ਵੀਯੂਨਾਓ ਗਰੁੱਪ ਤੋਂ ਮਿਲੇ ਫੰਡ ਦੀ ਹੋਵੇਗੀ ਜਾਂਚ
ਈ.ਡੀ. ਦੇ ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ, ਸਤਨਾਮ ਸੰਧੂ ਨੂੰ ਵੀਯੂਨਾਓ ਗਰੁੱਪ ਨਾਲ ਸਬੰਧਤ ਕੁਝ ਕੰਪਨੀਆਂ ਤੋਂ ਫੰਡ ਪ੍ਰਾਪਤ ਹੋਏ ਸਨ। ਜਾਂਚ ਏਜੰਸੀ ਇਸ ਗਰੁੱਪ ਦੀਆਂ ਕੰਪਨੀਆਂ ਨਾਲ ਜੁੜੇ ਕਥਿਤ ਪੌਂਜ਼ੀ ਸਕੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸੇ ਸਿਲਸਿਲੇ ਵਿਚ ਸੰਧੂ ਨੂੰ ਸੰਮਨ ਭੇਜਿਆ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਮਿਲੀ ਰਕਮ ਦੇ ਸਰੋਤ, ਲੈਣ-ਦੇਣ ਦੇ ਢੰਗ ਅਤੇ ਇਸ ਦੇ ਮਕਸਦ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ।
ਮਾਮਲੇ ਵਿਚ ਮੁਲਜ਼ਮ ਨਹੀਂ ਹਨ ਸਤਨਾਮ ਸੰਧੂ
ਮੁੱਢਲੀ ਜਾਣਕਾਰੀ ਮੁਤਾਬਕ ਈ.ਡੀ. ਨੇ ਸਤਨਾਮ ਸੰਧੂ ਨੂੰ ਕਿਸੇ ਮਨੀ ਲਾਂਡਰਿੰਗ ਮਾਮਲੇ ਵਿਚ ਸਿੱਧੀ ਸ਼ਮੂਲੀਅਤ ਦੇ ਦੋਸ਼ ਹੇਠ ਸੰਮਨ ਨਹੀਂ ਕੀਤਾ। ਫਿਲਹਾਲ ਉਹ ਇਸ ਮਾਮਲੇ ਵਿਚ ਮੁਲਜ਼ਮ ਨਹੀਂ ਹਨ। ਏਜੰਸੀ ਵੱਲੋਂ ਉਨ੍ਹਾਂ ਤੋਂ ਸਿਰਫ਼ ਸਬੰਧਤ ਵਿੱਤੀ ਲੈਣ-ਦੇਣ ਬਾਰੇ ਤੱਥਾਂ ਦੀ ਪੁਸ਼ਟੀ ਕਰਨ ਲਈ ਪੁੱਛਗਿੱਛ ਕੀਤੀ ਜਾਣੀ ਹੈ।
ਰਾਸ਼ਟਰਪਤੀ ਨੇ ਕੀਤਾ ਸੀ ਰਾਜ ਸਭਾ ਲਈ ਨਾਮਜ਼ਦ
ਜ਼ਿਕਰਯੋਗ ਹੈ ਕਿ ਸਤਨਾਮ ਸਿੰਘ ਸੰਧੂ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਹਨ ਅਤੇ ਮੋਹਾਲੀ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਦੇ ਸੰਸਥਾਪਕ ਅਤੇ ਮਾਲਕ ਹਨ। ਉਨ੍ਹਾਂ ਨੂੰ ਰਾਸ਼ਟਰਪਤੀ ਵੱਲੋਂ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਸੀ। ਹੁਣ ਈ.ਡੀ. ਵੱਲੋਂ ਜਾਰੀ ਸੰਮਨ ਤੋਂ ਬਾਅਦ 25 ਨਵੰਬਰ ਨੂੰ ਦਿੱਲੀ ਵਿਚ ਹੋਣ ਵਾਲੀ ਪੁੱਛਗਿੱਛ ’ਤੇ ਨਜ਼ਰ ਰਹੇਗੀ।