Home Blog Page 368

Punjab News: ਮੁੱਖ ਮੰਤਰੀ ਸਿਹਤ ਯੋਜਨਾ ਨੇ ਬਚਾਈ 62 ਸਾਲਾ ਮਹਿਲਾ ਦੀ ਜਾਨ, ਗੰਭੀਰ ਹਾਲਤ ਵਿੱਚ ICU ਵਿੱਚ ਕਰਵਾਇਆ ਗਿਆ ਸੀ ਦਾਖਲ

ਚੰਡੀਗੜ੍ਹ, 21 ਮਈ: ਪੰਜਾਬ ਦੀ 62 ਸਾਲਾ ਭੂਰ ਕੌਰ ਦੀ ਜਾਨ ਮੁੱਖ ਮੰਤਰੀ ਸਿਹਤ ਯੋਜਨਾ (Mukh Mantri Sehat Yojana) ਤਹਿਤ ਸਮੇਂ ਸਿਰ ਮਿਲੇ ਇਲਾਜ ਨਾਲ ਬਚ ਗਈ। ਕਈ ਸਾਲਾਂ ਤੋਂ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਨਾਲ ਜੂਝ ਰਹੀ ਭੂਰ ਕੌਰ ਦੀ ਹਾਲਤ ਅਚਾਨਕ ਇੰਨੀ ਗੰਭੀਰ ਹੋ ਗਈ ਕਿ ਉਨ੍ਹਾਂ ਨੂੰ ਤੁਰੰਤ ICU ਵਿੱਚ ਦਾਖਲ ਕਰਵਾਉਣਾ ਪਿਆ। ਡਾਕਟਰਾਂ ਮੁਤਾਬਕ ਸਮੇਂ ਸਿਰ ਇਲਾਜ ਅਤੇ ਸਰਕਾਰੀ ਸਿਹਤ ਯੋਜਨਾ ਦੀ ਸਹਾਇਤਾ ਕਾਰਨ ਉਨ੍ਹਾਂ ਦੀ ਜਾਨ ਬਚ ਸਕੀ।

ਪਰਿਵਾਰ ਦੇ ਮੁਤਾਬਕ ਭੂਰ ਕੌਰ ਪਿਛਲੇ 15 ਤੋਂ 16 ਸਾਲਾਂ ਤੋਂ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦੀ ਮਰੀਜ਼ ਸੀ। ਦਵਾਈਆਂ ਅਤੇ ਨਿਯਮਿਤ ਜਾਂਚਾਂ ਰਾਹੀਂ ਉਨ੍ਹਾਂ ਦੀ ਬਿਮਾਰੀ ਕਾਬੂ ਵਿੱਚ ਚੱਲ ਰਹੀ ਸੀ। ਪਰ ਇੱਕ ਦਿਨ ਅਚਾਨਕ ਉਨ੍ਹਾਂ ਦਾ ਬਲੱਡ ਸ਼ੂਗਰ ਲੈਵਲ 550 mg/dL ਤੱਕ ਪਹੁੰਚ ਗਿਆ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਕੇ ਡਿੱਗ ਪਈਆਂ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਾਲਾਤ ਇੰਨੇ ਗੰਭੀਰ ਸਨ ਕਿ ਸੋਚਣ ਦਾ ਵੀ ਸਮਾਂ ਨਹੀਂ ਮਿਲਿਆ ਅਤੇ ਤੁਰੰਤ ਹਸਪਤਾਲ ਲੈ ਜਾਣਾ ਪਿਆ।

ਭੂਰ ਕੌਰ ਦੀ ਨੂਹ ਪਰਮਜੀਤ ਨੇ ਕਿਹਾ ਕਿ ਉਸ ਸਮੇਂ ਸਾਰਾ ਪਰਿਵਾਰ ਘਬਰਾਇਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਸ ਵੇਲੇ ਸਿਰਫ਼ ਅਰਦਾਸ ਅਤੇ ਇਲਾਜ ਦੀ ਉਮੀਦ ਹੀ ਸਹਾਰਾ ਸੀ। ਉਨ੍ਹਾਂ ਦੇ ਪੁੱਤਰ ਹਰਪਾਲ, ਜੋ ਗੁਰਦੁਆਰੇ ਵਿੱਚ ਪਾਠੀ ਵਜੋਂ ਸੇਵਾ ਕਰਦੇ ਹਨ, ਨੇ ਕਿਹਾ ਕਿ ਇਹ ਪਰਿਵਾਰ ਲਈ ਬਹੁਤ ਮੁਸ਼ਕਲ ਸਮਾਂ ਸੀ ਅਤੇ ਅਜਿਹਾ ਲੱਗ ਰਿਹਾ ਸੀ ਜਿਵੇਂ ਜ਼ਿੰਦਗੀ ਅਚਾਨਕ ਰੁਕ ਗਈ ਹੋਵੇ।

ਸੰਗਰੂਰ ਦੇ ਸੁਨਾਮ ਸਥਿਤ ਕਸ਼ਮੀਰੀ ਹਾਰਟ ਕੇਅਰ ਸੈਂਟਰ ਵਿੱਚ ਡਾਕਟਰਾਂ ਨੇ ਭੂਰ ਕੌਰ ਨੂੰ ਗੰਭੀਰ ਹਾਲਤ ਵਿੱਚ ਦਾਖਲ ਕੀਤਾ। ਹਸਪਤਾਲ ਦੇ ਕਲੀਨੀਕਲ ਕਾਰਡੀਓਲੋਜਿਸਟ ਅਤੇ ਮੈਨੇਜਿੰਗ ਡਾਇਰੈਕਟਰ Dr. Anshuman Phull ਨੇ ਦੱਸਿਆ ਕਿ ਮਰੀਜ਼ ਨੂੰ Diabetic Ketoacidosis (DKA), ਗੰਭੀਰ ਇਨਫੈਕਸ਼ਨ ਅਤੇ Acute Respiratory Failure ਦੀ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਸੀ।

ਡਾਕਟਰਾਂ ਮੁਤਾਬਕ ਬਹੁਤ ਵੱਧ ਬਲੱਡ ਸ਼ੂਗਰ ਕਾਰਨ ਸਰੀਰ ਵਿੱਚ ਖਤਰਨਾਕ ਮੈਟਾਬੋਲਿਕ ਅਸੰਤੁਲਨ ਪੈਦਾ ਹੋ ਗਿਆ ਸੀ। ਮਰੀਜ਼ ਨੂੰ ਗੰਭੀਰ ਡੀਹਾਈਡ੍ਰੇਸ਼ਨ, ਇਲੈਕਟ੍ਰੋਲਾਈਟ ਅਸੰਤੁਲਨ ਅਤੇ ਸਰੀਰ ਦੇ ਅੰਗਾਂ ‘ਤੇ ਦਬਾਅ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਇਸਦੇ ਨਾਲ ਹੀ ਉਨ੍ਹਾਂ ਨੂੰ ਸੈਪਸਿਸ ਵੀ ਹੋ ਗਿਆ ਸੀ, ਜਿਸ ਵਿੱਚ ਇਨਫੈਕਸ਼ਨ ਸਰੀਰ ਦੇ ਅੰਗਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੰਦਾ ਹੈ। ਡਾਕਟਰਾਂ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਹਰ ਮਿੰਟ ਬਹੁਤ ਮਹੱਤਵਪੂਰਨ ਹੁੰਦਾ ਹੈ।

ਹਸਪਤਾਲ ਪਹੁੰਚਦੇ ਹੀ ਭੂਰ ਕੌਰ ਨੂੰ ICU ਵਿੱਚ ਦਾਖਲ ਕਰਕੇ ਤੁਰੰਤ ਇਲਾਜ ਸ਼ੁਰੂ ਕੀਤਾ ਗਿਆ। ਉਨ੍ਹਾਂ ਨੂੰ ਆਕਸੀਜਨ ਸਹਾਇਤਾ, IV ਇੰਸੁਲਿਨ, ਐਂਟੀਬਾਇਓਟਿਕਸ, ਫਲੂਇਡਸ ਅਤੇ ਲਗਾਤਾਰ ਨਿਗਰਾਨੀ ਹੇਠ ਰੱਖਿਆ ਗਿਆ। ਡਾਕਟਰਾਂ ਨੇ ਦੱਸਿਆ ਕਿ ਸ਼ੁਰੂਆਤੀ ਕੁਝ ਘੰਟੇ ਬਹੁਤ ਨਾਜ਼ੁਕ ਸਨ ਕਿਉਂਕਿ ਇਕੱਠੇ ਕਈ ਗੰਭੀਰ ਸਮੱਸਿਆਵਾਂ ਦਾ ਇਲਾਜ ਕਰਨਾ ਪੈ ਰਿਹਾ ਸੀ।

ਪਰਿਵਾਰ ICU ਦੇ ਬਾਹਰ ਲਗਾਤਾਰ ਉਡੀਕ ਕਰਦਾ ਰਿਹਾ। ਡਾਕਟਰਾਂ ਮੁਤਾਬਕ ਤੀਜੇ ਦਿਨ ਮਰੀਜ਼ ਦੀ ਹਾਲਤ ਵਿੱਚ ਸੁਧਾਰ ਦੇ ਪਹਿਲੇ ਸੰਕੇਤ ਮਿਲਣੇ ਸ਼ੁਰੂ ਹੋਏ। ਉਨ੍ਹਾਂ ਦਾ ਆਕਸੀਜਨ ਲੈਵਲ ਸੁਧਰਿਆ ਅਤੇ ਇਨਫੈਕਸ਼ਨ ਘਟਣਾ ਸ਼ੁਰੂ ਹੋਇਆ। ਕੁਝ ਸਮੇਂ ਬਾਅਦ ਉਨ੍ਹਾਂ ਨੂੰ ਹੋਸ਼ ਵੀ ਆ ਗਿਆ, ਜਿਸਨੂੰ ਡਾਕਟਰਾਂ ਨੇ ਸਭ ਤੋਂ ਵੱਡਾ ਸਕਾਰਾਤਮਕ ਸੰਕੇਤ ਦੱਸਿਆ।

