ਤਾਮਿਲਨਾਡੂ :- ਤਾਮਿਲਨਾਡੂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਵੀ ਸੂਬੇ ਵਿੱਚ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਸਿਆਸੀ ਤਸਵੀਰ ਹਾਲੇ ਸਾਫ਼ ਨਹੀਂ ਹੋ ਸਕੀ। ਤਾਮਿਲਗਾ ਵੇਟਰੀ ਕਜ਼ਗਮ ਦੇ ਮੁਖੀ ਵਿਜੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਵਿੱਚ ਹੋ ਰਹੀ ਦੇਰੀ ਕਾਰਨ ਸਮਰਥਕਾਂ ਵਿੱਚ ਨਾਰਾਜ਼ਗੀ ਲਗਾਤਾਰ ਵਧ ਰਹੀ ਹੈ। ਇਸੇ ਦਰਮਿਆਨ ਇਕ ਹੈਰਾਨੀਜਨਕ ਘਟਨਾ ਸਾਹਮਣੇ ਆਈ, ਜਿੱਥੇ ਪਾਰਟੀ ਦੇ ਇਕ ਸਮਰਥਕ ਨੇ ਭਾਵੁਕ ਹੋ ਕੇ ਖੁਦ ਨੂੰ ਅੱਗ ਲਗਾ ਲਈ।
ਗੰਭੀਰ ਹਾਲਤ ’ਚ ਹਸਪਤਾਲ ਦਾਖ਼ਲ
ਮਿਲੀ ਜਾਣਕਾਰੀ ਅਨੁਸਾਰ 40 ਸਾਲਾ ਸਮਰਥਕ ਇਸੱਕਿਯੱਪਨ ਨੇ ਵਿਜੇ ਦੇ ਮੁੱਖ ਮੰਤਰੀ ਬਣਨ ਵਿੱਚ ਹੋ ਰਹੀ ਦੇਰੀ ਤੋਂ ਦੁਖੀ ਹੋ ਕੇ ਇਹ ਖੌਫਨਾਕ ਕਦਮ ਚੁੱਕਿਆ। ਘਟਨਾ ਤੋਂ ਤੁਰੰਤ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਮੁਤਾਬਕ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਪਹਿਲਾਂ ਵੀ ਕਰ ਚੁੱਕਾ ਸੀ ਅਜੀਬ ਹਰਕਤ
ਸੂਤਰਾਂ ਮੁਤਾਬਕ ਇਸੱਕਿਯੱਪਨ ਪਹਿਲਾਂ ਵੀ ਵਿਜੇ ਲਈ ਆਪਣੀ ਭਾਵਨਾ ਜ਼ਾਹਿਰ ਕਰਨ ਲਈ ਚਰਚਾ ਵਿੱਚ ਰਹਿ ਚੁੱਕਾ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਮਹੀਨੇ ਪਹਿਲਾਂ ਉਸ ਨੇ ਵਿਜੇ ਦੇ ਮੁੱਖ ਮੰਤਰੀ ਬਣਨ ਦੀ ਮੰਗ ਕਰਦਿਆਂ ਆਪਣੇ ਚਿਹਰੇ ਵਿਚੋਂ ਲੰਬਾ ਬਰਛਾ ਲੰਘਾ ਕੇ ਧਾਰਮਿਕ ਮਨੌਤੀਆਂ ਵਾਲਾ ਪ੍ਰਦਰਸ਼ਨ ਕੀਤਾ ਸੀ।
ਸਿਆਸੀ ਮਾਹੌਲ ਹੋਇਆ ਗਰਮ
ਇੱਕ ਪਾਸੇ ਪੱਛਮੀ ਬੰਗਾਲ ਵਿੱਚ ਨਵੀਂ ਸਰਕਾਰ ਬਣ ਚੁੱਕੀ ਹੈ ਅਤੇ ਉੱਥੇ ਮੁੱਖ ਮੰਤਰੀ ਵੱਲੋਂ ਸਹੁੰ ਵੀ ਚੁੱਕੀ ਜਾ ਚੁੱਕੀ ਹੈ, ਜਦਕਿ ਤਾਮਿਲਨਾਡੂ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰਨ ਦੇ ਬਾਵਜੂਦ ਹਾਲੇ ਤੱਕ ਸਰਕਾਰ ਦੇ ਗਠਨ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਹੈ। ਇਸ ਕਾਰਨ ਸੂਬੇ ਦਾ ਸਿਆਸੀ ਮਾਹੌਲ ਲਗਾਤਾਰ ਗਰਮ ਹੋ ਰਿਹਾ ਹੈ।
ਸ਼ਾਂਤੀ ਬਣਾਈ ਰੱਖਣ ਦੀ ਅਪੀਲ
ਇਸ ਮਾਮਲੇ ਤੋਂ ਬਾਅਦ ਕਈ ਸਿਆਸੀ ਆਗੂਆਂ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਸਿਆਸੀ ਵਰਗ ਦਾ ਕਹਿਣਾ ਹੈ ਕਿ ਜਨਤਾ ਦੇ ਫ਼ੈਸਲੇ ਦਾ ਸਤਿਕਾਰ ਕਰਦਿਆਂ ਸੰਵਿਧਾਨਕ ਪ੍ਰਕਿਰਿਆ ਤਹਿਤ ਹੀ ਸਰਕਾਰ ਬਣੇਗੀ ਅਤੇ ਸਮਰਥਕਾਂ ਨੂੰ ਭਾਵਨਾਵਾਂ ਵਿੱਚ ਆ ਕੇ ਅਜਿਹੇ ਕਦਮ ਨਹੀਂ ਚੁੱਕਣੇ ਚਾਹੀਦੇ।

