ਚੰਡੀਗੜ੍ਹ :- ਸ੍ਰੀ ਅਮਰਨਾਥ ਜੀ ਦੀ ਸਾਲਾਨਾ ਯਾਤਰਾ ਨੂੰ ਸੁਰੱਖਿਅਤ ਅਤੇ ਸੁਚਾਰੂ ਢੰਗ ਨਾਲ ਸੰਪੰਨ ਕਰਵਾਉਣ ਲਈ ਪੰਜਾਬ ਵਿੱਚ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਯਾਤਰਾ 3 ਜੁਲਾਈ ਤੋਂ ਸ਼ੁਰੂ ਹੋਵੇਗੀ, ਜਦਕਿ ਪੰਜਾਬ ਅਤੇ ਨੇੜਲੇ ਰਾਜਾਂ ਤੋਂ ਸ਼ਰਧਾਲੂਆਂ ਦੀ ਆਵਾਜਾਈ 1 ਜੁਲਾਈ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਪੁਲਿਸ, ਭਾਰਤੀ ਫ਼ੌਜ, ਬੀਐੱਸਐੱਫ਼ ਅਤੇ ਸਿਵਲ ਪ੍ਰਸ਼ਾਸਨ ਨੇ ਸਾਂਝੇ ਤੌਰ ‘ਤੇ ਸੁਰੱਖਿਆ ਯੋਜਨਾ ਨੂੰ ਅੰਤਿਮ ਰੂਪ ਦੇ ਦਿੱਤਾ ਹੈ।
ਸੁਰੱਖਿਆ ਪ੍ਰਬੰਧਾਂ ਦੀ ਹੋਈ ਉੱਚ ਪੱਧਰੀ ਸਮੀਖਿਆ
ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਪੀ. ਕੇ. ਸਿਨਹਾ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਅੰਤਰ-ਰਾਜੀ ਮੀਟਿੰਗ ਕਰਕੇ ਯਾਤਰਾ ਦੌਰਾਨ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ਵਿੱਚ ਖੁਫੀਆ ਜਾਣਕਾਰੀ ਦੇ ਆਦਾਨ-ਪ੍ਰਦਾਨ, ਵੱਖ-ਵੱਖ ਸੁਰੱਖਿਆ ਏਜੰਸੀਆਂ ਵਿਚਾਲੇ ਤਾਲਮੇਲ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਲਈ ਲੋੜੀਂਦੇ ਕਦਮਾਂ ‘ਤੇ ਵਿਚਾਰ ਕੀਤਾ ਗਿਆ।
ਨੀਮ ਫੌਜੀ ਬਲਾਂ ਦੀਆਂ ਵਾਧੂ ਕੰਪਨੀਆਂ ਤਾਇਨਾਤ
ਸੁਰੱਖਿਆ ਸੂਤਰਾਂ ਅਨੁਸਾਰ ਇਸ ਵਾਰ ਕੇਂਦਰ ਸਰਕਾਰ ਨੇ ਪੰਜਾਬ ਨੂੰ ਨੀਮ ਫੌਜੀ ਬਲਾਂ ਦੀਆਂ ਨੌਂ ਵਾਧੂ ਕੰਪਨੀਆਂ ਉਪਲਬਧ ਕਰਵਾਈਆਂ ਹਨ। ਇਨ੍ਹਾਂ ਨੂੰ ਸੰਵੇਦਨਸ਼ੀਲ ਥਾਵਾਂ ‘ਤੇ ਤਾਇਨਾਤ ਕੀਤਾ ਜਾ ਰਿਹਾ ਹੈ ਅਤੇ ਲੋੜ ਪੈਣ ‘ਤੇ ਹੋਰ ਬਲ ਵੀ ਤਾਇਨਾਤ ਕੀਤੇ ਜਾ ਸਕਦੇ ਹਨ।
ਪਠਾਨਕੋਟ ਰੂਟ ‘ਤੇ ਬਹੁ-ਪੱਧਰੀ ਸੁਰੱਖਿਆ ਪ੍ਰਬੰਧ
