ਚੰਡੀਗੜ੍ਹ :- ਪੰਜਾਬ ਸਰਕਾਰ ਦੀ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ 2026’ ਅਧੀਨ ਧਾਰਮਿਕ ਸਥਾਨਾਂ ਦੇ ਦਰਸ਼ਨ ਲਈ ਲਿਜਾਣ ਵਾਲੇ ਨਿੱਜੀ ਟਰਾਂਸਪੋਰਟਰਾਂ ਲਈ ਹੁਣ ਕੜੀਆਂ ਹਦਾਇਤਾਂ ਲਾਗੂ ਕਰ ਦਿੱਤੀਆਂ ਗਈਆਂ ਹਨ। ਸਰਕਾਰ ਵੱਲੋਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਨਾ ਆਵੇ ਅਤੇ ਸੇਵਾ ਦੀ ਗੁਣਵੱਤਾ ਬਰਕਰਾਰ ਰਹੇ।
ਬੱਸਾਂ ‘ਤੇ ਲੱਗੇ ਪੋਸਟਰਾਂ ਦੀ ਸੰਭਾਲ ਵੀ ਬਣੀ ਲਾਜ਼ਮੀ
ਯੋਜਨਾ ਤਹਿਤ ਚੱਲ ਰਹੀਆਂ ਬੱਸਾਂ ‘ਤੇ ਲੱਗੇ ਸਰਕਾਰੀ ਪੋਸਟਰਾਂ ਨੂੰ ਸਹੀ ਹਾਲਤ ਵਿੱਚ ਰੱਖਣਾ ਵੀ ਟਰਾਂਸਪੋਰਟਰਾਂ ਲਈ ਜ਼ਰੂਰੀ ਕਰ ਦਿੱਤਾ ਗਿਆ ਹੈ। ਜੇਕਰ ਯਾਤਰਾ ਦੌਰਾਨ ਪੋਸਟਰ ਕਿਸੇ ਵੀ ਤਰ੍ਹਾਂ ਨਾਲ ਨੁਕਸਾਨੀ ਹੋ ਜਾਂਦਾ ਹੈ ਜਾਂ ਯਾਤਰੀਆਂ ਵੱਲੋਂ ਨਕਾਰਾਤਮਕ ਪ੍ਰਤੀਕਿਰਿਆ ਮਿਲਦੀ ਹੈ, ਤਾਂ ਠੇਕੇਦਾਰਾਂ ਦੇ ਭੁਗਤਾਨ ਵਿੱਚੋਂ ਜੁਰਮਾਨਾ ਕੱਟਿਆ ਜਾਂਦਾ ਹੈ।
ਆਧੁਨਿਕ ਬੱਸਾਂ ਤੇ ਮੁਫ਼ਤ ਸਹੂਲਤਾਂ ਦਾ ਪ੍ਰਬੰਧ
ਇਸ ਯੋਜਨਾ ਅਧੀਨ ਚੱਲ ਰਹੀਆਂ ਬੱਸਾਂ ਨੂੰ ਨਵੇਂ ਅਤੇ ਸੁਵਿਧਾਜਨਕ ਮਾਪਦੰਡਾਂ ਅਨੁਸਾਰ ਤਿਆਰ ਕੀਤਾ ਗਿਆ ਹੈ। ਯਾਤਰੀਆਂ ਨੂੰ ਸਫ਼ਰ ਦੌਰਾਨ ਰਹਿਣ-ਸਹਿਣ, ਭੋਜਨ ਅਤੇ ਇਲਾਜ ਸਮੇਤ ਸਾਰੀਆਂ ਬੁਨਿਆਦੀ ਸਹੂਲਤਾਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਸਰਕਾਰ ਵੱਲੋਂ ਪ੍ਰਤੀ ਯਾਤਰੀ ਇਕ ਨਿਰਧਾਰਤ ਰਕਮ ਠੇਕੇਦਾਰਾਂ ਨੂੰ ਦਿੱਤੀ ਜਾਂਦੀ ਹੈ, ਜਿਸ ਦੇ ਬਦਲੇ ਇਹ ਸਾਰੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਫੀਡਬੈਕ ਪ੍ਰਣਾਲੀ ਰਾਹੀਂ ਹੋ ਰਿਹਾ ਮੁਲਾਂਕਣ
ਹਰ ਯਾਤਰਾ ਦੇ ਅੰਤ ‘ਤੇ ਸ਼ਰਧਾਲੂਆਂ ਤੋਂ ਪ੍ਰਤੀਕਿਰਿਆ ਲਈ ਜਾਂਦੀ ਹੈ। ਇਸ ਪ੍ਰਕਿਰਿਆ ਰਾਹੀਂ ਸੇਵਾਵਾਂ ਦੀ ਗੁਣਵੱਤਾ ਦਾ ਅੰਕਲਨ ਕੀਤਾ ਜਾਂਦਾ ਹੈ ਅਤੇ ਜੇਕਰ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਸੰਬੰਧਿਤ ਟਰਾਂਸਪੋਰਟਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਂਦੀ ਹੈ।
ਵੱਡੇ ਪੱਧਰ ‘ਤੇ ਖਰਚ ਤੇ ਰੋਜ਼ਾਨਾ ਯਾਤਰਾਵਾਂ
ਮੌਜੂਦਾ ਵਿੱਤੀ ਸਾਲ ਵਿੱਚ ਇਸ ਯੋਜਨਾ ਲਈ ਲਗਭਗ 40 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਹਰ ਰੋਜ਼ ਕਰੀਬ 10 ਬੱਸਾਂ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਧਾਰਮਿਕ ਸਥਾਨਾਂ ਵੱਲ ਰਵਾਨਾ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਨਿਸ਼ਚਿਤ ਸਮੇਂ ਦੌਰਾਨ ਵਿਸ਼ੇਸ਼ ਰੇਲਗੱਡੀਆਂ ਦੀ ਵੀ ਵਿਵਸਥਾ ਕੀਤੀ ਗਈ ਹੈ, ਤਾਂ ਜੋ ਵੱਧ ਤੋਂ ਵੱਧ ਲੋਕ ਇਸ ਸਹੂਲਤ ਦਾ ਲਾਭ ਲੈ ਸਕਣ।
ਵੱਡੀ ਉਮਰ ਦੇ ਲੋਕਾਂ ਨੂੰ ਖ਼ਾਸ ਲਾਭ
ਇਸ ਯੋਜਨਾ ਦਾ ਮੁੱਖ ਲਾਭ 50 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ, ਜਿਨ੍ਹਾਂ ਲਈ ਇਹ ਮੁਫ਼ਤ ਧਾਰਮਿਕ ਯਾਤਰਾ ਇਕ ਵੱਡੀ ਸਹੂਲਤ ਸਾਬਤ ਹੋ ਰਹੀ ਹੈ। ਸਰਕਾਰ ਦਾ ਉਦੇਸ਼ ਵੱਡੀ ਉਮਰ ਦੇ ਨਾਗਰਿਕਾਂ ਨੂੰ ਆਸਾਨੀ ਨਾਲ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣਾ ਹੈ।

