ਕੈਨੇਡਾ :- ਕੈਨੇਡਾ ਦੇ ਕੈਲਗਰੀ ਵਿੱਚ ਰੰਗਦਾਰੀ ਅਤੇ ਫਾਇਰਿੰਗ ਨਾਲ ਜੁੜੇ ਮਾਮਲੇ ਦੀ ਜਾਂਚ ਦੌਰਾਨ ਪੁਲਸ ਨੇ ਪੰਜਾਬੀ ਮੂਲ ਦੀ 23 ਸਾਲਾ ਕਨੁਰੀਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਮੁਤਾਬਕ ਕੌਰ ਤੇ ਦੋਸ਼ ਹੈ ਕਿ ਉਸ ਨੇ ਪੀੜਤਾ ਨਾਲ ਸਬੰਧਤ ਨਿੱਜੀ ਜਾਣਕਾਰੀ ਹੋਰ ਸ਼ੱਕੀ ਵਿਅਕਤੀਆਂ ਤੱਕ ਪਹੁੰਚਾਈ, ਜਿਸ ਦੀ ਵਰਤੋਂ ਪੀੜਤਾ ਅਤੇ ਉਸ ਦੇ ਪਰਿਵਾਰ ਨੂੰ ਧਮਕਾਉਣ ਲਈ ਕੀਤੀ ਗਈ। ਗ੍ਰਿਫ਼ਤਾਰੀ ਤੋਂ ਬਾਅਦ ਕੌਰ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਉਸ ਦੀ ਅਗਲੀ ਅਦਾਲਤੀ ਪੇਸ਼ੀ 6 ਅਕਤੂਬਰ 2026 ਨੂੰ ਹੋਵੇਗੀ।
ਵਟਸਐਪ ’ਤੇ ਪੈਸਿਆਂ ਦੀ ਮੰਗ ਤੋਂ ਬਾਅਦ ਘਰ ’ਤੇ ਚੱਲੀਆਂ ਗੋਲੀਆਂ
ਕੈਲਗਰੀ ਪੁਲਸ ਅਨੁਸਾਰ ਇਸ ਮਾਮਲੇ ਦੀ ਜਾਂਚ 25 ਮਾਰਚ 2026 ਨੂੰ ਸ਼ੁਰੂ ਹੋਈ ਸੀ। ਪੀੜਤਾ ਨੂੰ ਇੱਕ ਅਣਪਛਾਤੇ ਨੰਬਰ ਤੋਂ ਵਟਸਐਪ ’ਤੇ ਪੈਸਿਆਂ ਦੀ ਮੰਗ ਵਾਲੇ ਸੁਨੇਹੇ ਅਤੇ ਵੌਇਸ ਮੈਸੇਜ ਮਿਲੇ ਸਨ। ਪੁਲਸ ਮੁਤਾਬਕ ਸੁਨੇਹਿਆਂ ਵਿੱਚ ਉਸ ਦੀ ਨਿੱਜੀ ਜ਼ਿੰਦਗੀ, ਕਾਰੋਬਾਰ ਅਤੇ ਪਰਿਵਾਰ ਨਾਲ ਜੁੜੀ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਹਿੰਸਾ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ।
ਪੁਲਸ ਦਾ ਕਹਿਣਾ ਹੈ ਕਿ ਧਮਕੀ ਭਰੇ ਸੁਨੇਹੇ ਮਿਲਣ ਤੋਂ ਲਗਭਗ 12 ਘੰਟਿਆਂ ਬਾਅਦ ਪੀੜਤਾ ਦੇ ਘਰ ’ਤੇ ਗੋਲੀਆਂ ਚਲਾਈਆਂ ਗਈਆਂ। ਘਟਨਾ ਮਗਰੋਂ ਸ਼ੱਕੀ ਵਿਅਕਤੀ ਇੱਕ ਵਾਹਨ ਵਿੱਚ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ। ਹਾਲਾਂਕਿ ਗੋਲੀਬਾਰੀ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ।