ਹਸਪਤਾਲ ਪ੍ਰਬੰਧਕਾਂ ਨੇ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਨੇ ਇਸ ਪੂਰੇ ਇਲਾਜ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਡਾਕਟਰਾਂ ਮੁਤਾਬਕ ਮਰੀਜ਼ ਯੋਜਨਾ ਤਹਿਤ ਕਵਰ ਸੀ, ਜਿਸ ਕਾਰਨ ਇਲਾਜ ਸ਼ੁਰੂ ਕਰਨ ਵਿੱਚ ਕੋਈ ਦੇਰੀ ਨਹੀਂ ਹੋਈ। ICU ਦਾਖਲਾ ਅਤੇ ਜ਼ਰੂਰੀ ਮੈਡੀਕਲ ਪ੍ਰਕਿਰਿਆਵਾਂ ਤੁਰੰਤ ਸ਼ੁਰੂ ਕਰ ਦਿੱਤੀਆਂ ਗਈਆਂ।

ਡਾ. ਅੰਸ਼ੁਮਨ ਫੁੱਲ ਨੇ ਕਿਹਾ ਕਿ ਗੰਭੀਰ ਮੈਡੀਕਲ ਐਮਰਜੈਂਸੀ ਵਿੱਚ ਇਲਾਜ ਵਿੱਚ ਦੇਰੀ ਜਾਨਲੇਵਾ ਸਾਬਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਯੋਜਨਾਵਾਂ ਲੋੜਵੰਦ ਪਰਿਵਾਰਾਂ ਲਈ ਵੱਡੀ ਮਦਦ ਬਣ ਰਹੀਆਂ ਹਨ ਕਿਉਂਕਿ ਇਸ ਨਾਲ ਲੋਕ ਬਿਨਾਂ ਆਰਥਿਕ ਚਿੰਤਾ ਦੇ ਤੁਰੰਤ ਇਲਾਜ ਕਰਵਾ ਸਕਦੇ ਹਨ।

ਹੁਣ ਹੌਲੀ-ਹੌਲੀ ਸਿਹਤਯਾਬ ਹੋ ਰਹੀ ਭੂਰ ਕੌਰ ਨੇ ਡਾਕਟਰਾਂ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਘਟਨਾ ਯਾਦ ਨਹੀਂ, ਪਰ ਇਹ ਜ਼ਰੂਰ ਪਤਾ ਹੈ ਕਿ ਉਨ੍ਹਾਂ ਦੀ ਹਾਲਤ ਬਹੁਤ ਗੰਭੀਰ ਸੀ। ਉਨ੍ਹਾਂ ਕਿਹਾ ਕਿ ਸਿਹਤ ਕਾਰਡ ਅਤੇ ਸਮੇਂ ਸਿਰ ਮਿਲੇ ਇਲਾਜ ਕਾਰਨ ਅੱਜ ਉਹ ਜ਼ਿੰਦਾ ਹਨ।

ਭੂਰ ਕੌਰ ਦੇ ਪਰਿਵਾਰ ਨੇ ਵੀ ਹਸਪਤਾਲ ਦੇ ਡਾਕਟਰਾਂ ਅਤੇ ਮੈਡੀਕਲ ਸਟਾਫ ਦਾ ਧੰਨਵਾਦ ਕੀਤਾ। ਹਰਪਾਲ ਨੇ ਕਿਹਾ ਕਿ ਪਰਿਵਾਰ ਨੇ ਉਮੀਦ ਨਹੀਂ ਛੱਡੀ ਅਤੇ ਸਮੇਂ ਸਿਰ ਮਦਦ ਮਿਲਣ ਕਾਰਨ ਉਨ੍ਹਾਂ ਦੀ ਮਾਤਾ ਦੀ ਜਾਨ ਬਚ ਗਈ। ਪਰਮਜੀਤ ਨੇ ਕਿਹਾ ਕਿ ਉਸ ਮੁਸ਼ਕਲ ਸਮੇਂ ਵਿੱਚ ਵਿਸ਼ਵਾਸ ਦੇ ਨਾਲ-ਨਾਲ ਮੈਡੀਕਲ ਸਹਾਇਤਾ ਵੀ ਬਹੁਤ ਜ਼ਰੂਰੀ ਸਾਬਤ ਹੋਈ।

ਡਾਕਟਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਨੂੰ ਹਲਕੇ ਵਿੱਚ ਨਾ ਲਿਆ ਜਾਵੇ। ਨਿਯਮਿਤ ਜਾਂਚ, ਦਵਾਈਆਂ ਦਾ ਸਹੀ ਇਸਤੇਮਾਲ ਅਤੇ ਅਚਾਨਕ ਤਬੀਅਤ ਖਰਾਬ ਹੋਣ ‘ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਬਹੁਤ ਜ਼ਰੂਰੀ ਹੈ।

ਹਸਪਤਾਲ ਪ੍ਰਬੰਧਨ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਸਿਹਤ ਯੋਜਨਾ ਵਰਗੀਆਂ ਸਰਕਾਰੀ ਯੋਜਨਾਵਾਂ ਲੋਕਾਂ ਨੂੰ ਸਮੇਂ ਸਿਰ ਇਲਾਜ ਅਤੇ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ। ਡਾਕਟਰਾਂ ਮੁਤਾਬਕ ਗੰਭੀਰ ਮਾਮਲਿਆਂ ਵਿੱਚ ਇਹ ਸਮੇਂ ਸਿਰ ਮਿਲਣ ਵਾਲੀ ਸਹਾਇਤਾ ਹੀ ਜ਼ਿੰਦਗੀ ਅਤੇ ਮੌਤ ਵਿਚਕਾਰ ਫਰਕ ਬਣ ਸਕਦੀ ਹੈ।

Punjab News: AAP ਵੱਲੋਂ BJP ‘ਤੇ ਕੇਂਦਰੀ ਏਜੰਸੀਆਂ ਦੇ ਦੁਰਪਯੋਗ ਦੇ ਦੋਸ਼, ਰਾਜਨੀਤਿਕ ਦਬਾਅ ਬਣਾਉਣ ਦਾ ਲਗਾਇਆ ਇਲਜ਼ਾਮ

ਚੰਡੀਗੜ੍ਹ, 21 ਮਈ: ਆਮ ਆਦਮੀ ਪਾਰਟੀ (AAP) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਵੀਰਵਾਰ ਨੂੰ ਭਾਰਤੀ ਜਨਤਾ ਪਾਰਟੀ (BJP) ‘ਤੇ Enforcement Directorate (ED) ਅਤੇ Central Bureau of Investigation (CBI) ਵਰਗੀਆਂ ਕੇਂਦਰੀ ਏਜੰਸੀਆਂ ਦੇ ਦੁਰਪਯੋਗ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ BJP ਲੋਕਾਂ ‘ਤੇ ਰਾਜਨੀਤਿਕ ਦਬਾਅ ਬਣਾਉਣ ਅਤੇ ਆਪਣੀ ਪਾਰਟੀ ਦਾ ਵਿਸਥਾਰ ਕਰਨ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ।

ਚੰਡੀਗੜ੍ਹ ਵਿੱਚ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਬਲਤੇਜ ਪੰਨੂ ਨੇ ਕਿਹਾ ਕਿ ਦੇਸ਼ ਭਰ ਵਿੱਚ ਕਈ ਕਾਰੋਬਾਰੀਆਂ, ਯੂਨੀਵਰਸਿਟੀ ਮਾਲਕਾਂ ਅਤੇ ਰਾਜਨੀਤਿਕ ਆਗੂਆਂ ਨੂੰ ਪਹਿਲਾਂ ED ਜਾਂ CBI ਵੱਲੋਂ ਨੋਟਿਸ ਭੇਜੇ ਜਾਂਦੇ ਹਨ ਜਾਂ ਛਾਪੇਮਾਰੀ ਕੀਤੀ ਜਾਂਦੀ ਹੈ। ਬਾਅਦ ਵਿੱਚ ਉਨ੍ਹਾਂ ਨੂੰ BJP ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ ਅਤੇ ਫਿਰ ਉਨ੍ਹਾਂ ਖ਼ਿਲਾਫ਼ ਕਾਰਵਾਈ ਰੁਕ ਜਾਂਦੀ ਹੈ ਜਾਂ ਹੌਲੀ ਹੋ ਜਾਂਦੀ ਹੈ।

AAP ਆਗੂ ਨੇ ਕਿਹਾ ਕਿ ਇਹ ਹੁਣ BJP ਦਾ ਇੱਕ “ਰਾਜਨੀਤਿਕ ਮਾਡਲ” ਬਣ ਚੁੱਕਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪਹਿਲਾਂ ਏਜੰਸੀਆਂ ਰਾਹੀਂ ਦਬਾਅ ਬਣਾਇਆ ਜਾਂਦਾ ਹੈ ਅਤੇ ਬਾਅਦ ਵਿੱਚ ਕਿਹਾ ਜਾਂਦਾ ਹੈ ਕਿ ਜੇ BJP ਵਿੱਚ ਸ਼ਾਮਲ ਹੋ ਜਾਵੋਗੇ ਤਾਂ ਕਾਰਵਾਈ ਰੁਕ ਸਕਦੀ ਹੈ।

