ਮਾਨਸਾ :- ਮਾਨਸਾ ਜ਼ਿਲ੍ਹੇ ਦੇ ਬਰੇਟਾ ਵਿੱਚ ਸੋਮਵਾਰ ਸਵੇਰੇ ਪੀਆਰਟੀਸੀ ਬੱਸ ਅਤੇ ਸਕੂਲ ਵੈਨ ਵਿਚਕਾਰ ਹੋਈ ਟੱਕਰ ਵਿੱਚ ਕਰੀਬ ਇੱਕ ਦਰਜਨ ਸਕੂਲੀ ਬੱਚੇ ਜ਼ਖ਼ਮੀ ਹੋ ਗਏ। ਹਾਦਸੇ ਵਿੱਚ ਕੁਝ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜਦਕਿ ਕਰੀਬ ਅੱਧਾ ਦਰਜਨ ਬੱਚਿਆਂ ਨੂੰ ਜ਼ਿਆਦਾ ਸੱਟਾਂ ਲੱਗਣ ਕਾਰਨ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਹਾਦਸੇ ਤੋਂ ਬਾਅਦ ਸਕੂਲੀ ਵਾਹਨ ਦੀ ਹਾਲਤ ਨੂੰ ਲੈ ਕੇ ਵੀ ਸਵਾਲ ਉੱਠਣ ਲੱਗੇ ਹਨ।
ਬਰੇਟਾ-ਦਿਆਲਪੁਰਾ ਸੜਕ ’ਤੇ ਵਾਪਰਿਆ ਹਾਦਸਾ
ਜਾਣਕਾਰੀ ਮੁਤਾਬਕ ਸਕੂਲ ਵੈਨ ਸਵੇਰੇ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ। ਬਰੇਟਾ ਅਤੇ ਦਿਆਲਪੁਰਾ ਵਿਚਕਾਰ ਵੈਨ ਦੇ ਅੱਗੇ ਜਾ ਰਹੀ ਪੀਆਰਟੀਸੀ ਬੱਸ ਨੇ ਅਚਾਨਕ ਬ੍ਰੇਕ ਲਗਾ ਦਿੱਤੇ। ਇਸ ਦੌਰਾਨ ਪਿੱਛੋਂ ਆ ਰਹੀ ਸਕੂਲ ਵੈਨ ਬੱਸ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਵੈਨ ਵਿੱਚ ਸਵਾਰ ਬੱਚਿਆਂ ਨੂੰ ਸੱਟਾਂ ਲੱਗੀਆਂ। ਇੱਕ ਬੱਚੇ ਦੇ ਹੱਥ ਵਿੱਚ ਫ੍ਰੈਕਚਰ ਹੋਣ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ।
ਜ਼ਖ਼ਮੀ ਬੱਚਿਆਂ ਨੂੰ ਮਾਨਸਾ ਹਸਪਤਾਲ ਭੇਜਿਆ
ਸਕੂਲ ਦੇ ਪ੍ਰਿੰਸੀਪਲ ਕਰਮਜੀਤ ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਜ਼ਖ਼ਮੀ ਬੱਚਿਆਂ ਨੂੰ ਪਹਿਲਾਂ ਬਰੇਟਾ ਦੇ ਹਸਪਤਾਲ ਲਿਜਾਇਆ ਗਿਆ। ਇਸ ਤੋਂ ਬਾਅਦ ਲੋੜ ਮੁਤਾਬਕ ਕੁਝ ਬੱਚਿਆਂ ਨੂੰ ਮਾਨਸਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਮੁਤਾਬਕ ਪੁਲਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਬੱਸ ਦੇ ਅਚਾਨਕ ਬ੍ਰੇਕ ਲੱਗਣ ਦਾ ਦੱਸਿਆ ਕਾਰਨ
ਪ੍ਰਿੰਸੀਪਲ ਨੇ ਦੱਸਿਆ ਕਿ ਉਨ੍ਹਾਂ ਨੂੰ ਮਿਲੀ ਜਾਣਕਾਰੀ ਅਨੁਸਾਰ ਬੱਸ ਚਾਲਕ ਡਰਾਈਵਿੰਗ ਦੌਰਾਨ ਛੋਲੇ ਖਾ ਰਿਹਾ ਸੀ ਅਤੇ ਪਾਣੀ ਪੀਣ ਲਈ ਹੇਠਾਂ ਰੱਖਿਆ ਗਲਾਸ ਚੁੱਕਣ ਲੱਗਾ। ਇਸ ਦੌਰਾਨ ਬੱਸ ਦੇ ਅਚਾਨਕ ਬ੍ਰੇਕ ਲੱਗ ਗਏ, ਜਿਸ ਕਾਰਨ ਪਿੱਛੇ ਆ ਰਹੀ ਸਕੂਲ ਵੈਨ ਬੱਸ ਨਾਲ ਟਕਰਾ ਗਈ। ਹਾਲਾਂਕਿ ਹਾਦਸੇ ਦੇ ਅਸਲ ਕਾਰਨਾਂ ਦੀ ਪੁਸ਼ਟੀ ਪੁਲਸ ਜਾਂਚ ਤੋਂ ਬਾਅਦ ਹੀ ਹੋਵੇਗੀ।
ਵੈਨ ਦੀ ਹਾਲਤ ਅਤੇ ਪਾਸਿੰਗ ਨੂੰ ਲੈ ਕੇ ਸਵਾਲ
ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਸਕੂਲੀ ਵਾਹਨਾਂ ਦੀ ਸੁਰੱਖਿਆ ਜਾਂਚ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਹਾਦਸਾਗ੍ਰਸਤ ਵੈਨ ਦੀ ਹਾਲਤ ਠੀਕ ਨਹੀਂ ਸੀ ਅਤੇ ਇਸ ਦੀ ਪਾਸਿੰਗ ਨਾ ਹੋਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਕੂਲਾਂ ਵੱਲੋਂ ਬੱਚਿਆਂ ਦੀ ਆਵਾਜਾਈ ਲਈ ਵਰਤੇ ਜਾਂਦੇ ਵਾਹਨਾਂ ਦੀ ਨਿਯਮਿਤ ਜਾਂਚ ਯਕੀਨੀ ਬਣਾਈ ਜਾਵੇ, ਤਾਂ ਜੋ ਅਜਿਹੇ ਹਾਦਸਿਆਂ ਤੋਂ ਬੱਚਿਆਂ ਦੀ ਸੁਰੱਖਿਆ ਕੀਤੀ ਜਾ ਸਕੇ।

