ਚੰਡੀਗੜ੍ਹ :- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਪੋਰਟਸ ਐਂਡ ਕਲਚਰਲ ਸੈੱਲ ਦੇ ਸੂਬਾਈ ਸੰਗਠਨ ਸਕੱਤਰ ਸੁਨੀਲ ਕੁਮਾਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਵੱਲੋਂ ਪਾਰਟੀ ਦੇ ਆਲ੍ਹਾ ਕਮਾਨ ਨੂੰ ਭੇਜੇ ਪੱਤਰ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ।
ਭਵਿੱਖ ‘ਚ ਕੋਈ ਸਿਆਸੀ ਅਹੁਦਾ ਨਾ ਲੈਣ ਦਾ ਐਲਾਨ
ਸੁਨੀਲ ਕੁਮਾਰ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਉਹ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਰਾਜਨੀਤਿਕ ਪਾਰਟੀ ਵਿੱਚ ਕੋਈ ਅਹੁਦਾ ਨਹੀਂ ਸੰਭਾਲਣਗੇ। ਉਨ੍ਹਾਂ ਨੇ ਆਪਣਾ ਫ਼ੈਸਲਾ ਪੂਰੀ ਤਰ੍ਹਾਂ ਨਿੱਜੀ ਅਤੇ ਪਰਿਵਾਰਕ ਕਾਰਨਾਂ ਨਾਲ ਜੋੜਿਆ ਹੈ।
ਤੁਰੰਤ ਅਸਤੀਫਾ ਮਨਜ਼ੂਰ ਕਰਨ ਦੀ ਕੀਤੀ ਅਪੀਲ
ਤੁਰਕਾਂਵਾਲੀ ਦੇ ਰਹਿਣ ਵਾਲੇ ਸੁਨੀਲ ਕੁਮਾਰ ਨੇ ਪਾਰਟੀ ਹਾਈਕਮਾਨ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਦਾ ਅਸਤੀਫਾ ਬਿਨਾਂ ਕਿਸੇ ਦੇਰੀ ਦੇ ਮਨਜ਼ੂਰ ਕੀਤਾ ਜਾਵੇ।
ਜਨਵਰੀ ‘ਚ ਹੋਈ ਸੀ ਨਿਯੁਕਤੀ
ਉਨ੍ਹਾਂ ਦੀ ਨਿਯੁਕਤੀ 24 ਜਨਵਰੀ 2026 ਨੂੰ ਕੀਤੀ ਗਈ ਸੀ, ਜਦੋਂ ਕੈਪਟਨ ਸੰਦੀਪ ਸਿੰਘ ਸੰਧੂ ਨੇ ਪੱਤਰ ਜਾਰੀ ਕਰਕੇ ਦੱਸਿਆ ਸੀ ਕਿ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮਨਜ਼ੂਰੀ ਨਾਲ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ।
ਪਾਰਟੀ ਵੱਲੋਂ ਉਮੀਦਾਂ ਜਤਾਈਆਂ ਗਈਆਂ ਸਨ
ਨਿਯੁਕਤੀ ਸਮੇਂ ਪਾਰਟੀ ਵੱਲੋਂ ਉਨ੍ਹਾਂ ਤੋਂ ਉਮੀਦ ਜਤਾਈ ਗਈ ਸੀ ਕਿ ਉਹ ਸੰਗਠਨ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ, ਪਰ ਹੁਣ ਅਚਾਨਕ ਦਿੱਤੇ ਅਸਤੀਫੇ ਨਾਲ ਸਿਆਸੀ ਹਲਕਿਆਂ ਵਿੱਚ ਚਰਚਾ ਛਿੜ ਗਈ ਹੈ।

