ਚੰਡੀਗੜ੍ਹ :- ਪੰਜਾਬ ਪੁਲਿਸ ਵਿੱਚ ਸਬ-ਇੰਸਪੈਕਟਰ ਬਣਨ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਭਰਤੀ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਸਬ-ਇੰਸਪੈਕਟਰ ਦੀ ਸਿੱਧੀ ਭਰਤੀ ਦੀ ਥਾਂ ਸਹਾਇਕ ਸਬ-ਇੰਸਪੈਕਟਰ ਦੇ ਅਹੁਦੇ ’ਤੇ ਸਿੱਧੀ ਭਰਤੀ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਪੰਜਾਬ ਪੁਲਿਸ ਨਿਯਮ, 1934 ਵਿੱਚ ਸੋਧ ਕਰਦਿਆਂ ‘ਪੰਜਾਬ ਪੁਲਿਸ (ਦੂਜਾ ਸੋਧ) ਨਿਯਮ, 2026’ ਲਾਗੂ ਕਰ ਦਿੱਤਾ ਗਿਆ ਹੈ। ਨਵੀਂ ਵਿਵਸਥਾ ਭਵਿੱਖ ਵਿੱਚ ਹੋਣ ਵਾਲੀਆਂ ਭਰਤੀਆਂ ’ਤੇ ਲਾਗੂ ਹੋਵੇਗੀ।
ਪਹਿਲਾਂ ਐੱਸ.ਆਈ. ਦੀਆਂ 50 ਫ਼ੀਸਦੀ ਅਸਾਮੀਆਂ ਸਿੱਧੀ ਭਰਤੀ ਨਾਲ ਭਰੀਆਂ ਜਾਂਦੀਆਂ ਸਨ
ਪੁਰਾਣੇ ਨਿਯਮਾਂ ਤਹਿਤ ਪੰਜਾਬ ਪੁਲਿਸ ਵਿੱਚ ਸਬ-ਇੰਸਪੈਕਟਰ ਦੀਆਂ ਕੁੱਲ ਅਸਾਮੀਆਂ ਵਿੱਚੋਂ 50 ਫ਼ੀਸਦੀ ਤੱਕ ਅਸਾਮੀਆਂ ਸਿੱਧੀ ਭਰਤੀ ਰਾਹੀਂ ਭਰਨ ਦੀ ਵਿਵਸਥਾ ਸੀ। ਨਿਯਮਾਂ ਵਿੱਚ ਤਾਜ਼ਾ ਸੋਧ ਤੋਂ ਬਾਅਦ ਇਹ ਭਰਤੀ ਢਾਂਚਾ ਬਦਲ ਗਿਆ ਹੈ ਅਤੇ ਹੁਣ ਸਹਾਇਕ ਸਬ-ਇੰਸਪੈਕਟਰ ਦੇ ਅਹੁਦੇ ਲਈ ਸਿੱਧੀ ਭਰਤੀ ਦਾ ਰਸਤਾ ਰੱਖਿਆ ਗਿਆ ਹੈ।
ਐੱਸ.ਆਈ. ਦੀ ਤਿਆਰੀ ਕਰ ਰਹੇ ਉਮੀਦਵਾਰਾਂ ’ਤੇ ਪਵੇਗਾ ਅਸਰ
ਨਵੇਂ ਨਿਯਮਾਂ ਨਾਲ ਉਨ੍ਹਾਂ ਉਮੀਦਵਾਰਾਂ ਦੀ ਭਰਤੀ ਯੋਜਨਾ ਪ੍ਰਭਾਵਿਤ ਹੋ ਸਕਦੀ ਹੈ, ਜੋ ਪੰਜਾਬ ਪੁਲਿਸ ਵਿੱਚ ਸਬ-ਇੰਸਪੈਕਟਰ ਦੀ ਸਿੱਧੀ ਭਰਤੀ ਦੀ ਤਿਆਰੀ ਕਰ ਰਹੇ ਸਨ। ਹੁਣ ਉਮੀਦਵਾਰਾਂ ਨੂੰ ਏ.ਐੱਸ.ਆਈ. ਦੀ ਭਰਤੀ ਲਈ ਲਾਗੂ ਹੋਣ ਵਾਲੀ ਯੋਗਤਾ, ਉਮਰ ਹੱਦ ਅਤੇ ਚੋਣ ਪ੍ਰਕਿਰਿਆ ਅਨੁਸਾਰ ਤਿਆਰੀ ਕਰਨੀ ਪਵੇਗੀ। ਨਵੀਂ ਵਿਵਸਥਾ ਤਹਿਤ ਪੰਜਾਬ ਪੁਲਿਸ ਵਿੱਚ ਸਿੱਧੀ ਐੱਸ.ਆਈ. ਭਰਤੀ ਦੀ ਬਜਾਏ ਏ.ਐੱਸ.ਆਈ. ਪੱਧਰ ’ਤੇ ਭਰਤੀ ਕੀਤੀ ਜਾਵੇਗੀ।

