ਅਮਰੀਕਾ :- ਅਮਰੀਕਾ ਦੇ ਫਿਲਾਡੈਲਫੀਆ ਸ਼ਹਿਰ ਸਥਿਤ ਇੱਕ ਗੁਰਦੁਆਰਾ ਸਾਹਿਬ ਅੰਦਰ ਸਥਾਨਕ ਪੁਲਿਸ ਦੇ ਬੂਟਾਂ ਸਮੇਤ ਦਾਖ਼ਲ ਹੋਣ ਦੀ ਘਟਨਾ ਨੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ। ਵਾਇਰਲ ਹੋਈ ਇੱਕ ਵੀਡੀਓ ਵਿੱਚ ਇੱਕ ਪੁਲਿਸ ਅਧਿਕਾਰੀ ਗੁਰੂ ਘਰ ਦੀ ਗੋਲਕ ਨੇੜੇ ਬੂਟਾਂ ਸਮੇਤ ਖੜ੍ਹਾ ਨਜ਼ਰ ਆ ਰਿਹਾ ਹੈ, ਜਿਸ ਨੂੰ ਲੈ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਨੇ ਕੜਾ ਇਤਰਾਜ਼ ਪ੍ਰਗਟਾਇਆ ਹੈ।
ਸਿੱਖ ਮਰਯਾਦਾ ਦੀ ਉਲੰਘਣਾ ਨੂੰ ਦੱਸਿਆ ਅਸਹਿਣਯੋਗ
ਜਥੇਦਾਰ ਗਿਆਨੀ ਟੇਕ ਸਿੰਘ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਸਿੱਖ ਕੌਮ ਦੇ ਸਭ ਤੋਂ ਪਵਿੱਤਰ ਅਸਥਾਨ ਹਨ, ਜਿੱਥੇ ਹਰ ਵਿਅਕਤੀ ਲਈ ਸਿਰ ਢੱਕ ਕੇ ਅਤੇ ਜੋੜੇ ਉਤਾਰ ਕੇ ਦਾਖ਼ਲ ਹੋਣਾ ਲਾਜ਼ਮੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਰਗੇ ਬਹੁ-ਸੱਭਿਆਚਾਰਕ ਦੇਸ਼ ਵਿੱਚ ਇਸ ਤਰ੍ਹਾਂ ਦੀ ਘਟਨਾ ਬਹੁਤ ਹੀ ਮੰਦਭਾਗੀ ਹੈ, ਜਿਸ ਨਾਲ ਦੁਨੀਆ ਭਰ ਦੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
‘ਕੋਈ ਵੀ ਅਧਿਕਾਰੀ ਗੁਰੂ ਮਰਯਾਦਾ ਤੋਂ ਉੱਪਰ ਨਹੀਂ’
ਸਿੰਘ ਸਾਹਿਬ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਗੁਰੂ ਘਰ ਦੀ ਆਪਣੀ ਮਰਯਾਦਾ ਅਤੇ ਪਵਿੱਤਰਤਾ ਹੈ, ਜਿਸ ਤੋਂ ਵੱਡਾ ਕੋਈ ਕਾਨੂੰਨ ਜਾਂ ਅਧਿਕਾਰੀ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਪੁਲਿਸ ਦੀ ਇਸ ਕਾਰਵਾਈ ਨੇ ਸਿੱਖ ਕੌਮ ਦੇ ਮਨਾਂ ਨੂੰ ਡੂੰਘੀ ਚੋਟ ਮਾਰੀ ਹੈ ਅਤੇ ਇਹ ਘਟਨਾ ਕਦੇ ਵੀ ਕਬੂਲ ਨਹੀਂ ਕੀਤੀ ਜਾ ਸਕਦੀ।
ਗੁਰਦੁਆਰਾ ਪ੍ਰਬੰਧਕਾਂ ਨੂੰ ਵੀ ਲਾਈ ਫਟਕਾਰ
ਜਥੇਦਾਰ ਗਿਆਨੀ ਟੇਕ ਸਿੰਘ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋਵੇਂ ਧੜਿਆਂ ਨੂੰ ਵੀ ਤਿੱਖੀ ਤਾੜਨਾ ਕੀਤੀ। ਉਨ੍ਹਾਂ ਕਿਹਾ ਕਿ ਆਪਸੀ ਝਗੜਿਆਂ ਅਤੇ ਅਹੁਦਿਆਂ ਦੀ ਖਿੱਚਤਾਣ ਕਾਰਨ ਗੁਰੂ ਘਰ ਅੰਦਰ ਪੁਲਿਸ ਬੁਲਾਉਣ ਦੀ ਨੌਬਤ ਆਉਣਾ ਬਹੁਤ ਹੀ ਸ਼ਰਮਨਾਕ ਗੱਲ ਹੈ। ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਨੂੰ ਆਪਣੇ ਵਿਵਾਦ ਸੰਗਤੀ ਰੂਪ ਵਿੱਚ ਅਤੇ ਮਰਯਾਦਾ ਅੰਦਰ ਰਹਿ ਕੇ ਸੁਲਝਾਉਣੇ ਚਾਹੀਦੇ ਹਨ।
ਵਿਦੇਸ਼ ਮੰਤਰਾਲੇ ਤੋਂ ਦਖ਼ਲ ਦੀ ਮੰਗ
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਅਤੇ ਅਮਰੀਕਾ ਵਿੱਚ ਭਾਰਤੀ ਦੂਤਾਵਾਸ ਨੂੰ ਵੀ ਇਸ ਮਾਮਲੇ ਵਿੱਚ ਤੁਰੰਤ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ ਤਾਂ ਜੋ ਗੁਰੂ ਘਰਾਂ ਦੀ ਪਵਿੱਤਰਤਾ ਅਤੇ ਸਿੱਖ ਮਰਯਾਦਾ ਬਰਕਰਾਰ ਰਹੇ।

