ਗੋਲੀਬਾਰੀ ਦੌਰਾਨ ਔਰਤ ਦੀ ਗਈ ਸੀ ਜਾਨ
ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਗੁਰੂ ਕੀ ਵਡਾਲੀ ਵਿੱਚ ਹੋਈ ਗੋਲੀਬਾਰੀ ਦੌਰਾਨ ਸਿਮਰਨਜੀਤ ਨਾਮ ਦਾ ਨੌਜਵਾਨ ਜ਼ਖ਼ਮੀ ਹੋ ਗਿਆ ਸੀ। ਇਸੇ ਦੌਰਾਨ ਨੇੜੇ ਕੰਮ ਕਰ ਰਹੀ ਦਲਬੀਰ ਕੌਰ ਨੂੰ ਵੀ ਗੋਲੀ ਲੱਗ ਗਈ। ਦੋਵਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ, ਪਰ ਦਲਬੀਰ ਕੌਰ ਦੀ ਜਾਨ ਨਹੀਂ ਬਚ ਸਕੀ।
ਇੱਕ ਔਰਤ ਦੀ ਮੌਤ ਹੋਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਲਈ ਵੱਖ-ਵੱਖ ਟੀਮਾਂ ਬਣਾਈਆਂ। ਡੀਸੀਪੀ ਸਿਟੀ ਜਸਕਰਨ ਤੇਜਾ, ਏਸੀਪੀ ਵੈਸਟ ਅਤੇ ਥਾਣਾ ਛੇਹਰਟਾ ਦੇ ਐਸਐਚਓ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਮੁਲਜ਼ਮਾਂ ਦੀ ਭਾਲ ਸ਼ੁਰੂ ਕੀਤੀ ਗਈ।
ਕੋਟ ਖਾਲਸਾ ’ਚ ਪੁਲਿਸ ਨਾਲ ਹੋਇਆ ਮੁਕਾਬਲਾ
ਪੁਲਿਸ ਕਮਿਸ਼ਨਰ ਅਨੁਸਾਰ ਮਨੁੱਖੀ ਖੁਫੀਆ ਜਾਣਕਾਰੀ ਅਤੇ ਤਕਨੀਕੀ ਜਾਂਚ ਰਾਹੀਂ ਪੁਲਿਸ ਨੂੰ ਮੁਲਜ਼ਮਾਂ ਦੇ ਕੋਟ ਖਾਲਸਾ ਵੱਲ ਜਾਣ ਬਾਰੇ ਪਤਾ ਲੱਗਾ। ਪੁਲਿਸ ਟੀਮਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਵੱਲੋਂ ਤਿੰਨ ਰਾਊਂਡ ਫਾਇਰ ਕੀਤੇ ਗਏ, ਜਿਸ ਦੇ ਜਵਾਬ ਵਿੱਚ ਪੁਲਿਸ ਨੇ ਪੰਜ ਗੋਲੀਆਂ ਚਲਾਈਆਂ।
ਇਸ ਗੋਲੀਬਾਰੀ ਦੌਰਾਨ ਦੋਵੇਂ ਸ਼ੂਟਰਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ। ਉਨ੍ਹਾਂ ਦੀ ਪਛਾਣ ਹਰਮਨਪ੍ਰੀਤ ਅਤੇ ਜਗਰੂਪ ਵਜੋਂ ਹੋਈ ਹੈ। ਦੋਵੇਂ ਅੰਮ੍ਰਿਤਸਰ ਦੇ ਰਹਿਣ ਵਾਲੇ ਦੱਸੇ ਗਏ ਹਨ। ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਹਸਪਤਾਲ ਦਾਖ਼ਲ ਕਰਵਾਇਆ ਹੈ। ਪੁਲਿਸ ਕਮਿਸ਼ਨਰ ਮੁਤਾਬਕ ਦੋਵੇਂ ਮੁਲਜ਼ਮਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ, ਹਾਲਾਂਕਿ ਡਾਕਟਰਾਂ ਵੱਲੋਂ ਅਗਲੇ 48 ਘੰਟਿਆਂ ਤੱਕ ਉਨ੍ਹਾਂ ਦੀ ਸਿਹਤ ’ਤੇ ਨਜ਼ਰ ਰੱਖੀ ਜਾਵੇਗੀ।
ਬਟਾਲਾ ਦੇ ਸਰਪੰਚ ਦੀ ਹੱਤਿਆ ਲਈ ਮਿਲੀ ਸੀ ਸੁਪਾਰੀ
ਜਾਂਚ ਦੌਰਾਨ ਪੁਲਿਸ ਸਾਹਮਣੇ ਇੱਕ ਹੋਰ ਅਹਿਮ ਜਾਣਕਾਰੀ ਆਈ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਫੜੇ ਗਏ ਦੋਵੇਂ ਸ਼ੂਟਰ ਵਿਦੇਸ਼ ਵਿੱਚ ਰਹਿ ਰਹੇ ਗੈਂਗਸਟਰ ਅੰਕੁਸ਼ ਬਾਮਨ ਦੇ ਸੰਪਰਕ ਵਿੱਚ ਸਨ। ਅੰਕੁਸ਼ ਬਾਮਨ ਅਤੇ ਕੇਸ਼ਵ ਸ਼ਿਵਾਲਾ ਵੱਲੋਂ ਉਨ੍ਹਾਂ ਨੂੰ ਬਟਾਲਾ ਵਿੱਚ ਇੱਕ ਸਰਪੰਚ ਜਾਂ ਉਸ ਦੇ ਨਿੱਜੀ ਸੁਰੱਖਿਆ ਮੁਲਾਜ਼ਮ ਦੀ ਹੱਤਿਆ ਕਰਨ ਲਈ 20 ਹਜ਼ਾਰ ਰੁਪਏ ਦਿੱਤੇ ਗਏ ਸਨ।
