Home Blog Page 369

ਸਤਿਕਾਰ ਸੋਧ ਕਾਨੂੰਨ ‘ਤੇ ਰਾਜਪਾਲ ਕਟਾਰੀਆ ਦੀ ਅਕਾਲ ਤਖ਼ਤ ਜਥੇਦਾਰ ਤੇ ਧਾਮੀ ਨਾਲ ਅਹਿਮ ਬੈਠਕ

ਅੰਮ੍ਰਿਤਸਰ :- ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵੀਰਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਬੈਠਕ ਦੌਰਾਨ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026 ਸਬੰਧੀ ਡੂੰਘੀ ਵਿਚਾਰ-ਵਟਾਂਦਰਾ ਹੋਈ।

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਵਿਖੇ ਹੋਈ ਮੀਟਿੰਗ

ਇਹ ਮੁਲਾਕਾਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਹੋਈ, ਜਿੱਥੇ ਰਾਜਪਾਲ ਕਟਾਰੀਆ ਨਤਮਸਤਕ ਹੋਣ ਲਈ ਪਹੁੰਚੇ ਸਨ। ਇਸ ਮੌਕੇ ਐਡਵੋਕੇਟ ਧਾਮੀ ਵੱਲੋਂ ਰਾਜਪਾਲ ਦਾ ਸਵਾਗਤ ਕੀਤਾ ਗਿਆ ਅਤੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ।

ਸੋਧ ਕਾਨੂੰਨ ਦੀਆਂ ਇਤਰਾਜ਼ਯੋਗ ਧਾਰਾਵਾਂ ‘ਤੇ ਜਤਾਈ ਚਿੰਤਾ

ਸੂਤਰਾਂ ਮੁਤਾਬਕ ਲਗਭਗ 20 ਮਿੰਟ ਚੱਲੀ ਇਸ ਬੈਠਕ ਦੌਰਾਨ ਜਥੇਦਾਰ ਗੜਗੱਜ ਅਤੇ ਐਡਵੋਕੇਟ ਧਾਮੀ ਨੇ ਰਾਜਪਾਲ ਨੂੰ ਕਾਨੂੰਨ ਵਿੱਚ ਸ਼ਾਮਲ ਕੀਤੀਆਂ ਕੁਝ ਇਤਰਾਜ਼ਯੋਗ ਮੱਦਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਦੋਵਾਂ ਆਗੂਆਂ ਨੇ ਇਹ ਮਤ ਪ੍ਰਗਟਾਇਆ ਕਿ ਸੋਧ ਐਕਟ ਦੀਆਂ ਕੁਝ ਧਾਰਾਵਾਂ ਧਾਰਮਿਕ ਮਰਯਾਦਾ ਅਤੇ ਪੰਥਕ ਭਾਵਨਾਵਾਂ ਨਾਲ ਜੁੜੀਆਂ ਚਿੰਤਾਵਾਂ ਨੂੰ ਜਨਮ ਦੇ ਰਹੀਆਂ ਹਨ।

ਅਕਾਲ ਤਖ਼ਤ ਵੱਲੋਂ ਰਾਜਪਾਲ ਨੂੰ ਸੌਂਪਿਆ ਗਿਆ ਵਿਸ਼ੇਸ਼ ਪੱਤਰ

ਮੁਲਾਕਾਤ ਦੌਰਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਰਾਜਪਾਲ ਕਟਾਰੀਆ ਨੂੰ ਇਕ ਵਿਸ਼ੇਸ਼ ਪੱਤਰ ਵੀ ਸੌਂਪਿਆ। ਇਸ ਪੱਤਰ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਸਰਕਾਰ ਨੂੰ ਭੇਜੇ ਗਏ ਅਧਿਕਾਰਕ ਇਤਰਾਜ਼ਾਂ ਦਾ ਖਰੜਾ ਵੀ ਨੱਥੀ ਕੀਤਾ ਗਿਆ ਸੀ, ਜਿਸ ਵਿੱਚ ਸੋਧ ਐਕਟ ਦੇ ਵੱਖ-ਵੱਖ ਪੱਖਾਂ ਬਾਰੇ ਆਪਣਾ ਸਟੈਂਡ ਦਰਜ ਕੀਤਾ ਗਿਆ ਹੈ।

ਮੁੱਖ ਮੰਤਰੀ ਨਾਲ ਗੱਲਬਾਤ ਕਰਨ ਦੀ ਸੰਭਾਵਨਾ ਜਤਾਈ

ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਜਦੋਂ ਤੋਂ ਇਹ ਕਾਨੂੰਨ ਲਾਗੂ ਹੋਇਆ ਹੈ, ਉਸ ਤੋਂ ਬਾਅਦ ਵੱਖ-ਵੱਖ ਪਾਸਿਆਂ ਤੋਂ ਕਈ ਤਰ੍ਹਾਂ ਦੀਆਂ ਟਿੱਪਣੀਆਂ ਅਤੇ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨਾਲ ਵੀ ਚਰਚਾ ਕਰਨ ਬਾਰੇ ਵਿਚਾਰ ਕਰ ਰਹੇ ਹਨ ਤਾਂ ਜੋ ਸਾਰੇ ਪੱਖਾਂ ਨੂੰ ਨਾਲ ਬਿਠਾ ਕੇ ਕੋਈ ਸੁਚੱਜਾ ਹੱਲ ਕੱਢਿਆ ਜਾ ਸਕੇ।

ਮੋਗਾ ਦੇ ਸਰਕਾਰੀ ਨਸ਼ਾ ਮੁਕਤੀ ਕੇਂਦਰ ‘ਚ ਹੰਗਾਮਾ, ਤਾਲੇ ਤੋੜ੍ਹ ਕੇ ਕਰੀਬ 30 ਮਰੀਜ਼ ਫ਼ਰਾਰ

ਮੋਗਾ :- ਮੋਗਾ ਦੇ ਸਰਕਾਰੀ ਨਸ਼ਾ ਮੁਕਤੀ ਕੇਂਦਰ ਵਿੱਚ ਉਸ ਵੇਲੇ ਅਫ਼ਰਾ-ਤਫ਼ਰੀ ਮਚ ਗਈ ਜਦੋਂ ਨਸ਼ੇ ਦੀ ਲੱਤ ਨਾਲ ਜੂਝ ਰਹੇ ਕਰੀਬ 30 ਮਰੀਜ਼ ਅਚਾਨਕ ਕੇਂਦਰ ਤੋਂ ਭੱਜ ਨਿਕਲੇ। ਮਰੀਜ਼ਾਂ ਨੇ ਕੇਂਦਰ ਦੇ ਮੁੱਖ ਗੇਟ ਦਾ ਤਾਲਾ ਤੋੜ੍ਹ ਦਿੱਤਾ ਅਤੇ ਉੱਥੇ ਤੈਨਾਤ ਸੁਰੱਖਿਆ ਕਰਮਚਾਰੀਆਂ ਨਾਲ ਧੱਕਾ-ਮੁੱਕੀ ਤੇ ਕੁੱਟਮਾਰ ਕਰਨ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ।

