ਚੰਡੀਗੜ੍ਹ :- ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਤੀਜੇ ਦਿਨ ਦੀ ਕਾਰਵਾਈ ਬੁੱਧਵਾਰ ਸਵੇਰੇ 10 ਵਜੇ ਸ਼ੁਰੂ ਹੋਵੇਗੀ। ਦਿਨ ਦੀ ਸ਼ੁਰੂਆਤ ਰਵਾਇਤੀ ਤੌਰ ‘ਤੇ ਪ੍ਰਸ਼ਨ ਕਾਲ ਨਾਲ ਕੀਤੀ ਜਾਵੇਗੀ, ਜਿਸ ਦੌਰਾਨ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਮੈਂਬਰਾਂ ਦੇ ਸਵਾਲਾਂ ਦੇ ਜਵਾਬ ਮੰਤਰੀਆਂ ਵੱਲੋਂ ਸਦਨ ਵਿੱਚ ਦਿੱਤੇ ਜਾਣਗੇ। ਇਸ ਦੌਰਾਨ ਸਰਕਾਰ ਦੀ ਕਾਰਗੁਜ਼ਾਰੀ ਅਤੇ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਵੀ ਚਰਚਾ ਹੋਣ ਦੀ ਉਮੀਦ ਹੈ।
ਬਿਜਲੀ ਲਾਈਨ ‘ਤੇ ਵੱਧਦੇ ਓਵਰਲੋਡ ਦਾ ਮਾਮਲਾ ਉੱਠੇਗਾ
ਸਦਨ ਦੀ ਕਾਰਵਾਈ ਦੌਰਾਨ ਧਿਆਨ ਦਿਵਾਉਣ ਦੇ ਮਤੇ ਤਹਿਤ ਵਿਧਾਇਕ ਬਲਕਾਰ ਸਿੰਘ ਸਿੱਧੂ ਬਠਿੰਡਾ ਜ਼ਿਲ੍ਹੇ ਦੇ ਭਾਈ ਰੂਪਾ ਵਿਖੇ ਸਥਿਤ ਲਹਿਰਾ ਥਰਮਲ ਪਲਾਂਟ ਤੋਂ ਨਿਕਲਣ ਵਾਲੀ 66 ਕੇਵੀ ਬਿਜਲੀ ਲਾਈਨ ‘ਤੇ ਪੈ ਰਹੇ ਵੱਧਦੇ ਲੋਡ ਦਾ ਮਸਲਾ ਉਠਾਉਣਗੇ। ਇਸ ਮਾਮਲੇ ਸਬੰਧੀ ਉਹ ਬਿਜਲੀ ਮੰਤਰੀ ਤੋਂ ਸਥਿਤੀ ਸਪੱਸ਼ਟ ਕਰਨ ਅਤੇ ਲੋੜੀਂਦੇ ਕਦਮ ਚੁੱਕਣ ਦੀ ਮੰਗ ਕਰਨਗੇ।
ਕਈ ਸਰਕਾਰੀ ਸੰਸਥਾਵਾਂ ਦੀਆਂ ਸਾਲਾਨਾ ਰਿਪੋਰਟਾਂ ਸਦਨ ਅੱਗੇ ਰੱਖੀਆਂ ਜਾਣਗੀਆਂ
