ਨਵਾਂਸ਼ਹਿਰ ‘ਚ 27ਵੇਂ ਹਫ਼ਤੇ ਜਨਮੀ ਪ੍ਰੀ-ਮੈਚਿਊਰ ਬੱਚੀ ਦਾ 50 ਦਿਨ ਚੱਲਿਆ ਇਲਾਜ, 3 ਲੱਖ ਰੁਪਏ ਦਾ ਖ਼ਰਚ ਸਰਕਾਰ ਨੇ ਚੁੱਕਿਆ
ਨਵਾਂਸ਼ਹਿਰ :- ਮੁੱਖ ਮੰਤਰੀ ਸਿਹਤ ਯੋਜਨਾ (ਐਮਐਮਐਸਵਾਈ) ਨੇ ਨਵਾਂਸ਼ਹਿਰ ਦੇ ਇੱਕ ਪਰਿਵਾਰ ਲਈ ਉਸ ਸਮੇਂ ਵੱਡਾ ਸਹਾਰਾ ਬਣ ਕੇ ਕੰਮ ਕੀਤਾ, ਜਦੋਂ ਉਨ੍ਹਾਂ ਦੀ ਸਮੇਂ ਤੋਂ ਪਹਿਲਾਂ ਜਨਮੀ ਧੀ ਦੀ ਜ਼ਿੰਦਗੀ ਖ਼ਤਰੇ ਵਿੱਚ ਸੀ। ਸਿਰਫ਼ 27 ਹਫ਼ਤਿਆਂ ਦੀ ਗਰਭ ਅਵਸਥਾ ਵਿੱਚ ਜਨਮੀ ਅਤੇ ਕੇਵਲ 700 ਗ੍ਰਾਮ ਵਜ਼ਨ ਵਾਲੀ ਇਸ ਬੱਚੀ ਨੂੰ ਨਿੱਜੀ ਹਸਪਤਾਲ ਦੇ ਨਿਓਨੇਟਲ ਇੰਟੈਂਸਿਵ ਕੇਅਰ ਯੂਨਿਟ (ਐਨਆਈਸੀਯੂ) ਵਿੱਚ 50 ਦਿਨਾਂ ਤੱਕ ਵਿਸ਼ੇਸ਼ ਇਲਾਜ ਦਿੱਤਾ ਗਿਆ। ਇਸ ਪੂਰੇ ਇਲਾਜ ਦਾ ਕਰੀਬ 3 ਲੱਖ ਰੁਪਏ ਖ਼ਰਚ ਯੋਜਨਾ ਤਹਿਤ ਕੈਸ਼ਲੈੱਸ ਤਰੀਕੇ ਨਾਲ ਕੀਤਾ ਗਿਆ।
ਸਾਹ ਲੈਣ ‘ਚ ਆਈ ਸੀ ਗੰਭੀਰ ਸਮੱਸਿਆ, ਵੈਂਟੀਲੇਟਰ ‘ਤੇ ਰੱਖਿਆ ਗਿਆ
ਜਾਣਕਾਰੀ ਅਨੁਸਾਰ ਨਵਾਂਸ਼ਹਿਰ ਦੇ ਸ਼ਿਵ ਸ਼ੰਕਰ ਮੁਹੱਲਾ ਵਾਸੀ ਸੂਰਜ ਅਤੇ ਉਨ੍ਹਾਂ ਦੀ ਪਤਨੀ ਦੇ ਘਰ 9 ਜੂਨ 2026 ਨੂੰ ਇਸ ਬੱਚੀ ਨੇ ਜਨਮ ਲਿਆ ਸੀ। ਜਨਮ ਤੋਂ ਬਾਅਦ ਬੱਚੀ ਦੇ ਫੇਫੜੇ ਪੂਰੀ ਤਰ੍ਹਾਂ ਵਿਕਸਤ ਨਾ ਹੋਣ ਕਾਰਨ ਉਸ ਨੂੰ ਸਾਹ ਲੈਣ ਵਿੱਚ ਭਾਰੀ ਦਿੱਕਤ ਆਉਣ ਲੱਗੀ।ਡਾਕਟਰਾਂ ਨੇ ਤੁਰੰਤ ਬੱਚੀ ਨੂੰ ਐਨਆਈਸੀਯੂ ਵਿੱਚ ਦਾਖ਼ਲ ਕਰਕੇ ਵੈਂਟੀਲੇਟਰ ‘ਤੇ ਰੱਖਿਆ। ਲਗਾਤਾਰ ਨਿਗਰਾਨੀ, ਵਿਸ਼ੇਸ਼ ਇਲਾਜ, ਪੋਸ਼ਣ ਅਤੇ ਇਨਫੈਕਸ਼ਨ ਕੰਟਰੋਲ ਰਾਹੀਂ ਹੌਲੀ-ਹੌਲੀ ਉਸ ਦੀ ਸਿਹਤ ਵਿੱਚ ਸੁਧਾਰ ਹੋਇਆ ਅਤੇ 50 ਦਿਨਾਂ ਬਾਅਦ ਉਸ ਨੂੰ ਸਿਹਤਮੰਦ ਹਾਲਤ ਵਿੱਚ ਹਸਪਤਾਲ ਤੋਂ ਛੁੱਟੀ ਮਿਲ ਗਈ।
ਪਰਿਵਾਰ ਲਈ ਵੱਡੀ ਰਕਮ ਦਾ ਪ੍ਰਬੰਧ ਕਰਨਾ ਸੀ ਮੁਸ਼ਕਲ