ਇੱਟਾਂ ਨਾਲ ਤੋੜ੍ਹਿਆ ਤਾਲਾ, ਸੀਸੀਟੀਵੀ ‘ਚ ਕੈਦ ਹੋਈ ਪੂਰੀ ਘਟਨਾ

ਜਾਣਕਾਰੀ ਮੁਤਾਬਕ ਇਹ ਘਟਨਾ ਮੋਗਾ ਦੇ ਇਕਲੌਤੇ ਸਰਕਾਰੀ ਨਸ਼ਾ ਮੁਕਤੀ ਕੇਂਦਰ ਵਿੱਚ ਵਾਪਰੀ। ਮਰੀਜ਼ਾਂ ਨੇ ਪਹਿਲਾਂ ਗੇਟ ਦੇ ਤਾਲੇ ‘ਤੇ ਇੱਟਾਂ ਨਾਲ ਵਾਰ ਕੀਤੇ ਅਤੇ ਫਿਰ ਗੇਟ ਖੋਲ੍ਹ ਕੇ ਇਕ-ਇਕ ਕਰਕੇ ਬਾਹਰ ਦੌੜ ਪਏ। ਇਹ ਸਾਰਾ ਮਾਮਲਾ ਕੇਂਦਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਰਿਕਾਰਡ ਹੋ ਗਿਆ।

ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਮਰੀਜ਼ ਕੇਂਦਰ ਤੋਂ ਨਿਕਲਣ ਲਈ ਬੇਚੈਨ ਸਨ। ਜਿਵੇਂ ਹੀ ਤਾਲਾ ਟੁੱਟਿਆ ਤਾਂ ਉੱਥੇ ਭੱਜਣ ਲਈ ਧੱਕੋ-ਧੱਕੀ ਦਾ ਮਾਹੌਲ ਬਣ ਗਿਆ ਅਤੇ ਮਰੀਜ਼ ਤੇਜ਼ੀ ਨਾਲ ਬਾਹਰ ਨਿਕਲਦੇ ਨਜ਼ਰ ਆਏ।

ਖਾਣਾ ਦੇਣ ਦੌਰਾਨ ਹੋਇਆ ਹਮਲਾ

ਕੇਂਦਰ ਵਿੱਚ ਤੈਨਾਤ ਇੱਕ ਸੁਰੱਖਿਆ ਕਰਮਚਾਰੀ ਨੇ ਦੱਸਿਆ ਕਿ ਘਟਨਾ ਵੇਲੇ ਤਿੰਨ ਕਰਮਚਾਰੀ ਡਿਊਟੀ ‘ਤੇ ਮੌਜੂਦ ਸਨ। ਉਸ ਸਮੇਂ ਮਰੀਜ਼ਾਂ ਲਈ ਖਾਣਾ ਆਇਆ ਹੋਇਆ ਸੀ। ਇਸ ਦੌਰਾਨ ਕੁਝ ਮਰੀਜ਼ ਅਚਾਨਕ ਹਿੰਸਕ ਹੋ ਗਏ ਅਤੇ ਖਾਣੇ ਵਾਲੇ ਬਰਤਨਾਂ ਨਾਲ ਉਨ੍ਹਾਂ ‘ਤੇ ਹਮਲਾ ਕਰ ਦਿੱਤਾ।

ਕਰਮਚਾਰੀ ਨੇ ਦੱਸਿਆ ਕਿ ਉਸ ਨੂੰ ਸਰੀਰ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਉਸ ਨੇ ਇਹ ਵੀ ਦੱਸਿਆ ਕਿ ਇੱਕ ਮਰੀਜ਼ ਦੇ ਹੱਥ ਵਿੱਚ ਇੱਟ ਸੀ, ਜਿਸ ਦੀ ਮਦਦ ਨਾਲ ਗੇਟ ਦਾ ਤਾਲਾ ਤੋੜ੍ਹਿਆ ਗਿਆ।

ਪੁਲਿਸ ਪ੍ਰਸ਼ਾਸਨ ਹੋਇਆ ਅਲਰਟ, ਮਰੀਜ਼ਾਂ ਦੀ ਭਾਲ ਜਾਰੀ

ਘਟਨਾ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ। ਇਲਾਕੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਫ਼ਰਾਰ ਹੋਏ ਮਰੀਜ਼ਾਂ ਦੀ ਭਾਲ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮਰੀਜ਼ਾਂ ਦੇ ਭੱਜਣ ਦੇ ਰੂਟ ਅਤੇ ਹੋਰ ਪੱਖਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਸਕੇ।

ਸੁਰੱਖਿਆ ਪ੍ਰਬੰਧਾਂ ‘ਤੇ ਖੜ੍ਹੇ ਹੋਏ ਸਵਾਲ

ਇਸ ਘਟਨਾ ਤੋਂ ਬਾਅਦ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਦੀ ਸੁਰੱਖਿਆ ਵਿਵਸਥਾ ‘ਤੇ ਵੀ ਸਵਾਲ ਉੱਠਣ ਲੱਗੇ ਹਨ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਹਾਲਾਤ ਕਾਬੂ ਨਾ ਕੀਤੇ ਜਾਂਦੇ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ।

ਅੰਮ੍ਰਿਤਸਰ ਦੇ ਗੇਟ ਹਕੀਮਾਂ ‘ਚ ਭਿਆਨਕ ਧਮਾਕਾ, ਘਰ ਅੰਦਰ ਅੱਗ ਲੱਗਣ ਨਾਲ 2 ਮਹਿਲਾਵਾਂ ਗੰਭੀਰ ਝੁਲਸੀਆਂ

ਅੰਮ੍ਰਿਤਸਰ :- ਅੰਮ੍ਰਿਤਸਰ ਦੇ ਗੇਟ ਹਕੀਮਾਂ ਇਲਾਕੇ ਵਿੱਚ ਵੀਰਵਾਰ ਨੂੰ ਉਸ ਵੇਲੇ ਹਫੜਾ-ਦਫੜੀ ਮਚ ਗਈ ਜਦੋਂ ਇਕ ਰਿਹਾਇਸ਼ੀ ਘਰ ਅੰਦਰ ਅਚਾਨਕ ਤਿੱਖਾ ਧਮਾਕਾ ਹੋ ਗਿਆ। ਧਮਾਕੇ ਦੀ ਆਵਾਜ਼ ਇੰਨੀ ਤੇਜ਼ ਸੀ ਕਿ ਆਲੇ-ਦੁਆਲੇ ਦੇ ਲੋਕ ਘਬਰਾਹਟ ਵਿੱਚ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਧਮਾਕੇ ਕਾਰਨ ਘਰ ਦੇ ਸ਼ੀਸ਼ੇ ਟੁੱਟ ਗਏ, ਦਰਵਾਜ਼ੇ ਉਖੜ ਗਏ ਅਤੇ ਕੰਧਾਂ ਨੂੰ ਵੀ ਨੁਕਸਾਨ ਪਹੁੰਚਿਆ।