ਅੱਜ ਦੀ ਕਾਰਵਾਈ ਵਿੱਚ ਵੱਖ-ਵੱਖ ਸਰਕਾਰੀ ਅਦਾਰਿਆਂ ਦੀਆਂ ਸਾਲਾਨਾ ਰਿਪੋਰਟਾਂ ਅਤੇ ਲੇਖੇ-ਜੋਖੇ ਵੀ ਸਦਨ ਦੇ ਪਟਲ ‘ਤੇ ਰੱਖੇ ਜਾਣਗੇ। ਇਨ੍ਹਾਂ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਾਲ 2023-24 ਦੀ ਸਾਲਾਨਾ ਪ੍ਰਬੰਧਕੀ ਰਿਪੋਰਟ ਸ਼ਾਮਲ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਹੋਟਲ ਲਿਮਟਿਡ ਅਤੇ ਨੀਮ ਚਮੇਲੀ ਟੂਰਿਸਟ ਕੰਪਲੈਕਸ ਲਿਮਟਿਡ ਦੀਆਂ ਸਾਲ 2020-21 ਅਤੇ 2021-22 ਨਾਲ ਸਬੰਧਤ ਸਾਲਾਨਾ ਰਿਪੋਰਟਾਂ ਅਤੇ ਵਿੱਤੀ ਲੇਖੇ ਵੀ ਸਦਨ ਵਿੱਚ ਪੇਸ਼ ਕੀਤੇ ਜਾਣਗੇ। ਬਠਿੰਡਾ ਵਿਕਾਸ ਅਥਾਰਟੀ ਦੀ ਸਾਲ 2022-23 ਦੀ ਸਾਲਾਨਾ ਰਿਪੋਰਟ ਵੀ ਵਿਧਾਨ ਸਭਾ ਅੱਗੇ ਰੱਖੀ ਜਾਵੇਗੀ।
ਕਾਮਨ ਇਨਫਰਾਸਟਰੱਕਚਰ ਸੋਧ ਬਿੱਲ ‘ਤੇ ਹੋਵੇਗੀ ਚਰਚਾ
ਸਰਕਾਰ ਅੱਜ ਪੰਜਾਬ ਕਾਮਨ ਇਨਫਰਾਸਟਰੱਕਚਰ (ਰੈਗੂਲੇਸ਼ਨ ਐਂਡ ਮੇਨਟੇਨੈਂਸ) ਸੋਧ ਬਿੱਲ, 2026 ਨੂੰ ਵਿਚਾਰ ਲਈ ਸਦਨ ਵਿੱਚ ਪੇਸ਼ ਕਰੇਗੀ। ਬਿੱਲ ‘ਤੇ ਮੈਂਬਰਾਂ ਦੀ ਰਾਏ ਸੁਣਨ ਤੋਂ ਬਾਅਦ ਇਸ ਨੂੰ ਪਾਸ ਕਰਨ ਲਈ ਸਦਨ ਦੀ ਮਨਜ਼ੂਰੀ ਵੀ ਮੰਗੀ ਜਾਵੇਗੀ।
ਜਨਤਕ ਅਤੇ ਖੇਤਰੀ ਮੁੱਦਿਆਂ ‘ਤੇ ਵੀ ਰਹੇਗੀ ਨਜ਼ਰ
ਤੀਜੇ ਦਿਨ ਦੀ ਕਾਰਵਾਈ ਦੌਰਾਨ ਪ੍ਰਸ਼ਨ ਕਾਲ, ਧਿਆਨ ਦਿਵਾਉਣ ਦਾ ਮਤਾ, ਸਾਲਾਨਾ ਰਿਪੋਰਟਾਂ ਦੀ ਪੇਸ਼ਕਾਰੀ ਅਤੇ ਸੋਧ ਬਿੱਲ ‘ਤੇ ਚਰਚਾ ਮੁੱਖ ਕੇਂਦਰ ਰਹਿਣਗੇ। ਇਸ ਦੇ ਨਾਲ ਹੀ ਵਿਰੋਧੀ ਅਤੇ ਸੱਤਾਧਾਰੀ ਧਿਰ ਦੇ ਮੈਂਬਰਾਂ ਵੱਲੋਂ ਲੋਕ ਹਿੱਤ ਅਤੇ ਆਪਣੇ-ਆਪਣੇ ਖੇਤਰਾਂ ਨਾਲ ਜੁੜੇ ਮੁੱਦਿਆਂ ਨੂੰ ਵੀ ਸਦਨ ਵਿੱਚ ਉਠਾਏ ਜਾਣ ਦੀ ਸੰਭਾਵਨਾ ਹੈ।

