ਨਵੀਂ ਦਿੱਲੀ :- ਅਫਗਾਨਿਸਤਾਨ ਖ਼ਿਲਾਫ਼ ਹੋਣ ਵਾਲੀ ਟੈਸਟ ਅਤੇ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਮੰਗਲਵਾਰ ਨੂੰ ਕੀਤਾ ਜਾਣਾ ਹੈ। ਚੋਣ ਤੋਂ ਪਹਿਲਾਂ ਸਭ ਤੋਂ ਵੱਡੀ ਚਰਚਾ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਵਰਕਲੋਡ ਨੂੰ ਲੈ ਕੇ ਚੱਲ ਰਹੀ ਹੈ। ਟੀਮ ਪ੍ਰਬੰਧਨ ਅਤੇ ਚੋਣਕਾਰ ਉਸ ਦੇ ਸਰੀਰ ‘ਤੇ ਵਧਦੇ ਦਬਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਈ ਵੱਡਾ ਜੋਖਿਮ ਲੈਣ ਦੇ ਹੱਕ ਵਿੱਚ ਨਹੀਂ ਦਿਸ ਰਹੇ। ਸੰਭਾਵਨਾ ਹੈ ਕਿ ਬੁਮਰਾਹ ਨੂੰ ਦੋਵਾਂ ਫਾਰਮੈਟਾਂ ਵਿੱਚ ਇਕੱਠੇ ਨਾ ਖਿਲਾਇਆ ਜਾਵੇ।
ਰੋਹਿਤ ਦੀ ਫਿੱਟਨੈਸ ਨੇ ਵੀ ਵਧਾਈ ਟੈਂਸ਼ਨ
ਭਾਰਤੀ ਕਪਤਾਨ ਰੋਹਿਤ ਸ਼ਰਮਾ ਦੀ ਸਿਹਤ ਵੀ ਚੋਣਕਾਰਾਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਸੱਟ ਤੋਂ ਬਾਅਦ ਲੰਬੇ ਸਮੇਂ ਤੱਕ ਟੀਮ ਤੋਂ ਦੂਰ ਰਹਿਣ ਅਤੇ ਹਾਲੀਆ ਮੈਚਾਂ ਵਿੱਚ ਸਿਰਫ਼ ‘ਇੰਪੈਕਟ ਪਲੇਅਰ’ ਵਜੋਂ ਨਜ਼ਰ ਆਉਣ ਕਾਰਨ ਉਸ ਦੀ ਪੂਰੀ ਫਿੱਟਨੈਸ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਚੋਣਕਾਰਾਂ ਦਾ ਰੁਖ ਸਾਫ਼ ਦਿਖ ਰਿਹਾ ਹੈ ਕਿ ਅਧੂਰੀ ਤਿਆਰੀ ਨਾਲ ਕਿਸੇ ਖਿਡਾਰੀ ਨੂੰ ਮੌਕਾ ਨਹੀਂ ਦਿੱਤਾ ਜਾਵੇਗਾ।
ਵਨਡੇ ਟੀਮ ਵਿੱਚ ਵਿਕਟਕੀਪਰ ਦੀ ਦੌੜ ਹੋਈ ਦਿਲਚਸਪ
ਵਨਡੇ ਸਕਵਾਡ ਵਿੱਚ ਵਿਕਟਕੀਪਰ ਦੀ ਜਗ੍ਹਾ ਲਈ ਹੁਣ ਸਖ਼ਤ ਮੁਕਾਬਲਾ ਬਣ ਗਿਆ ਹੈ। ਰਿਸ਼ਭ ਪੰਤ ਲਈ ਟੀਮ ਵਿੱਚ ਸਥਾਨ ਪੱਕਾ ਕਰਨਾ ਆਸਾਨ ਨਹੀਂ ਦਿਖ ਰਿਹਾ, ਕਿਉਂਕਿ ਇਸ਼ਾਨ ਕਿਸ਼ਨ ਅਤੇ ਸੰਜੂ ਸੈਮਸਨ ਦੋਵੇਂ ਹੀ ਆਪਣੀ ਦਾਅਵੇਦਾਰੀ ਮਜ਼ਬੂਤ ਕਰ ਰਹੇ ਹਨ। ਚੋਣਕਾਰਾਂ ਲਈ ਇਹ ਫੈਸਲਾ ਕਾਫੀ ਮੁਸ਼ਕਲ ਹੋ ਸਕਦਾ ਹੈ।