3 ਜੁਲਾਈ ਤੋਂ 28 ਅਗਸਤ ਤੱਕ ਚੱਲਣ ਵਾਲੀ ਯਾਤਰਾ ਦੌਰਾਨ ਹਜ਼ਾਰਾਂ ਸ਼ਰਧਾਲੂ ਪਠਾਨਕੋਟ ਰਾਹੀਂ ਜੰਮੂ-ਕਸ਼ਮੀਰ ਵੱਲ ਜਾਣਗੇ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਪੁਲਿਸ ਨੇ 65 ਕਿਲੋਮੀਟਰ ਦੇ ਯਾਤਰਾ ਰੂਟ ਨੂੰ ਪੰਜ ਸੁਰੱਖਿਆ ਸੈਕਟਰਾਂ ਵਿੱਚ ਵੰਡ ਕੇ ਵਿਸ਼ੇਸ਼ ਪ੍ਰਬੰਧ ਕੀਤੇ ਹਨ।
ਇਨ੍ਹਾਂ ਪ੍ਰਬੰਧਾਂ ਵਿੱਚ ਮਾਧੋਪੁਰ ਵਿਖੇ ਕਮਾਂਡ ਅਤੇ ਕੰਟਰੋਲ ਸੈਂਟਰ, ਚੌਵੀ ਘੰਟੇ ਨਿਗਰਾਨੀ, ਨਾਕਾਬੰਦੀ, ਸੀਸੀਟੀਵੀ ਅਤੇ ਡਰੋਨ ਰਾਹੀਂ ਨਿਗਰਾਨੀ, ਐਮਰਜੈਂਸੀ ਰਿਸਪਾਂਸ ਵਾਹਨਾਂ ਦੀ ਗਸ਼ਤ, ਭਾਰਤੀ ਫ਼ੌਜ, ਬੀਐੱਸਐੱਫ਼, ਕੇਂਦਰੀ ਨੀਮ ਫੌਜੀ ਬਲਾਂ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਪੁਲਿਸ ਨਾਲ ਸਾਂਝੇ ਆਪਰੇਸ਼ਨ, ਤੁਰੰਤ ਕਾਰਵਾਈ ਟੀਮਾਂ, ਬੰਬ ਨਿਰੋਧਕ ਦਸਤੇ ਅਤੇ ਐਂਟੀ-ਸਾਬੋਟਾਜ਼ ਜਾਂਚਾਂ ਸ਼ਾਮਲ ਹਨ।
ਸ਼ਰਧਾਲੂਆਂ ਨੂੰ ਸੁਰੱਖਿਆ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ
ਯਾਤਰਾ ਦੌਰਾਨ ਸੁਰੱਖਿਆ ਪ੍ਰਬੰਧਾਂ ਲਈ 800 ਤੋਂ ਵੱਧ ਪੁਲਿਸ ਮੁਲਾਜ਼ਮਾਂ ਅਤੇ ਵਿਸ਼ੇਸ਼ ਰਿਸਪਾਂਸ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਪੁਲਿਸ ਨੇ ਸ਼ਰਧਾਲੂਆਂ ਨੂੰ ਅਧਿਕਾਰਤ ਰਸਤੇ ਦੀ ਹੀ ਵਰਤੋਂ ਕਰਨ, ਸੁਰੱਖਿਆ ਬਲਾਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ।
ਹਰ ਪੜਾਅ ‘ਤੇ ਸੁਰੱਖਿਆ ਯਕੀਨੀ ਬਣਾਉਣ ਦਾ ਦਾਅਵਾ
ਸਪੈਸ਼ਲ ਡੀਜੀਪੀ ਪੀ. ਕੇ. ਸਿਨਹਾ ਨੇ ਕਿਹਾ ਕਿ ਪੰਜਾਬ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹਨ ਅਤੇ ਯਾਤਰਾ ਦੇ ਹਰ ਪੜਾਅ ਨੂੰ ਸੁਰੱਖਿਅਤ ਬਣਾਉਣ ਲਈ ਸਾਂਝੇ ਤੌਰ ‘ਤੇ ਕੰਮ ਕਰ ਰਹੀਆਂ ਹਨ, ਤਾਂ ਜੋ ਹਰ ਸ਼ਰਧਾਲੂ ਆਪਣੀ ਧਾਰਮਿਕ ਯਾਤਰਾ ਬਿਨਾਂ ਕਿਸੇ ਰੁਕਾਵਟ ਦੇ ਪੂਰੀ ਕਰ ਸਕੇ।