ਬਲਤੇਜ ਪੰਨੂ ਨੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ‘ਤੇ ਪਹਿਲਾਂ ਛਾਪੇਮਾਰੀ ਹੋਈ ਅਤੇ ਬਾਅਦ ਵਿੱਚ ਉਹ BJP ਵਿੱਚ ਸ਼ਾਮਲ ਹੋ ਗਏ। ਉਨ੍ਹਾਂ AAP ਆਗੂ ਸੰਜੀਵ ਅਰੋੜਾ ਦਾ ਵੀ ਨਾਮ ਲਿਆ ਅਤੇ ਕਿਹਾ ਕਿ ਉਨ੍ਹਾਂ ਨੇ ਦਬਾਅ ਦੇ ਬਾਵਜੂਦ BJP ਜੁਆਇਨ ਨਹੀਂ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਪੰਨੂ ਨੇ ਗੌਰਵ ਬੱਗਾ ਦੇ ਮਾਮਲੇ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਗੌਰਵ ਬੱਗਾ ਨੂੰ ਇੱਕ ਮਾਮਲੇ ਵਿੱਚ CBI ਨੋਟਿਸ ਮਿਲਣ ਤੋਂ ਕੁਝ ਦਿਨਾਂ ਬਾਅਦ ਹੀ ਪੰਜਾਬ BJP ਪ੍ਰਧਾਨ Sunil Jakhar ਦੀ ਮੌਜੂਦਗੀ ਵਿੱਚ BJP ਵਿੱਚ ਸ਼ਾਮਲ ਕਰ ਲਿਆ ਗਿਆ। ਉਨ੍ਹਾਂ ਦਾਅਵਾ ਕੀਤਾ ਕਿ BJP ਦੇ ਸੋਸ਼ਲ ਮੀਡੀਆ ਪੇਜਾਂ ‘ਤੇ ਵੀ ਇਸ ਦੀਆਂ ਤਸਵੀਰਾਂ ਮੌਜੂਦ ਹਨ।

ਬਲਤੇਜ ਪੰਨੂ ਨੇ ਪੰਜਾਬ BJP ਪ੍ਰਧਾਨ ਸੁਨੀਲ ਜਾਖੜ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪਹਿਲਾਂ BJP ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਉਹ ਪੰਜਾਬ ਦੀ ਰਾਜਨੀਤੀ ਵਿੱਚ ਮੁੱਖ ਮੰਤਰੀ Bhagwant Mann ਨੂੰ ਕਮਜ਼ੋਰ ਕਰ ਦੇਵੇਗੀ, ਪਰ ਹੁਣ ਜਿਸ ਤਰੀਕੇ ਨਾਲ ਲੋਕਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ, ਉਸ ਨਾਲ BJP ਦੀ “ਦਬਾਅ ਅਤੇ ਡਰ ਦੀ ਰਾਜਨੀਤੀ” ਸਾਹਮਣੇ ਆ ਰਹੀ ਹੈ।

ਪ੍ਰੈਸ ਕਾਨਫਰੰਸ ਦੌਰਾਨ AAP ਆਗੂ ਨੇ ਕੇਂਦਰੀ ਮੰਤਰੀ Ravneet Singh Bittu ਦੇ ਹਾਲੀਆ ਬਿਆਨਾਂ ‘ਤੇ ਵੀ ਸਵਾਲ ਉਠਾਏ। ਧੂਰੀ ਹਸਪਤਾਲ ਦੇ ਦੌਰੇ ਦਾ ਜ਼ਿਕਰ ਕਰਦਿਆਂ ਪੰਨੂ ਨੇ ਕਿਹਾ ਕਿ ਕੇਂਦਰੀ ਮੰਤਰੀ ਨੇ ਖੁਦ ਹਸਪਤਾਲ ਦੀਆਂ ਸਹੂਲਤਾਂ ਦੀ ਤਾਰੀਫ਼ ਕੀਤੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਬਿੱਟੂ ਨੇ ਵੀਡੀਓ ਰਾਹੀਂ ਕਿਹਾ ਸੀ ਕਿ ਹਸਪਤਾਲ ਦੀ OPD ਵਿੱਚ ਲਗਭਗ 600 ਮਰੀਜ਼ਾਂ ਦਾ ਇਲਾਜ ਹੋ ਰਿਹਾ ਹੈ ਅਤੇ NGO ਵੱਲੋਂ ਭੋਜਨ ਸੇਵਾ ਵੀ ਚਲਾਈ ਜਾ ਰਹੀ ਹੈ।

ਹਾਲਾਂਕਿ, ਪੰਨੂ ਨੇ ਦੋਸ਼ ਲਗਾਇਆ ਕਿ ਹਸਪਤਾਲ ਤੋਂ ਬਾਹਰ ਆਉਣ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਨੇ ਵੱਖਰਾ ਬਿਆਨ ਦਿੰਦੇ ਹੋਏ ਕਿਹਾ ਕਿ ਉੱਥੇ ਮਰੀਜ਼ ਨਹੀਂ ਸਨ ਅਤੇ ਸਿਰਫ਼ ਆਵਾਰਾ ਕੁੱਤੇ ਮੌਜੂਦ ਸਨ। AAP ਆਗੂ ਨੇ ਇਸਨੂੰ ਵਿਰੋਧਾਭਾਸੀ ਅਤੇ ਰਾਜਨੀਤਿਕ ਬਿਆਨਬਾਜ਼ੀ ਕਰਾਰ ਦਿੱਤਾ।

ਬਲਤੇਜ ਪੰਨੂ ਨੇ ਕੇਂਦਰੀ ਮੰਤਰੀ ਦੇ ਵੱਡੇ ਕਾਫਲੇ ‘ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ Narendra Modi ਅਕਸਰ ਫ਼ਜ਼ੂਲ ਖਰਚੇ ਘਟਾਉਣ ਦੀ ਗੱਲ ਕਰਦੇ ਹਨ, ਪਰ ਉਨ੍ਹਾਂ ਦੇ ਮੰਤਰੀ ਲੰਮੇ ਕਾਫਲਿਆਂ ਨਾਲ ਘੁੰਮਦੇ ਹਨ। ਪੰਨੂ ਨੇ ਦਾਅਵਾ ਕੀਤਾ ਕਿ ਰਵਨੀਤ ਸਿੰਘ ਬਿੱਟੂ ਕਰੀਬ 50 ਗੱਡੀਆਂ ਦੇ ਕਾਫਲੇ ਨਾਲ ਚਲਦੇ ਹਨ।

AAP ਆਗੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ “ISI ਏਜੰਟ” ਕਹੇ ਜਾਣ ਵਾਲੇ ਬਿਆਨ ਦੀ ਵੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਬਿਆਨ ਨਾ ਸਿਰਫ਼ ਇੱਕ ਚੁਣੇ ਹੋਏ ਮੁੱਖ ਮੰਤਰੀ ਦਾ, ਸਗੋਂ ਪੂਰੇ ਪੰਜਾਬ ਅਤੇ ਪੰਜਾਬੀਆਂ ਦਾ ਅਪਮਾਨ ਹਨ।

ਪੰਨੂ ਨੇ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ ਅਤੇ ਉਨ੍ਹਾਂ ਨੂੰ ਦੇਸ਼ ਵਿਰੋਧੀ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਨੇ BJP ਤੋਂ ਪੁਲਵਾਮਾ ਅਤੇ ਪਹਲਗਾਮ ਹਮਲਿਆਂ ਬਾਰੇ ਵੀ ਸਵਾਲ ਪੁੱਛੇ ਅਤੇ ਕਿਹਾ ਕਿ ਇਨ੍ਹਾਂ ਮਾਮਲਿਆਂ ਦੀ ਪੂਰੀ ਸੱਚਾਈ ਲੋਕਾਂ ਸਾਹਮਣੇ ਆਉਣੀ ਚਾਹੀਦੀ ਹੈ।

ਉਨ੍ਹਾਂ ਨੇ ਪਠਾਨਕੋਟ ਹਮਲੇ ਅਤੇ ਅਰੂਸਾ ਆਲਮ ਮਾਮਲੇ ਦਾ ਵੀ ਜ਼ਿਕਰ ਕੀਤਾ। ਪੰਨੂ ਨੇ ਕਿਹਾ ਕਿ ਉਸ ਸਮੇਂ ਕਈ ਸਵਾਲ ਉੱਠੇ ਸਨ, ਪਰ ਉਸ ਵੇਲੇ ਕਾਂਗਰਸ ਸੰਸਦ ਮੈਂਬਰ ਰਹੇ ਰਵਨੀਤ ਸਿੰਘ ਬਿੱਟੂ ਚੁੱਪ ਰਹੇ।

ਬਲਤੇਜ ਪੰਨੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ BJP ਆਗੂਆਂ ਤੋਂ ਦੇਸ਼ਭਗਤੀ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿਛਲੇ ਚਾਰ ਸਾਲਾਂ ਵਿੱਚ ਸਿੱਖਿਆ, ਸਿਹਤ, ਮੁਫ਼ਤ ਬਿਜਲੀ, ਨਹਿਰੀ ਪਾਣੀ, ਇਨਫਰਾਸਟ੍ਰਕਚਰ ਅਤੇ ਲੋਕ ਭਲਾਈ ਯੋਜਨਾਵਾਂ ‘ਤੇ ਲਗਾਤਾਰ ਕੰਮ ਕਰ ਰਹੀ ਹੈ।

