ਚੰਡੀਗੜ੍ਹ :- ਪੰਜਾਬ ਕਾਂਗਰਸ ਵਿੱਚ ਚੱਲ ਰਹੀਆਂ ਸਿਆਸੀ ਚਰਚਾਵਾਂ ਦਰਮਿਆਨ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸਪੱਸ਼ਟ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਾਂ ਕਿਸੇ ਹੋਰ ਕਾਂਗਰਸੀ ਆਗੂ ਨਾਲ ਸੰਪਰਕ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਆਗੂ ਆਪਣੀ ਇੱਛਾ ਨਾਲ ਭਾਜਪਾ ਵਿੱਚ ਸ਼ਾਮਲ ਹੋਣਾ ਚਾਹੇਗਾ ਤਾਂ ਪਾਰਟੀ ਉਸ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰੇਗੀ। ਉਨ੍ਹਾਂ ਕਿਹਾ ਕਿ ਭਾਜਪਾ ਦੇ ਦਰਵਾਜ਼ੇ ਹਰ ਉਸ ਵਿਅਕਤੀ ਲਈ ਖੁੱਲ੍ਹੇ ਹਨ ਜੋ ਪਾਰਟੀ ਦੀ ਵਿਚਾਰਧਾਰਾ ਨਾਲ ਜੁੜਨਾ ਚਾਹੁੰਦਾ ਹੈ।
ਕਾਂਗਰਸ ਵਿੱਚ ਸਿਰਫ਼ ਕੁਰਸੀ ਦੀ ਸਿਆਸਤ ਚੱਲ ਰਹੀ ਹੈ : ਢਿੱਲੋਂ
ਪ੍ਰੈੱਸ ਕਾਨਫ਼ਰੰਸ ਦੌਰਾਨ ਕਾਂਗਰਸ ਵਿੱਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕਾਂਗਰਸ ਵਿੱਚ ਅਜਿਹੇ ਹਾਲਾਤ ਕੋਈ ਨਵੇਂ ਨਹੀਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਅੰਦਰ ਹਮੇਸ਼ਾ ਅਹੁਦਿਆਂ ਨੂੰ ਲੈ ਕੇ ਟਕਰਾਅ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਉਹ ਖ਼ੁਦ ਕਰੀਬ 37 ਸਾਲ ਕਾਂਗਰਸ ਨਾਲ ਜੁੜੇ ਰਹੇ ਹਨ ਅਤੇ ਉਸ ਦੌਰਾਨ ਵੀ ਅੰਦਰੂਨੀ ਕਲੇਸ਼ ਦਾ ਮਾਹੌਲ ਦੇਖਿਆ ਹੈ, ਜਦਕਿ ਭਾਜਪਾ ਵਿੱਚ ਅਜਿਹੀ ਸਥਿਤੀ ਨਹੀਂ ਹੈ।
‘ਆਪ੍ਰੇਸ਼ਨ ਲੋਟਸ’ ਦੇ ਸਵਾਲ ‘ਤੇ ਦਿੱਤਾ ਜਵਾਬ
ਪੰਜਾਬ ਵਿੱਚ ਕਥਿਤ ‘ਆਪ੍ਰੇਸ਼ਨ ਲੋਟਸ’ ਸਬੰਧੀ ਪੁੱਛੇ ਗਏ ਸਵਾਲ ‘ਤੇ ਢਿੱਲੋਂ ਨੇ ਕਿਹਾ ਕਿ ਪੰਜਾਬ ਵਿੱਚ ਕਮਲ ਦਾ ਫੁੱਲ ਜ਼ਰੂਰ ਖਿੜੇਗਾ। ਹਾਲਾਂਕਿ ਉਨ੍ਹਾਂ ਇਸ ਬਾਰੇ ਹੋਰ ਕੋਈ ਵਿਸਥਾਰ ਨਾਲ ਟਿੱਪਣੀ ਨਹੀਂ ਕੀਤੀ।
ਮਾਵਾਂ-ਧੀਆਂ ਸਤਿਕਾਰ ਯੋਜਨਾ ਨੂੰ ਲੈ ਕੇ ਸਰਕਾਰ ‘ਤੇ ਨਿਸ਼ਾਨਾ
ਕੇਵਲ ਸਿੰਘ ਢਿੱਲੋਂ ਨੇ ਪੰਜਾਬ ਸਰਕਾਰ ਦੀ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ‘ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਸੂਬੇ ਦੀ ਹਰ ਮਹਿਲਾ ਨੂੰ ਹਰ ਮਹੀਨੇ ਇੱਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਪਰ ਹੁਣ ਸਰਕਾਰ ਆਪਣੇ ਕਾਰਜਕਾਲ ਦੇ ਅਖੀਰਲੇ ਪੜਾਅ ਵਿੱਚ ਇਸ ਯੋਜਨਾ ਨੂੰ ਲਾਗੂ ਕਰ ਰਹੀ ਹੈ।
ਯੋਗ ਮਹਿਲਾਵਾਂ ਨੂੰ ਪੂਰਾ ਲਾਭ ਨਾ ਮਿਲਣ ਦਾ ਲਗਾਇਆ ਦੋਸ਼
ਭਾਜਪਾ ਪ੍ਰਧਾਨ ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਯੋਜਨਾ ਲਈ ਕਈ ਸ਼ਰਤਾਂ ਲਗਾ ਦਿੱਤੀਆਂ ਹਨ, ਜਿਸ ਕਾਰਨ ਵੱਡੀ ਗਿਣਤੀ ਵਿੱਚ ਮਹਿਲਾਵਾਂ ਇਸ ਦੇ ਲਾਭ ਤੋਂ ਵਾਂਝੀਆਂ ਰਹਿ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਚੋਣਾਂ ਤੋਂ ਪਹਿਲਾਂ ਬਿਨਾਂ ਕਿਸੇ ਸ਼ਰਤ ਦੇ ਸਹਾਇਤਾ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਹੁਣ ਯੋਗਤਾ ਦੀਆਂ ਕਈ ਸ਼ਰਤਾਂ ਲਾਗੂ ਕਰ ਦਿੱਤੀਆਂ ਗਈਆਂ ਹਨ।
ਹਰ ਹੱਕਦਾਰ ਮਹਿਲਾ ਨੂੰ ਲਾਭ ਮਿਲਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ
ਕੇਵਲ ਸਿੰਘ ਢਿੱਲੋਂ ਨੇ ਇਹ ਵੀ ਦੋਸ਼ ਲਗਾਇਆ ਕਿ ਸਰਕਾਰ ਤਿੰਨ ਮਹੀਨਿਆਂ ਦੀ ਰਕਮ ਇਕੱਠੀ ਜਾਰੀ ਕਰਕੇ ਇਸ ਨੂੰ ਯੋਜਨਾ ਦੀ ਵੱਡੀ ਪ੍ਰਾਪਤੀ ਵਜੋਂ ਪੇਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਹਰ ਹੱਕਦਾਰ ਮਹਿਲਾ ਨੂੰ ਯੋਜਨਾ ਦਾ ਪੂਰਾ ਲਾਭ ਮਿਲਣ ਤੱਕ ਸਰਕਾਰ ਨੂੰ ਘੇਰਦੀ ਰਹੇਗੀ ਅਤੇ ਲੋਕਾਂ ਸਾਹਮਣੇ ਆਪਣਾ ਪੱਖ ਰੱਖਦੀ ਰਹੇਗੀ।