ਪੀੜਤਾ ਦੇ ਘਰ ਦੀ ਨਿੱਜੀ ਜਾਣਕਾਰੀ ਸਾਂਝੀ ਕਰਨ ਦਾ ਦੋਸ਼
ਜਾਂਚ ਦੌਰਾਨ ਸੀ.ਸੀ.ਟੀ.ਵੀ. ਫੁਟੇਜ ਅਤੇ ਡਿਜੀਟਲ ਸਬੂਤਾਂ ਦੇ ਆਧਾਰ ’ਤੇ ਪੁਲਸ ਨੇ ਸ਼ੱਕੀ ਵਾਹਨ ਅਤੇ ਮਾਮਲੇ ਨਾਲ ਜੁੜੇ ਵਿਅਕਤੀਆਂ ਦੀ ਪਛਾਣ ਕੀਤੀ। ਪੁਲਸ ਮੁਤਾਬਕ ਕਨੁਰੀਤ ਕੌਰ ਪੀੜਤਾ ਦੇ ਘਰ ਕੰਮ ਕਰਦੀ ਸੀ ਅਤੇ ਉਸ ਕੋਲ ਉਸ ਦੀ ਨਿੱਜੀ ਜਾਣਕਾਰੀ ਤੱਕ ਪਹੁੰਚ ਸੀ।
ਪੁਲਸ ਦਾ ਦੋਸ਼ ਹੈ ਕਿ ਕੌਰ ਨੇ ਇਹ ਜਾਣਕਾਰੀ ਹੋਰ ਸ਼ੱਕੀ ਵਿਅਕਤੀਆਂ ਨੂੰ ਮੁਹੱਈਆ ਕਰਵਾਈ, ਜਿਸ ਨਾਲ ਉਨ੍ਹਾਂ ਨੂੰ ਪੀੜਤਾ ਅਤੇ ਉਸ ਦੇ ਪਰਿਵਾਰ ਦੀ ਪਛਾਣ ਕਰਨ, ਉਨ੍ਹਾਂ ਦਾ ਪਤਾ ਲਗਾਉਣ ਅਤੇ ਧਮਕਾਉਣ ਵਿੱਚ ਮਦਦ ਮਿਲੀ। ਕੌਰ ਖ਼ਿਲਾਫ਼ ਰੰਗਦਾਰੀ ਦਾ ਇੱਕ ਮਾਮਲਾ ਦਰਜ ਕੀਤਾ ਗਿਆ ਹੈ।
17 ਸਾਲਾ ਨੌਜਵਾਨ ਵੀ ਪਹਿਲਾਂ ਹੋ ਚੁੱਕਾ ਗ੍ਰਿਫ਼ਤਾਰ
ਇਸ ਕੇਸ ਵਿੱਚ ਪੁਲਸ ਨੇ 29 ਜੁਲਾਈ ਨੂੰ 17 ਸਾਲਾ ਨੌਜਵਾਨ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਉਸ ’ਤੇ ਕਥਿਤ ਤੌਰ ’ਤੇ ਪੀੜਤਾ ਅਤੇ ਧਮਕੀ ਦੇਣ ਵਾਲੇ ਵਿਅਕਤੀਆਂ ਵਿਚਕਾਰ ਸੰਪਰਕ ਕਰਵਾਉਣ ਵਿੱਚ ਭੂਮਿਕਾ ਨਿਭਾਉਣ ਦੇ ਦੋਸ਼ ਹੇਠ ਰੰਗਦਾਰੀ ਦਾ ਮਾਮਲਾ ਦਰਜ ਕੀਤਾ ਗਿਆ। ਉਸ ਨੂੰ ਵੀ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ। ਕੈਨੇਡਾ ਦੇ ਯੂਥ ਕ੍ਰਿਮਿਨਲ ਜਸਟਿਸ ਐਕਟ ਤਹਿਤ ਨਾਬਾਲਗ ਹੋਣ ਕਾਰਨ ਉਸ ਦੀ ਪਛਾਣ ਜਨਤਕ ਨਹੀਂ ਕੀਤੀ ਗਈ।
