਸਰ ਦਾ ਖ਼ਦਸ਼ਾ
ਤਕਨਾਲੋਜੀ, ਇੰਜੀਨੀਅਰਿੰਗ ਅਤੇ ਵਿਗਿਆਨ ਦੇ ਖੇਤਰਾਂ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀ ਓਪੀਟੀ ਪ੍ਰੋਗਰਾਮ ਦਾ ਸਭ ਤੋਂ ਵੱਧ ਲਾਭ ਲੈਂਦੇ ਰਹੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਨਵੇਂ ਨਿਯਮਾਂ ਅਤੇ ਵਧਦੀ ਜਾਂਚ ਕਾਰਨ ਸਭ ਤੋਂ ਵੱਡਾ ਪ੍ਰਭਾਵ ਵੀ ਭਾਰਤੀ ਭਾਈਚਾਰੇ ‘ਤੇ ਹੀ ਪਵੇਗਾ। ਕਈ ਵਿਦਿਆਰਥੀਆਂ ਲਈ ਪੜ੍ਹਾਈ ਤੋਂ ਬਾਅਦ ਅਮਰੀਕਾ ਵਿੱਚ ਟਿਕੇ ਰਹਿਣਾ ਮੁਸ਼ਕਲ ਹੋ ਸਕਦਾ ਹੈ।

ਹੁਣ ਅਸਲੀ ਵਿਦਿਆਰਥੀਆਂ ਦੀ ਵੀ ਹੋਵੇਗੀ ਸਖ਼ਤ ਜਾਂਚ
ਇਮੀਗ੍ਰੇਸ਼ਨ ਮਾਹਿਰਾਂ ਅਨੁਸਾਰ ਹੁਣ ਕਾਨੂੰਨੀ ਤਰੀਕੇ ਨਾਲ ਕੰਮ ਕਰ ਰਹੇ ਵਿਦਿਆਰਥੀਆਂ ਨੂੰ ਵੀ ਵਾਧੂ ਦਸਤਾਵੇਜ਼ ਦੇਣੇ ਪੈ ਸਕਦੇ ਹਨ। ਨੌਕਰੀ ਦੇ ਪੱਤਰ, ਤਨਖ਼ਾਹ ਸਲਿੱਪ, ਕੰਮ ਵਾਲੀ ਥਾਂ ਦੇ ਸਬੂਤ ਅਤੇ ਟ੍ਰੇਨਿੰਗ ਰਿਕਾਰਡ ਵਰਗੇ ਦਸਤਾਵੇਜ਼ ਮੰਗੇ ਜਾਣ ਦੀ ਸੰਭਾਵਨਾ ਹੈ। ਅਧਿਕਾਰੀ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਨਗੇ ਕਿ ਵਿਦਿਆਰਥੀ ਉਸੇ ਖੇਤਰ ਵਿੱਚ ਕੰਮ ਕਰ ਰਹੇ ਹਨ, ਜਿਸ ਦੀ ਉਨ੍ਹਾਂ ਨੇ ਪੜ੍ਹਾਈ ਕੀਤੀ ਹੈ।

ਓਪੀਟੀ ਪ੍ਰੋਗਰਾਮ ਦੇ ਨਿਯਮ ਹੋ ਸਕਦੇ ਹਨ ਹੋਰ ਸਖ਼ਤ
ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕੀ ਪ੍ਰਸ਼ਾਸਨ ਪੂਰੀ ਤਰ੍ਹਾਂ ਓਪੀਟੀ ਬੰਦ ਕਰਨ ਦੀ ਬਜਾਏ ਇਸ ਦੇ ਨਿਯਮ ਹੋਰ ਕੜੇ ਕਰ ਸਕਦਾ ਹੈ। ਗ੍ਰੇਸ ਪੀਰੀਅਡ ਘਟਾਉਣ, ਵਾਧੂ ਜਾਂਚ ਅਤੇ ਵੀਜ਼ਾ ਮਿਆਦ ਖ਼ਤਮ ਹੋਣ ‘ਤੇ ਤੁਰੰਤ ਕਾਰਵਾਈ ਵਰਗੇ ਕਦਮਾਂ ‘ਤੇ ਵਿਚਾਰ ਹੋ ਰਿਹਾ ਹੈ। ਇਸ ਨਾਲ ਵਿਦਿਆਰਥੀਆਂ ‘ਤੇ ਜਲਦੀ ਨੌਕਰੀ ਲੱਭਣ ਜਾਂ ਅਮਰੀਕਾ ਛੱਡਣ ਦਾ ਦਬਾਅ ਵੱਧ ਸਕਦਾ ਹੈ।

ਐੱਚ-1-ਬੀ ਕਰਮਚਾਰੀਆਂ ਦੀਆਂ ਵੀ ਵਧੀਆਂ ਚਿੰਤਾਵਾਂ
ਅਮਰੀਕਾ ਵਿੱਚ ਪਹਿਲਾਂ ਤੋਂ ਕੰਮ ਕਰ ਰਹੇ ਐੱਚ-1-ਬੀ ਵੀਜ਼ਾ ਧਾਰਕਾਂ ਲਈ ਵੀ ਹਾਲਾਤ ਆਸਾਨ ਨਹੀਂ ਰਹੇ। ਨੌਕਰੀ ਛੱਡਣ ਜਾਂ ਖ਼ਤਮ ਹੋਣ ਤੋਂ ਬਾਅਦ ਨਵੀਂ ਨੌਕਰੀ ਲੱਭਣ ਲਈ ਮਿਲਣ ਵਾਲੀ ਮਿਆਦ ਹੁਣ ਪਹਿਲਾਂ ਵਾਂਗ ਸੁਰੱਖਿਅਤ ਨਹੀਂ ਮੰਨੀ ਜਾ ਰਹੀ। ਇਮੀਗ੍ਰੇਸ਼ਨ ਮਾਹਿਰਾਂ ਮੁਤਾਬਕ ਹੁਣ ਹਰ ਤਰ੍ਹਾਂ ਦੀਆਂ ਅਰਜ਼ੀਆਂ ‘ਤੇ ਵਧੇਰੇ ਜਾਂਚ ਕੀਤੀ ਜਾ ਰਹੀ ਹੈ।