ਅੰਤ ਵਿੱਚ ਬਲਤੇਜ ਪੰਨੂ ਨੇ ਕਿਹਾ ਕਿ ਜੇ ਰਵਨੀਤ ਸਿੰਘ ਬਿੱਟੂ ਕੋਲ ਆਪਣੇ ਦੋਸ਼ਾਂ ਦੇ ਸਬੂਤ ਹਨ ਤਾਂ ਉਹ ਜਨਤਕ ਕਰਨ, ਨਹੀਂ ਤਾਂ ਪੰਜਾਬ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮਾਫ਼ੀ ਮੰਗਣ।

ਸਤਿਕਾਰ ਸੋਧ ਕਾਨੂੰਨ ‘ਤੇ ਰਾਜਪਾਲ ਕਟਾਰੀਆ ਦੀ ਅਕਾਲ ਤਖ਼ਤ ਜਥੇਦਾਰ ਤੇ ਧਾਮੀ ਨਾਲ ਅਹਿਮ ਬੈਠਕ

ਅੰਮ੍ਰਿਤਸਰ :- ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵੀਰਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਬੈਠਕ ਦੌਰਾਨ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026 ਸਬੰਧੀ ਡੂੰਘੀ ਵਿਚਾਰ-ਵਟਾਂਦਰਾ ਹੋਈ।

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਵਿਖੇ ਹੋਈ ਮੀਟਿੰਗ

ਇਹ ਮੁਲਾਕਾਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਹੋਈ, ਜਿੱਥੇ ਰਾਜਪਾਲ ਕਟਾਰੀਆ ਨਤਮਸਤਕ ਹੋਣ ਲਈ ਪਹੁੰਚੇ ਸਨ। ਇਸ ਮੌਕੇ ਐਡਵੋਕੇਟ ਧਾਮੀ ਵੱਲੋਂ ਰਾਜਪਾਲ ਦਾ ਸਵਾਗਤ ਕੀਤਾ ਗਿਆ ਅਤੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ।

ਸੋਧ ਕਾਨੂੰਨ ਦੀਆਂ ਇਤਰਾਜ਼ਯੋਗ ਧਾਰਾਵਾਂ ‘ਤੇ ਜਤਾਈ ਚਿੰਤਾ

ਸੂਤਰਾਂ ਮੁਤਾਬਕ ਲਗਭਗ 20 ਮਿੰਟ ਚੱਲੀ ਇਸ ਬੈਠਕ ਦੌਰਾਨ ਜਥੇਦਾਰ ਗੜਗੱਜ ਅਤੇ ਐਡਵੋਕੇਟ ਧਾਮੀ ਨੇ ਰਾਜਪਾਲ ਨੂੰ ਕਾਨੂੰਨ ਵਿੱਚ ਸ਼ਾਮਲ ਕੀਤੀਆਂ ਕੁਝ ਇਤਰਾਜ਼ਯੋਗ ਮੱਦਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਦੋਵਾਂ ਆਗੂਆਂ ਨੇ ਇਹ ਮਤ ਪ੍ਰਗਟਾਇਆ ਕਿ ਸੋਧ ਐਕਟ ਦੀਆਂ ਕੁਝ ਧਾਰਾਵਾਂ ਧਾਰਮਿਕ ਮਰਯਾਦਾ ਅਤੇ ਪੰਥਕ ਭਾਵਨਾਵਾਂ ਨਾਲ ਜੁੜੀਆਂ ਚਿੰਤਾਵਾਂ ਨੂੰ ਜਨਮ ਦੇ ਰਹੀਆਂ ਹਨ।

ਅਕਾਲ ਤਖ਼ਤ ਵੱਲੋਂ ਰਾਜਪਾਲ ਨੂੰ ਸੌਂਪਿਆ ਗਿਆ ਵਿਸ਼ੇਸ਼ ਪੱਤਰ

ਮੁਲਾਕਾਤ ਦੌਰਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਰਾਜਪਾਲ ਕਟਾਰੀਆ ਨੂੰ ਇਕ ਵਿਸ਼ੇਸ਼ ਪੱਤਰ ਵੀ ਸੌਂਪਿਆ। ਇਸ ਪੱਤਰ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਸਰਕਾਰ ਨੂੰ ਭੇਜੇ ਗਏ ਅਧਿਕਾਰਕ ਇਤਰਾਜ਼ਾਂ ਦਾ ਖਰੜਾ ਵੀ ਨੱਥੀ ਕੀਤਾ ਗਿਆ ਸੀ, ਜਿਸ ਵਿੱਚ ਸੋਧ ਐਕਟ ਦੇ ਵੱਖ-ਵੱਖ ਪੱਖਾਂ ਬਾਰੇ ਆਪਣਾ ਸਟੈਂਡ ਦਰਜ ਕੀਤਾ ਗਿਆ ਹੈ।

ਮੁੱਖ ਮੰਤਰੀ ਨਾਲ ਗੱਲਬਾਤ ਕਰਨ ਦੀ ਸੰਭਾਵਨਾ ਜਤਾਈ

ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਜਦੋਂ ਤੋਂ ਇਹ ਕਾਨੂੰਨ ਲਾਗੂ ਹੋਇਆ ਹੈ, ਉਸ ਤੋਂ ਬਾਅਦ ਵੱਖ-ਵੱਖ ਪਾਸਿਆਂ ਤੋਂ ਕਈ ਤਰ੍ਹਾਂ ਦੀਆਂ ਟਿੱਪਣੀਆਂ ਅਤੇ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨਾਲ ਵੀ ਚਰਚਾ ਕਰਨ ਬਾਰੇ ਵਿਚਾਰ ਕਰ ਰਹੇ ਹਨ ਤਾਂ ਜੋ ਸਾਰੇ ਪੱਖਾਂ ਨੂੰ ਨਾਲ ਬਿਠਾ ਕੇ ਕੋਈ ਸੁਚੱਜਾ ਹੱਲ ਕੱਢਿਆ ਜਾ ਸਕੇ।

ਮੋਗਾ ਦੇ ਸਰਕਾਰੀ ਨਸ਼ਾ ਮੁਕਤੀ ਕੇਂਦਰ ‘ਚ ਹੰਗਾਮਾ, ਤਾਲੇ ਤੋੜ੍ਹ ਕੇ ਕਰੀਬ 30 ਮਰੀਜ਼ ਫ਼ਰਾਰ

ਮੋਗਾ :- ਮੋਗਾ ਦੇ ਸਰਕਾਰੀ ਨਸ਼ਾ ਮੁਕਤੀ ਕੇਂਦਰ ਵਿੱਚ ਉਸ ਵੇਲੇ ਅਫ਼ਰਾ-ਤਫ਼ਰੀ ਮਚ ਗਈ ਜਦੋਂ ਨਸ਼ੇ ਦੀ ਲੱਤ ਨਾਲ ਜੂਝ ਰਹੇ ਕਰੀਬ 30 ਮਰੀਜ਼ ਅਚਾਨਕ ਕੇਂਦਰ ਤੋਂ ਭੱਜ ਨਿਕਲੇ। ਮਰੀਜ਼ਾਂ ਨੇ ਕੇਂਦਰ ਦੇ ਮੁੱਖ ਗੇਟ ਦਾ ਤਾਲਾ ਤੋੜ੍ਹ ਦਿੱਤਾ ਅਤੇ ਉੱਥੇ ਤੈਨਾਤ ਸੁਰੱਖਿਆ ਕਰਮਚਾਰੀਆਂ ਨਾਲ ਧੱਕਾ-ਮੁੱਕੀ ਤੇ ਕੁੱਟਮਾਰ ਕਰਨ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ।

ਇੱਟਾਂ ਨਾਲ ਤੋੜ੍ਹਿਆ ਤਾਲਾ, ਸੀਸੀਟੀਵੀ ‘ਚ ਕੈਦ ਹੋਈ ਪੂਰੀ ਘਟਨਾ

ਜਾਣਕਾਰੀ ਮੁਤਾਬਕ ਇਹ ਘਟਨਾ ਮੋਗਾ ਦੇ ਇਕਲੌਤੇ ਸਰਕਾਰੀ ਨਸ਼ਾ ਮੁਕਤੀ ਕੇਂਦਰ ਵਿੱਚ ਵਾਪਰੀ। ਮਰੀਜ਼ਾਂ ਨੇ ਪਹਿਲਾਂ ਗੇਟ ਦੇ ਤਾਲੇ ‘ਤੇ ਇੱਟਾਂ ਨਾਲ ਵਾਰ ਕੀਤੇ ਅਤੇ ਫਿਰ ਗੇਟ ਖੋਲ੍ਹ ਕੇ ਇਕ-ਇਕ ਕਰਕੇ ਬਾਹਰ ਦੌੜ ਪਏ। ਇਹ ਸਾਰਾ ਮਾਮਲਾ ਕੇਂਦਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਰਿਕਾਰਡ ਹੋ ਗਿਆ।

ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਮਰੀਜ਼ ਕੇਂਦਰ ਤੋਂ ਨਿਕਲਣ ਲਈ ਬੇਚੈਨ ਸਨ। ਜਿਵੇਂ ਹੀ ਤਾਲਾ ਟੁੱਟਿਆ ਤਾਂ ਉੱਥੇ ਭੱਜਣ ਲਈ ਧੱਕੋ-ਧੱਕੀ ਦਾ ਮਾਹੌਲ ਬਣ ਗਿਆ ਅਤੇ ਮਰੀਜ਼ ਤੇਜ਼ੀ ਨਾਲ ਬਾਹਰ ਨਿਕਲਦੇ ਨਜ਼ਰ ਆਏ।

