ਨਵੀਂ ਦਿੱਲੀ :- ਦੇਸ਼ ਦੇ ਕਈ ਸ਼ਹਿਰਾਂ, ਖ਼ਾਸ ਕਰਕੇ ਦਿੱਲੀ ਵਿੱਚ ਈ-ਰਿਕਸ਼ਾ ਚਾਲਕਾਂ ਲਈ ਮੁਸੀਬਤ ਬਣੀਆਂ ਤਿੰਨ ਮੋਬਾਈਲ ਐਪਾਂ ਖ਼ਿਲਾਫ਼ ਕੇਂਦਰ ਸਰਕਾਰ ਨੇ ਸਖ਼ਤ ਕਦਮ ਚੁੱਕਿਆ ਹੈ। ਸੂਚਨਾ ਤਕਨਾਲੋਜੀ ਮੰਤਰਾਲੇ ਨੇ ਇਨ੍ਹਾਂ ਐਪਾਂ ਨੂੰ ਐਪ ਸਟੋਰਾਂ ਤੋਂ ਹਟਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਸਰਕਾਰ ਦਾ ਇਹ ਫ਼ੈਸਲਾ ਈ-ਰਿਕਸ਼ਾ ਚਾਲਕਾਂ ਦੀਆਂ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਲਿਆ ਗਿਆ ਹੈ।
ਤਿੰਨ ਐਪਾਂ ਨੂੰ ਹਟਾਉਣ ਦੇ ਦਿੱਤੇ ਗਏ ਨਿਰਦੇਸ਼
ਸਰਕਾਰ ਵੱਲੋਂ ਜਿਨ੍ਹਾਂ ਐਪਾਂ ਨੂੰ ਹਟਾਉਣ ਲਈ ਕਿਹਾ ਗਿਆ ਹੈ, ਉਨ੍ਹਾਂ ਵਿੱਚ BAT-BMS, Lossigy ਅਤੇ Epoch Li-ion ਸ਼ਾਮਲ ਹਨ। ਆਈਟੀ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਸ ਕਾਰਵਾਈ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਨ੍ਹਾਂ ਐਪਾਂ ਦੀ ਵਰਤੋਂ ਕਰਕੇ ਈ-ਰਿਕਸ਼ਾ ਦੀ ਬੈਟਰੀ ਦੇ ਪ੍ਰਬੰਧਨ ਸਿਸਟਮ ਨਾਲ ਬਿਨਾਂ ਅਧਿਕਾਰ ਜੁੜਨ ਦੇ ਮਾਮਲੇ ਸਾਹਮਣੇ ਆਏ ਸਨ।
ਬਲੂਟੁੱਥ ਰਾਹੀਂ ਰੋਕੇ ਜਾ ਰਹੇ ਸਨ ਚੱਲਦੇ ਈ-ਰਿਕਸ਼ੇ
ਸ਼ਿਕਾਇਤਾਂ ਅਨੁਸਾਰ ਕੁਝ ਲੋਕ ਮੋਬਾਈਲ ਐਪ ਦੀ ਮਦਦ ਨਾਲ ਬਲੂਟੁੱਥ ਰਾਹੀਂ ਈ-ਰਿਕਸ਼ਾ ਦੇ ਬੈਟਰੀ ਮੈਨੇਜਮੈਂਟ ਸਿਸਟਮ ਨਾਲ ਜੁੜ ਜਾਂਦੇ ਸਨ। ਇਸ ਤੋਂ ਬਾਅਦ ਬੈਟਰੀ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਜਾਂਦੀ ਸੀ, ਜਿਸ ਕਾਰਨ ਚੱਲਦਾ ਈ-ਰਿਕਸ਼ਾ ਅਚਾਨਕ ਰੁਕ ਜਾਂਦਾ ਸੀ। ਇਸ ਕਾਰਨ ਚਾਲਕਾਂ ਨੂੰ ਨਾ ਸਿਰਫ਼ ਆਰਥਿਕ ਨੁਕਸਾਨ ਝੱਲਣਾ ਪੈਂਦਾ ਸੀ, ਸਗੋਂ ਸੜਕ ਸੁਰੱਖਿਆ ਨੂੰ ਵੀ ਖ਼ਤਰਾ ਪੈਦਾ ਹੋ ਰਿਹਾ ਸੀ।
ਸੋਸ਼ਲ ਮੀਡੀਆ ‘ਤੇ ਵੀਡੀਓ ਹੋਈਆਂ ਸਨ ਵਾਇਰਲ
ਪਿਛਲੇ ਕੁਝ ਦਿਨਾਂ ਦੌਰਾਨ ਸੋਸ਼ਲ ਮੀਡੀਆ ‘ਤੇ ਅਜਿਹੀਆਂ ਕਈ ਵੀਡੀਓ ਸਾਹਮਣੇ ਆਈਆਂ ਸਨ, ਜਿਨ੍ਹਾਂ ਵਿੱਚ ਮੋਬਾਈਲ ਐਪ ਦੀ ਵਰਤੋਂ ਕਰਕੇ ਈ-ਰਿਕਸ਼ਿਆਂ ਨੂੰ ਵਿਚਕਾਰ ਰਸਤੇ ਵਿੱਚ ਹੀ ਬੰਦ ਕੀਤਾ ਜਾਂਦਾ ਦਿਖਾਈ ਦਿੱਤਾ। ਇਨ੍ਹਾਂ ਵੀਡੀਓਜ਼ ਤੋਂ ਬਾਅਦ ਇਹ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ ਸੀ ਅਤੇ ਸਰਕਾਰ ਤੱਕ ਵੀ ਸ਼ਿਕਾਇਤਾਂ ਪਹੁੰਚੀਆਂ ਸਨ।
ਕਮਜ਼ੋਰ ਸੁਰੱਖਿਆ ਕਾਰਨ ਹੋ ਰਹੀ ਸੀ ਦੁਰਵਰਤੋਂ
ਮਾਹਿਰਾਂ ਅਨੁਸਾਰ ਕੁਝ ਈ-ਰਿਕਸ਼ਿਆਂ ਵਿੱਚ ਲੱਗੀਆਂ ਲਿਥੀਅਮ ਬੈਟਰੀਆਂ ਦੇ ਬੈਟਰੀ ਮੈਨੇਜਮੈਂਟ ਸਿਸਟਮ ਵਿੱਚ ਸੁਰੱਖਿਆ ਪ੍ਰਬੰਧ ਕਾਫ਼ੀ ਕਮਜ਼ੋਰ ਸਨ। ਕਈ ਮਾਮਲਿਆਂ ਵਿੱਚ ਪਾਸਵਰਡ ਸੁਰੱਖਿਆ ਨਹੀਂ ਸੀ ਜਾਂ ਫਿਰ ਸੁਰੱਖਿਆ ਪ੍ਰਣਾਲੀ ਆਸਾਨੀ ਨਾਲ ਭੇਦੀ ਜਾ ਸਕਦੀ ਸੀ, ਜਿਸ ਕਾਰਨ ਐਪ ਬਲੂਟੁੱਥ ਰਾਹੀਂ ਬੈਟਰੀ ਨਾਲ ਜੁੜ ਜਾਂਦੀ ਸੀ। ਇਸ ਦੇ ਉਲਟ ਕਾਰਾਂ ਦੇ ਬੈਟਰੀ ਪ੍ਰਬੰਧਨ ਸਿਸਟਮ ਵਿੱਚ ਮਜ਼ਬੂਤ ਐਨਕ੍ਰਿਪਸ਼ਨ ਅਤੇ ਉੱਚ ਪੱਧਰੀ ਸੁਰੱਖਿਆ ਹੋਣ ਕਾਰਨ ਇਸ ਤਰ੍ਹਾਂ ਦੀ ਦਖ਼ਲਅੰਦਾਜ਼ੀ ਸੰਭਵ ਨਹੀਂ ਹੁੰਦੀ।