ਵਿਦਿਆਰਥੀਆਂ ਨੂੰ ਬਦਲਵੇਂ ਰਸਤੇ ਅਪਣਾਉਣ ਦੀ ਸਲਾਹ
ਇਮੀਗ੍ਰੇਸ਼ਨ ਮਾਹਿਰ ਵਿਦਿਆਰਥੀਆਂ ਨੂੰ ਹੁਣ ਪਹਿਲਾਂ ਤੋਂ ਕਰੀਅਰ ਅਤੇ ਕਾਨੂੰਨੀ ਯੋਜਨਾ ਤਿਆਰ ਕਰਨ ਦੀ ਸਲਾਹ ਦੇ ਰਹੇ ਹਨ। ਕਈ ਵਿਦਿਆਰਥੀਆਂ ਨੂੰ ਹੋਰ ਵੀਜ਼ਾ ਵਿਕਲਪਾਂ ਅਤੇ ਖਾਸ ਯੋਗਤਾ ਆਧਾਰਿਤ ਇਮੀਗ੍ਰੇਸ਼ਨ ਰਸਤਿਆਂ ਬਾਰੇ ਵੀ ਸੋਚਣ ਲਈ ਕਿਹਾ ਜਾ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਬਦਲਦੇ ਹਾਲਾਤਾਂ ਵਿੱਚ ਸਿਰਫ਼ ਡਿਗਰੀ ਹੀ ਨਹੀਂ, ਸਗੋਂ ਪੂਰੀ ਰਣਨੀਤੀ ਨਾਲ ਅੱਗੇ ਵਧਣਾ ਲਾਜ਼ਮੀ ਹੋਵੇਗਾ।

ਭਾਰਤੀ ਆਈਟੀ ਕੰਪਨੀਆਂ ਵੀ ਏਜੰਸੀਆਂ ਦੀ ਨਿਗਰਾਨੀ ਹੇਠ
ਅਮਰੀਕੀ ਏਜੰਸੀਆਂ ਹੁਣ ਉਨ੍ਹਾਂ ਕੰਪਨੀਆਂ ‘ਤੇ ਵੀ ਨਜ਼ਰ ਰੱਖ ਰਹੀਆਂ ਹਨ, ਜਿੱਥੇ ਵੱਡੀ ਗਿਣਤੀ ਵਿੱਚ ਓਪੀਟੀ ਵਿਦਿਆਰਥੀ ਕੰਮ ਕਰ ਰਹੇ ਹਨ। ਖ਼ਾਸ ਕਰਕੇ ਭਾਰਤੀ ਆਈਟੀ ਕੰਪਨੀਆਂ, ਸਟਾਫਿੰਗ ਏਜੰਸੀਆਂ ਅਤੇ ਥਰਡ ਪਾਰਟੀ ਪਲੇਸਮੈਂਟ ਕੰਪਨੀਆਂ ਦੀ ਜਾਂਚ ਵਧ ਸਕਦੀ ਹੈ। ਪ੍ਰਸ਼ਾਸਨ ਨੂੰ ਸ਼ੱਕ ਹੈ ਕਿ ਕੁਝ ਕੰਪਨੀਆਂ ਸਿਰਫ਼ ਵੀਜ਼ਾ ਸਟੇਟਸ ਬਚਾਉਣ ਲਈ ਵਿਦਿਆਰਥੀਆਂ ਨੂੰ ਕਾਗਜ਼ਾਂ ਵਿੱਚ ਨੌਕਰੀ ‘ਤੇ ਦਿਖਾ ਰਹੀਆਂ ਹਨ।

ਬਰਤਾਨੀਆ ‘ਚ ਸਿਆਸੀ ਹਲਚਲ ਤੇਜ਼, ਕੀਰ ਸਟਾਰਮਰ ਦੇ ਅਸਤੀਫੇ ਦੀਆਂ ਚਰਚਾਵਾਂ ਨੇ ਫੜਿਆ ਜ਼ੋਰ, ਲੇਬਰ ਪਾਰਟੀ ਅੰਦਰ ਵਧ ਰਿਹਾ ਦਬਾਅ

ਬਰਤਾਨੀਆ :- ਬਰਤਾਨੀਆ ਦੀ ਰਾਜਨੀਤੀ ਵਿੱਚ ਇਸ ਵੇਲੇ ਅਸਥਿਰਤਾ ਦਾ ਮਾਹੌਲ ਬਣਿਆ ਹੋਇਆ ਹੈ। ਪ੍ਰਧਾਨ ਮੰਤਰੀ ਕੀਰ ਸਟਾਰਮਰ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਸਟਾਰਮਰ ਨੇ ਆਪਣੇ ਕਰੀਬੀ ਸਾਥੀਆਂ ਨਾਲ ਅਹੁਦਾ ਛੱਡਣ ਦੀ ਸੰਭਾਵਨਾ ਬਾਰੇ ਗੱਲਬਾਤ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਕੋਈ ਵੀ ਫੈਸਲਾ ਆਪਣੀਆਂ ਸ਼ਰਤਾਂ ‘ਤੇ ਅਤੇ ਢੰਗ ਨਾਲ ਲੈਣਾ ਚਾਹੁੰਦੇ ਹਨ।

