ਨਵੀਂ ਦਿੱਲੀ :- ਕੋਰੋਨਾ ਮਹਾਂਮਾਰੀ ਤੋਂ ਬਾਅਦ ਜਦੋਂ ਦੁਨੀਆ ਹੌਲੀ-ਹੌਲੀ ਆਮ ਹਾਲਾਤਾਂ ਵੱਲ ਵੱਧ ਰਹੀ ਸੀ, ਇਸੇ ਦੌਰਾਨ ਅਫ਼ਰੀਕੀ ਦੇਸ਼ ਕਾਂਗੋ ਤੋਂ ਚਿੰਤਾ ਵਧਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਕਾਂਗੋ ਦੇ ਉੱਤਰ-ਪੂਰਬੀ ਇਤੂਰੀ ਸੂਬੇ ਵਿੱਚ ਇਬੋਲਾ ਵਾਇਰਸ ਦਾ ਨਵਾਂ ਅਤੇ ਖ਼ਤਰਨਾਕ ਪ੍ਰਕੋਪ ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਕਾਰਨ ਸਿਹਤ ਏਜੰਸੀਆਂ ਵਿੱਚ ਹੜਕੰਪ ਮਚ ਗਿਆ ਹੈ।
246 ਸ਼ੱਕੀ ਮਾਮਲੇ, ਕਈ ਇਲਾਕਿਆਂ ਵਿੱਚ ਹਾਈ ਅਲਰਟ
ਅਫ਼ਰੀਕਾ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ ਦੇ ਅੰਕੜਿਆਂ ਮੁਤਾਬਕ ਹੁਣ ਤੱਕ ਇਸ ਵਾਇਰਸ ਕਾਰਨ 65 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 246 ਤੋਂ ਵੱਧ ਸ਼ੱਕੀ ਮਾਮਲੇ ਦਰਜ ਕੀਤੇ ਗਏ ਹਨ। ਪ੍ਰਭਾਵਿਤ ਖੇਤਰ ਯੂਗਾਂਡਾ ਅਤੇ ਦੱਖਣੀ ਸੁਡਾਨ ਦੀ ਸਰਹੱਦ ਦੇ ਨੇੜੇ ਹੋਣ ਕਾਰਨ ਗੁਆਂਢੀ ਦੇਸ਼ਾਂ ਵਿੱਚ ਵੀ ਚਿੰਤਾ ਵਧ ਗਈ ਹੈ। ਯੂਗਾਂਡਾ ਦੀ ਰਾਜਧਾਨੀ ਕੰਪਾਲਾ ਵਿੱਚ ਵੀ ਕਾਂਗੋ ਤੋਂ ਆਏ ਇੱਕ ਵਿਅਕਤੀ ਦੀ ਇਬੋਲਾ ਕਾਰਨ ਮੌਤ ਹੋਣ ਦੀ ਪੁਸ਼ਟੀ ਤੋਂ ਬਾਅਦ ਪੂਰੇ ਅਫ਼ਰੀਕਾ ਵਿੱਚ ਸਾਵਧਾਨੀ ਵਧਾ ਦਿੱਤੀ ਗਈ ਹੈ।
ਨਵੀਂ ਸਟ੍ਰੇਨ ਨੇ ਵਧਾਈ ਮਾਹਿਰਾਂ ਦੀ ਚਿੰਤਾ
ਸ਼ੁਰੂਆਤੀ ਜਾਂਚਾਂ ਵਿੱਚ ਸਾਹਮਣੇ ਆਇਆ ਹੈ ਕਿ ਇਹ ਇਨਫੈਕਸ਼ਨ ਇਬੋਲਾ ਦੀ ‘ਬੁੰਦੀਬੁਗਯੋ’ ਕਿਸਮ ਨਾਲ ਜੁੜਿਆ ਹੋਇਆ ਹੈ, ਜੋ ਪਹਿਲਾਂ ਵੱਧ ਫੈਲਣ ਵਾਲੀ ‘ਜ਼ਾਇਰ’ ਕਿਸਮ ਤੋਂ ਵੱਖਰੀ ਮੰਨੀ ਜਾਂਦੀ ਹੈ। ਮੌਜੂਦਾ ਸਮੇਂ ਵਰਤੀ ਜਾ ਰਹੀਆਂ ਵੈਕਸੀਨਾਂ ਇਸ ਨਵੀਂ ਕਿਸਮ ’ਤੇ ਪ੍ਰਭਾਵਸ਼ਾਲੀ ਨਹੀਂ ਮੰਨੀਆਂ ਜਾ ਰਹੀਆਂ। ਇਸ ਕਾਰਨ ਸਿਹਤ ਮਾਹਿਰਾਂ ਦੀ ਚਿੰਤਾ ਹੋਰ ਵੀ ਵਧ ਗਈ ਹੈ, ਕਿਉਂਕਿ ਇਸ ਲਈ ਅਜੇ ਤੱਕ ਕੋਈ ਪੂਰੀ ਤਰ੍ਹਾਂ ਪਰਖਿਆ ਗਿਆ ਟੀਕਾ ਜਾਂ ਖ਼ਾਸ ਇਲਾਜ ਮੌਜੂਦ ਨਹੀਂ।
