ਚੰਡੀਗੜ੍ਹ :- ਪੰਜਾਬ ਦੀਆਂ ਚਾਰ ਸ਼ਹਿਰੀ ਸਥਾਨਕ ਸੰਸਥਾਵਾਂ ਲਈ ਐਤਵਾਰ ਸਵੇਰੇ ਵੋਟਿੰਗ ਪ੍ਰਕਿਰਿਆ ਸ਼ੁਰੂ ਹੋ ਗਈ। ਨਗਰ ਨਿਗਮ ਹੁਸ਼ਿਆਰਪੁਰ, ਨਗਰ ਕੌਂਸਲ ਗੁਰੂ ਹਰ ਸਹਾਏ, ਨਗਰ ਕੌਂਸਲ ਜਲਾਲਾਬਾਦ ਅਤੇ ਇੱਕ ਨਗਰ ਪੰਚਾਇਤ ਦੇ ਵੋਟਰ ਆਪਣੇ ਨੁਮਾਇੰਦਿਆਂ ਦੀ ਚੋਣ ਲਈ ਪੋਲਿੰਗ ਕੇਂਦਰਾਂ ‘ਤੇ ਪਹੁੰਚ ਰਹੇ ਹਨ। ਮਤਦਾਨ ਸਵੇਰੇ 8 ਵਜੇ ਸ਼ੁਰੂ ਹੋਇਆ, ਜੋ ਸ਼ਾਮ 4 ਵਜੇ ਤੱਕ ਜਾਰੀ ਰਹੇਗਾ।
ਈ.ਵੀ.ਐਮ. ਰਾਹੀਂ ਹੋ ਰਹੀ ਹੈ ਵੋਟਿੰਗ, ਗਿਣਤੀ ਵੀ ਅੱਜ ਹੀ
ਇਨ੍ਹਾਂ ਚੋਣਾਂ ਵਿੱਚ ਮਤਦਾਨ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਰਾਹੀਂ ਕਰਵਾਇਆ ਜਾ ਰਿਹਾ ਹੈ। ਵੋਟਿੰਗ ਮੁਕੰਮਲ ਹੋਣ ਤੋਂ ਬਾਅਦ ਵੋਟਾਂ ਦੀ ਗਿਣਤੀ ਵੀ ਉਸੇ ਦਿਨ ਸਬੰਧਤ ਪੋਲਿੰਗ ਕੇਂਦਰਾਂ ‘ਤੇ ਕੀਤੀ ਜਾਵੇਗੀ, ਜਿਸ ਨਾਲ ਨਤੀਜੇ ਜਲਦੀ ਸਾਹਮਣੇ ਆਉਣ ਦੀ ਸੰਭਾਵਨਾ ਹੈ।
ਸ਼ਾਂਤੀਪੂਰਨ ਚੋਣਾਂ ਲਈ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ
ਚੋਣ ਪ੍ਰਕਿਰਿਆ ਨੂੰ ਸੁਚੱਜੇ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਚੋਣ ਅਧਿਕਾਰੀਆਂ ਵੱਲੋਂ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਸੰਵੇਦਨਸ਼ੀਲ ਅਤੇ ਹੋਰ ਪੋਲਿੰਗ ਕੇਂਦਰਾਂ ‘ਤੇ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ ਤਾਂ ਜੋ ਕਾਨੂੰਨ-ਵਿਵਸਥਾ ਬਣਾਈ ਰੱਖਦਿਆਂ ਮਤਦਾਨ ਨਿਰਵਿਘਨ ਢੰਗ ਨਾਲ ਸੰਪੰਨ ਹੋ ਸਕੇ।
ਇਨ੍ਹਾਂ ਪਹਿਚਾਣ ਪੱਤਰਾਂ ਨਾਲ ਵੀ ਪਾਇਆ ਜਾ ਸਕਦਾ ਹੈ ਵੋਟ
ਵੋਟਰ ਆਪਣਾ ਵੋਟਰ ਪਹਿਚਾਣ ਪੱਤਰ ਦਿਖਾ ਕੇ ਵੋਟ ਪਾ ਸਕਦੇ ਹਨ। ਜਿਨ੍ਹਾਂ ਕੋਲ ਵੋਟਰ ਕਾਰਡ ਨਹੀਂ ਹੈ, ਉਹ ਆਧਾਰ ਕਾਰਡ, ਪਾਸਪੋਰਟ, ਡਰਾਈਵਿੰਗ ਲਾਇਸੰਸ, ਫੋਟੋ ਸਮੇਤ ਪੈਨ ਕਾਰਡ, ਮਨਰੇਗਾ ਜਾਬ ਕਾਰਡ, ਰਾਸ਼ਨ ਜਾਂ ਨੀਲਾ ਕਾਰਡ, ਫੋਟੋ ਵਾਲਾ ਅਸਲਾ ਲਾਇਸੰਸ, ਫੋਟੋ ਸਮੇਤ ਪੈਨਸ਼ਨ ਦਸਤਾਵੇਜ਼, ਸੁਤੰਤਰਤਾ ਸੈਨਾਨੀ ਪਹਿਚਾਣ ਪੱਤਰ ਜਾਂ ਬੈਂਕ ਅਤੇ ਡਾਕਘਰ ਵੱਲੋਂ ਜਾਰੀ ਫੋਟੋ ਵਾਲੀ ਪਾਸਬੁੱਕ ਦੇ ਆਧਾਰ ‘ਤੇ ਵੀ ਆਪਣੀ ਵੋਟ ਦਾ ਹੱਕ ਵਰਤ ਸਕਦੇ ਹਨ।

