ਅਮਰੀਕਾ :- ਅਮਰੀਕੀ ਰਾਸ਼ਟਰਪਤੀ ਦੇ ਨਿਵਾਸ ਵ੍ਹਾਈਟ ਹਾਊਸ ਵਿੱਚ ਸ਼ਨੀਵਾਰ ਰਾਤ ਪੱਤਰਕਾਰਾਂ ਦੇ ਸਮਾਗਮ ਦੌਰਾਨ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ੱਕੀ ਵਿਅਕਤੀ ਕੋਲ ਕਈ ਤਰ੍ਹਾਂ ਦੇ ਘਾਤਕ ਹਥਿਆਰ ਮੌਜੂਦ ਸਨ।
ਗੋਲੀਬਾਰੀ ਤੋਂ ਬਾਅਦ ਮਹਿਮਾਨਾਂ ਨੂੰ ਸੁਰੱਖਿਅਤ ਥਾਂ ‘ਤੇ ਲਿਜਾਇਆ ਗਿਆ
ਘਟਨਾ ਵਾਪਰਨ ਨਾਲ ਹੀ ਟਰੰਪ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਤੁਰੰਤ ਸੁਰੱਖਿਆ ਦੇ ਘੇਰੇ ਵਿੱਚ ਬਾਹਰ ਕੱਢਿਆ ਗਿਆ। ਸਥਿਤੀ ਨੂੰ ਦੇਖਦਿਆਂ ਸਮਾਗਮ ਨੂੰ ਰੱਦ ਕਰ ਦਿੱਤਾ ਗਿਆ ਹੈ, ਜਿਸ ਨੂੰ ਕੁਝ ਦਿਨਾਂ ਬਾਅਦ ਦੁਬਾਰਾ ਕਰਵਾਇਆ ਜਾਵੇਗਾ।
ਸੁਰੱਖਿਆ ਕਰਮਚਾਰੀ ‘ਤੇ ਗੋਲੀ ਚਲਾਈ ਗਈ, ਜਾਨ ਬਚੀ
ਇਸ ਦੌਰਾਨ ਇਕ ਸੁਰੱਖਿਆ ਕਰਮਚਾਰੀ ‘ਤੇ ਨੇੜੇ ਤੋਂ ਗੋਲੀ ਚਲਾਈ ਗਈ, ਪਰ ਉਸ ਨੇ ਬੁਲੇਟਪਰੂਫ ਜੈਕਟ ਪਹਿਨੀ ਹੋਣ ਕਾਰਨ ਉਸਦੀ ਜਾਨ ਬਚ ਗਈ। ਜਾਰੀ ਕੀਤੀ ਗਈ ਵੀਡੀਓ ਵਿੱਚ ਸ਼ੱਕੀ ਵਿਅਕਤੀ ਨੂੰ ਸੁਰੱਖਿਆ ਰੋਕ ਵੱਲ ਦੌੜਦਾ ਵੇਖਿਆ ਗਿਆ, ਜਿਸ ਨੂੰ ਸੁਰੱਖਿਆ ਕਰਮਚਾਰੀਆਂ ਨੇ ਫੁਰਤੀ ਨਾਲ ਕਾਬੂ ਕਰ ਲਿਆ।
ਹਮਲਾਵਰ ਦੀ ਪਛਾਣ, ਪੁੱਛਗਿੱਛ ਜਾਰੀ
ਮਿਲੀ ਜਾਣਕਾਰੀ ਅਨੁਸਾਰ ਹਮਲਾਵਰ ਦੀ ਪਛਾਣ ਕੈਲੀਫੋਰਨੀਆ ਦੇ ਰਹਿਣ ਵਾਲੇ 31 ਸਾਲਾ ਵਿਅਕਤੀ ਵਜੋਂ ਹੋਈ ਹੈ। ਸੁਰੱਖਿਆ ਏਜੰਸੀਆਂ ਵੱਲੋਂ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਸ ਕੋਲੋਂ ਕਈ ਹਥਿਆਰ ਵੀ ਬਰਾਮਦ ਕੀਤੇ ਗਏ ਹਨ।
ਬਾਲਰੂਮ ਦੇ ਬਾਹਰ ਵਾਪਰੀ ਘਟਨਾ, ਕਾਰਨਾਂ ਦੀ ਜਾਂਚ ਜਾਰੀ
ਅਧਿਕਾਰੀਆਂ ਦੇ ਮੁਤਾਬਕ ਗੋਲੀਬਾਰੀ ਦੀ ਇਹ ਘਟਨਾ ਬਾਲਰੂਮ ਦੇ ਬਾਹਰ ਵਾਪਰੀ, ਜਿੱਥੇ ਅੰਦਰ ਸਮਾਗਮ ਚੱਲ ਰਿਹਾ ਸੀ। ਹਾਲਾਂਕਿ ਇਸ ਹਮਲੇ ਦੇ ਪਿੱਛੇ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਪੱਕੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਅਤੇ ਜਾਂਚ ਜਾਰੀ ਹੈ।