ਪੁਲਿਸ ਅਨੁਸਾਰ ਦੋਵੇਂ ਸ਼ੂਟਰ ਇਸ ਕੰਮ ਲਈ ਜਾ ਰਹੇ ਸਨ। ਉਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਬਟਾਲਾ ਵਿੱਚ ਹੋਣ ਵਾਲੀ ਇੱਕ ਹੋਰ ਸੰਭਾਵਿਤ ਵਾਰਦਾਤ ਨੂੰ ਰੋਕਿਆ ਗਿਆ ਹੈ। ਇਸ ਸਬੰਧੀ ਬਟਾਲਾ ਪੁਲਿਸ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ, ਤਾਂ ਜੋ ਸਬੰਧਤ ਸਰਪੰਚ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
ਪੁਰਾਣੀ ਰੰਜਿਸ਼ ਕਾਰਨ ਚੱਲੀ ਸੀ ਗੋਲੀ
ਗੁਰੂ ਕੀ ਵਡਾਲੀ ਵਿੱਚ ਹੋਈ ਗੋਲੀਬਾਰੀ ਦੇ ਕਾਰਨ ਬਾਰੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਪਿੱਛੇ ਪੁਰਾਣਾ ਝਗੜਾ ਸੀ। ਜਾਂਚ ਮੁਤਾਬਕ ਹਰਮਨਪ੍ਰੀਤ ਅਤੇ ਸਿਮਰਨਜੀਤ ਵਿਚਾਲੇ ਪਹਿਲਾਂ ਪੱਗ ਉਤਾਰਨ ਨੂੰ ਲੈ ਕੇ ਵਿਵਾਦ ਹੋਇਆ ਸੀ। ਵਾਰਦਾਤ ਵਾਲੇ ਦਿਨ ਜਦੋਂ ਹਰਮਨਪ੍ਰੀਤ ਅਤੇ ਜਗਰੂਪ ਕਿਸੇ ਹੋਰ ਕੰਮ ਲਈ ਜਾ ਰਹੇ ਸਨ ਤਾਂ ਉਨ੍ਹਾਂ ਦਾ ਸਾਹਮਣਾ ਸਿਮਰਨਜੀਤ ਨਾਲ ਹੋ ਗਿਆ।
ਪੁਰਾਣੀ ਰੰਜਿਸ਼ ਦੇ ਚੱਲਦਿਆਂ ਉਨ੍ਹਾਂ ਨੇ ਸਿਮਰਨਜੀਤ ’ਤੇ ਗੋਲੀ ਚਲਾ ਦਿੱਤੀ। ਗੋਲੀ ਉਸ ਦੀ ਛਾਤੀ ਵਿੱਚ ਲੱਗੀ। ਇਸੇ ਗੋਲੀਬਾਰੀ ਦੌਰਾਨ ਨੇੜੇ ਬੈਠੀ ਦਲਬੀਰ ਕੌਰ ਵੀ ਗੋਲੀ ਦੀ ਲਪੇਟ ਵਿੱਚ ਆ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਪਿਸਤੌਲ, ਮੋਟਰਸਾਈਕਲ ਅਤੇ ਨਕਦੀ ਬਰਾਮਦ
ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ 9 ਐੱਮਐੱਮ ਪਿਸਤੌਲ, ਤਿੰਨ ਖਾਲੀ ਕਾਰਤੂਸ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕੀਤਾ ਹੈ। ਮੋਟਰਸਾਈਕਲ ’ਤੇ ਰਜਿਸਟ੍ਰੇਸ਼ਨ ਨੰਬਰ ਨਹੀਂ ਸੀ ਅਤੇ ਨਾ ਹੀ ਇਸ ਸਬੰਧੀ ਕੋਈ ਦਸਤਾਵੇਜ਼ ਮਿਲੇ ਹਨ। ਇਸ ਤੋਂ ਇਲਾਵਾ ਪੁਲਿਸ ਨੇ ਸੁਪਾਰੀ ਵਜੋਂ ਮਿਲੀ 20 ਹਜ਼ਾਰ ਰੁਪਏ ਦੀ ਰਕਮ ਵਿੱਚੋਂ 7 ਹਜ਼ਾਰ ਰੁਪਏ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਮੁਲਜ਼ਮਾਂ ਦੇ ਮੋਬਾਈਲ ਫੋਨ ਵੀ ਕਬਜ਼ੇ ਵਿੱਚ ਲਏ ਗਏ ਹਨ।
ਗੈਂਗਸਟਰ ਦੇ ਸਥਾਨਕ ਸੰਪਰਕਾਂ ਦੀ ਵੀ ਹੋਵੇਗੀ ਜਾਂਚ
ਪੁਲਿਸ ਹੁਣ ਜ਼ਬਤ ਕੀਤੇ ਮੋਬਾਈਲ ਫੋਨਾਂ ਦੀ ਫੋਰੈਂਸਿਕ ਜਾਂਚ ਕਰਵਾ ਰਹੀ ਹੈ, ਤਾਂ ਜੋ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਅਤੇ ਉਨ੍ਹਾਂ ਦੇ ਸਥਾਨਕ ਸਾਥੀਆਂ ਨਾਲ ਸੰਪਰਕਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਅੰਕੁਸ਼ ਬਾਮਨ ਦੇ ਸਥਾਨਕ ਸਾਥੀਆਂ ਅਤੇ ਰਿਸ਼ਤੇਦਾਰਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ ਅਤੇ ਲੋੜ ਅਨੁਸਾਰ ਪੁੱਛਗਿੱਛ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਇਸ ਨੈੱਟਵਰਕ ਨਾਲ ਜੁੜੇ ਲੋਕਾਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।