ਆਨੰਦਪੁਰ ਸਾਹਿਬ :- ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀ ਜਾ ਰਹੀ ‘ਹੈਰੀਟੇਜ ਸਟ੍ਰੀਟ’ ਨੂੰ ਲੈ ਕੇ ਵਿਵਾਦ ਗਹਿਰਾ ਹੋ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਖ਼ਤ ਇਤਰਾਜ਼ ਜਤਾਉਂਦੇ ਹੋਏ ਇਸ ਪ੍ਰੋਜੈਕਟ ਦਾ ਕੰਮ ਤੁਰੰਤ ਰੁਕਵਾ ਦਿੱਤਾ ਗਿਆ ਹੈ। SGPC ਦਾ ਮੰਨਣਾ ਹੈ ਕਿ ਇਸ ਯੋਜਨਾ ਨਾਲ ਸਿੱਖ ਧਰਮ ਦੇ ਪੰਜ ਤਖ਼ਤਾਂ ਵਿੱਚੋਂ ਇੱਕ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਇਤਿਹਾਸਕ ਅਤੇ ਆਤਮਿਕ ਦਿੱਖ ਪ੍ਰਭਾਵਿਤ ਹੋ ਸਕਦੀ ਹੈ।
ਬਿਨਾਂ ਸਲਾਹ-ਮਸ਼ਵਰੇ ਸ਼ੁਰੂ ਕੀਤਾ ਗਿਆ ਕੰਮ: ਜਥੇਦਾਰ ਗੜਗੱਜ
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਸ ਤਰ੍ਹਾਂ ਦੇ ਸੰਵੇਦਨਸ਼ੀਲ ਪ੍ਰੋਜੈਕਟ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਨਾ ਤਾਂ SGPC ਨਾਲ ਸਲਾਹ ਕੀਤੀ ਗਈ ਅਤੇ ਨਾ ਹੀ ਕਿਸੇ ਹੋਰ ਪੰਥਕ ਸੰਸਥਾ ਦੀ ਰਾਏ ਲਈ ਗਈ। ਉਨ੍ਹਾਂ ਜ਼ੋਰ ਦਿੰਦਿਆਂ ਆਖਿਆ ਕਿ ਗੁਰਧਾਮਾਂ ਦੀ ਮਰਿਆਦਾ, ਦਿੱਖ ਅਤੇ ਆਸਥਾ ਨਾਲ ਜੁੜੇ ਮਸਲਿਆਂ ‘ਚ ਫੈਸਲੇ ਪੰਥਕ ਰਵਾਇਤਾਂ ਅਨੁਸਾਰ ਹੀ ਹੋਣੇ ਚਾਹੀਦੇ ਹਨ।
ਵੱਡੇ ਗੇਟ ਬਣਾਉਣ ‘ਤੇ ਮੁੱਖ ਇਤਰਾਜ਼
SGPC ਵੱਲੋਂ ਸਭ ਤੋਂ ਵੱਡਾ ਐਤਰਾਜ਼ ‘ਹੈਰੀਟੇਜ ਸਟ੍ਰੀਟ’ ਹੇਠ ਤਿਆਰ ਕੀਤੇ ਜਾ ਰਹੇ ਵਿਸ਼ਾਲ ਗੇਟਾਂ ਅਤੇ ਡਿਊਢੀਆਂ ਨੂੰ ਲੈ ਕੇ ਜਤਾਇਆ ਗਿਆ ਹੈ। ਜਥੇਦਾਰ ਗੜਗੱਜ ਅਨੁਸਾਰ ਜਦੋਂ ਸੰਗਤ ਨੰਗਲ ਤੋਂ ਰੋਪੜ ਵੱਲੋਂ ਅਨੰਦਪੁਰ ਸਾਹਿਬ ਦਾਖ਼ਲ ਹੁੰਦੀ ਹੈ, ਤਾਂ ਉਸਦੇ ਸਾਹਮਣੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਖੁੱਲ੍ਹੀ, ਸੁੰਦਰ ਅਤੇ ਰੌਸ਼ਨ ਦਿੱਖ ਸਿੱਧੀ ਨਜ਼ਰ ਆਉਂਦੀ ਹੈ। ਨਵੇਂ ਗੇਟ ਇਸ ਦ੍ਰਿਸ਼ ਨੂੰ ਓਹਲੇ ਕਰ ਸਕਦੇ ਹਨ, ਜੋ ਕਿਸੇ ਵੀ ਸੂਰਤ ‘ਚ ਮਨਜ਼ੂਰ ਨਹੀਂ।
