ਚੰਡੀਗੜ੍ਹ :- ਸੰਜੀਵ ਅਰੋੜਾ ਖ਼ਿਲਾਫ਼ ਹੋਈ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਕਾਰਵਾਈ ਤੋਂ ਬਾਅਦ ਹੈਂਪਟਨ ਸਕਾਈ ਰਿਐਲਟੀ ਲਿਮਟਿਡ ਵੱਲੋਂ ਵਿਸਥਾਰਪੂਰਵਕ ਬਿਆਨ ਜਾਰੀ ਕਰਦੇ ਹੋਏ ਆਪਣੇ ਉੱਪਰ ਲੱਗੇ ਮਨੀ ਲਾਂਡਰਿੰਗ ਅਤੇ GST ਧੋਖਾਧੜੀ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਗਿਆ ਹੈ। ਕੰਪਨੀ ਨੇ ਕਿਹਾ ਕਿ ਉਹ ਦੇਸ਼ ਦੀ ਨਿਆਂ ਪ੍ਰਣਾਲੀ ’ਤੇ ਪੂਰਾ ਭਰੋਸਾ ਰੱਖਦੀ ਹੈ ਅਤੇ ਜਾਂਚ ਏਜੰਸੀਆਂ ਨਾਲ ਹਰ ਪੱਧਰ ’ਤੇ ਸਹਿਯੋਗ ਕਰੇਗੀ।
‘ਮੇਕ ਇਨ ਇੰਡੀਆ’ ਤਹਿਤ ਮੋਬਾਈਲ ਨਿਰਯਾਤ ਕਾਰੋਬਾਰ ’ਚ ਕੀਤਾ ਦਾਖਲਾ
ਕੰਪਨੀ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਮੋਬਾਈਲ ਫੋਨ ਨਿਰਯਾਤ ਖੇਤਰ ਵਿੱਚ ਉਸਦੀ ਐਂਟਰੀ ਭਾਰਤ ਸਰਕਾਰ ਦੀਆਂ ਉਦਯੋਗਿਕ ਨੀਤੀਆਂ ਅਤੇ ਮੇਕ ਇਨ ਇੰਡੀਆ ਤੋਂ ਪ੍ਰੇਰਿਤ ਸੀ। ਕੰਪਨੀ ਮੁਤਾਬਕ ਮਈ 2023 ਤੋਂ ਬਾਅਦ 44 ਹਜ਼ਾਰ ਤੋਂ ਵੱਧ ਬ੍ਰਾਂਡੇਡ ਮੋਬਾਈਲ ਫੋਨ ਅਤੇ ਐਕਸੈਸਰੀਜ਼ ਵਿਦੇਸ਼ ਭੇਜੀਆਂ ਗਈਆਂ। ਹਰ ਨਿਰਯਾਤ ਨੂੰ ਕਸਟਮ ਜਾਂਚ, IMEI ਸਕੈਨਿੰਗ ਅਤੇ ਬੈਂਕਿੰਗ ਦਸਤਾਵੇਜ਼ਾਂ ਰਾਹੀਂ ਪ੍ਰਮਾਣਿਤ ਕੀਤਾ ਗਿਆ।
‘ਰਾਊਂਡ ਟ੍ਰਿਪਿੰਗ’ ਅਤੇ ਜਾਲਸਾਜ਼ੀ ਦੇ ਦੋਸ਼ਾਂ ਤੋਂ ਕੀਤਾ ਇਨਕਾਰ
ਹੈਂਪਟਨ ਸਕਾਈ ਨੇ ਕਿਹਾ ਕਿ ਹਰ ਮੋਬਾਈਲ ਦਾ ਵਿਲੱਖਣ IMEI ਨੰਬਰ ਅੰਤਰਰਾਸ਼ਟਰੀ ਡਾਟਾਬੇਸ ਨਾਲ ਮਿਲਾਇਆ ਗਿਆ, ਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ ਸਾਰੇ ਉਤਪਾਦ ਵਿਦੇਸ਼ਾਂ ਵਿੱਚ ਹੀ ਐਕਟੀਵੇਟ ਹੋਏ। ਕੰਪਨੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਾਰੇ ਵਿੱਤੀ ਲੈਣ-ਦੇਣ ਅਧਿਕਾਰਤ ਬੈਂਕਿੰਗ ਚੈਨਲਾਂ ਰਾਹੀਂ ਹੋਏ ਅਤੇ ਵਿਦੇਸ਼ੀ ਖਾਤਿਆਂ ਵਿੱਚ ਪੈਸਾ ਛੁਪਾਉਣ ਜਾਂ ‘ਰਾਊਂਡ ਟ੍ਰਿਪਿੰਗ’ ਵਰਗੇ ਦੋਸ਼ ਪੂਰੀ ਤਰ੍ਹਾਂ ਝੂਠੇ ਹਨ।
GST ਮਾਮਲੇ ’ਚ ਖੁਦ ਕੀਤੀ ਸੀ ਸ਼ਿਕਾਇਤ ਦਰਜ
ਕੰਪਨੀ ਨੇ ਦੱਸਿਆ ਕਿ ਕੁਝ ਸਪਲਾਇਰਾਂ ਵੱਲੋਂ ਹੋਈਆਂ ਗੜਬੜੀਆਂ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਸਨੇ ਖੁਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਕੰਪਨੀ ਨੇ ਆਪਣੇ ਆਪ ਨੂੰ ਇਸ ਮਾਮਲੇ ਵਿੱਚ ਪੀੜਤ ਕਰਾਰ ਦਿੰਦਿਆਂ ਕਿਹਾ ਕਿ GST ਨਾਲ ਜੁੜੀ ਰਕਮ ਪਹਿਲਾਂ ਹੀ ਜਮ੍ਹਾਂ ਕਰਵਾਈ ਜਾ ਚੁੱਕੀ ਹੈ ਅਤੇ ਮਾਮਲਾ ਅਪੀਲੀ ਅਥਾਰਟੀ ਕੋਲ ਵਿਚਾਰ ਅਧੀਨ ਹੈ। ਕੰਪਨੀ ਨੇ ਦਾਅਵਾ ਕੀਤਾ ਕਿ ਸਰਕਾਰੀ ਖ਼ਜ਼ਾਨੇ ਨੂੰ ਕਿਸੇ ਕਿਸਮ ਦਾ ਨੁਕਸਾਨ ਨਹੀਂ ਪਹੁੰਚਿਆ ਅਤੇ ਉਹ ਸਾਰੇ ਸਬੂਤ ਕਾਨੂੰਨੀ ਮੰਚ ’ਤੇ ਪੇਸ਼ ਕਰਨ ਲਈ ਤਿਆਰ ਹੈ।