ਅੱਗ ਦੀ ਲਪੇਟ ‘ਚ ਆਈਆਂ ਦੋ ਔਰਤਾਂ, ਹਸਪਤਾਲ ‘ਚ ਜ਼ਿੰਦਗੀ ਲਈ ਜੰਗ

ਮਿਲੀ ਜਾਣਕਾਰੀ ਅਨੁਸਾਰ ਧਮਾਕੇ ਵੇਲੇ ਘਰ ਦੇ ਅੰਦਰ ਦੋ ਮਹਿਲਾਵਾਂ ਮੌਜੂਦ ਸਨ। ਧਮਾਕੇ ਤੋਂ ਬਾਅਦ ਲੱਗੀ ਅੱਗ ਕਾਰਨ ਦੋਵੇਂ ਬੁਰੀ ਤਰ੍ਹਾਂ ਝੁਲਸ ਗਈਆਂ। ਇਲਾਕਾ ਵਾਸੀਆਂ ਦੀ ਮਦਦ ਨਾਲ ਉਨ੍ਹਾਂ ਨੂੰ ਤੁਰੰਤ ਅੰਮ੍ਰਿਤਸਰ ਦੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਹਸਪਤਾਲ ਸੂਤਰਾਂ ਮੁਤਾਬਕ ਦੋਵਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਘਰ ਅੰਦਰ ਪਟਾਕੇ ਬਣਾਉਣ ਦੀ ਚਰਚਾ, ਪੁਲਸ ਨੇ ਜਾਂਚ ਕੀਤੀ ਸ਼ੁਰੂ

ਸ਼ੁਰੂਆਤੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਘਰ ਵਿੱਚ ਪਟਾਕਿਆਂ ਨਾਲ ਸੰਬੰਧਿਤ ਸਮੱਗਰੀ ਰੱਖੀ ਹੋਈ ਸੀ। ਇਲਾਕੇ ਦੇ ਕੁਝ ਲੋਕਾਂ ਨੇ ਦਾਅਵਾ ਕੀਤਾ ਕਿ ਇੱਥੇ ਨਾਜਾਇਜ਼ ਤੌਰ ‘ਤੇ ਪਟਾਕੇ ਤਿਆਰ ਕਰਨ ਦਾ ਕੰਮ ਵੀ ਕੀਤਾ ਜਾਂਦਾ ਸੀ। ਦੱਸਿਆ ਜਾ ਰਿਹਾ ਹੈ ਕਿ ਕਿਸੇ ਤਰ੍ਹਾਂ ਚਿੰਗਾਰੀ ਪੈਣ ਕਾਰਨ ਧਮਾਕਾ ਹੋਇਆ, ਹਾਲਾਂਕਿ ਪੁਲਸ ਨੇ ਹਾਲੇ ਤੱਕ ਇਸ ਬਾਰੇ ਅਧਿਕਾਰਕ ਪੁਸ਼ਟੀ ਨਹੀਂ ਕੀਤੀ।

ਫਾਇਰ ਬ੍ਰਿਗੇਡ ਨੇ ਮੁਸ਼ਕਿਲ ਨਾਲ ਅੱਗ ‘ਤੇ ਪਾਇਆ ਕਾਬੂ

ਧਮਾਕੇ ਤੋਂ ਬਾਅਦ ਘਰ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਇਲਾਕੇ ਵਿੱਚ ਹੜਕੰਪ ਮਚ ਗਿਆ। ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਕਾਫ਼ੀ ਜੱਦੋਜਹਿਦ ਮਗਰੋਂ ਅੱਗ ‘ਤੇ ਕਾਬੂ ਪਾਇਆ। ਇਸ ਦੌਰਾਨ ਪੁਲਸ ਨੇ ਸੁਰੱਖਿਆ ਦੇ ਮੱਦੇਨਜ਼ਰ ਇਲਾਕੇ ਨੂੰ ਘੇਰ ਲਿਆ ਅਤੇ ਲੋਕਾਂ ਦੀ ਆਵਾਜਾਈ ਰੋਕ ਦਿੱਤੀ।

ਫੋਰੈਂਸਿਕ ਟੀਮਾਂ ਮੌਕੇ ‘ਤੇ, ਜਾਂਚ ਰਿਪੋਰਟ ਮਗਰੋਂ ਹੋਵੇਗੀ ਕਾਰਵਾਈ

ਏਸੀਪੀ ਸੁਰਿੰਦਰ ਸਿੰਘ ਪਾਲ ਨੇ ਦੱਸਿਆ ਕਿ ਪੁਲਸ ਵੱਲੋਂ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੌਕੇ ਤੋਂ ਹਵਾਈਆਂ ਦੇ ਕਾਨੇ ਮਿਲੇ ਹਨ, ਜਿਸ ਕਰਕੇ ਫੋਰੈਂਸਿਕ ਮਾਹਿਰਾਂ ਨੂੰ ਵੀ ਜਾਂਚ ਲਈ ਸੱਦਿਆ ਗਿਆ ਹੈ। ਉਨ੍ਹਾਂ ਕਿਹਾ ਕਿ ਰਿਪੋਰਟ ਆਉਣ ਤੋਂ ਬਾਅਦ ਹੀ ਧਮਾਕੇ ਦੇ ਅਸਲ ਕਾਰਨਾਂ ਬਾਰੇ ਕੁਝ ਸਪੱਸ਼ਟ ਹੋ ਸਕੇਗਾ।

ਨਾਜਾਇਜ਼ ਪਟਾਕੇ ਬਣਾਉਣ ਦੀ ਪੁਸ਼ਟੀ ਹੋਈ ਤਾਂ ਹੋਵੇਗੀ ਸਖ਼ਤ ਕਾਰਵਾਈ

ਏਸੀਪੀ ਨੇ ਇਹ ਵੀ ਕਿਹਾ ਕਿ ਜੇਕਰ ਜਾਂਚ ਦੌਰਾਨ ਇਹ ਸਾਬਤ ਹੁੰਦਾ ਹੈ ਕਿ ਘਰ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਪਟਾਕੇ ਬਣਾਏ ਜਾਂ ਸਟੋਰ ਕੀਤੇ ਜਾ ਰਹੇ ਸਨ ਤਾਂ ਘਰ ਮਾਲਕਾਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਫਿਲਾਡੈਲਫੀਆ ਗੁਰਦੁਆਰਾ ਸਾਹਿਬ ’ਚ ਪੁਲਿਸ ਦੇ ਬੂਟਾਂ ਸਮੇਤ ਦਾਖ਼ਲੇ ’ਤੇ ਭੜਕੇ ਜਥੇਦਾਰ ਗਿਆਨੀ ਟੇਕ ਸਿੰਘ

ਅਮਰੀਕਾ :- ਅਮਰੀਕਾ ਦੇ ਫਿਲਾਡੈਲਫੀਆ ਸ਼ਹਿਰ ਸਥਿਤ ਇੱਕ ਗੁਰਦੁਆਰਾ ਸਾਹਿਬ ਅੰਦਰ ਸਥਾਨਕ ਪੁਲਿਸ ਦੇ ਬੂਟਾਂ ਸਮੇਤ ਦਾਖ਼ਲ ਹੋਣ ਦੀ ਘਟਨਾ ਨੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ। ਵਾਇਰਲ ਹੋਈ ਇੱਕ ਵੀਡੀਓ ਵਿੱਚ ਇੱਕ ਪੁਲਿਸ ਅਧਿਕਾਰੀ ਗੁਰੂ ਘਰ ਦੀ ਗੋਲਕ ਨੇੜੇ ਬੂਟਾਂ ਸਮੇਤ ਖੜ੍ਹਾ ਨਜ਼ਰ ਆ ਰਿਹਾ ਹੈ, ਜਿਸ ਨੂੰ ਲੈ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਨੇ ਕੜਾ ਇਤਰਾਜ਼ ਪ੍ਰਗਟਾਇਆ ਹੈ।