ਲੇਬਰ ਸਰਕਾਰ ਲਈ ਵਧੀਆਂ ਮੁਸ਼ਕਲਾਂ
ਵੋਟਰਾਂ ਵਿੱਚ ਵੱਧ ਰਹੀ ਨਾਰਾਜ਼ਗੀ ਕਾਰਨ ਲੇਬਰ ਸਰਕਾਰ ਲਗਾਤਾਰ ਦਬਾਅ ਹੇਠ ਆ ਰਹੀ ਹੈ। ਪਾਰਟੀ ਦੇ ਅੰਦਰੂਨੀ ਮਸਲਿਆਂ ਤੋਂ ਲੈ ਕੇ ਕੁਝ ਵਿਵਾਦਿਤ ਨਿਯੁਕਤੀਆਂ ਤੱਕ ਕਈ ਮਾਮਲਿਆਂ ਨੇ ਸਰਕਾਰ ਦੀ ਛਵੀ ਨੂੰ ਝਟਕਾ ਦਿੱਤਾ ਹੈ। ਸਥਾਨਕ ਚੋਣਾਂ ਵਿੱਚ ਮਾੜੇ ਪ੍ਰਦਰਸ਼ਨ ਤੋਂ ਬਾਅਦ ਵਿਰੋਧੀਆਂ ਦੇ ਨਾਲ-ਨਾਲ ਪਾਰਟੀ ਅੰਦਰੋਂ ਵੀ ਸਟਾਰਮਰ ਦੀ ਅਗਵਾਈ ‘ਤੇ ਸਵਾਲ ਉੱਠਣ ਲੱਗੇ ਹਨ।

ਪੂਰਵ ਸਿਹਤ ਮੰਤਰੀ ਨੇ ਵੀ ਖੋਲ੍ਹਿਆ ਮੋਰਚਾ
ਸਿਆਸੀ ਹਲਚਲ ਉਸ ਵੇਲੇ ਹੋਰ ਤੇਜ਼ ਹੋ ਗਈ ਜਦੋਂ ਪੂਰਵ ਸਿਹਤ ਮੰਤਰੀ ਵੈਸ ਸਟ੍ਰੀਟਿੰਗ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਖੁੱਲ੍ਹੇ ਤੌਰ ‘ਤੇ ਕਿਹਾ ਕਿ ਭਵਿੱਖ ਵਿੱਚ ਜੇਕਰ ਲੇਬਰ ਪਾਰਟੀ ਦੀ ਲੀਡਰਸ਼ਿਪ ਲਈ ਮੁਕਾਬਲਾ ਹੁੰਦਾ ਹੈ ਤਾਂ ਉਹ ਸਟਾਰਮਰ ਨੂੰ ਚੁਣੌਤੀ ਦੇਣਗੇ। ਸਟ੍ਰੀਟਿੰਗ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਅਹੁਦਾ ਛੱਡਣ ਲਈ ਸਪੱਸ਼ਟ ਸਮਾਂ-ਸੀਮਾ ਤੈਅ ਕਰਨੀ ਚਾਹੀਦੀ ਹੈ।

ਪ੍ਰਸਿੱਧੀ ਵਿੱਚ ਆਈ ਵੱਡੀ ਗਿਰਾਵਟ
ਤਾਜ਼ਾ ਸਰਵੇਖਣਾਂ ਵਿੱਚ ਵੀ ਕੀਰ ਸਟਾਰਮਰ ਲਈ ਚਿੰਤਾਜਨਕ ਸੰਕੇਤ ਸਾਹਮਣੇ ਆਏ ਹਨ। ਇਕ ਸਰਵੇਖਣ ਮੁਤਾਬਕ ਬਹੁਗਿਣਤੀ ਬ੍ਰਿਟਿਸ਼ ਨਾਗਰਿਕ ਉਨ੍ਹਾਂ ਦੀ ਕਾਰਗੁਜ਼ਾਰੀ ਨਾਲ ਸੰਤੁਸ਼ਟ ਨਹੀਂ ਹਨ। ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਸਟਾਰਮਰ ਦੀ ਘਟਦੀ ਲੋਕਪ੍ਰਿਯਤਾ ਆਉਣ ਵਾਲੀਆਂ ਚੋਣਾਂ ਵਿੱਚ ਲੇਬਰ ਪਾਰਟੀ ਲਈ ਵੱਡੀ ਮੁਸ਼ਕਲ ਬਣ ਸਕਦੀ ਹੈ।

ਪਾਰਟੀ ਅੰਦਰ ਵਧ ਰਹੀ ਬੇਚੈਨੀ
ਲੇਬਰ ਪਾਰਟੀ ਦੇ ਕਈ ਸੰਸਦ ਮੈਂਬਰਾਂ ਨੂੰ ਡਰ ਹੈ ਕਿ ਜੇਕਰ ਮੌਜੂਦਾ ਹਾਲਾਤ ਇੰਝ ਹੀ ਰਹੇ ਤਾਂ ਪਾਰਟੀ ਦੀ ਸਿਆਸੀ ਪਕੜ ਕਮਜ਼ੋਰ ਹੋ ਸਕਦੀ ਹੈ। ਨਾਲ ਹੀ ਸੱਜੇ ਪੱਖੀ ਧੜਿਆਂ ਦੇ ਮਜ਼ਬੂਤ ਹੋਣ ਦੀਆਂ ਸੰਭਾਵਨਾਵਾਂ ਵੀ ਵਧ ਰਹੀਆਂ ਹਨ, ਜਿਸ ਕਾਰਨ ਲੇਬਰ ਅੰਦਰ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।

ਵਿਆਹ ਤੋਂ ਇਨਕਾਰ ਕਰਨ ਤੇ ਪਰਿਵਾਰ ਤੇ ਤੇਜ਼ਾਬੀ ਹਮਲਾ, ਔਰਤ ਸਮੇਤ ਚਾਰ ਜ਼ਖ਼ਮੀ

ਉੱਤਰ ਪ੍ਰਦੇਸ਼ :- ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਤੋਂ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਵਿਅਕਤੀ ਵੱਲੋਂ ਵਿਆਹ ਲਈ ਇਨਕਾਰ ਕਰਨ ‘ਤੇ ਗੁੱਸੇ ਵਿੱਚ ਆ ਕੇ ਇੱਕ ਔਰਤ ਦੇ ਪਰਿਵਾਰ ‘ਤੇ ਤੇਜ਼ਾਬੀ ਹਮਲਾ ਕਰਨ ਦਾ ਦੋਸ਼ ਲੱਗਾ ਹੈ। ਇਹ ਘਟਨਾ ਸ਼ੇਰਗੜ੍ਹ ਇਲਾਕੇ ਵਿੱਚ ਉਸ ਵੇਲੇ ਵਾਪਰੀ ਜਦੋਂ ਪਰਿਵਾਰ ਦੇ ਮੈਂਬਰ ਘਰ ਦੇ ਬਾਹਰ ਸੁੱਤੇ ਹੋਏ ਸਨ।