ਖਾਣਾ ਦੇਣ ਦੌਰਾਨ ਹੋਇਆ ਹਮਲਾ

ਕੇਂਦਰ ਵਿੱਚ ਤੈਨਾਤ ਇੱਕ ਸੁਰੱਖਿਆ ਕਰਮਚਾਰੀ ਨੇ ਦੱਸਿਆ ਕਿ ਘਟਨਾ ਵੇਲੇ ਤਿੰਨ ਕਰਮਚਾਰੀ ਡਿਊਟੀ ‘ਤੇ ਮੌਜੂਦ ਸਨ। ਉਸ ਸਮੇਂ ਮਰੀਜ਼ਾਂ ਲਈ ਖਾਣਾ ਆਇਆ ਹੋਇਆ ਸੀ। ਇਸ ਦੌਰਾਨ ਕੁਝ ਮਰੀਜ਼ ਅਚਾਨਕ ਹਿੰਸਕ ਹੋ ਗਏ ਅਤੇ ਖਾਣੇ ਵਾਲੇ ਬਰਤਨਾਂ ਨਾਲ ਉਨ੍ਹਾਂ ‘ਤੇ ਹਮਲਾ ਕਰ ਦਿੱਤਾ।

ਕਰਮਚਾਰੀ ਨੇ ਦੱਸਿਆ ਕਿ ਉਸ ਨੂੰ ਸਰੀਰ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਉਸ ਨੇ ਇਹ ਵੀ ਦੱਸਿਆ ਕਿ ਇੱਕ ਮਰੀਜ਼ ਦੇ ਹੱਥ ਵਿੱਚ ਇੱਟ ਸੀ, ਜਿਸ ਦੀ ਮਦਦ ਨਾਲ ਗੇਟ ਦਾ ਤਾਲਾ ਤੋੜ੍ਹਿਆ ਗਿਆ।

ਪੁਲਿਸ ਪ੍ਰਸ਼ਾਸਨ ਹੋਇਆ ਅਲਰਟ, ਮਰੀਜ਼ਾਂ ਦੀ ਭਾਲ ਜਾਰੀ

ਘਟਨਾ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ। ਇਲਾਕੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਫ਼ਰਾਰ ਹੋਏ ਮਰੀਜ਼ਾਂ ਦੀ ਭਾਲ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮਰੀਜ਼ਾਂ ਦੇ ਭੱਜਣ ਦੇ ਰੂਟ ਅਤੇ ਹੋਰ ਪੱਖਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਸਕੇ।

ਸੁਰੱਖਿਆ ਪ੍ਰਬੰਧਾਂ ‘ਤੇ ਖੜ੍ਹੇ ਹੋਏ ਸਵਾਲ

ਇਸ ਘਟਨਾ ਤੋਂ ਬਾਅਦ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਦੀ ਸੁਰੱਖਿਆ ਵਿਵਸਥਾ ‘ਤੇ ਵੀ ਸਵਾਲ ਉੱਠਣ ਲੱਗੇ ਹਨ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਹਾਲਾਤ ਕਾਬੂ ਨਾ ਕੀਤੇ ਜਾਂਦੇ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ।

ਅੰਮ੍ਰਿਤਸਰ ਦੇ ਗੇਟ ਹਕੀਮਾਂ ‘ਚ ਭਿਆਨਕ ਧਮਾਕਾ, ਘਰ ਅੰਦਰ ਅੱਗ ਲੱਗਣ ਨਾਲ 2 ਮਹਿਲਾਵਾਂ ਗੰਭੀਰ ਝੁਲਸੀਆਂ

ਅੰਮ੍ਰਿਤਸਰ :- ਅੰਮ੍ਰਿਤਸਰ ਦੇ ਗੇਟ ਹਕੀਮਾਂ ਇਲਾਕੇ ਵਿੱਚ ਵੀਰਵਾਰ ਨੂੰ ਉਸ ਵੇਲੇ ਹਫੜਾ-ਦਫੜੀ ਮਚ ਗਈ ਜਦੋਂ ਇਕ ਰਿਹਾਇਸ਼ੀ ਘਰ ਅੰਦਰ ਅਚਾਨਕ ਤਿੱਖਾ ਧਮਾਕਾ ਹੋ ਗਿਆ। ਧਮਾਕੇ ਦੀ ਆਵਾਜ਼ ਇੰਨੀ ਤੇਜ਼ ਸੀ ਕਿ ਆਲੇ-ਦੁਆਲੇ ਦੇ ਲੋਕ ਘਬਰਾਹਟ ਵਿੱਚ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਧਮਾਕੇ ਕਾਰਨ ਘਰ ਦੇ ਸ਼ੀਸ਼ੇ ਟੁੱਟ ਗਏ, ਦਰਵਾਜ਼ੇ ਉਖੜ ਗਏ ਅਤੇ ਕੰਧਾਂ ਨੂੰ ਵੀ ਨੁਕਸਾਨ ਪਹੁੰਚਿਆ।

ਅੱਗ ਦੀ ਲਪੇਟ ‘ਚ ਆਈਆਂ ਦੋ ਔਰਤਾਂ, ਹਸਪਤਾਲ ‘ਚ ਜ਼ਿੰਦਗੀ ਲਈ ਜੰਗ

ਮਿਲੀ ਜਾਣਕਾਰੀ ਅਨੁਸਾਰ ਧਮਾਕੇ ਵੇਲੇ ਘਰ ਦੇ ਅੰਦਰ ਦੋ ਮਹਿਲਾਵਾਂ ਮੌਜੂਦ ਸਨ। ਧਮਾਕੇ ਤੋਂ ਬਾਅਦ ਲੱਗੀ ਅੱਗ ਕਾਰਨ ਦੋਵੇਂ ਬੁਰੀ ਤਰ੍ਹਾਂ ਝੁਲਸ ਗਈਆਂ। ਇਲਾਕਾ ਵਾਸੀਆਂ ਦੀ ਮਦਦ ਨਾਲ ਉਨ੍ਹਾਂ ਨੂੰ ਤੁਰੰਤ ਅੰਮ੍ਰਿਤਸਰ ਦੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਹਸਪਤਾਲ ਸੂਤਰਾਂ ਮੁਤਾਬਕ ਦੋਵਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਘਰ ਅੰਦਰ ਪਟਾਕੇ ਬਣਾਉਣ ਦੀ ਚਰਚਾ, ਪੁਲਸ ਨੇ ਜਾਂਚ ਕੀਤੀ ਸ਼ੁਰੂ

ਸ਼ੁਰੂਆਤੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਘਰ ਵਿੱਚ ਪਟਾਕਿਆਂ ਨਾਲ ਸੰਬੰਧਿਤ ਸਮੱਗਰੀ ਰੱਖੀ ਹੋਈ ਸੀ। ਇਲਾਕੇ ਦੇ ਕੁਝ ਲੋਕਾਂ ਨੇ ਦਾਅਵਾ ਕੀਤਾ ਕਿ ਇੱਥੇ ਨਾਜਾਇਜ਼ ਤੌਰ ‘ਤੇ ਪਟਾਕੇ ਤਿਆਰ ਕਰਨ ਦਾ ਕੰਮ ਵੀ ਕੀਤਾ ਜਾਂਦਾ ਸੀ। ਦੱਸਿਆ ਜਾ ਰਿਹਾ ਹੈ ਕਿ ਕਿਸੇ ਤਰ੍ਹਾਂ ਚਿੰਗਾਰੀ ਪੈਣ ਕਾਰਨ ਧਮਾਕਾ ਹੋਇਆ, ਹਾਲਾਂਕਿ ਪੁਲਸ ਨੇ ਹਾਲੇ ਤੱਕ ਇਸ ਬਾਰੇ ਅਧਿਕਾਰਕ ਪੁਸ਼ਟੀ ਨਹੀਂ ਕੀਤੀ।

ਫਾਇਰ ਬ੍ਰਿਗੇਡ ਨੇ ਮੁਸ਼ਕਿਲ ਨਾਲ ਅੱਗ ‘ਤੇ ਪਾਇਆ ਕਾਬੂ

ਧਮਾਕੇ ਤੋਂ ਬਾਅਦ ਘਰ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਇਲਾਕੇ ਵਿੱਚ ਹੜਕੰਪ ਮਚ ਗਿਆ। ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਕਾਫ਼ੀ ਜੱਦੋਜਹਿਦ ਮਗਰੋਂ ਅੱਗ ‘ਤੇ ਕਾਬੂ ਪਾਇਆ। ਇਸ ਦੌਰਾਨ ਪੁਲਸ ਨੇ ਸੁਰੱਖਿਆ ਦੇ ਮੱਦੇਨਜ਼ਰ ਇਲਾਕੇ ਨੂੰ ਘੇਰ ਲਿਆ ਅਤੇ ਲੋਕਾਂ ਦੀ ਆਵਾਜਾਈ ਰੋਕ ਦਿੱਤੀ।