ਸਿੱਖ ਮਰਯਾਦਾ ਦੀ ਉਲੰਘਣਾ ਨੂੰ ਦੱਸਿਆ ਅਸਹਿਣਯੋਗ

ਜਥੇਦਾਰ ਗਿਆਨੀ ਟੇਕ ਸਿੰਘ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਸਿੱਖ ਕੌਮ ਦੇ ਸਭ ਤੋਂ ਪਵਿੱਤਰ ਅਸਥਾਨ ਹਨ, ਜਿੱਥੇ ਹਰ ਵਿਅਕਤੀ ਲਈ ਸਿਰ ਢੱਕ ਕੇ ਅਤੇ ਜੋੜੇ ਉਤਾਰ ਕੇ ਦਾਖ਼ਲ ਹੋਣਾ ਲਾਜ਼ਮੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਰਗੇ ਬਹੁ-ਸੱਭਿਆਚਾਰਕ ਦੇਸ਼ ਵਿੱਚ ਇਸ ਤਰ੍ਹਾਂ ਦੀ ਘਟਨਾ ਬਹੁਤ ਹੀ ਮੰਦਭਾਗੀ ਹੈ, ਜਿਸ ਨਾਲ ਦੁਨੀਆ ਭਰ ਦੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

‘ਕੋਈ ਵੀ ਅਧਿਕਾਰੀ ਗੁਰੂ ਮਰਯਾਦਾ ਤੋਂ ਉੱਪਰ ਨਹੀਂ’

ਸਿੰਘ ਸਾਹਿਬ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਗੁਰੂ ਘਰ ਦੀ ਆਪਣੀ ਮਰਯਾਦਾ ਅਤੇ ਪਵਿੱਤਰਤਾ ਹੈ, ਜਿਸ ਤੋਂ ਵੱਡਾ ਕੋਈ ਕਾਨੂੰਨ ਜਾਂ ਅਧਿਕਾਰੀ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਪੁਲਿਸ ਦੀ ਇਸ ਕਾਰਵਾਈ ਨੇ ਸਿੱਖ ਕੌਮ ਦੇ ਮਨਾਂ ਨੂੰ ਡੂੰਘੀ ਚੋਟ ਮਾਰੀ ਹੈ ਅਤੇ ਇਹ ਘਟਨਾ ਕਦੇ ਵੀ ਕਬੂਲ ਨਹੀਂ ਕੀਤੀ ਜਾ ਸਕਦੀ।

ਗੁਰਦੁਆਰਾ ਪ੍ਰਬੰਧਕਾਂ ਨੂੰ ਵੀ ਲਾਈ ਫਟਕਾਰ

ਜਥੇਦਾਰ ਗਿਆਨੀ ਟੇਕ ਸਿੰਘ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋਵੇਂ ਧੜਿਆਂ ਨੂੰ ਵੀ ਤਿੱਖੀ ਤਾੜਨਾ ਕੀਤੀ। ਉਨ੍ਹਾਂ ਕਿਹਾ ਕਿ ਆਪਸੀ ਝਗੜਿਆਂ ਅਤੇ ਅਹੁਦਿਆਂ ਦੀ ਖਿੱਚਤਾਣ ਕਾਰਨ ਗੁਰੂ ਘਰ ਅੰਦਰ ਪੁਲਿਸ ਬੁਲਾਉਣ ਦੀ ਨੌਬਤ ਆਉਣਾ ਬਹੁਤ ਹੀ ਸ਼ਰਮਨਾਕ ਗੱਲ ਹੈ। ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਨੂੰ ਆਪਣੇ ਵਿਵਾਦ ਸੰਗਤੀ ਰੂਪ ਵਿੱਚ ਅਤੇ ਮਰਯਾਦਾ ਅੰਦਰ ਰਹਿ ਕੇ ਸੁਲਝਾਉਣੇ ਚਾਹੀਦੇ ਹਨ।

ਵਿਦੇਸ਼ ਮੰਤਰਾਲੇ ਤੋਂ ਦਖ਼ਲ ਦੀ ਮੰਗ

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਅਤੇ ਅਮਰੀਕਾ ਵਿੱਚ ਭਾਰਤੀ ਦੂਤਾਵਾਸ ਨੂੰ ਵੀ ਇਸ ਮਾਮਲੇ ਵਿੱਚ ਤੁਰੰਤ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ ਤਾਂ ਜੋ ਗੁਰੂ ਘਰਾਂ ਦੀ ਪਵਿੱਤਰਤਾ ਅਤੇ ਸਿੱਖ ਮਰਯਾਦਾ ਬਰਕਰਾਰ ਰਹੇ।

ਪੰਜਾਬ ਯੂਨੀਵਰਸਿਟੀ ਨੇ ਐਨਆਰਆਈ ਕੋਟੇ ਦੇ ਨਿਯਮ ਕੀਤੇ ਸਖ਼ਤ, ਪੜ੍ਹੋ ਵੇਰਵਾ….

ਚੰਡੀਗੜ੍ਹ :- ਪੰਜਾਬ ਯੂਨੀਵਰਸਿਟੀ ਨੇ ਅਕਾਦਮਿਕ ਸਾਲ 2026-27 ਲਈ ਐਨਆਰਆਈ ਕੋਟੇ ਦੇ ਦਾਖਲਾ ਨਿਯਮਾਂ ਵਿੱਚ ਅਹਿਮ ਤਬਦੀਲੀਆਂ ਕਰਦਿਆਂ ਪ੍ਰਕਿਰਿਆ ਨੂੰ ਹੋਰ ਸਖ਼ਤ ਬਣਾ ਦਿੱਤਾ ਹੈ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਹ ਕਦਮ ਐਨਆਰਆਈ ਕੋਟੇ ਦੀ ਗਲਤ ਵਰਤੋਂ ਨੂੰ ਰੋਕਣ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ ਤਾਂ ਜੋ ਸਿਰਫ਼ ਯੋਗ ਵਿਦਿਆਰਥੀਆਂ ਨੂੰ ਹੀ ਇਸ ਕੋਟੇ ਦਾ ਲਾਭ ਮਿਲ ਸਕੇ।

ਹੁਣ ਰਿਸ਼ਤੇਦਾਰਾਂ ਦੇ ਆਧਾਰ ‘ਤੇ ਨਹੀਂ ਮਿਲੇਗਾ ਲਾਭ
ਨਵੇਂ ਨਿਯਮਾਂ ਅਨੁਸਾਰ ਹੁਣ ਕੇਵਲ ਅਸਲ ਐਨਆਰਆਈ ਉਮੀਦਵਾਰ ਜਾਂ ਉਨ੍ਹਾਂ ਦੇ ਮਾਪੇ ਹੀ ਇਸ ਕੋਟੇ ਅਧੀਨ ਦਾਖਲੇ ਲਈ ਯੋਗ ਮੰਨੇ ਜਾਣਗੇ। ਪਹਿਲਾਂ ਕਈ ਮਾਮਲਿਆਂ ਵਿੱਚ ਚਾਚੇ, ਮਾਮੇ, ਦਾਦਾ-ਦਾਦੀ ਜਾਂ ਹੋਰ ਨੇੜਲੇ ਰਿਸ਼ਤੇਦਾਰਾਂ ਦੇ ਆਧਾਰ ‘ਤੇ ਵੀ ਵਿਦਿਆਰਥੀਆਂ ਨੂੰ ਐਨਆਰਆਈ ਕੋਟੇ ਦਾ ਲਾਭ ਮਿਲ ਜਾਂਦਾ ਸੀ, ਪਰ ਹੁਣ ਯੂਨੀਵਰਸਿਟੀ ਨੇ ਅਜਿਹੀਆਂ ਸਾਰੀਆਂ ਸ਼੍ਰੇਣੀਆਂ ਨੂੰ ਖਤਮ ਕਰ ਦਿੱਤਾ ਹੈ।