ਛੱਤ ਰਾਹੀਂ ਘਰ ਵਿੱਚ ਦਾਖ਼ਲ ਹੋਇਆ ਮੁਲਜ਼ਮ
ਪੁਲਿਸ ਅਨੁਸਾਰ ਮੁਲਜ਼ਮ ਰਾਤ ਸਮੇਂ ਘਰ ਦੀ ਛੱਤ ‘ਤੇ ਚੜ੍ਹ ਕੇ ਅੰਦਰ ਦਾਖ਼ਲ ਹੋਇਆ ਅਤੇ ਮੱਛਰਦਾਨੀ ਦੇ ਅੰਦਰ ਸੁੱਤੇ ਪਰਿਵਾਰ ‘ਤੇ ਤੇਜ਼ਾਬੀ ਪਦਾਰਥ ਸੁੱਟ ਦਿੱਤਾ। ਹਮਲੇ ਵਿੱਚ ਔਰਤ, ਉਸਦਾ ਪਤੀ ਅਤੇ ਦੋ ਬੱਚੇ ਬੁਰੀ ਤਰ੍ਹਾਂ ਝੁਲਸ ਗਏ। ਚੀਖਾਂ ਸੁਣ ਕੇ ਇਲਾਕੇ ਦੇ ਲੋਕ ਮੌਕੇ ‘ਤੇ ਇਕੱਠੇ ਹੋ ਗਏ ਅਤੇ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।

ਵਿਆਹ ਲਈ ਦਬਾਅ ਬਣਾਉਂਦਾ ਸੀ ਮੁਲਜ਼ਮ
ਜਾਂਚ ਦੌਰਾਨ ਪੁਲਿਸ ਨੇ ਮੁਲਜ਼ਮ ਦੀ ਪਛਾਣ ਉਮੇਸ਼ ਕਸ਼ਯਪ ਵਜੋਂ ਕੀਤੀ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਹ ਪਹਿਲਾਂ ਤੋਂ ਵਿਆਹਿਆ ਹੋਇਆ ਹੋਣ ਦੇ ਬਾਵਜੂਦ ਔਰਤ ‘ਤੇ ਵਿਆਹ ਲਈ ਦਬਾਅ ਪਾ ਰਿਹਾ ਸੀ। ਔਰਤ ਵੱਲੋਂ ਸਪੱਸ਼ਟ ਇਨਕਾਰ ਕਰਨ ਤੋਂ ਬਾਅਦ ਉਹ ਰੰਜਿਸ਼ ਰੱਖਣ ਲੱਗ ਪਿਆ ਸੀ।

ਪੁਲਿਸ ਵੱਲੋਂ ਮੁਲਜ਼ਮ ਦੀ ਭਾਲ ਜਾਰੀ
ਘਟਨਾ ਦੀ ਜਾਣਕਾਰੀ ਸਵੇਰੇ ਕਰੀਬ 6 ਵਜੇ ਪੁਲਿਸ ਨੂੰ ਮਿਲੀ, ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਜ਼ਖ਼ਮੀਆਂ ਨੂੰ ਪਹਿਲਾਂ ਸ਼ੇਰਗੜ੍ਹ ਕਮਿਊਨਿਟੀ ਹੈਲਥ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ, ਜਦਕਿ ਇੱਕ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਘਟਨਾ ਮਗਰੋਂ ਇਲਾਕੇ ‘ਚ ਰੋਸ
ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਗੁੱਸੇ ਦਾ ਮਾਹੌਲ ਹੈ। ਲੋਕਾਂ ਨੇ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਔਰਤਾਂ ਖ਼ਿਲਾਫ਼ ਵਧ ਰਹੇ ਅਪਰਾਧਾਂ ਨੂੰ ਰੋਕਣ ਲਈ ਕੜੇ ਕਦਮ ਚੁੱਕਣ ਦੀ ਮੰਗ ਕੀਤੀ ਹੈ।

ਆਈਪੀਐਲ 2026 – ਦਿੱਲੀ ਤੇ ਰਾਜਸਥਾਨ ਵਿਚਾਲੇ ਅੱਜ ਹੋਵੇਗੀ ਅਹਿਮ ਟੱਕਰ, ਪਲੇਆਫ ਦੀ ਦੌੜ ‘ਚ ਦੋਵਾਂ ਲਈ ਜਿੱਤ ਲਾਜ਼ਮੀ

ਨਵੀਂ ਦਿੱਲੀ :- ਆਈਪੀਐਲ 2026 ਵਿੱਚ ਐਤਵਾਰ ਨੂੰ ਕ੍ਰਿਕਟ ਪ੍ਰੇਮੀਆਂ ਨੂੰ ਦੋ ਵੱਡੇ ਮੁਕਾਬਲੇ ਦੇਖਣ ਨੂੰ ਮਿਲਣਗੇ। ਦਿਨ ਦੇ ਦੂਜੇ ਮੈਚ ਵਿੱਚ ਦਿੱਲੀ ਕੈਪੀਟਲਜ਼ ਅਤੇ ਰਾਜਸਥਾਨ ਰਾਇਲਜ਼ ਦੀਆਂ ਟੀਮਾਂ ਆਮਨੇ-ਸਾਮਨੇ ਹੋਣਗੀਆਂ। ਇਹ ਮੁਕਾਬਲਾ ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਦੋਵੇਂ ਟੀਮਾਂ ਲਈ ਇਹ ਮੈਚ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ, ਕਿਉਂਕਿ ਪਲੇਆਫ ਦੀ ਦੌੜ ਵਿੱਚ ਬਣੇ ਰਹਿਣ ਲਈ ਜਿੱਤ ਬਹੁਤ ਜ਼ਰੂਰੀ ਹੈ।

