ਖੰਨਾ :- ਜੀਟੀ ਰੋਡ ’ਤੇ ਸਥਿਤ ਪ੍ਰੇਮ ਵੈਸ਼ਨੋ ਢਾਬੇ ’ਤੇ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਖੰਨਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਦੋ ਮੁੱਖ ਸ਼ੂਟਰਾਂ ਸਮੇਤ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸੀਸੀਟੀਵੀ ਵਿੱਚ ਬੇਖੌਫ਼ ਦਿਖੇ ਹਮਲਾਵਰ
ਸਾਹਮਣੇ ਆਈ ਵੀਡੀਓ ਵਿੱਚ ਦੋ ਨੌਜਵਾਨ ਮੋਟਰਸਾਈਕਲ ’ਤੇ ਆਉਂਦੇ ਅਤੇ ਢਾਬੇ ਦੇ ਬਾਹਰ ਖੁੱਲ੍ਹੇਆਮ ਗੋਲੀਬਾਰੀ ਕਰਦੇ ਨਜ਼ਰ ਆ ਰਹੇ ਹਨ। ਹੈਰਾਨੀ ਦੀ ਗੱਲ ਇਹ ਰਹੀ ਕਿ ਉਸ ਵੇਲੇ ਆਮ ਲੋਕ ਵੀ ਸੜਕ ਤੋਂ ਲੰਘ ਰਹੇ ਸਨ, ਪਰ ਮੁਲਜ਼ਮਾਂ ਨੇ ਬਿਨਾਂ ਕਿਸੇ ਡਰ ਦੇ ਫਾਇਰਿੰਗ ਕੀਤੀ ਅਤੇ ਮੌਕੇ ਤੋਂ ਫਰਾਰ ਹੋ ਗਏ।
150 ਕਿਲੋਮੀਟਰ ਤੱਕ ਖੰਗਾਲੇ ਗਏ ਕੈਮਰੇ
ਐੱਸਐੱਸਪੀ ਡਾ. ਦਰਪਨ ਆਹਲੂਵਾਲੀਆ ਨੇ ਦੱਸਿਆ ਕਿ 1 ਮਈ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਤੁਰੰਤ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ। ਪੁਲਿਸ ਨੇ ਕਰੀਬ 150 ਕਿਲੋਮੀਟਰ ਦੇ ਦਾਇਰੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਅਤੇ ਤਕਨੀਕੀ ਸਬੂਤਾਂ ਦੇ ਆਧਾਰ ’ਤੇ ਮੁਲਜ਼ਮਾਂ ਤੱਕ ਪਹੁੰਚਣ ਵਿੱਚ ਕਾਮਯਾਬੀ ਹਾਸਲ ਕੀਤੀ।
ਮੋਹਾਲੀ ਤੋਂ ਦੋ ਮੁੱਖ ਸ਼ੂਟਰ ਗ੍ਰਿਫ਼ਤਾਰ
ਜਾਂਚ ਦੌਰਾਨ ਮਲੇਰਕੋਟਲਾ ਦੇ ਫਲੋਦ ਕਲਾਂ ਵਾਸੀ ਸਾਹਿਬਜੋਤ ਸਿੰਘ ਅਤੇ ਸ਼ਿਮਲਾਪੁਰੀ ਦੇ ਮਨੀਸ਼ ਸ਼ਰਮਾ ਨੂੰ ਮੋਹਾਲੀ ਤੋਂ ਕਾਬੂ ਕੀਤਾ ਗਿਆ। ਪੁੱਛਗਿੱਛ ਦੌਰਾਨ ਦੋਵਾਂ ਨੇ ਢਾਬੇ ’ਤੇ ਗੋਲੀਬਾਰੀ ਕਰਨ ਦੀ ਗੱਲ ਮੰਨ ਲਈ। ਪੁਲਿਸ ਮੁਤਾਬਕ ਘਟਨਾ ਵਿੱਚ ਵਰਤੀ ਮੋਟਰਸਾਈਕਲ ਵੀ ਚੋਰੀ ਦੀ ਸੀ।
ਰੇਕੀ ਤੋਂ ਲੈ ਕੇ ਹਥਿਆਰ ਤੱਕ, ਸਭ ਕੁਝ ਪਹਿਲਾਂ ਤੋਂ ਤਿਆਰ ਸੀ
