ਮੋਗਾ :- ਮੋਗਾ ਦੇ ਸਰਕਾਰੀ ਨਸ਼ਾ ਮੁਕਤੀ ਕੇਂਦਰ ਵਿੱਚ ਉਸ ਵੇਲੇ ਅਫ਼ਰਾ-ਤਫ਼ਰੀ ਮਚ ਗਈ ਜਦੋਂ ਨਸ਼ੇ ਦੀ ਲੱਤ ਨਾਲ ਜੂਝ ਰਹੇ ਕਰੀਬ 30 ਮਰੀਜ਼ ਅਚਾਨਕ ਕੇਂਦਰ ਤੋਂ ਭੱਜ ਨਿਕਲੇ। ਮਰੀਜ਼ਾਂ ਨੇ ਕੇਂਦਰ ਦੇ ਮੁੱਖ ਗੇਟ ਦਾ ਤਾਲਾ ਤੋੜ੍ਹ ਦਿੱਤਾ ਅਤੇ ਉੱਥੇ ਤੈਨਾਤ ਸੁਰੱਖਿਆ ਕਰਮਚਾਰੀਆਂ ਨਾਲ ਧੱਕਾ-ਮੁੱਕੀ ਤੇ ਕੁੱਟਮਾਰ ਕਰਨ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ।
ਇੱਟਾਂ ਨਾਲ ਤੋੜ੍ਹਿਆ ਤਾਲਾ, ਸੀਸੀਟੀਵੀ ‘ਚ ਕੈਦ ਹੋਈ ਪੂਰੀ ਘਟਨਾ
ਜਾਣਕਾਰੀ ਮੁਤਾਬਕ ਇਹ ਘਟਨਾ ਮੋਗਾ ਦੇ ਇਕਲੌਤੇ ਸਰਕਾਰੀ ਨਸ਼ਾ ਮੁਕਤੀ ਕੇਂਦਰ ਵਿੱਚ ਵਾਪਰੀ। ਮਰੀਜ਼ਾਂ ਨੇ ਪਹਿਲਾਂ ਗੇਟ ਦੇ ਤਾਲੇ ‘ਤੇ ਇੱਟਾਂ ਨਾਲ ਵਾਰ ਕੀਤੇ ਅਤੇ ਫਿਰ ਗੇਟ ਖੋਲ੍ਹ ਕੇ ਇਕ-ਇਕ ਕਰਕੇ ਬਾਹਰ ਦੌੜ ਪਏ। ਇਹ ਸਾਰਾ ਮਾਮਲਾ ਕੇਂਦਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਰਿਕਾਰਡ ਹੋ ਗਿਆ।
ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਮਰੀਜ਼ ਕੇਂਦਰ ਤੋਂ ਨਿਕਲਣ ਲਈ ਬੇਚੈਨ ਸਨ। ਜਿਵੇਂ ਹੀ ਤਾਲਾ ਟੁੱਟਿਆ ਤਾਂ ਉੱਥੇ ਭੱਜਣ ਲਈ ਧੱਕੋ-ਧੱਕੀ ਦਾ ਮਾਹੌਲ ਬਣ ਗਿਆ ਅਤੇ ਮਰੀਜ਼ ਤੇਜ਼ੀ ਨਾਲ ਬਾਹਰ ਨਿਕਲਦੇ ਨਜ਼ਰ ਆਏ।
ਖਾਣਾ ਦੇਣ ਦੌਰਾਨ ਹੋਇਆ ਹਮਲਾ
ਕੇਂਦਰ ਵਿੱਚ ਤੈਨਾਤ ਇੱਕ ਸੁਰੱਖਿਆ ਕਰਮਚਾਰੀ ਨੇ ਦੱਸਿਆ ਕਿ ਘਟਨਾ ਵੇਲੇ ਤਿੰਨ ਕਰਮਚਾਰੀ ਡਿਊਟੀ ‘ਤੇ ਮੌਜੂਦ ਸਨ। ਉਸ ਸਮੇਂ ਮਰੀਜ਼ਾਂ ਲਈ ਖਾਣਾ ਆਇਆ ਹੋਇਆ ਸੀ। ਇਸ ਦੌਰਾਨ ਕੁਝ ਮਰੀਜ਼ ਅਚਾਨਕ ਹਿੰਸਕ ਹੋ ਗਏ ਅਤੇ ਖਾਣੇ ਵਾਲੇ ਬਰਤਨਾਂ ਨਾਲ ਉਨ੍ਹਾਂ ‘ਤੇ ਹਮਲਾ ਕਰ ਦਿੱਤਾ।
ਕਰਮਚਾਰੀ ਨੇ ਦੱਸਿਆ ਕਿ ਉਸ ਨੂੰ ਸਰੀਰ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਉਸ ਨੇ ਇਹ ਵੀ ਦੱਸਿਆ ਕਿ ਇੱਕ ਮਰੀਜ਼ ਦੇ ਹੱਥ ਵਿੱਚ ਇੱਟ ਸੀ, ਜਿਸ ਦੀ ਮਦਦ ਨਾਲ ਗੇਟ ਦਾ ਤਾਲਾ ਤੋੜ੍ਹਿਆ ਗਿਆ।
ਪੁਲਿਸ ਪ੍ਰਸ਼ਾਸਨ ਹੋਇਆ ਅਲਰਟ, ਮਰੀਜ਼ਾਂ ਦੀ ਭਾਲ ਜਾਰੀ
ਘਟਨਾ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ। ਇਲਾਕੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਫ਼ਰਾਰ ਹੋਏ ਮਰੀਜ਼ਾਂ ਦੀ ਭਾਲ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮਰੀਜ਼ਾਂ ਦੇ ਭੱਜਣ ਦੇ ਰੂਟ ਅਤੇ ਹੋਰ ਪੱਖਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਸਕੇ।
ਸੁਰੱਖਿਆ ਪ੍ਰਬੰਧਾਂ ‘ਤੇ ਖੜ੍ਹੇ ਹੋਏ ਸਵਾਲ
ਇਸ ਘਟਨਾ ਤੋਂ ਬਾਅਦ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਦੀ ਸੁਰੱਖਿਆ ਵਿਵਸਥਾ ‘ਤੇ ਵੀ ਸਵਾਲ ਉੱਠਣ ਲੱਗੇ ਹਨ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਹਾਲਾਤ ਕਾਬੂ ਨਾ ਕੀਤੇ ਜਾਂਦੇ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ।