ਫੋਰੈਂਸਿਕ ਟੀਮਾਂ ਮੌਕੇ ‘ਤੇ, ਜਾਂਚ ਰਿਪੋਰਟ ਮਗਰੋਂ ਹੋਵੇਗੀ ਕਾਰਵਾਈ

ਏਸੀਪੀ ਸੁਰਿੰਦਰ ਸਿੰਘ ਪਾਲ ਨੇ ਦੱਸਿਆ ਕਿ ਪੁਲਸ ਵੱਲੋਂ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੌਕੇ ਤੋਂ ਹਵਾਈਆਂ ਦੇ ਕਾਨੇ ਮਿਲੇ ਹਨ, ਜਿਸ ਕਰਕੇ ਫੋਰੈਂਸਿਕ ਮਾਹਿਰਾਂ ਨੂੰ ਵੀ ਜਾਂਚ ਲਈ ਸੱਦਿਆ ਗਿਆ ਹੈ। ਉਨ੍ਹਾਂ ਕਿਹਾ ਕਿ ਰਿਪੋਰਟ ਆਉਣ ਤੋਂ ਬਾਅਦ ਹੀ ਧਮਾਕੇ ਦੇ ਅਸਲ ਕਾਰਨਾਂ ਬਾਰੇ ਕੁਝ ਸਪੱਸ਼ਟ ਹੋ ਸਕੇਗਾ।

ਨਾਜਾਇਜ਼ ਪਟਾਕੇ ਬਣਾਉਣ ਦੀ ਪੁਸ਼ਟੀ ਹੋਈ ਤਾਂ ਹੋਵੇਗੀ ਸਖ਼ਤ ਕਾਰਵਾਈ

ਏਸੀਪੀ ਨੇ ਇਹ ਵੀ ਕਿਹਾ ਕਿ ਜੇਕਰ ਜਾਂਚ ਦੌਰਾਨ ਇਹ ਸਾਬਤ ਹੁੰਦਾ ਹੈ ਕਿ ਘਰ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਪਟਾਕੇ ਬਣਾਏ ਜਾਂ ਸਟੋਰ ਕੀਤੇ ਜਾ ਰਹੇ ਸਨ ਤਾਂ ਘਰ ਮਾਲਕਾਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਫਿਲਾਡੈਲਫੀਆ ਗੁਰਦੁਆਰਾ ਸਾਹਿਬ ’ਚ ਪੁਲਿਸ ਦੇ ਬੂਟਾਂ ਸਮੇਤ ਦਾਖ਼ਲੇ ’ਤੇ ਭੜਕੇ ਜਥੇਦਾਰ ਗਿਆਨੀ ਟੇਕ ਸਿੰਘ

ਅਮਰੀਕਾ :- ਅਮਰੀਕਾ ਦੇ ਫਿਲਾਡੈਲਫੀਆ ਸ਼ਹਿਰ ਸਥਿਤ ਇੱਕ ਗੁਰਦੁਆਰਾ ਸਾਹਿਬ ਅੰਦਰ ਸਥਾਨਕ ਪੁਲਿਸ ਦੇ ਬੂਟਾਂ ਸਮੇਤ ਦਾਖ਼ਲ ਹੋਣ ਦੀ ਘਟਨਾ ਨੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ। ਵਾਇਰਲ ਹੋਈ ਇੱਕ ਵੀਡੀਓ ਵਿੱਚ ਇੱਕ ਪੁਲਿਸ ਅਧਿਕਾਰੀ ਗੁਰੂ ਘਰ ਦੀ ਗੋਲਕ ਨੇੜੇ ਬੂਟਾਂ ਸਮੇਤ ਖੜ੍ਹਾ ਨਜ਼ਰ ਆ ਰਿਹਾ ਹੈ, ਜਿਸ ਨੂੰ ਲੈ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਨੇ ਕੜਾ ਇਤਰਾਜ਼ ਪ੍ਰਗਟਾਇਆ ਹੈ।

ਸਿੱਖ ਮਰਯਾਦਾ ਦੀ ਉਲੰਘਣਾ ਨੂੰ ਦੱਸਿਆ ਅਸਹਿਣਯੋਗ

ਜਥੇਦਾਰ ਗਿਆਨੀ ਟੇਕ ਸਿੰਘ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਸਿੱਖ ਕੌਮ ਦੇ ਸਭ ਤੋਂ ਪਵਿੱਤਰ ਅਸਥਾਨ ਹਨ, ਜਿੱਥੇ ਹਰ ਵਿਅਕਤੀ ਲਈ ਸਿਰ ਢੱਕ ਕੇ ਅਤੇ ਜੋੜੇ ਉਤਾਰ ਕੇ ਦਾਖ਼ਲ ਹੋਣਾ ਲਾਜ਼ਮੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਰਗੇ ਬਹੁ-ਸੱਭਿਆਚਾਰਕ ਦੇਸ਼ ਵਿੱਚ ਇਸ ਤਰ੍ਹਾਂ ਦੀ ਘਟਨਾ ਬਹੁਤ ਹੀ ਮੰਦਭਾਗੀ ਹੈ, ਜਿਸ ਨਾਲ ਦੁਨੀਆ ਭਰ ਦੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

‘ਕੋਈ ਵੀ ਅਧਿਕਾਰੀ ਗੁਰੂ ਮਰਯਾਦਾ ਤੋਂ ਉੱਪਰ ਨਹੀਂ’

ਸਿੰਘ ਸਾਹਿਬ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਗੁਰੂ ਘਰ ਦੀ ਆਪਣੀ ਮਰਯਾਦਾ ਅਤੇ ਪਵਿੱਤਰਤਾ ਹੈ, ਜਿਸ ਤੋਂ ਵੱਡਾ ਕੋਈ ਕਾਨੂੰਨ ਜਾਂ ਅਧਿਕਾਰੀ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਪੁਲਿਸ ਦੀ ਇਸ ਕਾਰਵਾਈ ਨੇ ਸਿੱਖ ਕੌਮ ਦੇ ਮਨਾਂ ਨੂੰ ਡੂੰਘੀ ਚੋਟ ਮਾਰੀ ਹੈ ਅਤੇ ਇਹ ਘਟਨਾ ਕਦੇ ਵੀ ਕਬੂਲ ਨਹੀਂ ਕੀਤੀ ਜਾ ਸਕਦੀ।

ਗੁਰਦੁਆਰਾ ਪ੍ਰਬੰਧਕਾਂ ਨੂੰ ਵੀ ਲਾਈ ਫਟਕਾਰ

ਜਥੇਦਾਰ ਗਿਆਨੀ ਟੇਕ ਸਿੰਘ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋਵੇਂ ਧੜਿਆਂ ਨੂੰ ਵੀ ਤਿੱਖੀ ਤਾੜਨਾ ਕੀਤੀ। ਉਨ੍ਹਾਂ ਕਿਹਾ ਕਿ ਆਪਸੀ ਝਗੜਿਆਂ ਅਤੇ ਅਹੁਦਿਆਂ ਦੀ ਖਿੱਚਤਾਣ ਕਾਰਨ ਗੁਰੂ ਘਰ ਅੰਦਰ ਪੁਲਿਸ ਬੁਲਾਉਣ ਦੀ ਨੌਬਤ ਆਉਣਾ ਬਹੁਤ ਹੀ ਸ਼ਰਮਨਾਕ ਗੱਲ ਹੈ। ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਨੂੰ ਆਪਣੇ ਵਿਵਾਦ ਸੰਗਤੀ ਰੂਪ ਵਿੱਚ ਅਤੇ ਮਰਯਾਦਾ ਅੰਦਰ ਰਹਿ ਕੇ ਸੁਲਝਾਉਣੇ ਚਾਹੀਦੇ ਹਨ।

ਵਿਦੇਸ਼ ਮੰਤਰਾਲੇ ਤੋਂ ਦਖ਼ਲ ਦੀ ਮੰਗ

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਅਤੇ ਅਮਰੀਕਾ ਵਿੱਚ ਭਾਰਤੀ ਦੂਤਾਵਾਸ ਨੂੰ ਵੀ ਇਸ ਮਾਮਲੇ ਵਿੱਚ ਤੁਰੰਤ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ ਤਾਂ ਜੋ ਗੁਰੂ ਘਰਾਂ ਦੀ ਪਵਿੱਤਰਤਾ ਅਤੇ ਸਿੱਖ ਮਰਯਾਦਾ ਬਰਕਰਾਰ ਰਹੇ।

ਪੰਜਾਬ ਯੂਨੀਵਰਸਿਟੀ ਨੇ ਐਨਆਰਆਈ ਕੋਟੇ ਦੇ ਨਿਯਮ ਕੀਤੇ ਸਖ਼ਤ, ਪੜ੍ਹੋ ਵੇਰਵਾ….