ਮਾਈਨਿੰਗ ਖੇਤਰਾਂ ਤੋਂ ਸ਼ਹਿਰਾਂ ਵੱਲ ਵਧ ਰਿਹਾ ਸੰਕਰਮਣ
ਇਸ ਵਾਇਰਸ ਦਾ ਸਭ ਤੋਂ ਵੱਧ ਪ੍ਰਭਾਵ ਮੋਂਗਵਾਲੂ ਖੇਤਰ ਵਿੱਚ ਵੇਖਿਆ ਜਾ ਰਿਹਾ ਹੈ, ਜਿੱਥੇ ਖਦਾਨਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਆਵਾਜਾਈ ਲਗਾਤਾਰ ਰਹਿੰਦੀ ਹੈ। ਹੁਣ ਇਹ ਸੰਕਰਮਣ ਸੰਘਣੀ ਆਬਾਦੀ ਵਾਲੇ ਬੁਨੀਆ ਵਰਗੇ ਸ਼ਹਿਰਾਂ ਵੱਲ ਵੀ ਫੈਲਣਾ ਸ਼ੁਰੂ ਹੋ ਗਿਆ ਹੈ। ਇਤੂਰੀ ਸੂਬੇ ਵਿੱਚ ਹਥਿਆਰਬੰਦ ਗਰੁੱਪਾਂ ਦੀ ਹਿੰਸਾ ਕਾਰਨ ਹਜ਼ਾਰਾਂ ਲੋਕਾਂ ਦੇ ਬੇਘਰ ਹੋਣ ਨਾਲ ਸਿਹਤ ਕਰਮਚਾਰੀਆਂ ਲਈ ਨਿਗਰਾਨੀ ਅਤੇ ਇਲਾਜ ਦਾ ਕੰਮ ਹੋਰ ਮੁਸ਼ਕਲ ਬਣ ਗਿਆ ਹੈ।
ਵਿਸ਼ਵ ਸਿਹਤ ਸੰਗਠਨ ਨੇ ਵਧਾਈ ਤਿਆਰੀ
ਵਿਸ਼ਵ ਸਿਹਤ ਸੰਗਠਨ ਅਤੇ ਅਫ਼ਰੀਕਾ ਰੋਗ ਨਿਯੰਤਰਣ ਏਜੰਸੀ ਨੇ ਸਥਿਤੀ ਨਾਲ ਨਜਿੱਠਣ ਲਈ ਕਾਂਗੋ, ਯੂਗਾਂਡਾ ਅਤੇ ਦੱਖਣੀ ਸੁਡਾਨ ਦੇ ਅਧਿਕਾਰੀਆਂ ਨਾਲ ਹੰਗਾਮੀ ਮੀਟਿੰਗ ਕੀਤੀ ਹੈ। ਪ੍ਰਭਾਵਿਤ ਖੇਤਰਾਂ ਵਿੱਚ ਮੈਡੀਕਲ ਸਾਮਾਨ, ਜਾਂਚ ਕਿੱਟਾਂ ਅਤੇ ਟੈਂਟ ਭੇਜੇ ਜਾ ਰਹੇ ਹਨ ਤਾਂ ਜੋ ਸੰਕਰਮਣ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਕੀ ਹੈ ਇਬੋਲਾ ਦੇ ਲੱਛਣ
ਇਬੋਲਾ ਇੱਕ ਬਹੁਤ ਹੀ ਛੂਤਕਾਰੀ ਬਿਮਾਰੀ ਮੰਨੀ ਜਾਂਦੀ ਹੈ, ਜੋ ਸੰਕਰਮਿਤ ਵਿਅਕਤੀ ਦੇ ਖੂਨ, ਪਸੀਨੇ ਜਾਂ ਹੋਰ ਸਰੀਰਕ ਤਰਲ ਪਦਾਰਥਾਂ ਦੇ ਸੰਪਰਕ ਨਾਲ ਫੈਲਦੀ ਹੈ। ਇਸ ਦੇ ਸ਼ੁਰੂਆਤੀ ਲੱਛਣਾਂ ਵਿੱਚ ਤੇਜ਼ ਬੁਖਾਰ, ਸਰੀਰ ਦਰਦ, ਕਮਜ਼ੋਰੀ ਅਤੇ ਉਲਟੀਆਂ ਸ਼ਾਮਲ ਹਨ, ਜਦਕਿ ਗੰਭੀਰ ਹਾਲਾਤਾਂ ਵਿੱਚ ਅੰਦਰੂਨੀ ਜਾਂ ਬਾਹਰੀ ਖੂਨ ਵਗਣ ਦੀ ਸਮੱਸਿਆ ਵੀ ਸਾਹਮਣੇ ਆ ਸਕਦੀ ਹੈ।

