ਕੈਨੇਡਾ :- ਕੈਨੇਡਾ ਦੇ ਕਿਊਬੈਕ ਸੂਬੇ ਦੇ ਬ੍ਰੋਸਾਰਡ ਇਲਾਕੇ ਵਿੱਚ ਹਾਈਵੇਅ 30 ’ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇੱਕ ਮਾਂ ਅਤੇ ਉਸ ਦੀ ਨਾਬਾਲਗ ਧੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ, ਜਦਕਿ ਪਰਿਵਾਰ ਦਾ ਇੱਕ ਹੋਰ ਮੈਂਬਰ ਗੰਭੀਰ ਜ਼ਖਮੀ ਹੋਇਆ। ਇਹ ਘਟਨਾ 19 ਜੁਲਾਈ 2022 ਦੀ ਰਾਤ ਨੂੰ ਵਾਪਰੀ ਸੀ, ਜਿਸ ਨੇ ਸਥਾਨਕ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ।
ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਦੋਸ਼ ਕਬੂਲਿਆ
ਇਸ ਮਾਮਲੇ ਵਿੱਚ ਸ਼ਾਮਲ ਪੰਜਾਬੀ ਮੂਲ ਦੇ ਡਰਾਈਵਰ ਬਲਜੀਤ ਸਿੰਘ ਨੇ ਅਦਾਲਤ ਵਿੱਚ ਆਪਣੀ ਗ਼ਲਤੀ ਮੰਨ ਲਈ ਹੈ। ਸੁਣਵਾਈ ਦੌਰਾਨ ਉਸ ਨੇ ਸਵੀਕਾਰ ਕੀਤਾ ਕਿ ਉਹ ਗੱਡੀ ਚਲਾਉਂਦੇ ਸਮੇਂ ਮੋਬਾਈਲ ’ਤੇ ਖੇਡ ਰਿਹਾ ਸੀ, ਜਿਸ ਕਾਰਨ ਉਸਦਾ ਧਿਆਨ ਸੜਕ ਤੋਂ ਹਟ ਗਿਆ ਅਤੇ ਹਾਦਸਾ ਵਾਪਰ ਗਿਆ। ਹੁਣ ਉਸਨੂੰ ਕੜੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਵਿੱਚ ਉਮਰ ਕੈਦ ਵੀ ਸ਼ਾਮਲ ਹੋ ਸਕਦੀ ਹੈ।
ਡੈਸ਼ਕੈਮ ਫੁਟੇਜ ਅਤੇ ਫੋਨ ਵਰਤੋਂ ਨੇ ਖੋਲ੍ਹੇ ਰਾਜ
ਜਾਂਚ ਦੌਰਾਨ ਪੁਲਿਸ ਨੂੰ ਮਿਲੀ ਡੈਸ਼ਕੈਮ ਫੁਟੇਜ ਵਿੱਚ ਡਰਾਈਵਰ ਨੂੰ ਮੋਬਾਈਲ ’ਤੇ ਗੇਮ ਖੇਡਦੇ ਹੋਏ ਵੇਖਿਆ ਗਿਆ। ਅਦਾਲਤ ਵਿੱਚ ਪੇਸ਼ ਕੀਤੇ ਸਬੂਤਾਂ ਅਨੁਸਾਰ, ਹਾਦਸੇ ਤੋਂ ਪਹਿਲਾਂ ਇੱਕ ਘੰਟੇ ਵਿੱਚ ਉਸ ਨੇ ਕਈ ਵਾਰ ਆਪਣੇ ਫੋਨ ਦੀ ਵਰਤੋਂ ਕੀਤੀ ਸੀ। ਟੱਕਰ ਸਮੇਂ ਉਹ ਪੂਰੀ ਤਰ੍ਹਾਂ ਧਿਆਨ ਭਟਕਿਆ ਹੋਇਆ ਸੀ, ਜਿਸ ਨਾਲ ਟਰੱਕ ਕਈ ਵਾਹਨਾਂ ਨਾਲ ਟਕਰਾ ਗਿਆ।
ਕਈ ਵਾਹਨਾਂ ਨਾਲ ਟੱਕਰ, ਹੋਰ ਲੋਕ ਵੀ ਜ਼ਖਮੀ
ਲਗਭਗ 53 ਫੁੱਟ ਲੰਬੇ ਟਰੈਕਟਰ-ਟ੍ਰੇਲਰ ਨਾਲ ਹੋਏ ਇਸ ਹਾਦਸੇ ਵਿੱਚ ਕੁੱਲ ਸੱਤ ਵਾਹਨ ਪ੍ਰਭਾਵਿਤ ਹੋਏ। ਮਾਂ-ਧੀ ਦੀ ਮੌਤ ਤੋਂ ਇਲਾਵਾ, ਦਸ ਹੋਰ ਲੋਕ ਵੀ ਗੰਭੀਰ ਤੌਰ ’ਤੇ ਜ਼ਖਮੀ ਹੋਏ ਸਨ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।
ਹਾਦਸੇ ਤੋਂ ਬਾਅਦ ਭੱਜਿਆ, ਫਿਰ ਵਿਦੇਸ਼ ’ਚ ਗ੍ਰਿਫਤਾਰੀ
ਹਾਦਸੇ ਤੋਂ ਬਾਅਦ ਡਰਾਈਵਰ ਨੇ ਦਾਅਵਾ ਕੀਤਾ ਕਿ ਉਸਨੂੰ ਕੁਝ ਯਾਦ ਨਹੀਂ, ਪਰ ਕੁਝ ਘੰਟਿਆਂ ਬਾਅਦ ਹੀ ਉਹ ਦੇਸ਼ ਛੱਡ ਕੇ ਭੱਜ ਗਿਆ। ਪਹਿਲਾਂ ਭਾਰਤ ਆਇਆ ਅਤੇ ਫਿਰ ਅਮਰੀਕਾ ਚਲਾ ਗਿਆ। ਉਸ ਦੇ ਖ਼ਿਲਾਫ਼ ਅੰਤਰਰਾਸ਼ਟਰੀ ਵਾਰੰਟ ਜਾਰੀ ਹੋਣ ਤੋਂ ਬਾਅਦ ਆਖਿਰਕਾਰ 2025 ਵਿੱਚ ਅਮਰੀਕਾ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਕੈਨੇਡਾ ਹਵਾਲੇ ਕਰ ਦਿੱਤਾ ਗਿਆ।
ਸਜ਼ਾ ਸੁਣਾਉਣ ਦੀ ਤਾਰੀਖ ਨਿਰਧਾਰਤ
ਮਾਮਲੇ ਦੀ ਅਗਲੀ ਸੁਣਵਾਈ ਵਿੱਚ ਅਦਾਲਤ ਵੱਲੋਂ 4 ਜੂਨ 2026 ਨੂੰ ਸਜ਼ਾ ਸੁਣਾਈ ਜਾਵੇਗੀ। ਇਸ ਘਟਨਾ ਨੇ ਡਰਾਈਵਿੰਗ ਦੌਰਾਨ ਮੋਬਾਈਲ ਦੀ ਵਰਤੋਂ ਦੇ ਖ਼ਤਰੇ ਬਾਰੇ ਇੱਕ ਵੱਡਾ ਸਬਕ ਦਿੱਤਾ ਹੈ।

