ਕੈਨੇਡਾ :- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਫਿਰੌਤੀ, ਗੋਲੀਬਾਰੀ ਅਤੇ ਅੱਗਜ਼ਨੀ ਨਾਲ ਜੁੜੀਆਂ ਲਗਾਤਾਰ ਵਾਰਦਾਤਾਂ ਤੋਂ ਬਾਅਦ ਪੁਲਿਸ ਨੇ 22 ਸਾਲਾ ਪੰਜਾਬੀ ਨੌਜਵਾਨ ਗੁਰਸੇਵਕ ਸਿੰਘ ਖ਼ਿਲਾਫ਼ ਕਈ ਗੰਭੀਰ ਅਪਰਾਧਿਕ ਮਾਮਲੇ ਦਰਜ ਕੀਤੇ ਹਨ। ਪੁਲਿਸ ਅਨੁਸਾਰ ਦੋਸ਼ੀ ਨੇ ਦਸੰਬਰ 2025 ਦੌਰਾਨ ਕਈ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਧਮਕੀਆਂ ਅਤੇ ਹਿੰਸਕ ਘਟਨਾਵਾਂ ਨੂੰ ਅੰਜਾਮ ਦਿੱਤਾ।
ਰੈਸਟੋਰੈਂਟ ਬਾਹਰ ਕੀਤੀ ਗਈ ਅੰਨ੍ਹੇਵਾਹ ਗੋਲੀਬਾਰੀ
ਪੁਲਿਸ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਪਹਿਲੀ ਘਟਨਾ 14 ਦਸੰਬਰ ਦੀ ਸਵੇਰ ਸਰੀ ਸ਼ਹਿਰ ਵਿੱਚ ਵਾਪਰੀ। 120 ਸਟਰੀਟ ਦੇ 8000 ਬਲਾਕ ਵਿੱਚ ਸਥਿਤ ‘ਪਰਾਥਾ 2 ਪਾਸਤਾ’ ਰੈਸਟੋਰੈਂਟ ਦੇ ਬਾਹਰ ਅਚਾਨਕ ਗੋਲੀਬਾਰੀ ਕੀਤੀ ਗਈ। ਉਸ ਸਮੇਂ ਰੈਸਟੋਰੈਂਟ ਅੰਦਰ ਸਟਾਫ਼ ਮੌਜੂਦ ਸੀ, ਪਰ ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇਸ ਕਾਰੋਬਾਰੀ ਨੂੰ ਪਹਿਲਾਂ ਤੋਂ ਫਿਰੌਤੀ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ।
ਕਾਰੋਬਾਰੀ ਵਾਹਨਾਂ ਨੂੰ ਲਗਾਈ ਗਈ ਅੱਗ
ਇਸ ਤੋਂ ਅਗਲੇ ਹੀ ਦਿਨ 15 ਦਸੰਬਰ ਨੂੰ ਐਬਟਸਫੋਰਡ ਦੇ ਓਲਡ ਯੇਲ ਰੋਡ ਇਲਾਕੇ ਵਿੱਚ ਇੱਕ ਬਿਜ਼ਨਸ ਪਾਰਕ ਦੀ ਪਾਰਕਿੰਗ ਵਿੱਚ ਖੜ੍ਹੇ ਦੋ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ। ਇਸ ਅੱਗਜ਼ਨੀ ਨਾਲ ਵੱਡਾ ਮਾਲੀ ਨੁਕਸਾਨ ਹੋਇਆ। ਪੁਲਿਸ ਅਨੁਸਾਰ ਇਸ ਮਾਮਲੇ ਵਿੱਚ ਵੀ ਕਾਰੋਬਾਰੀ ਨੂੰ ਪਹਿਲਾਂ ਧਮਕੀਆਂ ਮਿਲ ਚੁੱਕੀਆਂ ਸਨ।
ਤੀਜੀ ਵਾਰਦਾਤ ਮਗਰੋਂ ਦੋਸ਼ੀ ਆਇਆ ਪੁਲਿਸ ਦੇ ਹੱਥ
17 ਦਸੰਬਰ ਨੂੰ ਐਬਟਸਫੋਰਡ ਦੇ ਕਿੰਗ ਰੋਡ ‘ਤੇ ਸਥਿਤ ਇੱਕ ਹੋਰ ਕਾਰੋਬਾਰੀ ਅਦਾਰੇ ‘ਤੇ ਗੋਲੀਬਾਰੀ ਦੀ ਘਟਨਾ ਵਾਪਰੀ। ਵਾਰਦਾਤ ਤੋਂ ਤੁਰੰਤ ਬਾਅਦ ਪੁਲਿਸ ਨੇ ਸ਼ੱਕੀ ਗੱਡੀ ਦੀ ਪਛਾਣ ਕਰ ਲਈ। ਦੋਸ਼ੀ ਹਾਈਵੇਅ-1 ਰਾਹੀਂ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਐਬਟਸਫੋਰਡ ਪੁਲਿਸ ਦੀ ਗੈਂਗ ਕ੍ਰਾਈਮ ਯੂਨਿਟ ਨੇ ਘੇਰਾਬੰਦੀ ਕਰਕੇ ਉਸ ਨੂੰ ਕਾਬੂ ਕਰ ਲਿਆ।
15 ਤੋਂ ਵੱਧ ਗੰਭੀਰ ਦੋਸ਼ ਲੱਗੇ
ਗੁਰਸੇਵਕ ਸਿੰਘ ਖ਼ਿਲਾਫ਼ ਸਰੀ ਵਿੱਚ ਵਾਪਰੀਆਂ ਘਟਨਾਵਾਂ ਦੇ ਸਬੰਧ ਵਿੱਚ ਜਬਰੀ ਵਸੂਲੀ ਸਮੇਤ 9 ਮਾਮਲੇ ਦਰਜ ਕੀਤੇ ਗਏ ਹਨ, ਜਦਕਿ ਐਬਟਸਫੋਰਡ ਗੋਲੀਬਾਰੀ ਮਾਮਲੇ ਵਿੱਚ ਹੋਰ 6 ਗੰਭੀਰ ਦੋਸ਼ ਲਗਾਏ ਗਏ ਹਨ। ਇਸ ਵੇਲੇ ਉਹ ਨਿਆਇਕ ਹਿਰਾਸਤ ਵਿੱਚ ਹੈ ਅਤੇ 22 ਮਈ ਨੂੰ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਪੁਲਿਸ ਵੱਲੋਂ ਲੋਕਾਂ ਤੋਂ ਮੰਗਿਆ ਸਹਿਯੋਗ
ਸਰੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਦੋਸ਼ੀ ਜਾਂ ਉਸ ਦੀਆਂ ਗਤੀਵਿਧੀਆਂ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਜਾਂ ਕ੍ਰਾਈਮ ਸਟਾਪਰਜ਼ ਨਾਲ ਸੰਪਰਕ ਕਰੇ। ਪੁਲਿਸ ਦਾ ਕਹਿਣਾ ਹੈ ਕਿ ਸੰਗਠਿਤ ਅਪਰਾਧਾਂ ‘ਤੇ ਨੱਥ ਪਾਉਣ ਲਈ ਜਨਤਾ ਦਾ ਸਹਿਯੋਗ ਬਹੁਤ ਜ਼ਰੂਰੀ ਹੈ।