ਪਿਛਲੇ ਮੁਕਾਬਲੇ ਵਿੱਚ ਦਿੱਲੀ ਨੇ ਮਾਰੀ ਸੀ ਬਾਜ਼ੀ
ਇਸ ਸੀਜ਼ਨ ਵਿੱਚ ਦੋਵੇਂ ਟੀਮਾਂ ਵਿਚਾਲੇ ਇਹ ਦੂਜਾ ਮੁਕਾਬਲਾ ਹੋਵੇਗਾ। ਪਹਿਲੀ ਭਿੜੰਤ ਵਿੱਚ ਦਿੱਲੀ ਕੈਪੀਟਲਜ਼ ਨੇ ਜਿੱਤ ਦਰਜ ਕੀਤੀ ਸੀ। ਅੰਕ ਸੂਚੀ ਦੀ ਗੱਲ ਕਰੀਏ ਤਾਂ ਦਿੱਲੀ ਦੀ ਟੀਮ 12 ਮੈਚਾਂ ਵਿੱਚੋਂ 10 ਅੰਕ ਹਾਸਲ ਕਰਕੇ ਸੱਤਵੇਂ ਸਥਾਨ ‘ਤੇ ਹੈ, ਜਦਕਿ ਰਾਜਸਥਾਨ 11 ਮੈਚਾਂ ਵਿੱਚੋਂ 12 ਅੰਕਾਂ ਨਾਲ ਪੰਜਵੇਂ ਨੰਬਰ ‘ਤੇ ਕਾਬਜ਼ ਹੈ।

ਦੋਵਾਂ ਟੀਮਾਂ ਵਿਚਾਲੇ ਰਹੀ ਹੈ ਕਰੀਬੀ ਟੱਕਰ
ਆਈਪੀਐਲ ਇਤਿਹਾਸ ਵਿੱਚ ਦਿੱਲੀ ਅਤੇ ਰਾਜਸਥਾਨ ਵਿਚਾਲੇ ਹੁਣ ਤੱਕ 31 ਮੈਚ ਖੇਡੇ ਜਾ ਚੁੱਕੇ ਹਨ। ਦੋਵੇਂ ਟੀਮਾਂ ਨੇ 15-15 ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ, ਜਦਕਿ ਇੱਕ ਮੈਚ ਟਾਈ ਰਿਹਾ। ਅੰਕੜੇ ਸਾਫ਼ ਦੱਸਦੇ ਹਨ ਕਿ ਦੋਵਾਂ ਵਿਚਾਲੇ ਹਮੇਸ਼ਾ ਕਰੀਬੀ ਮੁਕਾਬਲਾ ਵੇਖਣ ਨੂੰ ਮਿਲਿਆ ਹੈ।

ਦਿੱਲੀ ਦੀ ਬੱਲੇਬਾਜ਼ੀ ‘ਤੇ ਰਹਿਣਗੀਆਂ ਨਜ਼ਰਾਂ
ਦਿੱਲੀ ਦੀ ਟੀਮ ਵਿੱਚ ਕੇਐਲ ਰਾਹੁਲ, ਕਰੁਣ ਨਾਇਰ, ਅਭਿਸ਼ੇਕ ਪੋਰੇਲ, ਟ੍ਰਿਸਟਨ ਸਟੱਬਸ ਅਤੇ ਅਕਸ਼ਰ ਪਟੇਲ ਵਰਗੇ ਖਿਡਾਰੀ ਸ਼ਾਮਲ ਹਨ। ਗੇਂਦਬਾਜ਼ੀ ਵਿੱਚ ਮਿਸ਼ੇਲ ਸਟਾਰਕ, ਕੁਲਦੀਪ ਯਾਦਵ ਅਤੇ ਟੀ ਨਟਰਾਜਨ ਤੋਂ ਟੀਮ ਨੂੰ ਵੱਡੀਆਂ ਉਮੀਦਾਂ ਰਹਿਣਗੀਆਂ।

ਰਾਜਸਥਾਨ ਕੋਲ ਵੀ ਮਜ਼ਬੂਤ ਖਿਡਾਰੀਆਂ ਦੀ ਫੌਜ
ਰਾਜਸਥਾਨ ਦੀ ਟੀਮ ਵਿੱਚ ਯਸ਼ਸਵੀ ਜੈਸਵਾਲ, ਸ਼ਿਮਰੋਨ ਹੇਟਮਾਇਰ, ਧਰੁਵ ਜੁਰੇਲ ਅਤੇ ਰਿਆਨ ਪਰਾਗ ਵਰਗੇ ਧਾਕੜ ਬੱਲੇਬਾਜ਼ ਮੌਜੂਦ ਹਨ। ਉੱਥੇ ਹੀ ਗੇਂਦਬਾਜ਼ੀ ਵਿੱਚ ਜੋਫਰਾ ਆਰਚਰ, ਸੰਦੀਪ ਸ਼ਰਮਾ ਅਤੇ ਤੁਸ਼ਾਰ ਦੇਸ਼ਪਾਂਡੇ ਟੀਮ ਦੀ ਤਾਕਤ ਮੰਨੇ ਜਾ ਰਹੇ ਹਨ। ਕ੍ਰਿਕਟ ਮਾਹਿਰਾਂ ਮੁਤਾਬਕ ਇਹ ਮੁਕਾਬਲਾ ਆਖ਼ਰੀ ਓਵਰਾਂ ਤੱਕ ਰੋਮਾਂਚਕ ਬਣਿਆ ਰਹਿ ਸਕਦਾ ਹੈ।

