BOLO ਪ੍ਰੋਗਰਾਮ ਨੇ ਕੀਤਾ ਇਨਾਮ ਦਾ ਐਲਾਨ
ਕੈਨੇਡਾ ਦੇ BOLO ਪ੍ਰੋਗਰਾਮ ਵੱਲੋਂ ਵੀਰਵਾਰ ਨੂੰ ਇਹ ਐਲਾਨ ਕੀਤਾ ਗਿਆ। ਇਹ ਪ੍ਰੋਗਰਾਮ ਪੁਲਸ ਨਾਲ ਤਾਲਮੇਲ ਕਰਕੇ ਲੋੜੀਂਦੇ ਅਪਰਾਧੀਆਂ ਦੀ ਭਾਲ ਅਤੇ ਗ੍ਰਿਫ਼ਤਾਰੀ ਵਿਚ ਲੋਕਾਂ ਦੀ ਮਦਦ ਲੈਂਦਾ ਹੈ। ਇਸ ਤਹਿਤ ਗੋਲਡੀ ਬਰਾੜ ਬਾਰੇ ਭਰੋਸੇਯੋਗ ਜਾਣਕਾਰੀ ਦੇਣ ਵਾਲੇ ਨੂੰ ਇਨਾਮੀ ਰਾਸ਼ੀ ਦਿੱਤੀ ਜਾਵੇਗੀ, ਬਸ਼ਰਤੇ ਉਸ ਦੀ ਸੂਚਨਾ ਨਾਲ ਪੁਲਸ ਨੂੰ ਗ੍ਰਿਫ਼ਤਾਰੀ ਵਿਚ ਮਦਦ ਮਿਲੇ।
ਸੁੱਖਦੂਲ ਸਿੰਘ ਗਿੱਲ ਕਤਲ ਮਾਮਲੇ ਵਿਚ ਹੈ ਲੋੜੀਂਦਾ
ਗੋਲਡੀ ਬਰਾੜ ਦਾ ਅਸਲ ਨਾਂ ਸਤਿੰਦਰਜੀਤ ਸਿੰਘ ਹੈ। ਵਿਨੀਪੈਗ ਪੁਲਸ ਨੂੰ 39 ਸਾਲਾ ਸੁੱਖਦੂਲ ਸਿੰਘ ਗਿੱਲ ਉਰਫ਼ ਸੁੱਖਾ ਦੁੱਨੇਕੇ ਦੇ ਕਤਲ ਮਾਮਲੇ ਵਿਚ ਉਸ ਦੀ ਭਾਲ ਹੈ। ਸੁੱਖਦੂਲ ਦੀ 20 ਸਤੰਬਰ 2023 ਨੂੰ ਹੈਜ਼ਲਟਨ ਡਰਾਈਵ ਦੇ 200 ਬਲਾਕ ਵਿਚ ਸਥਿਤ ਇਕ ਘਰ ਅੰਦਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਇਸ ਮਾਮਲੇ ਵਿਚ 23 ਫਰਵਰੀ 2026 ਨੂੰ ਗੋਲਡੀ ਬਰਾੜ ਅਤੇ ਕਰਨਬੀਰ ਸਿੰਘ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਸਨ। ਦੋਵਾਂ ਉੱਤੇ ਪਹਿਲੇ ਦਰਜੇ ਦੇ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਹਨ। ਪਹਿਲੇ ਦਰਜੇ ਦੇ ਕਤਲ ਦਾ ਦੋਸ਼ ਕੈਨੇਡੀਅਨ ਕਾਨੂੰਨ ਤਹਿਤ ਯੋਜਨਾਬੱਧ ਤਰੀਕੇ ਨਾਲ ਕੀਤੀ ਗਈ ਹੱਤਿਆ ਦੇ ਮਾਮਲਿਆਂ ਵਿਚ ਲਗਾਇਆ ਜਾਂਦਾ ਹੈ।
2 ਨਵੰਬਰ 2027 ਤੱਕ ਮਿਲ ਸਕੇਗਾ ਇਨਾਮ
BOLO ਪ੍ਰੋਗਰਾਮ ਅਨੁਸਾਰ ਗੋਲਡੀ ਬਰਾੜ ਬਾਰੇ ਅਜਿਹੀ ਪੱਕੀ ਜਾਣਕਾਰੀ ਦੇਣ ਵਾਲਾ ਵਿਅਕਤੀ ਇਨਾਮ ਹਾਸਲ ਕਰ ਸਕਦਾ ਹੈ, ਜਿਸ ਦੇ ਆਧਾਰ ’ਤੇ ਸੁਰੱਖਿਆ ਏਜੰਸੀਆਂ ਉਸ ਨੂੰ ਗ੍ਰਿਫ਼ਤਾਰ ਕਰ ਸਕਣ। ਇਸ ਇਨਾਮ ਦੀ ਮਿਆਦ 2 ਨਵੰਬਰ 2027 ਤੱਕ ਰੱਖੀ ਗਈ ਹੈ। ਕੈਨੇਡੀਅਨ ਪੁਲਸ ਵੱਲੋਂ ਹੁਣ ਤੱਕ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ।
ਐੱਫ.ਬੀ.ਆਈ. ਵੀ ਕਰ ਚੁੱਕੀ ਹੈ 10 ਲੱਖ ਡਾਲਰ ਦੇ ਇਨਾਮ ਦਾ ਐਲਾਨ
ਗੋਲਡੀ ਬਰਾੜ ਦੀ ਭਾਲ ਸਿਰਫ਼ ਕੈਨੇਡਾ ਤੱਕ ਸੀਮਤ ਨਹੀਂ ਹੈ। ਅਮਰੀਕਾ ਦੀ ਜਾਂਚ ਏਜੰਸੀ ਐੱਫ.ਬੀ.ਆਈ. (FBI) ਵੀ ਉਸ ਨੂੰ ਆਪਣੀ 10 ਸਭ ਤੋਂ ਵੱਧ ਲੋੜੀਂਦੇ ਭਗੌੜਿਆਂ ਦੀ ਸੂਚੀ ਵਿਚ ਸ਼ਾਮਲ ਕਰ ਚੁੱਕੀ ਹੈ। ਏਜੰਸੀ ਨੇ ਉਸ ਦੀ ਗ੍ਰਿਫ਼ਤਾਰੀ ਵਿਚ ਮਦਦਗਾਰ ਜਾਣਕਾਰੀ ਦੇਣ ਵਾਲੇ ਲਈ 10 ਲੱਖ ਅਮਰੀਕੀ ਡਾਲਰ (ਕਰੀਬ 9.32 ਕਰੋੜ ਰੁਪਏ) ਦੇ ਇਨਾਮ ਦਾ ਐਲਾਨ ਕੀਤਾ ਸੀ। ਇਸ ਤਰ੍ਹਾਂ ਗੋਲਡੀ ਬਰਾੜ ਦੀ ਭਾਲ ਲਈ ਕੈਨੇਡਾ ਅਤੇ ਅਮਰੀਕਾ ਦੀਆਂ ਜਾਂਚ ਏਜੰਸੀਆਂ ਵੱਲੋਂ ਵੱਖ-ਵੱਖ ਇਨਾਮ ਐਲਾਨੇ ਜਾ ਚੁੱਕੇ ਹਨ।