ਐਨਆਰਆਈ ਅਤੇ ਵਿਦੇਸ਼ੀ ਵਿਦਿਆਰਥੀਆਂ ਲਈ ਸੀਟਾਂ ਰਹਿਣਗੀਆਂ ਰਾਖਵੀਆਂ
ਯੂਨੀਵਰਸਿਟੀ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਐਨਆਰਆਈ ਅਤੇ ਉਨ੍ਹਾਂ ਦੇ ਬੱਚਿਆਂ ਲਈ ਪਹਿਲਾਂ ਵਾਂਗ 10 ਫੀਸਦੀ ਵਾਧੂ ਸੀਟਾਂ ਰਾਖਵੀਆਂ ਰਹਿਣਗੀਆਂ। ਇਸ ਤੋਂ ਇਲਾਵਾ ਵਿਦੇਸ਼ੀ ਨਾਗਰਿਕਾਂ ਲਈ 25 ਫੀਸਦੀ ਸੀਟਾਂ ਵੱਖਰੇ ਤੌਰ ‘ਤੇ ਰਾਖਵੀਆਂ ਕੀਤੀਆਂ ਗਈਆਂ ਹਨ, ਤਾਂ ਜੋ ਵਿਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇ ਮੌਕੇ ਮਿਲ ਸਕਣ।

ਦਾਖਲੇ ਲਈ ਜ਼ਰੂਰੀ ਦਸਤਾਵੇਜ਼ ਕਰਵਾਉਣੇ ਹੋਣਗੇ ਜਮ੍ਹਾਂ
ਐਨਆਰਆਈ ਕੋਟੇ ਅਧੀਨ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਹੁਣ ਆਪਣਾ ਐਨਆਰਆਈ ਦਰਜਾ ਸਾਬਤ ਕਰਨ ਲਈ ਲਾਜ਼ਮੀ ਦਸਤਾਵੇਜ਼ ਜਮ੍ਹਾਂ ਕਰਵਾਉਣੇ ਪੈਣਗੇ। ਇਨ੍ਹਾਂ ਵਿੱਚ ਪਾਸਪੋਰਟ, ਵੀਜ਼ਾ ਅਤੇ ਵਿਦੇਸ਼ ਵਿੱਚ ਨਿਵਾਸ ਸਬੰਧੀ ਅਧਿਕਾਰਤ ਸਬੂਤ ਸ਼ਾਮਲ ਹੋਣਗੇ। ਯੂਨੀਵਰਸਿਟੀ ਵੱਲੋਂ ਦਸਤਾਵੇਜ਼ਾਂ ਦੀ ਪੂਰੀ ਜਾਂਚ ਤੋਂ ਬਾਅਦ ਹੀ ਦਾਖਲੇ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ।

ਵਿਦੇਸ਼ੀ ਵਿਦਿਆਰਥੀਆਂ ਲਈ ਹੋਸਟਲਾਂ ਵਿੱਚ ਖ਼ਾਸ ਸਹੂਲਤਾਂ
ਪੰਜਾਬ ਯੂਨੀਵਰਸਿਟੀ ਵਿੱਚ ਐਨਆਰਆਈ ਅਤੇ ਵਿਦੇਸ਼ੀ ਵਿਦਿਆਰਥੀਆਂ ਲਈ ਵੱਖਰੀਆਂ ਹੋਸਟਲ ਸਹੂਲਤਾਂ ਵੀ ਉਪਲਬਧ ਹਨ। ਯੂਨੀਵਰਸਿਟੀ ਕੈਂਪਸ ਵਿੱਚ ਲਗਭਗ 55 ਕਮਰੇ ਤਿਆਰ ਕੀਤੇ ਗਏ ਹਨ, ਜਿੱਥੇ ਵਿਦਿਆਰਥੀਆਂ ਨੂੰ ਵਾਈ-ਫਾਈ ਇੰਟਰਨੈਟ, ਮੈਸ, ਡਾਇਨਿੰਗ ਹਾਲ, ਕੰਟੀਨ, ਸਾਫ਼ ਪੀਣ ਵਾਲਾ ਪਾਣੀ ਅਤੇ ਕੂਲਰ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਮਨੋਰੰਜਨ ਅਤੇ ਸਰੀਰਕ ਤੰਦਰੁਸਤੀ ਲਈ ਬੈਡਮਿੰਟਨ ਅਤੇ ਵਾਲੀਬਾਲ ਵਰਗੀਆਂ ਖੇਡ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਮਨਕੀਰਤ ਔਲਖ!

ਚੰਡੀਗੜ੍ਹ :- ਪੰਜਾਬੀ ਗਾਇਕੀ ਅਤੇ ਅਦਾਕਾਰੀ ਜਗਤ ਦੇ ਪ੍ਰਸਿੱਧ ਕਲਾਕਾਰ ਮਨਕੀਰਤ ਔਲਖ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਗੁਰੂ ਘਰ ਵਿੱਚ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਆਪਣੇ ਸੰਗੀਤਕ ਸਫ਼ਰ ਲਈ ਵਾਹਿਗੁਰੂ ਦਾ ਧੰਨਵਾਦ ਕੀਤਾ। ਉਨ੍ਹਾਂ ਦੇ ਦਰਸ਼ਨਾਂ ਲਈ ਆਏ ਪ੍ਰਸ਼ੰਸਕਾਂ ਵਿੱਚ ਵੀ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ।

ਨਵੀਂ ਗੀਤ ਮਾਲਾ ਜਾਰੀ ਹੋਣ ਮਗਰੋਂ ਪਹਿਲਾਂ ਦਰਬਾਰ ਸਾਹਿਬ ਆਉਣ ਦਾ ਸੀ ਫ਼ੈਸਲਾ
ਮੀਡੀਆ ਨਾਲ ਗੱਲਬਾਤ ਕਰਦਿਆਂ ਮਨਕੀਰਤ ਔਲਖ ਨੇ ਦੱਸਿਆ ਕਿ ਉਨ੍ਹਾਂ ਦੀ ਨਵੀਂ ਗੀਤ ਮਾਲਾ ਹਾਲ ਹੀ ਵਿੱਚ ਸਰੋਤਿਆਂ ਦੇ ਰੂਬਰੂ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪੂਰੀ ਟੀਮ ਪਹਿਲਾਂ ਹੀ ਇਹ ਨਿਸ਼ਚਿਤ ਕਰ ਚੁੱਕੀ ਸੀ ਕਿ ਜਿਵੇਂ ਹੀ ਗੀਤ ਮਾਲਾ ਜਾਰੀ ਹੋਵੇਗੀ, ਉਹ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚਣਗੇ। ਇਸੇ ਮਨੋਰਥ ਨਾਲ ਉਹ ਅੱਜ ਅੰਮ੍ਰਿਤਸਰ ਪਹੁੰਚੇ।