ਕੋਹਲੀ ਨੇ ਫਿਰ ਮਜ਼ਬੂਤ ਕੀਤੀ ਆਪਣੀ ਥਾਂ
ਵਿਰਾਟ ਕੋਹਲੀ ਨੇ ਆਈਪੀਐਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਇੱਕ ਵਾਰ ਫਿਰ ਆਪਣੀ ਅਹਿਮੀਅਤ ਸਾਬਤ ਕੀਤੀ ਹੈ। ਰੋਹਿਤ ਦੀ ਗੈਰਮੌਜੂਦਗੀ ਦੇ ਦੌਰਾਨ ਕੋਹਲੀ ਟੀਮ ਦੇ ਸਭ ਤੋਂ ਭਰੋਸੇਯੋਗ ਬੱਲੇਬਾਜ਼ ਵਜੋਂ ਸਾਹਮਣੇ ਆਏ ਹਨ ਅਤੇ ਵਨਡੇ ਟੀਮ ਵਿੱਚ ਉਨ੍ਹਾਂ ਦੀ ਜਗ੍ਹਾ ਲਗਭਗ ਪੱਕੀ ਮੰਨੀ ਜਾ ਰਹੀ ਹੈ।
ਟੈਸਟ ਟੀਮ ਵਿੱਚ ਨੰਬਰ-3 ਲਈ ਤਲਾਸ਼ ਜਾਰੀ
ਟੈਸਟ ਕ੍ਰਿਕਟ ਵਿੱਚ ਨੰਬਰ-3 ਦੀ ਸਮੱਸਿਆ ਅਜੇ ਵੀ ਭਾਰਤੀ ਟੀਮ ਲਈ ਚੁਣੌਤੀ ਬਣੀ ਹੋਈ ਹੈ। ਚੇਤੇਸ਼ਵਰ ਪੁਜਾਰਾ ਤੋਂ ਬਾਅਦ ਇਸ ਸਥਾਨ ‘ਤੇ ਕੋਈ ਵੀ ਖਿਡਾਰੀ ਪੂਰੀ ਤਰ੍ਹਾਂ ਖਰਾ ਨਹੀਂ ਉਤਰ ਸਕਿਆ। ਸਾਈ ਸੁਦਰਸ਼ਨ ਨੂੰ ਮੌਕਾ ਦਿੱਤਾ ਗਿਆ ਸੀ, ਪਰ ਉਹ ਪ੍ਰਭਾਵ ਛੱਡਣ ਵਿੱਚ ਨਾਕਾਮ ਰਹੇ। ਹੁਣ ਚੋਣਕਾਰਾਂ ਦੀ ਨਜ਼ਰ ਦੇਵਦੱਤ ਪਡਿਕੱਲ ‘ਤੇ ਟਿਕੀ ਹੋਈ ਹੈ, ਜਿਸ ਨੂੰ ਲੰਬੇ ਸਮੇਂ ਦੀ ਯੋਜਨਾ ਦਾ ਹਿੱਸਾ ਮੰਨਿਆ ਜਾ ਰਿਹਾ ਹੈ।
ਨੌਜਵਾਨ ਗੇਂਦਬਾਜ਼ਾਂ ‘ਤੇ ਵੀ ਰਹੇਗੀ ਨਜ਼ਰ
ਜੰਮੂ-ਕਸ਼ਮੀਰ ਦੇ ਤੇਜ਼ ਗੇਂਦਬਾਜ਼ ਆਕਿਬ ਨਬੀ ਨੇ ਰਣਜੀ ਟਰਾਫੀ ਵਿੱਚ 60 ਵਿਕਟਾਂ ਹਾਸਲ ਕਰਕੇ ਚੋਣਕਾਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਪ੍ਰਦਰਸ਼ਨ ਤੋਂ ਬਾਅਦ ਉਸ ਨੂੰ ਨਜ਼ਰਅੰਦਾਜ਼ ਕਰਨਾ ਮੁਸ਼ਕਲ ਦਿਖ ਰਿਹਾ ਹੈ। ਉੱਥੇ ਹੀ ਆਈਪੀਐਲ ਵਿੱਚ ਆਪਣੀ ਰਫ਼ਤਾਰ ਅਤੇ ਹਮਲਾਵਰ ਗੇਂਦਬਾਜ਼ੀ ਨਾਲ ਪ੍ਰਭਾਵ ਛੱਡਣ ਵਾਲੇ ਪ੍ਰਿੰਸ ਯਾਦਵ ਨੂੰ ਵੀ ਵਨਡੇ ਟੀਮ ਵਿੱਚ ਮੌਕਾ ਮਿਲ ਸਕਦਾ ਹੈ।