20 ਮਈ ਨੂੰ ਪੰਜਾਬ ਭਰ ਦੇ ਮੈਡੀਕਲ ਸਟੋਰ ਰਹਿਣਗੇ ਬੰਦ, ਔਨਲਾਈਨ ਦਵਾਈ ਵਿਕਰੀ ਦੇ ਵਿਰੋਧ ‘ਚ ਦਵਾਈ ਵਪਾਰੀਆਂ ਦਾ ਵੱਡਾ ਐਲਾਨ

ਚੰਡੀਗੜ੍ਹ :- ਪੰਜਾਬ ਵਿੱਚ 20 ਮਈ ਨੂੰ ਮੈਡੀਕਲ ਸਟੋਰਾਂ ਅਤੇ ਦਵਾਈ ਥੋਕ ਵਿਕਰੇਤਾਵਾਂ ਵੱਲੋਂ ਸੂਬਾ ਪੱਧਰੀ ਹੜਤਾਲ ਕੀਤੀ ਜਾਵੇਗੀ। ਇਹ ਫੈਸਲਾ ਔਨਲਾਈਨ ਦਵਾਈਆਂ ਦੀ ਵਿਕਰੀ ਦੇ ਵਿਰੋਧ ਵਿੱਚ ਲਿਆ ਗਿਆ ਹੈ। ਦਵਾਈ ਵਪਾਰੀਆਂ ਦਾ ਕਹਿਣਾ ਹੈ ਕਿ ਇੰਟਰਨੈੱਟ ਰਾਹੀਂ ਦਵਾਈਆਂ ਦੀ ਵਿਕਰੀ ਕਾਰਨ ਰਵਾਇਤੀ ਮੈਡੀਕਲ ਕਾਰੋਬਾਰ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ।

ਪੰਜਾਬ ਦੇ ਹਜ਼ਾਰਾਂ ਦਵਾਈ ਵਪਾਰੀ ਹੜਤਾਲ ਵਿੱਚ ਹੋਣਗੇ ਸ਼ਾਮਲ
ਲੁਧਿਆਣਾ ਵਿੱਚ ਪਿੰਡੀ ਗਲੀ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਡਾਬਰ ਨੇ ਦੱਸਿਆ ਕਿ ਸੂਬੇ ਭਰ ਦੇ ਕਰੀਬ 27 ਹਜ਼ਾਰ 500 ਮੈਡੀਕਲ ਸਟੋਰ ਸੰਚਾਲਕ ਅਤੇ ਦਵਾਈ ਥੋਕ ਵਿਕਰੇਤਾ ਇਸ ਹੜਤਾਲ ਦਾ ਸਮਰਥਨ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਔਨਲਾਈਨ ਦਵਾਈ ਵਿਕਰੀ ‘ਤੇ ਸਖ਼ਤ ਨਿਯਮ ਲਾਗੂ ਕਰਨੇ ਚਾਹੀਦੇ ਹਨ।

ਕਾਲੇ ਬਿੱਲੇ ਲਗਾ ਕੇ ਕੀਤਾ ਰੋਸ ਪ੍ਰਗਟ
ਹੜਤਾਲ ਤੋਂ ਪਹਿਲਾਂ ਮੈਡੀਕਲ ਸਟੋਰ ਸੰਚਾਲਕਾਂ ਵੱਲੋਂ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਦਵਾਈ ਵਪਾਰੀਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

20 ਮਈ ਨੂੰ ਕੱਢੀ ਜਾਵੇਗੀ ਰੈਲੀ
ਦਵਾਈ ਵਪਾਰੀਆਂ ਵੱਲੋਂ 20 ਮਈ ਨੂੰ ਰੈਲੀ ਕੱਢਣ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਸਰਕਾਰ ਅਤੇ ਔਨਲਾਈਨ ਦਵਾਈ ਵਿਕਰੀ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕੀਤੀ ਜਾਵੇਗੀ। ਵਪਾਰੀਆਂ ਦਾ ਕਹਿਣਾ ਹੈ ਕਿ ਉਹ ਆਪਣੇ ਹੱਕਾਂ ਦੀ ਰੱਖਿਆ ਲਈ ਇਕਜੁੱਟ ਹੋ ਕੇ ਲੜਾਈ ਲੜਣਗੇ।

ਹਿਮਾਚਲ ‘ਚ ਨਗਰ ਨਿਗਮ ਚੋਣਾਂ ਲਈ ਵੋਟਿੰਗ ਸ਼ੁਰੂ, 3 ਲੱਖ ਤੋਂ ਵੱਧ ਵੋਟਰ ਪਾਉਣਗੇ ਮਤ

ਹਿਮਾਚਲ ਪ੍ਰਦੇਸ਼ :- ਹਿਮਾਚਲ ਪ੍ਰਦੇਸ਼ ਵਿੱਚ ਐਤਵਾਰ ਸਵੇਰੇ ਤੋਂ ਨਗਰ ਨਿਗਮ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਸ਼ੁਰੂ ਹੋ ਗਈ। ਸੂਬੇ ਭਰ ਦੇ ਲੱਖਾਂ ਵੋਟਰ ਆਪਣੇ ਸ਼ਹਿਰੀ ਨੁਮਾਇੰਦਿਆਂ ਦੀ ਚੋਣ ਲਈ ਮਤਦਾਨ ਕਰ ਰਹੇ ਹਨ। ਚੋਣ ਕਮਿਸ਼ਨ ਵੱਲੋਂ ਸਵੇਰੇ 7 ਵਜੇ ਤੋਂ ਪੋਲਿੰਗ ਸ਼ੁਰੂ ਕਰਵਾਈ ਗਈ, ਜੋ ਦੁਪਹਿਰ 3 ਵਜੇ ਤੱਕ ਜਾਰੀ ਰਹੇਗੀ।

