ਅਮਰਾਵਤੀ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਆਂਧਰਾ ਪ੍ਰਦੇਸ਼ ਦੇ ਦੌਰੇ ਦੌਰਾਨ ਅਮਰਾਵਤੀ ਪਹੁੰਚੇ, ਜਿੱਥੇ ਉਨ੍ਹਾਂ ਨੇ ਸੂਬੇ ਨੂੰ ਕਰੀਬ 18 ਹਜ਼ਾਰ ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੀ ਸੌਗਾਤ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਵਿਜਿਆਨਗਰਮ ਜ਼ਿਲ੍ਹੇ ਦੇ ਭੋਗਾਪੁਰਮ ਸਥਿਤ ਅਲੂਰੀ ਸੀਤਾਰਾਮ ਰਾਜੂ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ।
ਚੁੱਟੀਲੂ ਝੌਂਪੜੀਆਂ ਤੋਂ ਪ੍ਰੇਰਿਤ ਹੈ ਹਵਾਈ ਅੱਡੇ ਦਾ ਡਿਜ਼ਾਈਨ
ਪ੍ਰਧਾਨ ਮੰਤਰੀ ਨੇ ਉਦਘਾਟਨ ਤੋਂ ਪਹਿਲਾਂ ਹਵਾਈ ਅੱਡੇ ਦੀਆਂ ਵੱਖ-ਵੱਖ ਸਹੂਲਤਾਂ ਦਾ ਜਾਇਜ਼ਾ ਲਿਆ। ਆਧੁਨਿਕ ਤਕਨਾਲੋਜੀ ਨਾਲ ਤਿਆਰ ਕੀਤੇ ਗਏ ਇਸ ਹਵਾਈ ਅੱਡੇ ਦੀ ਟਰਮੀਨਲ ਇਮਾਰਤ ਦਾ ਡਿਜ਼ਾਈਨ ਆਂਧਰਾ ਪ੍ਰਦੇਸ਼ ਦੀ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦਾ ਹੈ।
ਟਰਮੀਨਲ ਦਾ ਡਿਜ਼ਾਈਨ ਰਵਾਇਤੀ ਚੁੱਟੀਲੂ ਝੌਂਪੜੀਆਂ ਤੋਂ ਪ੍ਰੇਰਿਤ ਹੈ, ਜਿਸ ਰਾਹੀਂ ਸਥਾਨਕ ਸੱਭਿਆਚਾਰ ਅਤੇ ਆਧੁਨਿਕ ਢਾਂਚੇ ਦਾ ਸੁਮੇਲ ਦਿਖਾਈ ਦਿੰਦਾ ਹੈ।
5000 ਕਰੋੜ ਤੋਂ ਵੱਧ ਦੀ ਲਾਗਤ ਨਾਲ ਤਿਆਰ ਹੋਇਆ ਹਵਾਈ ਅੱਡਾ
ਵਿਜਿਆਨਗਰਮ ਜ਼ਿਲ੍ਹੇ ਦੇ ਭੋਗਾਪੁਰਮ ਵਿੱਚ ਬਣਾਇਆ ਗਿਆ ਇਹ ਗ੍ਰੀਨਫੀਲਡ ਹਵਾਈ ਅੱਡਾ ਕਰੀਬ 5000 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਇਲਾਕੇ ਵਿੱਚ ਰੋਡ ਸ਼ੋਅ ਵੀ ਕੀਤਾ।
ਮੋਦੀ ਨੇ ਕਿਹਾ- ਸੰਪਰਕ ਮਜ਼ਬੂਤ ਕਰਨ ਵਾਲਾ ਇਤਿਹਾਸਕ ਪ੍ਰਾਜੈਕਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪੋਸਟ ਕਰਦਿਆਂ ਕਿਹਾ ਕਿ ਭੋਗਾਪੁਰਮ ਹਵਾਈ ਅੱਡਾ ਆਂਧਰਾ ਪ੍ਰਦੇਸ਼ ਦੇ ਵਿਕਾਸ ਨੂੰ ਨਵੀਂ ਗਤੀ ਦੇਣ ਵਾਲਾ ਪ੍ਰਾਜੈਕਟ ਹੈ।
ਉਨ੍ਹਾਂ ਕਿਹਾ ਕਿ ਇਹ ਹਵਾਈ ਅੱਡਾ ਆਧੁਨਿਕ ਬੁਨਿਆਦੀ ਢਾਂਚੇ ਅਤੇ ਨਵੀਂ ਤਕਨਾਲੋਜੀ ਨਾਲ ਲੈਸ ਹੈ, ਜਿਸ ਨਾਲ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਮਿਲਣਗੀਆਂ। ਇਸ ਨਾਲ ਸੂਬੇ ਵਿੱਚ ਸੈਰ-ਸਪਾਟੇ, ਵਪਾਰ, ਨਿਵੇਸ਼ ਅਤੇ ਰੁਜ਼ਗਾਰ ਦੇ ਮੌਕਿਆਂ ਨੂੰ ਵੀ ਉਤਸ਼ਾਹ ਮਿਲੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਨ ਆਜ਼ਾਦੀ ਸੈਨਾਨੀ ਅਲੂਰੀ ਸੀਤਾਰਾਮ ਰਾਜੂ ਦੇ ਨਾਮ ’ਤੇ ਰੱਖਿਆ ਗਿਆ ਇਹ ਹਵਾਈ ਅੱਡਾ ਆਂਧਰਾ ਪ੍ਰਦੇਸ਼ ਦੀ ਵਿਰਾਸਤ ਅਤੇ ਭਵਿੱਖ ਦੀਆਂ ਉਮੀਦਾਂ ਦਾ ਪ੍ਰਤੀਕ ਹੈ।
ਮੈਸੂਰ ਵਿੱਚ ਵਿਵੇਕ ਸਮਾਰਕ ਦਾ ਕਰਨਗੇ ਉਦਘਾਟਨ
ਆਂਧਰਾ ਪ੍ਰਦੇਸ਼ ਦੌਰੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਸ਼ਨੀਵਾਰ ਦੁਪਹਿਰ ਕਰੀਬ 3:30 ਵਜੇ ਕਰਨਾਟਕ ਦੇ ਮੈਸੂਰ ਪਹੁੰਚਣਗੇ। ਉੱਥੇ ਉਹ ਸ਼੍ਰੀ ਰਾਮਕ੍ਰਿਸ਼ਨ ਆਸ਼ਰਮ ਵਿੱਚ ਸਵਾਮੀ ਵਿਵੇਕਾਨੰਦ ਸੱਭਿਆਚਾਰਕ ਯੁਵਾ ਕੇਂਦਰ-ਵਿਵੇਕ ਸਮਾਰਕ ਦਾ ਉਦਘਾਟਨ ਕਰਨਗੇ। ਇਹ ਕੇਂਦਰ ਨੌਜਵਾਨਾਂ ਵਿੱਚ ਸੱਭਿਆਚਾਰਕ ਚੇਤਨਾ ਅਤੇ ਸਵਾਮੀ ਵਿਵੇਕਾਨੰਦ ਦੇ ਵਿਚਾਰਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਬਣਾਇਆ ਗਿਆ ਹੈ।