ਗੀਤ ਮਾਲਾ ਵਿੱਚ ਕਈ ਨਵੇਂ ਗੀਤ ਕੀਤੇ ਸ਼ਾਮਲ
ਉਨ੍ਹਾਂ ਦੱਸਿਆ ਕਿ ਇਸ ਗੀਤ ਮਾਲਾ ਵਿੱਚ ਸੱਤ ਤੋਂ ਅੱਠ ਨਵੇਂ ਗੀਤ ਸ਼ਾਮਲ ਕੀਤੇ ਗਏ ਹਨ। ਮਨਕੀਰਤ ਔਲਖ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਹ ਵੱਖ-ਵੱਖ ਇਕੱਲੇ ਗੀਤ ਜਾਰੀ ਕਰਦੇ ਰਹੇ ਹਨ, ਪਰ ਇਹ ਉਨ੍ਹਾਂ ਦੀ ਦੂਜੀ ਵਿਸ਼ੇਸ਼ ਗੀਤ ਮਾਲਾ ਹੈ। ਉਨ੍ਹਾਂ ਆਪਣੇ ਚਾਹੁਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਨਵੇਂ ਗੀਤ ਸੁਣਨ ਅਤੇ ਪਹਿਲਾਂ ਵਾਂਗ ਪਿਆਰ ਤੇ ਸਹਿਯੋਗ ਬਰਕਰਾਰ ਰੱਖਣ।

ਪ੍ਰਸ਼ੰਸਕਾਂ ਨੂੰ ਦਿੱਤਾ ਚੜ੍ਹਦੀ ਕਲਾ ਵਿੱਚ ਰਹਿਣ ਦਾ ਸੰਦੇਸ਼
ਆਪਣੇ ਪ੍ਰਸ਼ੰਸਕਾਂ ਲਈ ਸੰਦੇਸ਼ ਦਿੰਦਿਆਂ ਮਨਕੀਰਤ ਔਲਖ ਨੇ ਕਿਹਾ ਕਿ ਹਰ ਵਿਅਕਤੀ ਨੂੰ ਰੱਬ ਦੇ ਭਾਣੇ ਵਿੱਚ ਰਹਿਣਾ ਚਾਹੀਦਾ ਹੈ ਅਤੇ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਮਨੁੱਖ ਨੂੰ ਹਮੇਸ਼ਾਂ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਜੀਵਨ ਵਿੱਚ ਚੰਗੀ ਸੋਚ ਨਾਲ ਅੱਗੇ ਵਧਣਾ ਚਾਹੀਦਾ ਹੈ।

ਪੰਜਾਬੀ ਗਾਇਕੀ ਵਿੱਚ ਬਣਾਈ ਵੱਖਰੀ ਪਛਾਣ
ਜ਼ਿਕਰਯੋਗ ਹੈ ਕਿ ਮਨਕੀਰਤ ਔਲਖ ਪੰਜਾਬੀ ਸੰਗੀਤ ਜਗਤ ਦੇ ਉਹਨਾਂ ਮਸ਼ਹੂਰ ਕਲਾਕਾਰਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੇ ਆਪਣੇ ਕਈ ਲੋਕਪ੍ਰਿਯ ਗੀਤਾਂ ਰਾਹੀਂ ਵੱਡੀ ਪਛਾਣ ਬਣਾਈ ਹੈ। ਉਨ੍ਹਾਂ ਦੇ ਕਈ ਗੀਤਾਂ ਨੂੰ ਪੰਜਾਬ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਵੱਲੋਂ ਵੀ ਖੂਬ ਪਸੰਦ ਕੀਤਾ ਗਿਆ ਹੈ। ਹੁਣ ਉਨ੍ਹਾਂ ਦੇ ਹੋਰ ਨਵੇਂ ਗੀਤ ਵੀ ਜਲਦ ਹੀ ਸਰੋਤਿਆਂ ਦੇ ਸਾਹਮਣੇ ਆਉਣ ਵਾਲੇ ਹਨ, ਜਿਨ੍ਹਾਂ ਦੀ ਉਡੀਕ ਪ੍ਰਸ਼ੰਸਕ ਬੇਸਬਰੀ ਨਾਲ ਕਰ ਰਹੇ ਹਨ।

ਫਿਰੋਜ਼ਪੁਰ ‘ਚ 23 ਮਈ ਨੂੰ ਕੱਢੀ ਜਾਣ ਵਾਲੀ ਜਗਨਨਾਥ ਰੱਥ ਯਾਤਰਾ ਰੋਕਣ ਦੀ ਮੰਗ

ਅੱਜ ਗੁਜਰਾਤ ਤੇ ਚੇਨਈ ਵਿਚਾਲੇ ਵੱਡਾ ਮੁਕਾਬਲਾ, ਹਾਰ ਨਾਲ ਚੇਨਈ ਦੀਆਂ ਪਲੇਆਫ਼ ਉਮੀਦਾਂ ਹੋ ਸਕਦੀਆਂ ਖ਼ਤਮ

ਨਵੀਂ ਦਿੱਲੀ :- IPL 2026 ਦੇ 66ਵੇਂ ਮੁਕਾਬਲੇ ਵਿੱਚ ਅੱਜ Gujarat Titans ਅਤੇ Chennai Super Kings ਵਿਚਾਲੇ ਅਹਿਮ ਟੱਕਰ ਹੋਣ ਜਾ ਰਹੀ ਹੈ। ਇਹ ਮੁਕਾਬਲਾ Narendra Modi Stadium ਵਿੱਚ ਸ਼ਾਮ 7:30 ਵਜੇ ਖੇਡਿਆ ਜਾਵੇਗਾ। ਦੋਵੇਂ ਟੀਮਾਂ ਲਈ ਇਹ ਮੈਚ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ, ਖ਼ਾਸ ਕਰਕੇ ਚੇਨਈ ਲਈ।

ਚੇਨਈ ਲਈ ਜਿੱਤ ਲਾਜ਼ਮੀ

ਚੇਨਈ ਦੀ ਟੀਮ ਹੁਣ ਤੱਕ 13 ਮੈਚਾਂ ਵਿੱਚੋਂ 6 ਜਿੱਤ ਦਰਜ ਕਰ ਸਕੀ ਹੈ ਅਤੇ 12 ਅੰਕਾਂ ਨਾਲ ਅੰਕ ਸੂਚੀ ਵਿੱਚ ਛੇਵੇਂ ਸਥਾਨ ‘ਤੇ ਮੌਜੂਦ ਹੈ। ਜੇਕਰ ਟੀਮ ਅੱਜ ਦਾ ਮੁਕਾਬਲਾ ਹਾਰ ਜਾਂਦੀ ਹੈ ਤਾਂ ਉਸ ਦੀਆਂ ਪਲੇਆਫ਼ ਵਿੱਚ ਪਹੁੰਚਣ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ।

ਗੁਜਰਾਤ ਪਹਿਲਾਂ ਹੀ ਆਖ਼ਰੀ ਚਾਰ ਵਿੱਚ

ਦੂਜੇ ਪਾਸੇ Shubman Gill ਦੀ ਅਗਵਾਈ ਵਾਲੀ ਗੁਜਰਾਤ ਟੀਮ ਪਹਿਲਾਂ ਹੀ ਪਲੇਆਫ਼ ਲਈ ਕੁਆਲੀਫਾਈ ਕਰ ਚੁੱਕੀ ਹੈ। ਟੀਮ ਨੇ 13 ਵਿੱਚੋਂ 8 ਮੈਚ ਜਿੱਤ ਕੇ 16 ਅੰਕ ਹਾਸਲ ਕੀਤੇ ਹਨ ਅਤੇ ਅੰਕ ਸੂਚੀ ਵਿੱਚ ਦੂਜੇ ਨੰਬਰ ‘ਤੇ ਕਾਇਮ ਹੈ।

