ਸਵੇਰੇ 5 ਵਜੇ ਪਿੰਡ ਲਈ ਰਵਾਨਾ ਹੋਵੇਗੀ ਮ੍ਰਿਤਕ ਦੇਹ
ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਬੁਲਾਰੇ ਗੋਪਾਲ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਵਿੰਦਰ ਸਿੰਘ ਝੋਟੇ ਦਾ ਪੋਸਟਮਾਰਟਮ ਪੀਜੀਆਈ ਵਿੱਚ ਪੂਰਾ ਹੋ ਗਿਆ ਹੈ। ਉਨ੍ਹਾਂ ਅਨੁਸਾਰ 8 ਨਵੰਬਰ ਦੀ ਸਵੇਰ 5 ਵਜੇ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਪਿੰਡ ਲਈ ਰਵਾਨਾ ਕੀਤਾ ਜਾਵੇਗਾ। ਪਿੰਡ ਵਿੱਚ ਅੰਤਿਮ ਸੰਸਕਾਰ ਕਦੋਂ ਕੀਤਾ ਜਾਵੇਗਾ, ਇਸ ਬਾਰੇ ਪਰਿਵਾਰ ਵੱਲੋਂ ਅਜੇ ਕੋਈ ਅੰਤਿਮ ਫ਼ੈਸਲਾ ਨਹੀਂ ਲਿਆ ਗਿਆ।
ਐੱਸਐੱਸਪੀ ਦੇ ਤਬਾਦਲੇ ਦੀ ਮੰਗ ਤੇ ਅੰਨ ਤਿਆਗਿਆ
ਦੂਜੇ ਪਾਸੇ, ਪਰਵਿੰਦਰ ਸਿੰਘ ਦੇ ਪਿਤਾ ਭੀਮ ਸਿੰਘ ਵੱਲੋਂ ਐੱਸਐੱਸਪੀ ਦਾਤ ਬਾਦਲ ਦੇ ਤਬਾਦਲੇ ਦੀ ਮੰਗ ਨੂੰ ਲੈ ਕੇ ਅੰਨ ਤਿਆਗਣ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਨੇ ਸਪੱਸ਼ਟ ਕੀਤਾ ਸੀ ਕਿ ਜਦੋਂ ਤੱਕ ਸਬੰਧਤ ਐੱਸਐੱਸਪੀ ਦਾ ਤਬਾਦਲਾ ਨਹੀਂ ਹੁੰਦਾ, ਉਹ ਖਾਣਾ ਨਹੀਂ ਖਾਣਗੇ। ਦੱਸਿਆ ਜਾ ਰਿਹਾ ਹੈ ਕਿ ਉਹ ਇਸ ਸਮੇਂ ਚੰਡੀਗੜ੍ਹ ਦੇ ਪੀਜੀਆਈ ਵਿੱਚ ਹੀ ਮੌਜੂਦ ਹਨ।
ਸਰਕਾਰੀ ਨੌਕਰੀ ਅਤੇ ਮੁਆਵਜ਼ੇ ਦੀ ਪੇਸ਼ਕਸ਼ ਲੈਣ ਤੋਂ ਇਨਕਾਰ
ਭੀਮ ਸਿੰਘ ਨੇ ਸੋਸ਼ਲ ਮੀਡੀਆ ‘ਤੇ ਪਰਿਵਾਰ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਦਾ ਪਰਿਵਾਰ ਵਿਕਿਆ ਨਹੀਂ ਹੈ। ਉਨ੍ਹਾਂ ਨੇ ਦੋ ਕਰੋੜ ਰੁਪਏ ਦਾ ਮੁਆਵਜ਼ਾ ਜਾਂ ਸਰਕਾਰੀ ਨੌਕਰੀ ਲੈਣ ਤੋਂ ਵੀ ਇਨਕਾਰ ਕੀਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਪਰਿਵਾਰ ਦੀ ਮੁੱਖ ਮੰਗ ਇਨਸਾਫ਼ ਹੈ ਅਤੇ ਉਹ ਐੱਸਐੱਸਪੀ ਦੇ ਤਬਾਦਲੇ ਤੋਂ ਬਿਨਾਂ ਆਪਣਾ ਸੰਘਰਸ਼ ਖ਼ਤਮ ਨਹੀਂ ਕਰਨਗੇ।
ਪੀਜੀਆਈ ਵਿੱਚ ਡਾਕਟਰ ਕਰ ਰਹੇ ਹਨ ਜਾਂਚ
ਹੁਣ ਅੰਨ ਤਿਆਗਣ ਤੋਂ ਬਾਅਦ ਭੀਮ ਸਿੰਘ ਦੀ ਸਿਹਤ ਵਿਗੜਨ ਦੀ ਜਾਣਕਾਰੀ ਸਾਹਮਣੇ ਆਈ ਹੈ। ਉਨ੍ਹਾਂ ਦੀ ਪੀਜੀਆਈ ਵਿੱਚ ਡਾਕਟਰਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁੱਤਰ ਦੀ ਮ੍ਰਿਤਕ ਦੇਹ ਪਿੰਡ ਲਿਜਾਣ ਦੀਆਂ ਤਿਆਰੀਆਂ ਦੇ ਨਾਲ ਹੀ ਪਰਿਵਾਰ ਦੀ ਸਿਹਤ ਅਤੇ ਇਨਸਾਫ਼ ਦੀ ਮੰਗ ਨੂੰ ਲੈ ਕੇ ਅਗਲੇ ਕਦਮਾਂ ‘ਤੇ ਵੀ ਨਜ਼ਰ ਬਣੀ ਹੋਈ ਹੈ।