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਪਰਵਿੰਦਰ ਸਿੰਘ ਉਰਫ਼ ਲਾਡੀ ਨੇ ਆਪਣੇ ਸਾਥੀਆਂ ਅਮਨਦੀਪ ਸਿੰਘ ਉਰਫ਼ ਅਮਨੀ, ਵਿਵੇਕ ਸਿੰਘ ਉਰਫ਼ ਵਿੱਕੀ ਅਤੇ ਮੁਹੰਮਦ ਅਖਤਰ ਨਾਲ ਮਿਲ ਕੇ ਪੂਰੀ ਸਾਜ਼ਿਸ਼ ਰਚੀ ਸੀ। ਮੁਲਜ਼ਮਾਂ ਨੇ ਸ਼ੂਟਰਾਂ ਲਈ ਹਥਿਆਰ, ਬਾਈਕ ਅਤੇ ਛੁਪਣ ਦੀ ਥਾਂ ਦਾ ਪ੍ਰਬੰਧ ਕੀਤਾ, ਜਦਕਿ ਅਖਤਰ ਨੇ ਪਹਿਲਾਂ ਢਾਬੇ ਦੀ ਰੇਕੀ ਕੀਤੀ ਸੀ। ਪੁਲਿਸ ਨੇ ਅਮਨੀ, ਵਿੱਕੀ ਅਤੇ ਅਖਤਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ, ਪਰ ਲਾਡੀ ਅਜੇ ਪੁਲਿਸ ਦੀ ਗ੍ਰਿਫ਼ ਤੋਂ ਬਾਹਰ ਹੈ।
ਹਥਿਆਰ ਬਰਾਮਦਗੀ ਦੌਰਾਨ ਭੱਜਣ ਦੀ ਕੋਸ਼ਿਸ਼
ਐੱਸਐੱਸਪੀ ਨੇ ਦੱਸਿਆ ਕਿ ਮਨੀਸ਼ ਸ਼ਰਮਾ ਨੇ ਪੁੱਛਗਿੱਛ ਦੌਰਾਨ ਲੁਕਾਏ ਗਏ ਹਥਿਆਰਾਂ ਬਾਰੇ ਜਾਣਕਾਰੀ ਦਿੱਤੀ। ਜਦੋਂ ਪੁਲਿਸ ਟੀਮ ਉਸ ਨੂੰ ਲੈ ਕੇ ਇਸਦੂ ਪਿੰਡ ਨੇੜੇ ਪਹੁੰਚੀ ਤਾਂ ਉਸਨੇ ਪੁਲਿਸ ਨੂੰ ਚਕਮਾ ਦੇ ਕੇ ਗੱਡੀ ਦੀ ਛੱਤ ਤੋਂ ਛਾਲ ਮਾਰ ਦਿੱਤੀ। ਇਸ ਦੌਰਾਨ ਉਹ ਜ਼ਖਮੀ ਹੋ ਗਿਆ ਅਤੇ ਉਸਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਆਸਟ੍ਰੇਲੀਆ ਬੈਠੇ ਗੈਂਗ ਨਾਲ ਜੁੜੇ ਤਾਰ
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਆਸਟ੍ਰੇਲੀਆ ਵਿੱਚ ਬੈਠਾ ਸ਼ਗਨਪ੍ਰੀਤ ਸਿੰਘ ਗੈਂਗਸਟਰ ਡੌਨੀ ਬਾਲ ਨਾਲ ਮਿਲ ਕੇ ਪੰਜਾਬ ਵਿੱਚ ਜ਼ਬਰਦਸਤੀ ਅਤੇ ਦਹਿਸ਼ਤ ਫੈਲਾਉਣ ਵਾਲੀਆਂ ਗਤੀਵਿਧੀਆਂ ਚਲਾ ਰਿਹਾ ਹੈ। ਪੁਲਿਸ ਦਾ ਮੰਨਣਾ ਹੈ ਕਿ ਢਾਬੇ ’ਤੇ ਹੋਈ ਗੋਲੀਬਾਰੀ ਦੇ ਪਿੱਛੇ ਵੀ ਇਸੇ ਗਿਰੋਹ ਦਾ ਹੱਥ ਹੈ।
ਹੋਰ ਖੁਲਾਸਿਆਂ ਦੀ ਸੰਭਾਵਨਾ
ਪੁਲਿਸ ਵੱਲੋਂ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਅੱਗੇ ਵਧਣ ਨਾਲ ਇਸ ਮਾਮਲੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ।