ਪਿਛਲੇ ਮੁਕਾਬਲੇ ਵਿੱਚ ਗੁਜਰਾਤ ਨੇ ਮਾਰੀ ਸੀ ਬਾਜ਼ੀ

ਇਸ ਸੀਜ਼ਨ ਵਿੱਚ ਦੋਵੇਂ ਟੀਮਾਂ ਪਹਿਲਾਂ ਵੀ ਇੱਕ ਵਾਰ ਆਮਨੇ-ਸਾਮਨੇ ਹੋ ਚੁੱਕੀਆਂ ਹਨ। ਉਸ ਵੇਲੇ ਗੁਜਰਾਤ ਨੇ ਚੇਨਈ ਨੂੰ 8 ਵਿਕਟਾਂ ਨਾਲ ਹਰਾਇਆ ਸੀ। ਦੋਵੇਂ ਟੀਮਾਂ ਵਿਚਾਲੇ ਹੁਣ ਤੱਕ 9 ਮੈਚ ਖੇਡੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਗੁਜਰਾਤ ਨੇ 5 ਅਤੇ ਚੇਨਈ ਨੇ 4 ਜਿੱਤਾਂ ਦਰਜ ਕੀਤੀਆਂ ਹਨ।

ਦੋਵੇਂ ਟੀਮਾਂ ਦੀ ਸੰਭਾਵਿਤ ਟੀਮ

ਗੁਜਰਾਤ ਟੀਮ:
ਸ਼ੁਭਮਨ ਗਿੱਲ, ਸਾਈ ਸੁਦਰਸ਼ਨ, Jos Buttler, ਵਾਸ਼ਿੰਗਟਨ ਸੁੰਦਰ, ਨਿਸ਼ਾਂਤ ਸਿੰਧੂ, ਰਾਹੁਲ ਤਿਵਾਤੀਆ, ਜੇਸਨ ਹੋਲਡਰ, Rashid Khan, ਅਰਸ਼ਦ ਖਾਨ, Kagiso Rabada, Mohammed Siraj ਅਤੇ ਪ੍ਰਸਿੱਧ ਕ੍ਰਿਸ਼ਨਾ।

ਚੇਨਈ ਟੀਮ:
Ruturaj Gaikwad, Sanju Samson, ਉਰਵਿਲ ਪਟੇਲ, ਕਾਰਤਿਕ ਸ਼ਰਮਾ, ਡੀਵਾਲਡ ਬ੍ਰੇਵਿਸ, Shivam Dube, ਪ੍ਰਸ਼ਾਂਤ ਵੀਰ, ਅਕੇਲ ਹੁਸੈਨ, ਅੰਸ਼ੁਲ ਕੰਬੋਜ, ਸਪੈਂਸਰ ਜਾਨਸਨ, ਨੂਰ ਅਹਿਮਦ ਅਤੇ ਮੁਕੇਸ਼ ਚੌਧਰੀ।

ਅੰਮ੍ਰਿਤਸਰ ‘ਚ ਵੱਡਾ ਡਰੱਗ-ਹਥਿਆਰ ਤਸਕਰੀ ਮਾਡਿਊਲ ਬੇਨਕਾਬ, ਕਾਊਂਟਰ ਇੰਟੈਲੀਜੈਂਸ ਦੀ ਕਾਰਵਾਈ ਦੌਰਾਨ 5.5 ਕਿਲੋ ਹੈਰੋਇਨ ਤੇ 4 ਪਿਸਤੌਲ ਬਰਾਮਦ, ਦੋ ਮੁਲਜ਼ਮ ਕਾਬੂ

ਅੰਮ੍ਰਿਤਸਰ :- ਪੰਜਾਬ ਪੁਲਿਸ ਨੂੰ ਅੰਮ੍ਰਿਤਸਰ ਵਿੱਚ ਨਸ਼ਾ ਅਤੇ ਗੈਰ-ਕਾਨੂੰਨੀ ਹਥਿਆਰ ਤਸਕਰੀ ਵਿਰੁੱਧ ਵੱਡੀ ਕਾਮਯਾਬੀ ਹਾਸਲ ਹੋਈ ਹੈ। ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਵੱਲੋਂ ਚਲਾਈ ਗਈ ਵਿਸ਼ੇਸ਼ ਕਾਰਵਾਈ ਦੌਰਾਨ ਦੋ ਸ਼ੱਕੀ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਹੈਰੋਇਨ ਅਤੇ ਹਥਿਆਰ ਬਰਾਮਦ ਕੀਤੇ ਗਏ ਹਨ।

ਹੈਰੋਇਨ ਨਾਲ ਹਥਿਆਰਾਂ ਦੀ ਖੇਪ ਵੀ ਕਬਜ਼ੇ ‘ਚ

ਪੁਲਿਸ ਅਧਿਕਾਰੀਆਂ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ 5.5 ਕਿਲੋਗ੍ਰਾਮ ਹੈਰੋਇਨ, 4 ਪਿਸਤੌਲ ਅਤੇ 10 ਜਿੰਦਾ ਰੌਂਦ ਬਰਾਮਦ ਹੋਏ ਹਨ। ਜਾਂਚ ਏਜੰਸੀਆਂ ਇਸ ਨੂੰ ਸਰਹੱਦ ਪਾਰ ਚੱਲ ਰਹੇ ਤਸਕਰੀ ਨੈੱਟਵਰਕ ਨਾਲ ਜੁੜਿਆ ਵੱਡਾ ਮਾਡਿਊਲ ਮੰਨ ਰਹੀਆਂ ਹਨ।

ਸਰਹੱਦ ਪਾਰ ਤਸਕਰਾਂ ਨਾਲ ਜੁੜੇ ਤਾਰ

ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕਾਬੂ ਕੀਤੇ ਗਏ ਦੋਵੇਂ ਮੁਲਜ਼ਮ ਵਿਦੇਸ਼ੀ ਤਸਕਰਾਂ ਦੇ ਸੰਪਰਕ ਵਿੱਚ ਸਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਪੰਜਾਬ ਵਿੱਚ ਨਸ਼ੇ ਅਤੇ ਹਥਿਆਰਾਂ ਦੀ ਖੇਪ ਵੱਖ-ਵੱਖ ਥਾਵਾਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।

ਐੱਸ.ਐੱਸ.ਓ.ਸੀ. ਥਾਣੇ ‘ਚ ਕੇਸ ਦਰਜ

ਇਸ ਮਾਮਲੇ ਸਬੰਧੀ ਐੱਸ.ਐੱਸ.ਓ.ਸੀ. ਅੰਮ੍ਰਿਤਸਰ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੇ ਪੁਰਾਣੇ ਅਤੇ ਨਵੇਂ ਸੰਪਰਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਸ ਮਾਡਿਊਲ ਨਾਲ ਜੁੜੇ ਹੋਰ ਲੋਕਾਂ ਦੀ ਪਛਾਣ ਕੀਤੀ ਜਾ ਸਕੇ।

ਨਸ਼ਿਆਂ ਅਤੇ ਗੈਂਗ ਨੈੱਟਵਰਕ ਖ਼ਿਲਾਫ਼ ਸਖ਼ਤ ਰਵੱਈਆ : ਡੀਜੀਪੀ

ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਸੂਬੇ ਵਿੱਚ ਨਸ਼ਿਆਂ, ਗੈਰ-ਕਾਨੂੰਨੀ ਹਥਿਆਰਾਂ ਅਤੇ ਸੰਗਠਿਤ ਅਪਰਾਧ ਦੇ ਖਾਤਮੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅਜਿਹੇ ਨੈੱਟਵਰਕਾਂ ਖ਼ਿਲਾਫ਼ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

12 ਤੋਂ 3 ਘਰੋਂ ਨਾ ਨਿਕਲੋ ਬਾਹਰ, ਸਿਹਤ ਵਿਭਾਗ ਵੱਲੋਂ ਚੇਤਾਵਨੀ ਜਾਰੀ!