ਚੰਡੀਗੜ੍ਹ :- ਪੰਜਾਬ ਯੂਨੀਵਰਸਿਟੀ ਨੇ ਅਕਾਦਮਿਕ ਸਾਲ 2026-27 ਲਈ ਐਨਆਰਆਈ ਕੋਟੇ ਦੇ ਦਾਖਲਾ ਨਿਯਮਾਂ ਵਿੱਚ ਅਹਿਮ ਤਬਦੀਲੀਆਂ ਕਰਦਿਆਂ ਪ੍ਰਕਿਰਿਆ ਨੂੰ ਹੋਰ ਸਖ਼ਤ ਬਣਾ ਦਿੱਤਾ ਹੈ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਹ ਕਦਮ ਐਨਆਰਆਈ ਕੋਟੇ ਦੀ ਗਲਤ ਵਰਤੋਂ ਨੂੰ ਰੋਕਣ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ ਤਾਂ ਜੋ ਸਿਰਫ਼ ਯੋਗ ਵਿਦਿਆਰਥੀਆਂ ਨੂੰ ਹੀ ਇਸ ਕੋਟੇ ਦਾ ਲਾਭ ਮਿਲ ਸਕੇ।

ਹੁਣ ਰਿਸ਼ਤੇਦਾਰਾਂ ਦੇ ਆਧਾਰ ‘ਤੇ ਨਹੀਂ ਮਿਲੇਗਾ ਲਾਭ
ਨਵੇਂ ਨਿਯਮਾਂ ਅਨੁਸਾਰ ਹੁਣ ਕੇਵਲ ਅਸਲ ਐਨਆਰਆਈ ਉਮੀਦਵਾਰ ਜਾਂ ਉਨ੍ਹਾਂ ਦੇ ਮਾਪੇ ਹੀ ਇਸ ਕੋਟੇ ਅਧੀਨ ਦਾਖਲੇ ਲਈ ਯੋਗ ਮੰਨੇ ਜਾਣਗੇ। ਪਹਿਲਾਂ ਕਈ ਮਾਮਲਿਆਂ ਵਿੱਚ ਚਾਚੇ, ਮਾਮੇ, ਦਾਦਾ-ਦਾਦੀ ਜਾਂ ਹੋਰ ਨੇੜਲੇ ਰਿਸ਼ਤੇਦਾਰਾਂ ਦੇ ਆਧਾਰ ‘ਤੇ ਵੀ ਵਿਦਿਆਰਥੀਆਂ ਨੂੰ ਐਨਆਰਆਈ ਕੋਟੇ ਦਾ ਲਾਭ ਮਿਲ ਜਾਂਦਾ ਸੀ, ਪਰ ਹੁਣ ਯੂਨੀਵਰਸਿਟੀ ਨੇ ਅਜਿਹੀਆਂ ਸਾਰੀਆਂ ਸ਼੍ਰੇਣੀਆਂ ਨੂੰ ਖਤਮ ਕਰ ਦਿੱਤਾ ਹੈ।

ਐਨਆਰਆਈ ਅਤੇ ਵਿਦੇਸ਼ੀ ਵਿਦਿਆਰਥੀਆਂ ਲਈ ਸੀਟਾਂ ਰਹਿਣਗੀਆਂ ਰਾਖਵੀਆਂ
ਯੂਨੀਵਰਸਿਟੀ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਐਨਆਰਆਈ ਅਤੇ ਉਨ੍ਹਾਂ ਦੇ ਬੱਚਿਆਂ ਲਈ ਪਹਿਲਾਂ ਵਾਂਗ 10 ਫੀਸਦੀ ਵਾਧੂ ਸੀਟਾਂ ਰਾਖਵੀਆਂ ਰਹਿਣਗੀਆਂ। ਇਸ ਤੋਂ ਇਲਾਵਾ ਵਿਦੇਸ਼ੀ ਨਾਗਰਿਕਾਂ ਲਈ 25 ਫੀਸਦੀ ਸੀਟਾਂ ਵੱਖਰੇ ਤੌਰ ‘ਤੇ ਰਾਖਵੀਆਂ ਕੀਤੀਆਂ ਗਈਆਂ ਹਨ, ਤਾਂ ਜੋ ਵਿਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇ ਮੌਕੇ ਮਿਲ ਸਕਣ।

ਦਾਖਲੇ ਲਈ ਜ਼ਰੂਰੀ ਦਸਤਾਵੇਜ਼ ਕਰਵਾਉਣੇ ਹੋਣਗੇ ਜਮ੍ਹਾਂ
ਐਨਆਰਆਈ ਕੋਟੇ ਅਧੀਨ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਹੁਣ ਆਪਣਾ ਐਨਆਰਆਈ ਦਰਜਾ ਸਾਬਤ ਕਰਨ ਲਈ ਲਾਜ਼ਮੀ ਦਸਤਾਵੇਜ਼ ਜਮ੍ਹਾਂ ਕਰਵਾਉਣੇ ਪੈਣਗੇ। ਇਨ੍ਹਾਂ ਵਿੱਚ ਪਾਸਪੋਰਟ, ਵੀਜ਼ਾ ਅਤੇ ਵਿਦੇਸ਼ ਵਿੱਚ ਨਿਵਾਸ ਸਬੰਧੀ ਅਧਿਕਾਰਤ ਸਬੂਤ ਸ਼ਾਮਲ ਹੋਣਗੇ। ਯੂਨੀਵਰਸਿਟੀ ਵੱਲੋਂ ਦਸਤਾਵੇਜ਼ਾਂ ਦੀ ਪੂਰੀ ਜਾਂਚ ਤੋਂ ਬਾਅਦ ਹੀ ਦਾਖਲੇ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ।

ਵਿਦੇਸ਼ੀ ਵਿਦਿਆਰਥੀਆਂ ਲਈ ਹੋਸਟਲਾਂ ਵਿੱਚ ਖ਼ਾਸ ਸਹੂਲਤਾਂ
ਪੰਜਾਬ ਯੂਨੀਵਰਸਿਟੀ ਵਿੱਚ ਐਨਆਰਆਈ ਅਤੇ ਵਿਦੇਸ਼ੀ ਵਿਦਿਆਰਥੀਆਂ ਲਈ ਵੱਖਰੀਆਂ ਹੋਸਟਲ ਸਹੂਲਤਾਂ ਵੀ ਉਪਲਬਧ ਹਨ। ਯੂਨੀਵਰਸਿਟੀ ਕੈਂਪਸ ਵਿੱਚ ਲਗਭਗ 55 ਕਮਰੇ ਤਿਆਰ ਕੀਤੇ ਗਏ ਹਨ, ਜਿੱਥੇ ਵਿਦਿਆਰਥੀਆਂ ਨੂੰ ਵਾਈ-ਫਾਈ ਇੰਟਰਨੈਟ, ਮੈਸ, ਡਾਇਨਿੰਗ ਹਾਲ, ਕੰਟੀਨ, ਸਾਫ਼ ਪੀਣ ਵਾਲਾ ਪਾਣੀ ਅਤੇ ਕੂਲਰ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਮਨੋਰੰਜਨ ਅਤੇ ਸਰੀਰਕ ਤੰਦਰੁਸਤੀ ਲਈ ਬੈਡਮਿੰਟਨ ਅਤੇ ਵਾਲੀਬਾਲ ਵਰਗੀਆਂ ਖੇਡ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਮਨਕੀਰਤ ਔਲਖ!

ਚੰਡੀਗੜ੍ਹ :- ਪੰਜਾਬੀ ਗਾਇਕੀ ਅਤੇ ਅਦਾਕਾਰੀ ਜਗਤ ਦੇ ਪ੍ਰਸਿੱਧ ਕਲਾਕਾਰ ਮਨਕੀਰਤ ਔਲਖ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਗੁਰੂ ਘਰ ਵਿੱਚ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਆਪਣੇ ਸੰਗੀਤਕ ਸਫ਼ਰ ਲਈ ਵਾਹਿਗੁਰੂ ਦਾ ਧੰਨਵਾਦ ਕੀਤਾ। ਉਨ੍ਹਾਂ ਦੇ ਦਰਸ਼ਨਾਂ ਲਈ ਆਏ ਪ੍ਰਸ਼ੰਸਕਾਂ ਵਿੱਚ ਵੀ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ।

ਨਵੀਂ ਗੀਤ ਮਾਲਾ ਜਾਰੀ ਹੋਣ ਮਗਰੋਂ ਪਹਿਲਾਂ ਦਰਬਾਰ ਸਾਹਿਬ ਆਉਣ ਦਾ ਸੀ ਫ਼ੈਸਲਾ
ਮੀਡੀਆ ਨਾਲ ਗੱਲਬਾਤ ਕਰਦਿਆਂ ਮਨਕੀਰਤ ਔਲਖ ਨੇ ਦੱਸਿਆ ਕਿ ਉਨ੍ਹਾਂ ਦੀ ਨਵੀਂ ਗੀਤ ਮਾਲਾ ਹਾਲ ਹੀ ਵਿੱਚ ਸਰੋਤਿਆਂ ਦੇ ਰੂਬਰੂ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪੂਰੀ ਟੀਮ ਪਹਿਲਾਂ ਹੀ ਇਹ ਨਿਸ਼ਚਿਤ ਕਰ ਚੁੱਕੀ ਸੀ ਕਿ ਜਿਵੇਂ ਹੀ ਗੀਤ ਮਾਲਾ ਜਾਰੀ ਹੋਵੇਗੀ, ਉਹ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚਣਗੇ। ਇਸੇ ਮਨੋਰਥ ਨਾਲ ਉਹ ਅੱਜ ਅੰਮ੍ਰਿਤਸਰ ਪਹੁੰਚੇ।

ਗੀਤ ਮਾਲਾ ਵਿੱਚ ਕਈ ਨਵੇਂ ਗੀਤ ਕੀਤੇ ਸ਼ਾਮਲ
ਉਨ੍ਹਾਂ ਦੱਸਿਆ ਕਿ ਇਸ ਗੀਤ ਮਾਲਾ ਵਿੱਚ ਸੱਤ ਤੋਂ ਅੱਠ ਨਵੇਂ ਗੀਤ ਸ਼ਾਮਲ ਕੀਤੇ ਗਏ ਹਨ। ਮਨਕੀਰਤ ਔਲਖ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਹ ਵੱਖ-ਵੱਖ ਇਕੱਲੇ ਗੀਤ ਜਾਰੀ ਕਰਦੇ ਰਹੇ ਹਨ, ਪਰ ਇਹ ਉਨ੍ਹਾਂ ਦੀ ਦੂਜੀ ਵਿਸ਼ੇਸ਼ ਗੀਤ ਮਾਲਾ ਹੈ। ਉਨ੍ਹਾਂ ਆਪਣੇ ਚਾਹੁਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਨਵੇਂ ਗੀਤ ਸੁਣਨ ਅਤੇ ਪਹਿਲਾਂ ਵਾਂਗ ਪਿਆਰ ਤੇ ਸਹਿਯੋਗ ਬਰਕਰਾਰ ਰੱਖਣ।

