ਕੈਨੇਡਾ :- ਕੈਨੇਡਾ ਦੇ ਮਾਂਟਰੀਅਲ ਸ਼ਹਿਰ ਤੋਂ ਪੰਜਾਬੀ ਭਾਈਚਾਰੇ ਲਈ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਲਾਚੀਨ ਨਹਿਰ ਵਿੱਚ ਡੁੱਬਣ ਕਾਰਨ ਪੰਜਾਬ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇੱਕ ਦੀ ਪਛਾਣ ਬਰਨਾਲਾ ਜ਼ਿਲ੍ਹੇ ਦੇ ਤਪਾ ਮੰਡੀ ਵਾਸੀ 26 ਸਾਲਾ ਲਵਪ੍ਰੀਤ ਸਿੰਘ ਵਜੋਂ ਹੋਈ ਹੈ, ਜਦਕਿ ਦੂਜਾ ਨੌਜਵਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬੁਤਾਲਾ (ਨੌਰੰਗਪੁਰ) ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਕੈਨੇਡੀਅਨ ਪੁਲਿਸ ਅਤੇ ਬਚਾਅ ਟੀਮਾਂ ਨੇ ਲੰਬਾ ਸਰਚ ਆਪ੍ਰੇਸ਼ਨ ਚਲਾਇਆ ਅਤੇ ਕਈ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਦੋਵਾਂ ਦੀਆਂ ਦੇਹਾਂ ਬਰਾਮਦ ਕੀਤੀਆਂ।
ਦੋਸਤ ਨੂੰ ਬਚਾਉਣ ਲਈ ਨਹਿਰ ਵਿੱਚ ਮਾਰੀ ਛਾਲ, ਪਰ ਦੋਵੇਂ ਨਾ ਬਚ ਸਕੇ
ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਨਹਿਰ ਦੇ ਕੰਢੇ ਮੌਜੂਦ ਸਨ, ਜਦੋਂ ਅਚਾਨਕ ਅੰਮ੍ਰਿਤਸਰ ਦੇ ਨੌਜਵਾਨ ਦਾ ਪੈਰ ਫਿਸਲ ਗਿਆ ਅਤੇ ਉਹ ਪਾਣੀ ਵਿੱਚ ਡਿੱਗ ਪਿਆ। ਆਪਣੇ ਦੋਸਤ ਨੂੰ ਮੁਸੀਬਤ ਵਿੱਚ ਦੇਖ ਕੇ ਲਵਪ੍ਰੀਤ ਸਿੰਘ ਨੇ ਬਿਨਾਂ ਦੇਰੀ ਕੀਤੇ ਉਸ ਨੂੰ ਬਚਾਉਣ ਲਈ ਨਹਿਰ ਵਿੱਚ ਛਾਲ ਮਾਰ ਦਿੱਤੀ। ਪਰ ਪਾਣੀ ਦੀ ਡੂੰਘਾਈ ਅਤੇ ਤੇਜ਼ ਵਹਾਅ ਕਾਰਨ ਦੋਵੇਂ ਨੌਜਵਾਨ ਬਾਹਰ ਨਹੀਂ ਨਿਕਲ ਸਕੇ ਅਤੇ ਡੁੱਬ ਗਏ।
ਢਾਈ ਸਾਲ ਪਹਿਲਾਂ ਵਰਕ ਪਰਮਿਟ ‘ਤੇ ਗਿਆ ਸੀ ਲਵਪ੍ਰੀਤ
ਲਵਪ੍ਰੀਤ ਸਿੰਘ ਤਪਾ ਮੰਡੀ ਦੇ ਸਾਬਕਾ ਫੌਜੀ ਬਲਵੀਰ ਸਿੰਘ ਦਾ ਇਕਲੌਤਾ ਪੁੱਤਰ ਸੀ। ਉਹ ਕਰੀਬ ਢਾਈ ਸਾਲ ਪਹਿਲਾਂ ਵਰਕ ਪਰਮਿਟ ‘ਤੇ ਕੈਨੇਡਾ ਗਿਆ ਸੀ ਅਤੇ ਉੱਥੇ ਟਰੱਕ ਚਾਲਕ ਵਜੋਂ ਕੰਮ ਕਰ ਰਿਹਾ ਸੀ। ਪਰਿਵਾਰ ਨੇ ਉਸ ਦੇ ਵਿਦੇਸ਼ ਜਾਣ ਲਈ ਆਪਣੀ ਦੋ ਏਕੜ ਜ਼ਮੀਨ ਤੱਕ ਵੇਚ ਦਿੱਤੀ ਸੀ, ਤਾਂ ਜੋ ਪੁੱਤਰ ਦਾ ਭਵਿੱਖ ਸੰਵਰ ਸਕੇ। ਪਰਿਵਾਰਕ ਮੈਂਬਰਾਂ ਅਨੁਸਾਰ ਲਵਪ੍ਰੀਤ ਨੇ ਕਰੀਬ ਦਸ ਦਿਨ ਪਹਿਲਾਂ ਹੀ ਘਰ ਫੋਨ ਕਰਕੇ ਗੱਲਬਾਤ ਕੀਤੀ ਸੀ। ਹੁਣ ਉਸ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਘਰ ਵਿੱਚ ਸੋਗ ਦਾ ਮਾਹੌਲ ਹੈ।
ਪਰਿਵਾਰ ਨੇ ਮ੍ਰਿਤਕ ਦੇਹ ਪੰਜਾਬ ਲਿਆਉਣ ਲਈ ਸਰਕਾਰ ਤੋਂ ਮੰਗੀ ਮਦਦ
ਲਵਪ੍ਰੀਤ ਦੇ ਮਾਪਿਆਂ ਨੇ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਕੋਲ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਕੈਨੇਡਾ ਤੋਂ ਪੰਜਾਬ ਲਿਆਉਣ ਲਈ ਲੋੜੀਂਦੀ ਪ੍ਰਸ਼ਾਸਨਿਕ ਅਤੇ ਆਰਥਿਕ ਮਦਦ ਮੁਹੱਈਆ ਕਰਵਾਈ ਜਾਵੇ, ਤਾਂ ਜੋ ਉਹ ਆਪਣੇ ਪੁੱਤਰ ਦਾ ਅੰਤਿਮ ਸੰਸਕਾਰ ਆਪਣੇ ਵਤਨ ਵਿੱਚ ਕਰ ਸਕਣ।
ਦੂਜੇ ਨੌਜਵਾਨ ਦੀ ਪਛਾਣ ਬਾਰੇ ਜਾਣਕਾਰੀ ਦੀ ਉਡੀਕ
ਹਾਦਸੇ ਵਿੱਚ ਜਾਨ ਗੁਆਉਣ ਵਾਲਾ ਦੂਜਾ ਨੌਜਵਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬੁਤਾਲਾ (ਨੌਰੰਗਪੁਰ) ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉਸ ਦਾ ਪੂਰਾ ਨਾਮ ਅਜੇ ਅਧਿਕਾਰਤ ਤੌਰ ‘ਤੇ ਸਾਹਮਣੇ ਨਹੀਂ ਆਇਆ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਭਰੋਸਾ ਦਿੱਤਾ ਕਿ ਮ੍ਰਿਤਕ ਦੀ ਦੇਹ ਪੰਜਾਬ ਲਿਆਉਣ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।

