ਮੋਗਾ : ਪੰਜਾਬ ਦੇ ਮੋਗਾ ਸ਼ਹਿਰ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਗਾਂਧੀ ਰੋਡ ਸਥਿਤ ਮੇਖਾਂ ਵਾਲੀ ਗਲੀ ਵਿੱਚ ਰਹਿੰਦੀ 9 ਸਾਲਾ ਬੱਚੀ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਫਾਹੇ ਨਾਲ ਲਟਕਦੀ ਮਿਲਣ ਕਾਰਨ ਇਲਾਕੇ ਵਿੱਚ ਸਨਸਨੀ ਫੈਲ ਗਈ। ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਵਾਰਟਰ ਦੇ ਬਾਹਰ ਫਾਹੇ ਨਾਲ ਲਟਕੀ ਮਿਲੀ ਬੱਚੀ
ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਉਸ ਵੇਲੇ ਸਾਹਮਣੇ ਆਈ ਜਦੋਂ ਪਰਿਵਾਰਕ ਮੈਂਬਰਾਂ ਨੇ ਬੱਚੀ ਨੂੰ ਕਵਾਰਟਰ ਦੇ ਬਾਹਰ ਕੋਰੀਡੋਰ ਵਿੱਚ ਦੁਪੱਟੇ ਨਾਲ ਲਟਕਿਆ ਹੋਇਆ ਦੇਖਿਆ। ਘਬਰਾਏ ਹੋਏ ਪਰਿਵਾਰਕ ਮੈਂਬਰਾਂ ਨੇ ਤੁਰੰਤ ਉਸ ਨੂੰ ਹੇਠਾਂ ਉਤਾਰ ਕੇ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਜਾਂਚ ਮਗਰੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮਾਪਿਆਂ ਨੇ ਲਗਾਏ ਗੰਭੀਰ ਦੋਸ਼
ਬੱਚੀ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਨੇੜਲੇ ਕਵਾਰਟਰ ਵਿੱਚ ਰਹਿਣ ਵਾਲੇ ਦਯਾਨੰਦ ਨਾਮਕ ਵਿਅਕਤੀ ਨੇ ਪਹਿਲਾਂ ਬੱਚੀ ਨਾਲ ਜਬਰ ਜਨਾਹ ਕੀਤਾ ਅਤੇ ਬਾਅਦ ਵਿੱਚ ਸਬੂਤ ਮਿਟਾਉਣ ਲਈ ਉਸ ਦੀ ਹੱਤਿਆ ਕਰਕੇ ਲਾਸ਼ ਨੂੰ ਫਾਹੇ ਨਾਲ ਲਟਕਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਝਾਰਖੰਡ ਦਾ ਰਹਿਣ ਵਾਲਾ ਹੈ ਅਤੇ ਉਸੇ ਇਲਾਕੇ ਵਿੱਚ ਕਿਰਾਏ ‘ਤੇ ਰਹਿੰਦਾ ਸੀ।
ਘਟਨਾ ਸਮੇਂ ਮਾਂ ਗਈ ਹੋਈ ਸੀ ਕੰਮ ‘ਤੇ
ਸਥਾਨਕ ਲੋਕਾਂ ਮੁਤਾਬਕ ਗਾਂਧੀ ਰੋਡ ਦੀ ਮੇਖਾਂ ਵਾਲੀ ਗਲੀ ਵਿੱਚ ਜ਼ਿਆਦਾਤਰ ਪਰਵਾਸੀ ਮਜ਼ਦੂਰ ਆਪਣੇ ਪਰਿਵਾਰਾਂ ਸਮੇਤ ਰਹਿੰਦੇ ਹਨ। ਘਟਨਾ ਵਾਲੇ ਸਮੇਂ ਬੱਚੀ ਦੀ ਮਾਂ ਕੰਮ ‘ਤੇ ਗਈ ਹੋਈ ਸੀ। ਇਸ ਦੌਰਾਨ ਇਹ ਦਰਦਨਾਕ ਵਾਕਿਆ ਵਾਪਰਿਆ।
ਪੁਲਿਸ ਨੇ ਦਰਜ ਕੀਤਾ ਮਾਮਲਾ
ਪੁਲਿਸ ਨੇ ਮ੍ਰਿਤਕ ਬੱਚੀ ਦੀ ਮਾਤਾ ਦੇ ਬਿਆਨਾਂ ਦੇ ਆਧਾਰ ‘ਤੇ ਦਯਾਨੰਦ ਖ਼ਿਲਾਫ਼ ਕਤਲ, ਜਬਰ ਜਨਾਹ ਅਤੇ ਹੋਰ ਸੰਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਮਾਮਲੇ ਤੋਂ ਬਾਅਦ ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ ਅਤੇ ਉਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਐਸਐਚਓ ਨੇ ਕੀ ਕਿਹਾ
ਇਸ ਸਬੰਧੀ ਐਸਐਚਓ ਵਰੁਣ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਬੱਚੀ ਦੀ ਲਾਸ਼ ਫਾਹੇ ਨਾਲ ਲਟਕਦੀ ਮਿਲਣ ਦੀ ਸੂਚਨਾ ਮਿਲੀ ਸੀ। ਪਰਿਵਾਰ ਵੱਲੋਂ ਲਗਾਏ ਗਏ ਦੋਸ਼ਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ।