ਬੱਚੀ ਦੇ ਪਿਤਾ ਸੂਰਜ ਨੇ ਕਿਹਾ ਕਿ ਉਨ੍ਹਾਂ ਲਈ ਇੰਨੀ ਵੱਡੀ ਰਕਮ ਦਾ ਇੰਤਜ਼ਾਮ ਕਰਨਾ ਸੰਭਵ ਨਹੀਂ ਸੀ। ਉਨ੍ਹਾਂ ਦੱਸਿਆ ਕਿ ਕਈ ਮੌਕਿਆਂ ‘ਤੇ ਉਨ੍ਹਾਂ ਨੂੰ ਆਪਣੀ ਧੀ ਦੀ ਜ਼ਿੰਦਗੀ ਦੀ ਚਿੰਤਾ ਸਤਾਉਂਦੀ ਰਹੀ, ਪਰ ਡਾਕਟਰਾਂ ਦੀ ਕੋਸ਼ਿਸ਼ ਅਤੇ ਸਰਕਾਰ ਦੀ ਸਿਹਤ ਯੋਜਨਾ ਕਾਰਨ ਉਨ੍ਹਾਂ ਨੂੰ ਇਲਾਜ ਦੇ ਖ਼ਰਚ ਦੀ ਚਿੰਤਾ ਨਹੀਂ ਕਰਨੀ ਪਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਨੇ ਉਨ੍ਹਾਂ ਦੇ ਪਰਿਵਾਰ ਨੂੰ ਮੁਸ਼ਕਲ ਸਮੇਂ ਵਿੱਚ ਵੱਡੀ ਰਾਹਤ ਦਿੱਤੀ ਅਤੇ ਅੱਜ ਉਹ ਆਪਣੀ ਧੀ ਨੂੰ ਸੁਰੱਖਿਅਤ ਘਰ ਲੈ ਜਾ ਰਹੇ ਹਨ।
ਸਿਹਤ ਮੰਤਰੀ ਨੇ ਕਿਹਾ- ਹਰ ਪਰਿਵਾਰ ਨੂੰ ਮਿਲਣੀ ਚਾਹੀਦੀ ਹੈ ਬਿਹਤਰ ਸਿਹਤ ਸਹੂਲਤ
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਦਰਸਾਉਂਦਾ ਹੈ ਕਿ ਮੁੱਖ ਮੰਤਰੀ ਸਿਹਤ ਯੋਜਨਾ ਆਮ ਲੋਕਾਂ ਲਈ ਜੀਵਨ ਰੱਖਿਅਕ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਪਰਿਵਾਰ ਨੂੰ ਇਲਾਜ ਅਤੇ ਪੈਸਿਆਂ ਵਿਚੋਂ ਚੋਣ ਕਰਨ ਦੀ ਲੋੜ ਨਹੀਂ ਪੈਣੀ ਚਾਹੀਦੀ। ਹਰ ਮਾਂ ਨੂੰ ਸੁਰੱਖਿਅਤ ਜਣੇਪੇ ਦਾ ਅਧਿਕਾਰ ਹੈ ਅਤੇ ਹਰ ਨਵਜੰਮੇ ਬੱਚੇ ਨੂੰ ਜ਼ਿੰਦਗੀ ਬਚਾਉਣ ਲਈ ਸਮੇਂ ਸਿਰ ਇਲਾਜ ਮਿਲਣਾ ਚਾਹੀਦਾ ਹੈ।
ਨਵਜੰਮੇ ਬੱਚਿਆਂ ਦੇ ਇਲਾਜ ਲਈ ਹਜ਼ਾਰਾਂ ਪਰਿਵਾਰਾਂ ਨੂੰ ਮਿਲਿਆ ਲਾਭ
ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ, ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪਿਛਲੇ ਸੱਤ ਮਹੀਨਿਆਂ ਵਿੱਚ ਨਵਜੰਮੇ ਬੱਚਿਆਂ ਦੇ ਇਲਾਜ ਲਈ ਵੱਡੀ ਗਿਣਤੀ ਵਿੱਚ ਕਲੇਮ ਮਨਜ਼ੂਰ ਕੀਤੇ ਗਏ ਹਨ। ‘ਸਪੈਸ਼ਲ ਨਿਓਨੇਟਲ ਕੇਅਰ ਪੈਕੇਜ’ ਤਹਿਤ 