ਲੁਧਿਆਣਾ :- ਲੁਧਿਆਣਾ ਵਿੱਚ ਲਗਾਤਾਰ ਵੱਧ ਰਹੀ ਗਰਮੀ ਅਤੇ ਲੂ ਦੇ ਖ਼ਤਰੇ ਨੂੰ ਦੇਖਦਿਆਂ ਸਿਹਤ ਵਿਭਾਗ ਵੱਲੋਂ ਲੋਕਾਂ ਲਈ ਖ਼ਾਸ ਸਾਵਧਾਨੀਆਂ ਜਾਰੀ ਕੀਤੀਆਂ ਗਈਆਂ ਹਨ। ਡਾ. ਰਮਨਦੀਪ ਕੌਰ ਨੇ ਕਿਹਾ ਕਿ ਪੰਜਾਬ ਦੇ ਕਈ ਇਲਾਕਿਆਂ ਸਮੇਤ ਲੁਧਿਆਣਾ ਵਿੱਚ ਤਾਪਮਾਨ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਮੌਸਮ ਵਿਭਾਗ ਵੱਲੋਂ ਹੀਟਵੇਵ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਗਰਮੀ ਕਾਰਨ ਵੱਧ ਰਹੇ ਸਿਹਤ ਖ਼ਤਰੇ

ਸਿਵਲ ਸਰਜਨ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਭਿਆਨਕ ਗਰਮੀ ਕਾਰਨ ਲੋਕਾਂ ਨੂੰ ਡੀਹਾਈਡ੍ਰੇਸ਼ਨ, ਲੂ ਲੱਗਣ, ਬੇਹੱਦ ਥਕਾਵਟ ਅਤੇ ਹੋਰ ਗੰਭੀਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਖ਼ਾਸ ਕਰਕੇ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ, ਛੋਟੇ ਬੱਚੇ, ਗਰਭਵਤੀ ਮਹਿਲਾਵਾਂ ਅਤੇ ਲੰਬੇ ਸਮੇਂ ਦੀਆਂ ਬਿਮਾਰੀਆਂ ਨਾਲ ਪੀੜਤ ਲੋਕਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ।

ਮਜ਼ਦੂਰਾਂ ਅਤੇ ਕਿਸਾਨਾਂ ਲਈ ਖ਼ਾਸ ਹਦਾਇਤਾਂ

ਡਾ. ਰਮਨਦੀਪ ਕੌਰ ਨੇ ਬਾਹਰ ਕੰਮ ਕਰਨ ਵਾਲੇ ਮਜ਼ਦੂਰਾਂ, ਕਿਸਾਨਾਂ ਅਤੇ ਨਿਰਮਾਣ ਕਾਰਜਾਂ ਨਾਲ ਜੁੜੇ ਲੋਕਾਂ ਨੂੰ ਵੀ ਧੁੱਪ ਤੋਂ ਬਚਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕੀਤਾ ਜਾਵੇ ਕਿਉਂਕਿ ਇਸ ਸਮੇਂ ਦੌਰਾਨ ਲੂ ਦਾ ਪ੍ਰਭਾਵ ਸਭ ਤੋਂ ਵੱਧ ਹੁੰਦਾ ਹੈ।

ਵੱਧ ਤੋਂ ਵੱਧ ਪਾਣੀ ਅਤੇ ਤਰਲ ਪਦਾਰਥ ਪੀਣ ਦੀ ਸਲਾਹ

ਸਿਹਤ ਵਿਭਾਗ ਨੇ ਲੋਕਾਂ ਨੂੰ ਵੱਧ ਮਾਤਰਾ ਵਿੱਚ ਪਾਣੀ ਪੀਣ ਅਤੇ ਨਮਕ-ਚੀਨੀ ਵਾਲਾ ਘੋਲ, ਨਿੰਬੂ ਪਾਣੀ ਅਤੇ ਲੱਸੀ ਵਰਗੇ ਤਰਲ ਪਦਾਰਥ ਵਰਤਣ ਦੀ ਅਪੀਲ ਕੀਤੀ ਹੈ। ਨਾਲ ਹੀ ਸ਼ਰਾਬ, ਕੈਫ਼ੀਨ ਵਾਲੇ ਪੇਅ ਅਤੇ ਬਹੁਤ ਮਸਾਲੇਦਾਰ ਭੋਜਨ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ, ਕਿਉਂਕਿ ਇਹ ਸਰੀਰ ਵਿੱਚ ਪਾਣੀ ਦੀ ਘਾਟ ਨੂੰ ਹੋਰ ਵਧਾ ਸਕਦੇ ਹਨ।

ਸਿਹਤ ਸੰਸਥਾਨਾਂ ਨੂੰ ਕੀਤਾ ਗਿਆ ਅਲਰਟ

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਿਹਤ ਕੇਂਦਰਾਂ ਅਤੇ ਹਸਪਤਾਲਾਂ ਨੂੰ ਹੀਟਵੇਵ ਨਾਲ ਜੁੜੇ ਮਾਮਲਿਆਂ ਲਈ ਪੂਰੀ ਤਰ੍ਹਾਂ ਤਿਆਰ ਰਹਿਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਤਾਂ ਜੋ ਐਮਰਜੈਂਸੀ ਸਥਿਤੀ ਵਿੱਚ ਤੁਰੰਤ ਇਲਾਜ ਮੁਹੱਈਆ ਕਰਵਾਇਆ ਜਾ ਸਕੇ।

ਇਹ ਲੱਛਣ ਦਿਖਣ ‘ਤੇ ਤੁਰੰਤ ਲਵੋ ਡਾਕਟਰੀ ਮਦਦ

ਸਿਹਤ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਕਿਸੇ ਵਿਅਕਤੀ ਨੂੰ ਚੱਕਰ ਆਉਣ, ਉਲਟੀਆਂ, ਕਮਜ਼ੋਰੀ, ਤੇਜ਼ ਬੁਖ਼ਾਰ ਜਾਂ ਬੇਹੋਸ਼ੀ ਵਰਗੇ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਨਜ਼ਦੀਕੀ ਸਿਹਤ ਕੇਂਦਰ ‘ਚ ਸੰਪਰਕ ਕੀਤਾ ਜਾਵੇ, ਕਿਉਂਕਿ ਇਹ ਲੂ ਲੱਗਣ ਦੇ ਸੰਕੇਤ ਹੋ ਸਕਦੇ ਹਨ।