ਕਲਗੀਧਰ ਪਾਤਸ਼ਾਹ ਦੀ ਨਿਸ਼ਾਨੀ ਨਾਲ ਛੇੜਛਾੜ ਕਬੂਲ ਨਹੀਂ
ਜਥੇਦਾਰ ਨੇ ਸਪਸ਼ਟ ਕੀਤਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਥਾਪਿਤ ਇਸ ਪਾਵਨ ਤਖ਼ਤ ਦੀ ਮੌਜੂਦਾ ਦਿੱਖ ਆਪਣੇ ਆਪ ਵਿੱਚ ਇਤਿਹਾਸ ਅਤੇ ਆਸਥਾ ਦੀ ਨਿਸ਼ਾਨੀ ਹੈ। ਇਸ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਪੰਥਕ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦੀ ਹੈ।
ਸਰਕਾਰ ਦਾ ਪੱਖ: ਵਿਕਾਸ ਨਾਲ ਜੋੜਿਆ ਜਾ ਰਿਹਾ ਪ੍ਰੋਜੈਕਟ
ਦੂਜੇ ਪਾਸੇ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਉਹ ਸ੍ਰੀ ਅਨੰਦਪੁਰ ਸਾਹਿਬ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਤਰਜ਼ ‘ਤੇ ਇੱਕ ਵਿਸ਼ਵ ਪੱਧਰੀ ਵਿਰਾਸਤੀ ਧਾਰਮਿਕ ਕੇਂਦਰ ਵਜੋਂ ਵਿਕਸਿਤ ਕਰਨਾ ਚਾਹੁੰਦੀ ਹੈ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ‘ਹੈਰੀਟੇਜ ਸਟ੍ਰੀਟ’ ਨਾਲ ਸ਼ਹਿਰ ਦੀ ਸੁਵਿਧਾਵਾਂ ਵਿੱਚ ਵਾਧਾ ਹੋਵੇਗਾ ਅਤੇ ਦੂਰ-ਦੂਰ ਤੋਂ ਆਉਣ ਵਾਲੀ ਸੰਗਤ ਨੂੰ ਬਿਹਤਰ ਪ੍ਰਬੰਧ ਮਿਲਣਗੇ।
ਗੱਲਬਾਤ ਨਾਲ ਹੱਲ ਕੱਢਣ ਦਾ ਭਰੋਸਾ
ਹਰਜੋਤ ਸਿੰਘ ਬੈਂਸ ਨੇ ਇਹ ਵੀ ਕਿਹਾ ਕਿ ਸਰਕਾਰ SGPC ਨਾਲ ਸੰਵਾਦ ਰਾਹੀਂ ਉਨ੍ਹਾਂ ਦੀਆਂ ਚਿੰਤਾਵਾਂ ਦੂਰ ਕਰਨ ਲਈ ਤਿਆਰ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਕਿਸੇ ਵੀ ਫੈਸਲੇ ਤੋਂ ਪਹਿਲਾਂ ਧਾਰਮਿਕ ਮਰਿਆਦਾ ਅਤੇ ਪੰਥਕ ਭਾਵਨਾਵਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ।
ਫਿਲਹਾਲ SGPC ਦੇ ਦਖਲ ਤੋਂ ਬਾਅਦ ‘ਹੈਰੀਟੇਜ ਸਟ੍ਰੀਟ’ ਦਾ ਕੰਮ ਰੁਕਿਆ ਹੋਇਆ ਹੈ ਅਤੇ ਇਹ ਮਾਮਲਾ ਸਿੱਖ ਸੰਸਥਾਵਾਂ ਤੇ ਸਰਕਾਰ ਦਰਮਿਆਨ ਸੰਵੇਦਨਸ਼ੀਲ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ।