1,869 ਬੱਚਿਆਂ ਨੂੰ ਲਗਭਗ 2.50 ਕਰੋੜ ਰੁਪਏ ਦੇ ਕਲੇਮ ਦਾ ਲਾਭ ਮਿਲਿਆ ਹੈ। ਇਸੇ ਤਰ੍ਹਾਂ ‘ਇੰਟੈਂਸਿਵ ਨਿਓਨੇਟਲ ਕੇਅਰ ਪੈਕੇਜ’ ਤਹਿਤ 1,719 ਬੱਚਿਆਂ ਦੇ ਇਲਾਜ ਲਈ 3.78 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਇਸ ਤੋਂ ਇਲਾਵਾ ‘ਐਡਵਾਂਸਡ ਨਿਓਨੇਟਲ ਕੇਅਰ ਪੈਕੇਜ’ ਅਤੇ ‘ਕ੍ਰਿਟੀਕਲ ਕੇਅਰ ਨਿਓਨੇਟਲ ਪੈਕੇਜ’ ਤਹਿਤ ਵੀ ਸੈਂਕੜਿਆਂ ਦੀ ਗਿਣਤੀ ਵਿੱਚ ਬੱਚਿਆਂ ਨੂੰ ਇਲਾਜ ਦੀ ਸਹੂਲਤ ਮਿਲੀ ਹੈ।
ਡਾਕਟਰਾਂ ਨੇ ਦੱਸਿਆ- ਲਗਾਤਾਰ ਦੇਖਭਾਲ ਨਾਲ ਬਚੀ ਬੱਚੀ ਦੀ ਜਾਨ
ਬੱਚੀ ਦਾ ਇਲਾਜ ਕਰਨ ਵਾਲੇ ਡਾ. ਹਰਤੇਸ਼ ਸਿੰਘ ਪਾਹਵਾ ਨੇ ਦੱਸਿਆ ਕਿ ਇੰਨੀ ਘੱਟ ਗਰਭ ਅਵਸਥਾ ਵਿੱਚ ਜਨਮ ਲੈਣ ਵਾਲੇ ਬੱਚੇ ਬਹੁਤ ਨਾਜ਼ੁਕ ਹੁੰਦੇ ਹਨ ਅਤੇ ਉਨ੍ਹਾਂ ਨੂੰ 24 ਘੰਟੇ ਵਿਸ਼ੇਸ਼ ਦੇਖਭਾਲ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਨਿਓਨੇਟਲ ਤਕਨੀਕ, ਸਹੀ ਪੋਸ਼ਣ, ਇਨਫੈਕਸ਼ਨ ਤੋਂ ਬਚਾਅ ਅਤੇ ਲਗਾਤਾਰ ਨਿਗਰਾਨੀ ਕਾਰਨ ਬੱਚੀ ਦੀ ਹਾਲਤ ਵਿੱਚ ਸੁਧਾਰ ਆਇਆ।
474 ਉੱਚ-ਜੋਖਮ ਗਰਭ ਅਵਸਥਾਵਾਂ ਨੂੰ ਵੀ ਮਿਲੀ ਮਦਦ
ਰਾਜ ਸਿਹਤ ਏਜੰਸੀ ਪੰਜਾਬ ਦੇ ਅੰਕੜਿਆਂ ਅਨੁਸਾਰ, ਇਸ ਯੋਜਨਾ ਤਹਿਤ ਹੁਣ ਤੱਕ 474 ਉੱਚ-ਜੋਖਮ ਵਾਲੀਆਂ ਗਰਭ ਅਵਸਥਾਵਾਂ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਸਹਾਇਤਾ ਦਿੱਤੀ ਗਈ ਹੈ। ਇਨ੍ਹਾਂ ਵਿੱਚ ਸਮੇਂ ਤੋਂ ਪਹਿਲਾਂ ਜਣੇਪੇ, ਗੰਭੀਰ ਖ਼ੂਨ ਦੀ ਕਮੀ, ਪ੍ਰੀ-ਇਕਲੈਂਪਸੀਆ ਅਤੇ ਹੋਰ ਗੰਭੀਰ ਸਿਹਤ ਸਮੱਸਿਆਵਾਂ ਨਾਲ ਜੁੜੇ ਮਾਮਲੇ ਸ਼ਾਮਲ ਹਨ। ਯੋਜਨਾ ਦਾ ਮਕਸਦ ਮਾਂ ਅਤੇ ਨਵਜੰਮੇ ਬੱਚਿਆਂ ਨੂੰ ਸਮੇਂ ਸਿਰ ਬਿਹਤਰ ਇਲਾਜ ਮੁਹੱਈਆ ਕਰਵਾਉਣਾ ਹੈ।

