ਚੰਡੀਗੜ੍ਹ :- ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਅਤੇ ਮਾਪਿਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਸਕੂਲੀ ਕਿਤਾਬਾਂ ਦੀ ਖਰੀਦ ਪ੍ਰਕਿਰਿਆ ਨੂੰ ਡਿਜੀਟਲ ਰੂਪ ਦੇ ਦਿੱਤਾ ਹੈ। ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਨਵੇਂ ਆਨਲਾਈਨ ਈ-ਪੋਰਟਲ ਦੀ ਸ਼ੁਰੂਆਤ ਕੀਤੀ ਹੈ, ਜਿਸ ਰਾਹੀਂ ਹੁਣ ਵਿਦਿਆਰਥੀ ਅਤੇ ਸਕੂਲ ਬੋਰਡ ਦੀਆਂ ਕਿਤਾਬਾਂ ਸਿੱਧੇ ਆਨਲਾਈਨ ਆਰਡਰ ਕਰ ਸਕਣਗੇ। ਇਸ ਪਹਿਲ ਨਾਲ ਕਿਤਾਬਾਂ ਖਰੀਦਣ ਦੀ ਪ੍ਰਕਿਰਿਆ ਹੋਰ ਆਸਾਨ ਅਤੇ ਪਾਰਦਰਸ਼ੀ ਬਣੇਗੀ।
ਪੋਰਟਲ ਰਾਹੀਂ ਸਿੱਧਾ ਕੀਤਾ ਜਾ ਸਕੇਗਾ ਆਰਡਰ
ਬੋਰਡ ਦੀਆਂ ਸਾਰੀਆਂ ਪਾਠ ਪੁਸਤਕਾਂ ਹੁਣ ਅਧਿਕਾਰਤ ਪੋਰਟਲ pustak.pseb.ac.in ‘ਤੇ ਉਪਲਬਧ ਕਰਵਾ ਦਿੱਤੀਆਂ ਗਈਆਂ ਹਨ। ਵਿਦਿਆਰਥੀ ਆਪਣੀ ਜਮਾਤ ਅਨੁਸਾਰ ਲੋੜੀਂਦੀਆਂ ਕਿਤਾਬਾਂ ਦੀ ਚੋਣ ਕਰਕੇ ਆਰਡਰ ਕਰ ਸਕਦੇ ਹਨ। ਇਸ ਤੋਂ ਇਲਾਵਾ ਸਕੂਲ ਵੀ ਆਪਣੇ ਵਿਦਿਆਰਥੀਆਂ ਲਈ ਇੱਕੋ ਵਾਰ ਕਿਤਾਬਾਂ ਮੰਗਵਾ ਸਕਣਗੇ, ਜੋ ਸਿੱਧੀਆਂ ਸਕੂਲ ਤੱਕ ਪਹੁੰਚਾਈਆਂ ਜਾਣਗੀਆਂ।
ਕਿਤਾਬਾਂ ‘ਤੇ ਮਿਲੇਗੀ 15 ਫ਼ੀਸਦੀ ਛੋਟ
ਬੋਰਡ ਨੇ ਵਿਦਿਆਰਥੀਆਂ ਨੂੰ ਆਰਥਿਕ ਰਾਹਤ ਦਿੰਦਿਆਂ ਕਿਤਾਬਾਂ ਦੀ ਅਸਲ ਕੀਮਤ ‘ਤੇ 15 ਫ਼ੀਸਦੀ ਫਲੈਟ ਛੋਟ ਦੇਣ ਦਾ ਵੀ ਫ਼ੈਸਲਾ ਕੀਤਾ ਹੈ। ਇਸ ਕਦਮ ਦਾ ਉਦੇਸ਼ ਕਿਤਾਬਾਂ ਦੀ ਵਿਕਰੀ ਦੌਰਾਨ ਵਾਧੂ ਰਕਮ ਵਸੂਲਣ ਅਤੇ ਬਲੈਕ ਮਾਰਕੀਟਿੰਗ ਵਰਗੀਆਂ ਸ਼ਿਕਾਇਤਾਂ ਨੂੰ ਰੋਕਣਾ ਹੈ, ਤਾਂ ਜੋ ਹਰ ਵਿਦਿਆਰਥੀ ਨੂੰ ਨਿਰਧਾਰਤ ਕੀਮਤ ‘ਤੇ ਹੀ ਕਿਤਾਬਾਂ ਮਿਲ ਸਕਣ।
