ਅਮਰੀਕਾ :- ਅਮਰੀਕਾ ਨੇ ਵਿਸ਼ਵ ਪੱਧਰ ’ਤੇ ਫੈਲੇ ਨਸ਼ਾ ਤਸਕਰੀ ਗਿਰੋਹਾਂ ਖ਼ਿਲਾਫ਼ ਆਪਣੀ ਕਾਰਵਾਈ ਨੂੰ ਹੋਰ ਤੇਜ਼ ਕਰਦਿਆਂ ਭਾਰਤ ਨਾਲ ਜੁੜੇ 13 ਵਿਅਕਤੀਆਂ ’ਤੇ ਵੀਜ਼ਾ ਪਾਬੰਦੀਆਂ ਲਗਾ ਦਿੱਤੀਆਂ ਹਨ। ਅਮਰੀਕੀ ਵਿਦੇਸ਼ ਵਿਭਾਗ ਦਾ ਦਾਅਵਾ ਹੈ ਕਿ ਇਹ ਲੋਕ ਫੈਂਟਾਨਿਲ ਵਰਗੇ ਘਾਤਕ ਨਸ਼ੀਲੇ ਪਦਾਰਥਾਂ ਦੀ ਗੈਰਕਾਨੂੰਨੀ ਸਪਲਾਈ ਨਾਲ ਜੁੜੇ ਨੈੱਟਵਰਕ ਦਾ ਹਿੱਸਾ ਸਨ।
ਭਾਰਤ ਸਥਿਤ ਕੰਪਨੀ ਨਾਲ ਜੁੜੇ ਦੱਸੇ ਜਾ ਰਹੇ ਹਨ ਲੋਕ
ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਥਾਮਸ ਪਿਗੋਟ ਵੱਲੋਂ ਜਾਰੀ ਬਿਆਨ ਅਨੁਸਾਰ ਇਹ ਕਾਰਵਾਈ ਭਾਰਤ ਦੀ ਇੱਕ ਕੰਪਨੀ ‘ਕੇ.ਐੱਸ. ਇੰਟਰਨੈਸ਼ਨਲ ਟ੍ਰੇਡਰਜ਼’ ਨਾਲ ਸਬੰਧਿਤ ਲੋਕਾਂ ਖ਼ਿਲਾਫ਼ ਕੀਤੀ ਗਈ ਹੈ। ਦੋਸ਼ ਹੈ ਕਿ ਇਹ ਨੈੱਟਵਰਕ ਫੈਂਟਾਨਿਲ ਮਿਲੀਆਂ ਨਕਲੀ ਦਵਾਈਆਂ ਦੀ ਤਿਆਰੀ ਅਤੇ ਵੰਡ ਵਿੱਚ ਸ਼ਾਮਲ ਸੀ, ਜਿਨ੍ਹਾਂ ਨੇ ਅਮਰੀਕਾ ਵਿੱਚ ਵੱਡੇ ਪੱਧਰ ’ਤੇ ਜਨਤਕ ਸਿਹਤ ਸੰਕਟ ਪੈਦਾ ਕੀਤਾ।
ਫੈਂਟਾਨਿਲ ਨੂੰ ਦੱਸਿਆ ‘ਸਮੂਹਿਕ ਵਿਨਾਸ਼ ਦਾ ਹਥਿਆਰ’
ਅਮਰੀਕੀ ਪ੍ਰਸ਼ਾਸਨ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਪਹਿਲਾਂ ਹੀ ਗੈਰਕਾਨੂੰਨੀ ਫੈਂਟਾਨਿਲ ਨੂੰ ‘ਸਮੂਹਿਕ ਵਿਨਾਸ਼ ਦਾ ਹਥਿਆਰ’ ਕਰਾਰ ਦੇ ਚੁੱਕੇ ਹਨ। ਵਿਦੇਸ਼ ਵਿਭਾਗ ਮੁਤਾਬਕ ਇਹ ਗਿਰੋਹ ਇਸ ਖ਼ਤਰਨਾਕ ਨਸ਼ੇ ਦੀ ਤਸਕਰੀ ਰਾਹੀਂ ਵੱਡੇ ਪੱਧਰ ’ਤੇ ਮੁਨਾਫ਼ਾ ਕਮਾ ਰਿਹਾ ਸੀ।
ਅਮਰੀਕਾ ਦਾਖ਼ਲੇ ’ਤੇ ਲੱਗੀ ਪਾਬੰਦੀ
ਇਮੀਗ੍ਰੇਸ਼ਨ ਅਤੇ ਨੈਸ਼ਨਲਿਟੀ ਐਕਟ ਦੀ ਧਾਰਾ 212(a)(3)(C) ਤਹਿਤ ਇਨ੍ਹਾਂ 13 ਵਿਅਕਤੀਆਂ ਦੇ ਅਮਰੀਕਾ ਵਿੱਚ ਦਾਖ਼ਲੇ ’ਤੇ ਰੋਕ ਲਗਾ ਦਿੱਤੀ ਗਈ ਹੈ। ਅਮਰੀਕੀ ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਦੀਆਂ ਗਤੀਵਿਧੀਆਂ ਦੇਸ਼ ਦੇ ਰਾਸ਼ਟਰੀ ਹਿੱਤਾਂ ਲਈ ਖ਼ਤਰਾ ਬਣ ਰਹੀਆਂ ਸਨ।
ਨਸ਼ਾ ਤਸਕਰੀ ਖ਼ਿਲਾਫ਼ ਸਾਂਝੀ ਮੁਹਿੰਮ ਜਾਰੀ ਰਹੇਗੀ
ਅਮਰੀਕਾ ਨੇ ਸਪੱਸ਼ਟ ਕੀਤਾ ਹੈ ਕਿ ਇਹ ਕਦਮ ਭਾਰਤ ਅਤੇ ਅਮਰੀਕਾ ਵਿਚਕਾਰ ਨਸ਼ਾ ਤਸਕਰੀ ਦੇ ਨੈੱਟਵਰਕਾਂ ਨੂੰ ਖ਼ਤਮ ਕਰਨ ਲਈ ਚੱਲ ਰਹੇ ਸਾਂਝੇ ਯਤਨਾਂ ਦਾ ਹਿੱਸਾ ਹੈ। ਦੋਵੇਂ ਦੇਸ਼ ਅਜਿਹੀਆਂ ਗੈਰਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਇਕਾਈਆਂ ’ਤੇ ਨਿਗਰਾਨੀ ਅਤੇ ਕਾਰਵਾਈ ਜਾਰੀ ਰੱਖਣ ਲਈ ਵਚਨਬੱਧ ਹਨ।

