ਚੰਡੀਗੜ੍ਹ :- ਪੰਜਾਬ ਸਰਕਾਰ ਵੱਲੋਂ ਆਉਣ ਵਾਲੇ ਖੇਤੀ ਮੌਸਮ ਲਈ ਝੋਨੇ ਦੀ ਲਵਾਈ ਸੰਬੰਧੀ ਵਿਸਥਾਰਪੂਰਵਕ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਧੀ ਬਿਜਾਈ ਦਾ ਕੰਮ 15 ਮਈ ਤੋਂ ਸ਼ੁਰੂ ਹੋ ਕੇ 31 ਮਈ ਤੱਕ ਚੱਲੇਗਾ। ਇਸ ਤੋਂ ਬਾਅਦ 1 ਜੂਨ ਤੋਂ ਪਹਿਲੇ ਪੜਾਅ ‘ਚ ਕੁਝ ਜ਼ਿਲ੍ਹਿਆਂ ਵਿੱਚ ਝੋਨੇ ਦੀ ਲਵਾਈ ਦੀ ਆਗਾਜ਼ ਕੀਤਾ ਜਾਵੇਗਾ।
ਪਹਿਲੇ ਅਤੇ ਦੂਜੇ ਪੜਾਅ ‘ਚ ਚੁਣੇ ਜ਼ਿਲ੍ਹਿਆਂ ‘ਚ ਲਵਾਈ
ਉਨ੍ਹਾਂ ਦੱਸਿਆ ਕਿ 1 ਜੂਨ ਤੋਂ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ, ਰੂਪਨਗਰ ਅਤੇ ਮੋਹਾਲੀ ਵਿੱਚ ਲਵਾਈ ਸ਼ੁਰੂ ਹੋਵੇਗੀ। ਇਸ ਤੋਂ ਬਾਅਦ 5 ਜੂਨ ਤੋਂ ਦੂਜੇ ਪੜਾਅ ‘ਚ ਫਰੀਦਕੋਟ, ਬਠਿੰਡਾ, ਫਿਰੋਜ਼ਪੁਰ, ਮੁਕਤਸਰ ਅਤੇ ਫ਼ਾਜ਼ਿਲਕਾ ਦੇ ਕਿਸਾਨ ਖੇਤਾਂ ਵਿੱਚ ਉਤਰਣਗੇ।
ਆਖਰੀ ਪੜਾਅ 9 ਜੂਨ ਤੋਂ, ਬਾਕੀ ਜ਼ਿਲ੍ਹਿਆਂ ‘ਚ ਹੋਵੇਗੀ ਸ਼ੁਰੂਆਤ
ਤੀਜੇ ਅਤੇ ਆਖਰੀ ਪੜਾਅ ਅਧੀਨ 9 ਜੂਨ ਤੋਂ ਲੁਧਿਆਣਾ, ਮਲੇਰਕੋਟਲਾ, ਮਾਨਸਾ, ਪਟਿਆਲਾ, ਮੋਗਾ, ਬਰਨਾਲਾ, ਜਲੰਧਰ, ਸੰਗਰੂਰ, ਕਪੂਰਥਲਾ ਅਤੇ ਨਵਾਂ ਸ਼ਹਿਰ ਵਿੱਚ ਝੋਨੇ ਦੀ ਲਵਾਈ ਦੀ ਸ਼ੁਰੂਆਤ ਕੀਤੀ ਜਾਵੇਗੀ। ਸਰਕਾਰ ਵੱਲੋਂ ਇਹ ਤਿੰਨ ਪੜਾਅਾਂ ਵਿੱਚ ਸ਼ਡਿਊਲ ਬਣਾਕੇ ਪਾਣੀ ਅਤੇ ਬਿਜਲੀ ਦੀ ਸੰਭਾਲ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਕਿਸਾਨਾਂ ਲਈ ਬਿਜਲੀ ਤੇ ਪਾਣੀ ਦੀ ਵੱਧ ਤੋਂ ਵੱਧ ਸਹੂਲਤ
ਮੁੱਖ ਮੰਤਰੀ ਨੇ ਕਿਹਾ ਕਿ ਲਵਾਈ ਦੌਰਾਨ ਕਿਸਾਨਾਂ ਨੂੰ ਰੋਜ਼ਾਨਾ ਅੱਠ ਘੰਟੇ ਬਿਜਲੀ ਮੁਹੱਈਆ ਕਰਵਾਈ ਜਾਵੇਗੀ। ਇਸਦੇ ਨਾਲ ਹੀ 1 ਮਈ ਤੋਂ ਨਹਿਰੀ ਪਾਣੀ ਛੱਡਣ ਦੀ ਵੀ ਤਿਆਰੀ ਕੀਤੀ ਗਈ ਹੈ, ਤਾਂ ਜੋ ਖੇਤਾਂ ਵਿੱਚ ਜ਼ਮੀਨੀ ਪਾਣੀ ‘ਤੇ ਦਬਾਅ ਘਟਾਇਆ ਜਾ ਸਕੇ ਅਤੇ ਕਿਸਾਨ ਵੱਧ ਤੋਂ ਵੱਧ ਨਹਿਰੀ ਪਾਣੀ ਦੀ ਵਰਤੋਂ ਕਰਨ।

