ਚੰਡੀਗੜ੍ਹ :- ਫਰੀਦਕੋਟ, ਕੋਟਕਪੂਰਾ ਅਤੇ ਜੈਤੋਂ ਦੀਆਂ ਨਗਰ ਕੌਂਸਲ ਚੋਣਾਂ ਹੁਣ ਸਿਆਸੀ ਮੈਦਾਨ ਦੇ ਨਾਲ-ਨਾਲ ਅਦਾਲਤੀ ਚਰਚਾ ਦਾ ਵੀ ਕੇਂਦਰ ਬਣ ਗਈਆਂ ਹਨ। ਪਹਿਲਾਂ ਜੈਤੋ ਤੋਂ ਭਾਜਪਾ ਆਗੂ ਪ੍ਰਦੀਪ ਸਿੰਗਲਾ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ, ਉਸ ਤੋਂ ਬਾਅਦ ਕੋਟਕਪੂਰਾ ਤੋਂ ਕਾਂਗਰਸੀ ਉਮੀਦਵਾਰ ਪ੍ਰਦੀਪ ਕੁਮਾਰ ਕੁੱਕੀ ਚੋਪੜਾ ਅਤੇ ਫਿਰ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਵੱਲੋਂ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਗਿਆ।
ਬੂਥ ਕੈਪਚਰਿੰਗ ਅਤੇ ਗੈਰਕਾਨੂੰਨੀ ਗਤੀਵਿਧੀਆਂ ਦੇ ਖਦਸ਼ੇ ਜਤਾਏ
ਕਾਂਗਰਸੀ ਆਗੂ ਕੁੱਕੀ ਚੋਪੜਾ ਨੇ ਆਪਣੀ ਪਟੀਸ਼ਨ ਵਿੱਚ ਦੋਸ਼ ਲਗਾਇਆ ਹੈ ਕਿ 26 ਮਈ ਨੂੰ ਹੋਣ ਵਾਲੀ ਵੋਟਿੰਗ ਦੌਰਾਨ ਵਾਰਡ ਨੰਬਰ 10 ਦੇ ਬੂਥ ‘ਤੇ ਨਜਾਇਜ਼ ਕਬਜ਼ੇ ਦੀ ਕੋਸ਼ਿਸ਼ ਹੋ ਸਕਦੀ ਹੈ। ਉਨ੍ਹਾਂ ਬੂਥ ਕੈਪਚਰਿੰਗ, ਬੋਗਸ ਵੋਟਿੰਗ ਅਤੇ ਗੁੰਡਾਗਰਦੀ ਵਰਗੀਆਂ ਗੈਰਕਾਨੂੰਨੀ ਗਤੀਵਿਧੀਆਂ ਦਾ ਖਦਸ਼ਾ ਵੀ ਜਤਾਇਆ ਹੈ।
ਜੈਤੋ ਵਿੱਚ ਨਾਮਜ਼ਦਗੀ ਰੱਦ ਹੋਣ ਦਾ ਮਾਮਲਾ ਵੀ ਪਹੁੰਚਿਆ ਅਦਾਲਤ
ਜੈਤੋ ਵਿੱਚ ਭਾਜਪਾ ਆਗੂ ਪ੍ਰਦੀਪ ਸਿੰਗਲਾ ਦੀ ਪਤਨੀ ਸ਼ੀਤਲ ਸਿੰਗਲਾ ਵਾਰਡ ਨੰਬਰ 14 ਤੋਂ ਚੋਣ ਮੈਦਾਨ ਵਿੱਚ ਸੀ, ਪਰ ਉਸਦੇ ਨਾਮਜ਼ਦਗੀ ਪੱਤਰ ਰੱਦ ਹੋ ਗਏ ਸਨ। ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ, ਜਿਸ ਤੋਂ ਬਾਅਦ ਉਸਦੀ ਨਾਮਜ਼ਦਗੀ ਮੁੜ ਬਹਾਲ ਹੋਈ।
ਬੰਟੀ ਰੋਮਾਣਾ ਦੀ ਪਟੀਸ਼ਨ ਤੋਂ ਬਾਅਦ ਸਪੈਸ਼ਲ ਅਬਜ਼ਰਵਰ ਨਿਯੁਕਤ
ਅਕਾਲੀ ਆਗੂ Parambans Singh Bunty Romana ਵੱਲੋਂ ਵੀ ਚੋਣਾਂ ਦੌਰਾਨ ਧੱਕੇਸ਼ਾਹੀ ਅਤੇ ਗੜਬੜ ਦੇ ਖਦਸ਼ੇ ਜਤਾਉਂਦਿਆਂ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ‘ਤੇ ਕਾਰਵਾਈ ਕਰਦਿਆਂ ਅਦਾਲਤ ਨੇ ਇੱਕ ਸਪੈਸ਼ਲ ਅਬਜ਼ਰਵਰ ਨਿਯੁਕਤ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਇਸ ਦਰਮਿਆਨ ਜ਼ਿਲ੍ਹਾ ਪੁਲਿਸ ਨੇ ਵੀ ਸਖ਼ਤ ਕਾਰਵਾਈ ਕਰਦਿਆਂ ਕੋਟਕਪੂਰਾ ਸਿਟੀ ਥਾਣੇ ਦੇ ਐੱਸਐੱਚਓ ਇੰਸਪੈਕਟਰ ਚਮਕੋਰ ਸਿੰਘ ਬਰਾੜ ਨੂੰ ਚੋਣ ਡਿਊਟੀ ਤੋਂ ਗੈਰਹਾਜ਼ਰ ਰਹਿਣ ਦੇ ਮਾਮਲੇ ਵਿੱਚ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਨੂੰ ਪੁਲਿਸ ਲਾਈਨ ਫਰੀਦਕੋਟ ਭੇਜ ਦਿੱਤਾ ਗਿਆ ਹੈ ਅਤੇ ਨਾਲ ਹੀ ਵਿਭਾਗੀ ਜਾਂਚ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ।

