ਚੰਡੀਗੜ੍ਹ :- ਚੰਡੀਗੜ੍ਹ-ਸਰਹਿੰਦ ਰੋਡ ‘ਤੇ ਪਿੰਡ ਪੀਰ ਜੈਨ ਨੇੜੇ ਬੁੱਧਵਾਰ ਦੇਰ ਰਾਤ ਇੱਕ ਭਿਆਨਕ ਸੜਕ ਹਾਦਸੇ ਨੇ ਦੋ ਪਰਿਵਾਰਾਂ ਵਿੱਚ ਮਾਤਮ ਛਾ ਦਿੱਤਾ। ਕਰੀਬ 11 ਵਜੇ ਚੰਡੀਗੜ੍ਹ ਵੱਲੋਂ ਆ ਰਹੇ ਇੱਕ ਟਰੱਕ ਦੀ ਸਕੂਟਰ ਨਾਲ ਜ਼ੋਰਦਾਰ ਟੱਕਰ ਹੋ ਗਈ। ਟੱਕਰ ਦਾ ਅਸਰ ਇੰਨਾ ਭਿਆਨਕ ਸੀ ਕਿ ਸਕੂਟਰ ਟਰੱਕ ਹੇਠਾਂ ਫਸ ਗਿਆ ਅਤੇ ਕੁਝ ਹੀ ਪਲਾਂ ਵਿੱਚ ਦੋਵੇਂ ਵਾਹਨਾਂ ਨੂੰ ਅੱਗ ਲੱਗ ਗਈ।
ਅੱਗ ਦੀ ਲਪੇਟ ਵਿੱਚ ਆ ਕੇ ਦੋਵਾਂ ਦੀ ਮੌਤ
ਹਾਦਸੇ ਤੋਂ ਬਾਅਦ ਲੱਗੀ ਅੱਗ ਨੇ ਦੇਖਦੇ ਹੀ ਦੇਖਦੇ ਟਰੱਕ ਅਤੇ ਸਕੂਟਰ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ ਵਿੱਚ ਲੈ ਲਿਆ। ਸਕੂਟਰ ‘ਤੇ ਸਵਾਰ ਦੋਵੇਂ ਵਿਅਕਤੀ ਅੱਗ ਵਿੱਚ ਫਸ ਗਏ ਅਤੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 42 ਸਾਲਾ ਮਨਦੀਪ ਸਿੰਘ ਵਾਸੀ ਪਿੰਡ ਕੋਟਲਾ ਬਜਵਾੜਾ ਅਤੇ 25 ਸਾਲਾ ਪੂਜਾ ਵਾਸੀ ਪਿੰਡ ਮਾਨੂਪੁਰ ਵਜੋਂ ਹੋਈ ਹੈ। ਮਨਦੀਪ ਸਿੰਘ ਲੱਕੜ ਦਾ ਕਾਰੀਗਰ ਸੀ।
ਟੱਕਰ ਇੰਨੀ ਜ਼ੋਰਦਾਰ ਕਿ ਸਰੀਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ
ਪੁਲਿਸ ਮੁਤਾਬਕ ਟੱਕਰ ਬੇਹੱਦ ਭਿਆਨਕ ਸੀ, ਜਿਸ ਕਾਰਨ ਦੋਵੇਂ ਮ੍ਰਿਤਕਾਂ ਨੂੰ ਗੰਭੀਰ ਸੱਟਾਂ ਲੱਗੀਆਂ। ਹਾਦਸੇ ਮਗਰੋਂ ਲੱਗੀ ਅੱਗ ਕਾਰਨ ਵਾਹਨ ਵੀ ਪੂਰੀ ਤਰ੍ਹਾਂ ਸੜ ਕੇ ਨਸ਼ਟ ਹੋ ਗਏ, ਜਿਸ ਨਾਲ ਘਟਨਾ ਦਾ ਮੰਜ਼ਰ ਬਹੁਤ ਹੀ ਦਰਦਨਾਕ ਬਣ ਗਿਆ।
ਪੁਲਿਸ ਅਤੇ ਰੋਡ ਸੇਫਟੀ ਫੋਰਸ ਨੇ ਸੰਭਾਲਿਆ ਮੋਰਚਾ
ਘਟਨਾ ਦੀ ਸੂਚਨਾ ਮਿਲਦੇ ਹੀ ਪੰਜਾਬ ਪੁਲਿਸ ਦੀ ਰੋਡ ਸੇਫਟੀ ਫੋਰਸ ਅਤੇ ਥਾਣਾ ਬਡਾਲੀ ਆਲਾ ਸਿੰਘ ਦੀ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ। ਪੁਲਿਸ ਅਤੇ ਸਥਾਨਕ ਲੋਕਾਂ ਨੇ ਮਿਲ ਕੇ ਅੱਗ ‘ਤੇ ਕਾਬੂ ਪਾਇਆ ਅਤੇ ਰਸਤੇ ‘ਤੇ ਆਵਾਜਾਈ ਨੂੰ ਮੁੜ ਚਾਲੂ ਕਰਵਾਇਆ।
ਪੋਸਟਮਾਰਟਮ ਲਈ ਭੇਜੀਆਂ ਲਾਸ਼ਾਂ, ਜਾਂਚ ਸ਼ੁਰੂ
ਸਹਾਇਕ ਐੱਸਐੱਚਓ ਰਾਮ ਸਿੰਘ ਨੇ ਦੱਸਿਆ ਕਿ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ, ਜਦਕਿ ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਭੇਜ ਦਿੱਤੀਆਂ ਗਈਆਂ ਹਨ। ਪੁਲਿਸ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕਰ ਰਹੀ ਹੈ ਅਤੇ ਮਾਮਲੇ ਵਿੱਚ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