ਚਾਰ ਨਗਰ ਨਿਗਮਾਂ ਸਮੇਤ 51 ਸ਼ਹਿਰੀ ਸੰਸਥਾਵਾਂ ਲਈ ਚੋਣਾਂ
ਇਸ ਵਾਰ ਸੂਬੇ ਦੀਆਂ ਚਾਰ ਨਗਰ ਨਿਗਮਾਂ, 25 ਨਗਰ ਕੌਂਸਲਾਂ ਅਤੇ 22 ਨਗਰ ਪੰਚਾਇਤਾਂ ਲਈ ਚੋਣਾਂ ਹੋ ਰਹੀਆਂ ਹਨ। ਮੰਡੀ, ਧਰਮਸ਼ਾਲਾ, ਪਾਲਮਪੁਰ ਅਤੇ ਸੋਲਨ ਨਗਰ ਨਿਗਮਾਂ ਵਿੱਚ ਵੀ ਲੋਕ ਵੱਡੀ ਗਿਣਤੀ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਹਨ।

ਚੋਣ ਪ੍ਰਕਿਰਿਆ ਲਈ ਵੱਡੇ ਪੱਧਰ ‘ਤੇ ਤਿਆਰੀਆਂ
ਚੋਣਾਂ ਨੂੰ ਸੁਚੱਜੇ ਅਤੇ ਸ਼ਾਂਤਮਈ ਢੰਗ ਨਾਲ ਕਰਵਾਉਣ ਲਈ ਰਾਜ ਚੋਣ ਕਮਿਸ਼ਨ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸੂਬੇ ਭਰ ਵਿੱਚ ਸੈਂਕੜੇ ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿੱਥੇ ਕਰੀਬ 3 ਹਜ਼ਾਰ ਕਰਮਚਾਰੀ ਡਿਊਟੀ ਨਿਭਾ ਰਹੇ ਹਨ। ਪੋਲਿੰਗ ਪਾਰਟੀਆਂ ਨੂੰ ਇੱਕ ਦਿਨ ਪਹਿਲਾਂ ਹੀ ਤਾਇਨਾਤ ਕਰ ਦਿੱਤਾ ਗਿਆ ਸੀ ਅਤੇ ਸ਼ਨੀਵਾਰ ਸ਼ਾਮ ਤੱਕ ਸਾਰੇ ਬੂਥਾਂ ‘ਤੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਸਨ।

ਵੋਟਾਂ ਦੀ ਗਿਣਤੀ ਲਈ ਵੀ ਪ੍ਰਬੰਧ ਮੁਕੰਮਲ
ਚੋਣ ਕਮਿਸ਼ਨ ਅਨੁਸਾਰ ਨਗਰ ਨਿਗਮਾਂ ਦੀਆਂ ਵੋਟਾਂ ਦੀ ਗਿਣਤੀ 31 ਮਈ ਨੂੰ ਕੀਤੀ ਜਾਵੇਗੀ, ਜਦਕਿ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਨਤੀਜੇ ਵੋਟਿੰਗ ਮਗਰੋਂ ਗਿਣਤੀ ਪੂਰੀ ਹੋਣ ਨਾਲ ਹੀ ਐਲਾਨੇ ਜਾਣਗੇ।

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਹਿਮ ਮੰਨੀਆਂ ਜਾ ਰਹੀਆਂ ਚੋਣਾਂ
ਸਿਆਸੀ ਪੱਖੋਂ ਇਹ ਚੋਣਾਂ ਕਾਫ਼ੀ ਮਹੱਤਵਪੂਰਨ ਮੰਨੀਆਂ ਜਾ ਰਹੀਆਂ ਹਨ, ਕਿਉਂਕਿ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਨਤੀਜੇ ਸੂਬੇ ਦੇ ਸਿਆਸੀ ਮਾਹੌਲ ਦੀ ਦਿਸ਼ਾ ਤੈਅ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।

ਰਾਜਧਾਨੀ ਐਕਸਪ੍ਰੈਸ ਦੇ ਏਸੀ ਕੋਚ ‘ਚ ਲੱਗੀ ਭਿਆਨਕ ਅੱਗ, ਵੱਡਾ ਰੇਲ ਹਾਦਸਾ ਟਲਿਆ

ਮੱਧ ਪ੍ਰਦੇਸ਼ :- ਮੱਧ ਪ੍ਰਦੇਸ਼ ਦੇ ਰਤਲਾਮ ਜ਼ਿਲ੍ਹੇ ਵਿੱਚ ਐਤਵਾਰ ਸਵੇਰੇ ਇੱਕ ਵੱਡਾ ਰੇਲ ਹਾਦਸਾ ਟਲ ਗਿਆ, ਜਦੋਂ ਤਿਰੂਵਨੰਤਪੁਰਮ ਤੋਂ ਹਜ਼ਰਤ ਨਿਜ਼ਾਮੂਦੀਨ ਜਾ ਰਹੀ ਰਾਜਧਾਨੀ ਐਕਸਪ੍ਰੈਸ ਦੇ ਏਸੀ ਕੋਚ ਵਿੱਚ ਅਚਾਨਕ ਅੱਗ ਲੱਗ ਗਈ। ਇਹ ਘਟਨਾ ਕੋਟਾ ਰੇਲ ਮੰਡਲ ਅਧੀਨ ਲੂਣੀ ਰਿਛਾ ਅਤੇ ਵਿਕਰਮਗੜ੍ਹ ਆਲੋਟ ਸਟੇਸ਼ਨਾਂ ਦਰਮਿਆਨ ਵਾਪਰੀ। ਅੱਗ ਲੱਗਣ ਸਮੇਂ ਜ਼ਿਆਦਾਤਰ ਯਾਤਰੀ ਨੀਂਦ ਵਿੱਚ ਸਨ, ਜਿਸ ਕਾਰਨ ਟ੍ਰੇਨ ਵਿੱਚ ਹਫੜਾ-ਦਫੜੀ ਮਚ ਗਈ।