ਕਿਤਾਬਾਂ ਪਹਿਲਾਂ ਹੀ ਕੀਤੀਆਂ ਜਾ ਚੁੱਕੀਆਂ ਹਨ ਉਪਲਬਧ
ਬੋਰਡ ਵੱਲੋਂ ਦੱਸਿਆ ਗਿਆ ਹੈ ਕਿ ਨਵੇਂ ਸੈਸ਼ਨ ਨੂੰ ਧਿਆਨ ਵਿੱਚ ਰੱਖਦਿਆਂ ਸਾਰੀਆਂ ਕਿਤਾਬਾਂ ਮਾਰਚ ਮਹੀਨੇ ਦੌਰਾਨ ਹੀ ਛਪਵਾ ਕੇ ਸਰਕਾਰੀ ਸਕੂਲਾਂ ਅਤੇ ਬੋਰਡ ਦੇ ਖੇਤਰੀ ਦਫ਼ਤਰਾਂ ਵਿੱਚ ਭੇਜ ਦਿੱਤੀਆਂ ਗਈਆਂ ਸਨ, ਤਾਂ ਜੋ ਕਿਸੇ ਵੀ ਵਿਦਿਆਰਥੀ ਨੂੰ ਕਿਤਾਬਾਂ ਦੀ ਕਮੀ ਦਾ ਸਾਹਮਣਾ ਨਾ ਕਰਨਾ ਪਵੇ।
ਘਰ ਤੱਕ ਡਿਲੀਵਰੀ ਦੀ ਸਹੂਲਤ ਵੀ ਜਲਦ ਹੋਵੇਗੀ ਸ਼ੁਰੂ
ਬੋਰਡ ਜਲਦੀ ਹੀ ਘਰ ਬੈਠੇ ਕਿਤਾਬਾਂ ਪ੍ਰਾਪਤ ਕਰਨ ਦੀ ਸਹੂਲਤ ਵੀ ਸ਼ੁਰੂ ਕਰਨ ਜਾ ਰਿਹਾ ਹੈ। ਇਸ ਤਹਿਤ ਵਿਦਿਆਰਥੀ ਨਿਰਧਾਰਤ ਫੀਸ ਦੇ ਕੇ ਕਿਤਾਬਾਂ ਆਪਣੇ ਘਰ ਮੰਗਵਾ ਸਕਣਗੇ। ਹਾਲਾਂਕਿ ਜੇਕਰ ਵਿਦਿਆਰਥੀ ਜਾਂ ਸਕੂਲ ਕਿਤਾਬਾਂ ਬੋਰਡ ਵੱਲੋਂ ਨਿਰਧਾਰਤ ਪਿਕਅੱਪ ਪੁਆਇੰਟ ਜਾਂ ਸਕੂਲ ਤੋਂ ਪ੍ਰਾਪਤ ਕਰਦੇ ਹਨ ਤਾਂ ਉਨ੍ਹਾਂ ਤੋਂ ਕਿਸੇ ਵੀ ਤਰ੍ਹਾਂ ਦਾ ਵਾਧੂ ਚਾਰਜ ਨਹੀਂ ਲਿਆ ਜਾਵੇਗਾ।
ਡ੍ਰੌਪ-ਡਾਊਨ ਮੀਨੂ ਰਾਹੀਂ ਚੁਣ ਸਕਣਗੇ ਨਜ਼ਦੀਕੀ ਕੇਂਦਰ
ਪੋਰਟਲ ‘ਤੇ ਆਰਡਰ ਦਿੰਦੇ ਸਮੇਂ ਵਿਦਿਆਰਥੀ ਆਪਣੀ ਸੁਵਿਧਾ ਅਨੁਸਾਰ ਨਜ਼ਦੀਕੀ ਪਿਕਅੱਪ ਪੁਆਇੰਟ ਦੀ ਚੋਣ ਵੀ ਕਰ ਸਕਣਗੇ। ਬੋਰਡ ਦਾ ਮੰਨਣਾ ਹੈ ਕਿ ਇਸ ਡਿਜੀਟਲ ਪ੍ਰਣਾਲੀ ਨਾਲ ਕਿਤਾਬਾਂ ਦੀ ਉਪਲਬਧਤਾ ਹੋਰ ਸੁਚਾਰੂ ਹੋਵੇਗੀ, ਮਾਪਿਆਂ ਦਾ ਸਮਾਂ ਅਤੇ ਪੈਸਾ ਦੋਵੇਂ ਬਚਣਗੇ ਅਤੇ ਪੂਰੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਵੀ ਯਕੀਨੀ ਬਣੇਗੀ।

