ਨਵੀਂ ਦਿੱਲੀ :- ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਲਗਭਗ ਇੱਕ ਸਾਲ ਬਾਅਦ ਰੈੱਡ-ਬਾਲ ਕ੍ਰਿਕਟ ਵਿੱਚ ਵਾਪਸੀ ਕਰਨ ਜਾ ਰਹੇ ਹਨ। ਉਨ੍ਹਾਂ ਨੂੰ 2026-27 ਦਲੀਪ ਟਰਾਫੀ ਲਈ ਉੱਤਰੀ ਜ਼ੋਨ ਦੀ 15 ਮੈਂਬਰੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਅਰਸ਼ਦੀਪ ਨੇ ਆਪਣਾ ਆਖਰੀ ਲਾਲ ਗੇਂਦ ਵਾਲਾ ਮੁਕਾਬਲਾ ਪਿਛਲੇ ਸਾਲ ਦਲੀਪ ਟਰਾਫੀ ਦੌਰਾਨ ਖੇਡਿਆ ਸੀ।
ਕਨ੍ਹਈਆ ਵਧਾਵਨ ਨੂੰ ਕਪਤਾਨੀ ਦੀ ਜ਼ਿੰਮੇਵਾਰੀ
ਉੱਤਰੀ ਜ਼ੋਨ ਟੀਮ ਦੀ ਕਮਾਨ ਜੰਮੂ-ਕਸ਼ਮੀਰ ਦੇ ਵਿਕਟਕੀਪਰ-ਬੱਲੇਬਾਜ਼ ਕਨ੍ਹਈਆ ਵਧਾਵਨ ਨੂੰ ਸੌਂਪੀ ਗਈ ਹੈ, ਜਦਕਿ ਦਿੱਲੀ ਦੇ ਆਲਰਾਊਂਡਰ ਆਯੁਸ਼ ਬਡੋਨੀ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਟੀਮ ਆਪਣਾ ਪਹਿਲਾ ਮੁਕਾਬਲਾ 23 ਅਗਸਤ ਨੂੰ ਬੈਂਗਲੁਰੂ ਸਥਿਤ ਬੀਸੀਸੀਆਈ ਸੈਂਟਰ ਆਫ਼ ਐਕਸੀਲੈਂਸ ਵਿੱਚ ਪੱਛਮੀ ਜ਼ੋਨ ਖ਼ਿਲਾਫ਼ ਖੇਡੇਗੀ।
ਤੇਜ਼ ਗੇਂਦਬਾਜ਼ੀ ਦੀ ਅਗਵਾਈ ਕਰਨਗੇ ਅਰਸ਼ਦੀਪ ਸਮੇਤ ਇਹ ਗੇਂਦਬਾਜ਼
ਉੱਤਰੀ ਜ਼ੋਨ ਦੀ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਪੰਜਾਬ ਦੇ ਅਰਸ਼ਦੀਪ ਸਿੰਘ, ਜੰਮੂ-ਕਸ਼ਮੀਰ ਦੇ ਯੁੱਧਵੀਰ ਸਿੰਘ ਅਤੇ ਸੁਨੀਲ ਕੁਮਾਰ ਤੋਂ ਇਲਾਵਾ ਹਰਿਆਣਾ ਦੇ ਅੰਸ਼ੁਲ ਕੰਬੋਜ ‘ਤੇ ਹੋਵੇਗੀ। ਹਾਲਾਂਕਿ ਪਿਛਲੇ ਰਣਜੀ ਸੀਜ਼ਨ ਦੇ ਸਭ ਤੋਂ ਕਾਮਯਾਬ ਗੇਂਦਬਾਜ਼ ਆਕਿਬ ਨਬੀ ਨੂੰ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ, ਕਿਉਂਕਿ ਉਹ ਭਾਰਤੀ ਟੀਮ ਨਾਲ ਸ਼੍ਰੀਲੰਕਾ ਦੌਰੇ ‘ਤੇ ਜਾਣਗੇ।
ਕਾਮਰਾਨ ਇਕਬਾਲ ਨੂੰ ਪਹਿਲੀ ਵਾਰ ਮਿਲੀ ਜਗ੍ਹਾ
ਟੀਮ ਵਿੱਚ ਜੰਮੂ-ਕਸ਼ਮੀਰ ਦੇ ਕਈ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਕਪਤਾਨ ਕਨ੍ਹਈਆ ਵਧਾਵਨ ਤੋਂ ਇਲਾਵਾ ਸਲਾਮੀ ਬੱਲੇਬਾਜ਼ ਕਾਮਰਾਨ ਇਕਬਾਲ, ਮੱਧ ਕ੍ਰਮ ਦੇ ਬੱਲੇਬਾਜ਼ ਅਬਦੁਲ ਸਮਦ ਅਤੇ ਸਪਿਨ ਆਲਰਾਊਂਡਰ ਆਬਿਦ ਮੁਸ਼ਤਾਕ ਵੀ ਟੀਮ ਦਾ ਹਿੱਸਾ ਹਨ।
ਕਰਨਾਟਕ ਖ਼ਿਲਾਫ਼ ਫਾਈਨਲ ਮੈਚ ਵਿੱਚ ਨਾਬਾਦ 160 ਦੌੜਾਂ ਦੀ ਪਾਰੀ ਖੇਡਣ ਵਾਲੇ ਕਾਮਰਾਨ ਇਕਬਾਲ ਨੂੰ ਪਹਿਲੀ ਵਾਰ ਦਲੀਪ ਟਰਾਫੀ ਲਈ ਚੁਣਿਆ ਗਿਆ ਹੈ। ਉੱਥੇ ਹੀ ਆਬਿਦ ਮੁਸ਼ਤਾਕ ਨੇ ਪਿਛਲੇ ਸੀਜ਼ਨ ਦੌਰਾਨ 445 ਦੌੜਾਂ ਬਣਾਉਣ ਦੇ ਨਾਲ 20 ਵਿਕਟਾਂ ਹਾਸਲ ਕੀਤੀਆਂ ਸਨ। ਉਹ ਨਿਸ਼ਾਂਤ ਸਿੰਧੂ ਦੇ ਨਾਲ ਟੀਮ ਵਿੱਚ ਸਪਿਨ ਆਲਰਾਊਂਡਰ ਦੀ ਭੂਮਿਕਾ ਨਿਭਾਉਣਗੇ।