ਦੋ ਕੋਚ ਅੱਗ ਦੀ ਚਪੇਟ ‘ਚ ਆਏ
ਅੱਗ ਨੇ ਕੁਝ ਹੀ ਮਿੰਟਾਂ ਵਿੱਚ ਬੀ-1 ਤੀਜੀ ਏਸੀ ਬੋਗੀ ਅਤੇ ਨਾਲ ਲੱਗੇ ਐੱਸਐੱਲਆਰ ਕੋਚ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਕਾਰਨ ਦੋਵੇਂ ਡੱਬੇ ਬੁਰੀ ਤਰ੍ਹਾਂ ਸੜ ਗਏ। ਜਾਣਕਾਰੀ ਅਨੁਸਾਰ ਬੀ-1 ਕੋਚ ਵਿੱਚ ਕਰੀਬ 68 ਯਾਤਰੀ ਸਵਾਰ ਸਨ। ਧੂੰਏਂ ਅਤੇ ਅੱਗ ਦੀਆਂ ਲਪਟਾਂ ਦੇਖਦੇ ਹੀ ਯਾਤਰੀਆਂ ਨੇ ਘਬਰਾਹਟ ਵਿੱਚ ਕੋਚਾਂ ਤੋਂ ਬਾਹਰ ਨਿਕਲਣਾ ਸ਼ੁਰੂ ਕਰ ਦਿੱਤਾ।

ਰੇਲਵੇ ਸਟਾਫ਼ ਦੀ ਮੁਸਤੈਦੀ ਨਾਲ ਬਚੀਆਂ ਜਾਨਾਂ
ਟ੍ਰੇਨ ਦੇ ਗਾਰਡ ਵੱਲੋਂ ਤੁਰੰਤ ਲੋਕੋ ਪਾਇਲਟ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਟ੍ਰੇਨ ਨੂੰ ਫੌਰੀ ਰੋਕਿਆ ਗਿਆ। ਰੇਲਵੇ ਕਰਮਚਾਰੀਆਂ ਅਤੇ ਆਰਪੀਐੱਫ ਦੇ ਜਵਾਨਾਂ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਕਰੀਬ 15 ਮਿੰਟਾਂ ਵਿੱਚ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਦਿੱਲੀ-ਮੁੰਬਈ ਰੇਲ ਮਾਰਗ ਹੋਇਆ ਪ੍ਰਭਾਵਿਤ
ਅੱਗ ਲੱਗਣ ਕਾਰਨ ਦਿੱਲੀ-ਮੁੰਬਈ ਰੇਲ ਮਾਰਗ ‘ਤੇ ਆਵਾਜਾਈ ਕੁਝ ਸਮੇਂ ਲਈ ਠੱਪ ਹੋ ਗਈ। ਸੁਰੱਖਿਆ ਦੇ ਮੱਦੇਨਜ਼ਰ ਰੇਲਵੇ ਵੱਲੋਂ ਓਵਰਹੈੱਡ ਬਿਜਲੀ ਸਪਲਾਈ ਵੀ ਬੰਦ ਕਰ ਦਿੱਤੀ ਗਈ। ਇਸ ਦੌਰਾਨ ਕਈ ਹੋਰ ਮਹੱਤਵਪੂਰਨ ਟ੍ਰੇਨਾਂ ਨੂੰ ਵੱਖ-ਵੱਖ ਸਟੇਸ਼ਨਾਂ ‘ਤੇ ਰੋਕਣਾ ਪਿਆ।

ਸ਼ਾਰਟ ਸਰਕਟ ਨੂੰ ਮੰਨਿਆ ਜਾ ਰਿਹਾ ਸ਼ੁਰੂਆਤੀ ਕਾਰਨ
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਫਾਇਰ ਬ੍ਰਿਗੇਡ ਅਤੇ ਰੇਲਵੇ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਕਾਫੀ ਜੱਦੋਜਹਿਦ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਰੇਲਵੇ ਪ੍ਰਸ਼ਾਸਨ ਨੇ ਪ੍ਰਭਾਵਿਤ ਯਾਤਰੀਆਂ ਲਈ ਖਾਣ-ਪੀਣ ਦੀ ਵਿਵਸਥਾ ਵੀ ਕੀਤੀ। ਸ਼ੁਰੂਆਤੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ, ਹਾਲਾਂਕਿ ਮਾਮਲੇ ਦੀ ਵਿਸਥਾਰ ਨਾਲ ਜਾਂਚ ਕੀਤੀ ਜਾ ਰਹੀ ਹੈ।

ਸੜੇ ਕੋਚ ਵੱਖ ਕਰਕੇ ਟ੍ਰੇਨ ਨੂੰ ਕੀਤਾ ਰਵਾਨਾ
ਰੇਲਵੇ ਵੱਲੋਂ ਸੜੇ ਹੋਏ ਕੋਚਾਂ ਨੂੰ ਟ੍ਰੇਨ ਤੋਂ ਵੱਖ ਕਰ ਦਿੱਤਾ ਗਿਆ ਹੈ। ਪ੍ਰਭਾਵਿਤ ਯਾਤਰੀਆਂ ਨੂੰ ਹੋਰ ਡੱਬਿਆਂ ਵਿੱਚ ਬਿਠਾ ਕੇ ਟ੍ਰੇਨ ਨੂੰ ਕੋਟਾ ਵੱਲ ਰਵਾਨਾ ਕੀਤਾ ਗਿਆ, ਜਿੱਥੇ ਅੱਗੇ ਦੇ ਸਫ਼ਰ ਲਈ ਵਾਧੂ ਕੋਚ ਜੋੜੇ ਜਾਣਗੇ। ਰੇਲਵੇ ਟੀਮ ਵੱਲੋਂ ਟ੍ਰੈਕ ਨੂੰ ਮੁੜ ਚਾਲੂ ਕਰਨ ਦਾ ਕੰਮ ਜੰਗੀ ਪੱਧਰ ‘ਤੇ ਕੀਤਾ ਜਾ ਰਿਹਾ ਹੈ।