ਨਵੀਂ ਦਿੱਲੀ :- ਲੰਬੇ ਸਮੇਂ ਤੱਕ ਡਿਜ਼ੀਟਲ ਦੁਨੀਆ ਤੋਂ ਲਗਭਗ ਕੱਟੇ ਰਹੇ ਈਰਾਨ ਵਿੱਚ ਹੁਣ ਇੰਟਰਨੈੱਟ ਸੇਵਾਵਾਂ ਹੌਲੀ-ਹੌਲੀ ਮੁੜ ਚਾਲੂ ਹੋਣ ਲੱਗੀਆਂ ਹਨ। ਦੇਸ਼ ਦੇ ਕਈ ਹਿੱਸਿਆਂ ਵਿੱਚ ਅੰਤਰਰਾਸ਼ਟਰੀ ਨੈੱਟਵਰਕ ਨਾਲ ਸੀਮਿਤ ਤੌਰ ‘ਤੇ ਕਨੈਕਸ਼ਨ ਮੁੜ ਸਥਾਪਿਤ ਹੋਣਾ ਸ਼ੁਰੂ ਹੋ ਗਿਆ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।
ਇਤਿਹਾਸ ਦੇ ਸਭ ਤੋਂ ਲੰਬੇ ਇੰਟਰਨੈੱਟ ਬਲੈਕਆਊਟ ਦਾ ਦਾਅਵਾ
ਕੌਮਾਂਤਰੀ ਨਿਗਰਾਨ ਸੰਸਥਾ ਨੈੱਟਬਲੌਕਸ ਨੇ ਆਪਣੇ ਤਾਜ਼ਾ ਅੰਕੜਿਆਂ ਵਿੱਚ ਦੱਸਿਆ ਕਿ ਈਰਾਨ ਵਿੱਚ ਲਾਗੂ ਇੰਟਰਨੈੱਟ ਪਾਬੰਦੀ ਦੇਸ਼ ਦੇ ਇਤਿਹਾਸ ਦੀ ਸਭ ਤੋਂ ਲੰਬੀ ਰੋਕ ਬਣ ਗਈ ਸੀ। ਸੰਸਥਾ ਮੁਤਾਬਕ ਕਰੀਬ 2093 ਘੰਟਿਆਂ ਤੱਕ ਦੇਸ਼ ਦਾ ਬਾਹਰੀ ਡਿਜ਼ੀਟਲ ਸੰਪਰਕ ਬਹੁਤ ਹੱਦ ਤੱਕ ਪ੍ਰਭਾਵਿਤ ਰਿਹਾ, ਜਿਸ ਤੋਂ ਬਾਅਦ ਹੁਣ ਅੰਸ਼ਿਕ ਤੌਰ ‘ਤੇ ਸੇਵਾਵਾਂ ਬਹਾਲ ਹੋਣ ਲੱਗੀਆਂ ਹਨ।
88 ਦਿਨਾਂ ਦੇ ਬਲੈਕਆਊਟ ਨਾਲ ਪ੍ਰਭਾਵਿਤ ਹੋਈਆਂ ਕਈ ਸੇਵਾਵਾਂ
ਅਮਰੀਕਾ ਅਤੇ ਇਜ਼ਰਾਈਲ ਨਾਲ ਚੱਲ ਰਹੇ ਤਣਾਅਪੂਰਨ ਹਾਲਾਤਾਂ ਦੌਰਾਨ ਲਾਗੂ ਕੀਤੇ ਗਏ ਇਸ ਇੰਟਰਨੈੱਟ ਬੰਦ ਨੇ ਆਮ ਲੋਕਾਂ ਦੀ ਜ਼ਿੰਦਗੀ ‘ਤੇ ਡੂੰਘਾ ਅਸਰ ਪਾਇਆ। ਬੈਂਕਿੰਗ ਸੇਵਾਵਾਂ, ਕਾਰੋਬਾਰ, ਸਿੱਖਿਆ ਪ੍ਰਣਾਲੀ, ਸੰਚਾਰ ਮਾਧਿਅਮ ਅਤੇ ਸੁਤੰਤਰ ਖ਼ਬਰਾਂ ਤੱਕ ਪਹੁੰਚ ਕਾਫ਼ੀ ਪ੍ਰਭਾਵਿਤ ਰਹੀ। ਕਈ ਲੋਕਾਂ ਨੂੰ ਆਨਲਾਈਨ ਲੈਣ-ਦੇਣ ਅਤੇ ਜ਼ਰੂਰੀ ਜਾਣਕਾਰੀ ਪ੍ਰਾਪਤ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਪੜਾਅਵਾਰ ਤਰੀਕੇ ਨਾਲ ਬਹਾਲ ਹੋ ਰਿਹਾ ਨੈੱਟਵਰਕ
ਈਰਾਨ ਦੇ ਉਪ ਤਕਨੀਕੀ ਮੰਤਰੀ ਡਾ. ਅਹਿਸਾਨ ਚਿਤਸਾਜ਼ ਨੇ ਪੁਸ਼ਟੀ ਕੀਤੀ ਕਿ ਇੰਟਰਨੈੱਟ ਸੇਵਾਵਾਂ ਦੀ ਬਹਾਲੀ ਕਦਮਬੰਦ ਢੰਗ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਿਸਟਮ ਨੂੰ ਆਮ ਹਾਲਤ ਵਿੱਚ ਲਿਆਉਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਅਤੇ ਉਮੀਦ ਹੈ ਕਿ ਅਗਲੇ 24 ਘੰਟਿਆਂ ਵਿੱਚ ਬਹੁਤ ਸਾਰੇ ਲੋਕ ਮੁੜ ਪੂਰੀ ਤਰ੍ਹਾਂ ਅੰਤਰਰਾਸ਼ਟਰੀ ਇੰਟਰਨੈੱਟ ਨਾਲ ਜੁੜ ਜਾਣਗੇ।
ਲੋਕਾਂ ਨੇ ਸੁੱਕ ਦਾ ਸਾਹ ਲਿਆ
ਇੰਟਰਨੈੱਟ ਸੇਵਾਵਾਂ ਦੀ ਮੁੜ ਸ਼ੁਰੂਆਤ ਨਾਲ ਦੇਸ਼ ਦੇ ਵਪਾਰੀਆਂ, ਵਿਦਿਆਰਥੀਆਂ ਅਤੇ ਆਮ ਨਾਗਰਿਕਾਂ ਨੇ ਰਾਹਤ ਮਹਿਸੂਸ ਕੀਤੀ ਹੈ। ਲੰਬੇ ਸਮੇਂ ਤੱਕ ਡਿਜ਼ੀਟਲ ਸੰਪਰਕ ਟੁੱਟੇ ਰਹਿਣ ਕਾਰਨ ਪੈਦਾ ਹੋਈਆਂ ਦਿਕ਼ਤਾਂ ਹੁਣ ਹੌਲੀ-ਹੌਲੀ ਘੱਟ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।