ਪ੍ਰਸ਼ੰਸਕਾਂ ਨੂੰ ਦਿੱਤਾ ਚੜ੍ਹਦੀ ਕਲਾ ਵਿੱਚ ਰਹਿਣ ਦਾ ਸੰਦੇਸ਼
ਆਪਣੇ ਪ੍ਰਸ਼ੰਸਕਾਂ ਲਈ ਸੰਦੇਸ਼ ਦਿੰਦਿਆਂ ਮਨਕੀਰਤ ਔਲਖ ਨੇ ਕਿਹਾ ਕਿ ਹਰ ਵਿਅਕਤੀ ਨੂੰ ਰੱਬ ਦੇ ਭਾਣੇ ਵਿੱਚ ਰਹਿਣਾ ਚਾਹੀਦਾ ਹੈ ਅਤੇ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਮਨੁੱਖ ਨੂੰ ਹਮੇਸ਼ਾਂ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਜੀਵਨ ਵਿੱਚ ਚੰਗੀ ਸੋਚ ਨਾਲ ਅੱਗੇ ਵਧਣਾ ਚਾਹੀਦਾ ਹੈ।

ਪੰਜਾਬੀ ਗਾਇਕੀ ਵਿੱਚ ਬਣਾਈ ਵੱਖਰੀ ਪਛਾਣ
ਜ਼ਿਕਰਯੋਗ ਹੈ ਕਿ ਮਨਕੀਰਤ ਔਲਖ ਪੰਜਾਬੀ ਸੰਗੀਤ ਜਗਤ ਦੇ ਉਹਨਾਂ ਮਸ਼ਹੂਰ ਕਲਾਕਾਰਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੇ ਆਪਣੇ ਕਈ ਲੋਕਪ੍ਰਿਯ ਗੀਤਾਂ ਰਾਹੀਂ ਵੱਡੀ ਪਛਾਣ ਬਣਾਈ ਹੈ। ਉਨ੍ਹਾਂ ਦੇ ਕਈ ਗੀਤਾਂ ਨੂੰ ਪੰਜਾਬ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਵੱਲੋਂ ਵੀ ਖੂਬ ਪਸੰਦ ਕੀਤਾ ਗਿਆ ਹੈ। ਹੁਣ ਉਨ੍ਹਾਂ ਦੇ ਹੋਰ ਨਵੇਂ ਗੀਤ ਵੀ ਜਲਦ ਹੀ ਸਰੋਤਿਆਂ ਦੇ ਸਾਹਮਣੇ ਆਉਣ ਵਾਲੇ ਹਨ, ਜਿਨ੍ਹਾਂ ਦੀ ਉਡੀਕ ਪ੍ਰਸ਼ੰਸਕ ਬੇਸਬਰੀ ਨਾਲ ਕਰ ਰਹੇ ਹਨ।

ਫਿਰੋਜ਼ਪੁਰ ‘ਚ 23 ਮਈ ਨੂੰ ਕੱਢੀ ਜਾਣ ਵਾਲੀ ਜਗਨਨਾਥ ਰੱਥ ਯਾਤਰਾ ਰੋਕਣ ਦੀ ਮੰਗ

ਅੱਜ ਗੁਜਰਾਤ ਤੇ ਚੇਨਈ ਵਿਚਾਲੇ ਵੱਡਾ ਮੁਕਾਬਲਾ, ਹਾਰ ਨਾਲ ਚੇਨਈ ਦੀਆਂ ਪਲੇਆਫ਼ ਉਮੀਦਾਂ ਹੋ ਸਕਦੀਆਂ ਖ਼ਤਮ

ਨਵੀਂ ਦਿੱਲੀ :- IPL 2026 ਦੇ 66ਵੇਂ ਮੁਕਾਬਲੇ ਵਿੱਚ ਅੱਜ Gujarat Titans ਅਤੇ Chennai Super Kings ਵਿਚਾਲੇ ਅਹਿਮ ਟੱਕਰ ਹੋਣ ਜਾ ਰਹੀ ਹੈ। ਇਹ ਮੁਕਾਬਲਾ Narendra Modi Stadium ਵਿੱਚ ਸ਼ਾਮ 7:30 ਵਜੇ ਖੇਡਿਆ ਜਾਵੇਗਾ। ਦੋਵੇਂ ਟੀਮਾਂ ਲਈ ਇਹ ਮੈਚ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ, ਖ਼ਾਸ ਕਰਕੇ ਚੇਨਈ ਲਈ।

ਚੇਨਈ ਲਈ ਜਿੱਤ ਲਾਜ਼ਮੀ

ਚੇਨਈ ਦੀ ਟੀਮ ਹੁਣ ਤੱਕ 13 ਮੈਚਾਂ ਵਿੱਚੋਂ 6 ਜਿੱਤ ਦਰਜ ਕਰ ਸਕੀ ਹੈ ਅਤੇ 12 ਅੰਕਾਂ ਨਾਲ ਅੰਕ ਸੂਚੀ ਵਿੱਚ ਛੇਵੇਂ ਸਥਾਨ ‘ਤੇ ਮੌਜੂਦ ਹੈ। ਜੇਕਰ ਟੀਮ ਅੱਜ ਦਾ ਮੁਕਾਬਲਾ ਹਾਰ ਜਾਂਦੀ ਹੈ ਤਾਂ ਉਸ ਦੀਆਂ ਪਲੇਆਫ਼ ਵਿੱਚ ਪਹੁੰਚਣ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ।

ਗੁਜਰਾਤ ਪਹਿਲਾਂ ਹੀ ਆਖ਼ਰੀ ਚਾਰ ਵਿੱਚ

ਦੂਜੇ ਪਾਸੇ Shubman Gill ਦੀ ਅਗਵਾਈ ਵਾਲੀ ਗੁਜਰਾਤ ਟੀਮ ਪਹਿਲਾਂ ਹੀ ਪਲੇਆਫ਼ ਲਈ ਕੁਆਲੀਫਾਈ ਕਰ ਚੁੱਕੀ ਹੈ। ਟੀਮ ਨੇ 13 ਵਿੱਚੋਂ 8 ਮੈਚ ਜਿੱਤ ਕੇ 16 ਅੰਕ ਹਾਸਲ ਕੀਤੇ ਹਨ ਅਤੇ ਅੰਕ ਸੂਚੀ ਵਿੱਚ ਦੂਜੇ ਨੰਬਰ ‘ਤੇ ਕਾਇਮ ਹੈ।

ਪਿਛਲੇ ਮੁਕਾਬਲੇ ਵਿੱਚ ਗੁਜਰਾਤ ਨੇ ਮਾਰੀ ਸੀ ਬਾਜ਼ੀ

ਇਸ ਸੀਜ਼ਨ ਵਿੱਚ ਦੋਵੇਂ ਟੀਮਾਂ ਪਹਿਲਾਂ ਵੀ ਇੱਕ ਵਾਰ ਆਮਨੇ-ਸਾਮਨੇ ਹੋ ਚੁੱਕੀਆਂ ਹਨ। ਉਸ ਵੇਲੇ ਗੁਜਰਾਤ ਨੇ ਚੇਨਈ ਨੂੰ 8 ਵਿਕਟਾਂ ਨਾਲ ਹਰਾਇਆ ਸੀ। ਦੋਵੇਂ ਟੀਮਾਂ ਵਿਚਾਲੇ ਹੁਣ ਤੱਕ 9 ਮੈਚ ਖੇਡੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਗੁਜਰਾਤ ਨੇ 5 ਅਤੇ ਚੇਨਈ ਨੇ 4 ਜਿੱਤਾਂ ਦਰਜ ਕੀਤੀਆਂ ਹਨ।

ਦੋਵੇਂ ਟੀਮਾਂ ਦੀ ਸੰਭਾਵਿਤ ਟੀਮ

ਗੁਜਰਾਤ ਟੀਮ:
ਸ਼ੁਭਮਨ ਗਿੱਲ, ਸਾਈ ਸੁਦਰਸ਼ਨ, Jos Buttler, ਵਾਸ਼ਿੰਗਟਨ ਸੁੰਦਰ, ਨਿਸ਼ਾਂਤ ਸਿੰਧੂ, ਰਾਹੁਲ ਤਿਵਾਤੀਆ, ਜੇਸਨ ਹੋਲਡਰ, Rashid Khan, ਅਰਸ਼ਦ ਖਾਨ, Kagiso Rabada, Mohammed Siraj ਅਤੇ ਪ੍ਰਸਿੱਧ ਕ੍ਰਿਸ਼ਨਾ।

ਚੇਨਈ ਟੀਮ:
Ruturaj Gaikwad, Sanju Samson, ਉਰਵਿਲ ਪਟੇਲ, ਕਾਰਤਿਕ ਸ਼ਰਮਾ, ਡੀਵਾਲਡ ਬ੍ਰੇਵਿਸ, Shivam Dube, ਪ੍ਰਸ਼ਾਂਤ ਵੀਰ, ਅਕੇਲ ਹੁਸੈਨ, ਅੰਸ਼ੁਲ ਕੰਬੋਜ, ਸਪੈਂਸਰ ਜਾਨਸਨ, ਨੂਰ ਅਹਿਮਦ ਅਤੇ ਮੁਕੇਸ਼ ਚੌਧਰੀ।