ਪੁਲਸ ਨੂੰ ਹੁਣ 21 ਸਾਲਾ ਤਨਵੀਰ ਸਿੰਘ ਦੀ ਭਾਲ
ਮਾਮਲੇ ਦੀ ਜਾਂਚ ਦੌਰਾਨ ਪੁਲਸ ਹੁਣ 21 ਸਾਲਾ ਤਨਵੀਰ ਸਿੰਘ ਦੀ ਭਾਲ ਕਰ ਰਹੀ ਹੈ। ਉਸ ਖ਼ਿਲਾਫ਼ 5,000 ਕੈਨੇਡੀਅਨ ਡਾਲਰ ਤੋਂ ਵੱਧ ਮੁੱਲ ਦੀ ਚੋਰੀ ਕੀਤੀ ਜਾਇਦਾਦ ਰੱਖਣ ਦੇ ਦੋਸ਼ ਵਿੱਚ ਵਾਰੰਟ ਜਾਰੀ ਕੀਤਾ ਗਿਆ ਹੈ। ਪੁਲਸ ਮੁਤਾਬਕ ਜਿਸ ਫਾਇਰਿੰਗ ਦੀ ਜਾਂਚ ਕੀਤੀ ਜਾ ਰਹੀ ਹੈ, ਉਸ ਵਿੱਚ ਕਥਿਤ ਤੌਰ ’ਤੇ ਚੋਰੀ ਕੀਤਾ ਵਾਹਨ ਵਰਤਿਆ ਗਿਆ ਸੀ।
ਪੁਲਸ ਵੱਲੋਂ ਜਾਰੀ ਵੇਰਵੇ ਅਨੁਸਾਰ ਤਨਵੀਰ ਸਿੰਘ ਦਾ ਕੱਦ ਲਗਭਗ 5 ਫੁੱਟ 8 ਇੰਚ, ਭਾਰ ਕਰੀਬ 130 ਪੌਂਡ ਹੈ। ਉਸ ਦੇ ਵਾਲ ਕਾਲੇ ਅਤੇ ਅੱਖਾਂ ਭੂਰੀਆਂ ਦੱਸੀਆਂ ਗਈਆਂ ਹਨ।
ਕੈਲਗਰੀ ਵਿੱਚ ਡੇਢ ਸਾਲ ਤੋਂ ਵੱਧ ਸਮੇਂ ’ਚ ਰੰਗਦਾਰੀ ਦੇ 51 ਮਾਮਲੇ
ਕੈਲਗਰੀ ਪੁਲਸ ਅਨੁਸਾਰ ਅਪ੍ਰੈਲ 2025 ਤੋਂ ਹੁਣ ਤੱਕ ਸ਼ਹਿਰ ਵਿੱਚ ਰੰਗਦਾਰੀ ਨਾਲ ਸਬੰਧਤ 51 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 19 ਘਟਨਾਵਾਂ ਦੌਰਾਨ ਫਾਇਰਿੰਗ ਵੀ ਹੋਈ। ਪੁਲਸ ਮੁਤਾਬਕ ਇਸ ਪੂਰੀ ਲੜੀ ਨਾਲ ਜੁੜੀ ਜਾਂਚ ਵਿੱਚ ਹੁਣ ਤੱਕ 19 ਵਿਅਕਤੀਆਂ ਖ਼ਿਲਾਫ਼ ਕੁੱਲ 59 ਅਪਰਾਧਾਂ ਦੇ ਦੋਸ਼ ਲਗਾਏ ਜਾ ਚੁੱਕੇ ਹਨ।
ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਰੰਗਦਾਰੀ ਲਈ ਧਮਕੀ ਜਾਂ ਪੈਸਿਆਂ ਦੀ ਮੰਗ ਵਾਲਾ ਫੋਨ ਜਾਂ ਸੁਨੇਹਾ ਮਿਲਦਾ ਹੈ ਤਾਂ ਉਹ ਘਬਰਾਹਟ ਵਿੱਚ ਪੈਸੇ ਨਾ ਦੇਣ ਅਤੇ ਤੁਰੰਤ ਪੁਲਸ ਨੂੰ ਸੂਚਿਤ ਕਰਨ। ਮਾਮਲੇ ਦੀ ਜਾਂਚ ਅਜੇ ਜਾਰੀ ਹੈ।

