ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਕਾ ਪੰਜਾ ਸਾਹਿਬ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਸਿੱਖਾਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕੀਤਾ, ਜਿਨ੍ਹਾਂ ਨੇ ਜੇਲ੍ਹ ਵਿੱਚ ਬੰਦ ਕੌਮ ਦੇ ਸਿੰਘਾਂ ਨੂੰ ਲੰਗਰ ਛਕਾਉਣ ਲਈ ਆਪਣੀਆਂ ਜਾਨਾਂ ਦਾਅ ‘ਤੇ ਲਗਾ ਦਿੱਤੀਆਂ ਸਨ।
ਇਸ ਇਤਿਹਾਸਕ ਘਟਨਾ ਦੇ ਮੱਦੇਨਜ਼ਰ, ਮੁੱਖ ਮੰਤਰੀ ਮਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਰਾਹੀਂ ਇਸ ਸਾਕੇ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ਸੂਰਬੀਰਾਂ ਨੂੰ ਨਮਨ ਕੀਤਾ। ਉਨ੍ਹਾਂ ਸ਼ਹੀਦਾਂ ਦੇ ਹੌਸਲੇ ਨੂੰ ਸਿੱਖ ਇਤਿਹਾਸ ਦਾ ਇੱਕ ਅਦੁੱਤੀ ਪੰਨਾ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਮਹਾਨ ਕੁਰਬਾਨੀ ਅੱਜ ਵੀ ਡੂੰਘੀ ਮਹੱਤਤਾ ਰੱਖਦੀ ਹੈ।
ਸਿੱਖ ਇਤਿਹਾਸ ਦੇ ਅਦੁੱਤੀ ਅਤੇ ਲਾਸਾਨੀ ਸ਼ਹੀਦੀ ਸਾਕੇ ‘ਸਾਕਾ ਪੰਜਾ ਸਾਹਿਬ’ ਦੇ ਅਮਰ ਸ਼ਹੀਦਾਂ ਨੂੰ ਕੋਟਿ-ਕੋਟਿ ਪ੍ਰਣਾਮ…
ਭੁੱਖੇ ਕੈਦੀਆਂ ਨੂੰ ਲੰਗਰ ਛਕਾਉਣ ਲਈ ਚੱਲਦੀ ਰੇਲਗੱਡੀ ਅੱਗੇ ਛਾਤੀਆਂ ਡਾਹ ਕੇ ਸ਼ਹਾਦਤਾਂ ਦਾ ਜਾਮ ਪੀਣ ਵਾਲੇ ਮਹਾਨ ਸੂਰਬੀਰਾਂ ਦੀ ਕੁਰਬਾਨੀ ਅੱਗੇ ਸਿਰ ਝੁਕਾਉਂਦਾ ਹਾਂ…
ਸਿੱਖ ਕੌਮ ਦਾ ਇਹ ਸਿਦਕ, ਨਿਰਸਵਾਰਥ ਸੇਵਾ ਅਤੇ ਕੁਰਬਾਨੀ ਦਾ ਜਜ਼ਬਾ ਸਾਨੂੰ ਹਮੇਸ਼ਾ ਮਨੁੱਖਤਾ ਦੀ ਭਲਾਈ ਲਈ ਪ੍ਰੇਰਦਾ ਰਹੇਗਾ…— Bhagwant Mann (@BhagwantMann) October 30, 2026
ਆਪਣੇ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਯਾਦ ਕਰਵਾਇਆ ਕਿ ਕਿਵੇਂ ਭੁੱਖੇ ਕੈਦੀਆਂ ਲਈ ਲੰਗਰ ਲੈ ਕੇ ਜਾ ਰਹੇ ਸਿੰਘਾਂ ਨੇ ਤੇਜ਼ ਰਫ਼ਤਾਰ ਰੇਲਗੱਡੀ ਅੱਗੇ ਛਾਤੀਆਂ ਤਾਣ ਦਿੱਤੀਆਂ ਅਤੇ ਇਸ ਨੇਕ ਕਾਰਜ ਦੌਰਾਨ ਆਪਣੀਆਂ ਜਾਨਾਂ ਨਿਛਾਵਰ ਕਰ ਦਿੱਤੀਆਂ। ਉਨ੍ਹਾਂ ਸ਼ਹੀਦਾਂ ਦੀ ਨਿਰਭੈਤਾ ਅੱਗੇ ਸਤਿਕਾਰ ਸਹਿਤ ਸੀਸ ਝੁਕਾਇਆ ਅਤੇ ਆਖਿਆ ਕਿ ਉਨ੍ਹਾਂ ਦੇ ਇਹ ਬੋਲ ਤੇ ਅਮਲ ਦੂਜਿਆਂ ਦੀ ਸੇਵਾ ਪ੍ਰਤੀ ਬੇਮਿਸਾਲ ਸਮਰਪਣ ਨੂੰ ਦਰਸਾਉਂਦੇ ਹਨ।
ਮੁੱਖ ਮੰਤਰੀ ਮਾਨ ਨੇ ਇਹ ਵੀ ਜ਼ਿਕਰ ਕੀਤਾ ਕਿ ਸਾਕਾ ਪੰਜਾ ਸਾਹਿਬ ਦੇ ਆਦਰਸ਼ ਸਮੁੱਚੀ ਸਿੱਖ ਕੌਮ ਲਈ ਸਦਾ ਪ੍ਰੇਰਨਾ ਸਰੋਤ ਬਣੇ ਰਹਿਣਗੇ। ਉਨ੍ਹਾਂ ਅਨੁਸਾਰ, ਸ਼ਹੀਦਾਂ ਵੱਲੋਂ ਦਿਖਾਈ ਗਈ ਨਿਰਸਵਾਰਥਤਾ, ਸੇਵਾ ਅਤੇ ਤਿਆਗ ਦੀ ਭਾਵਨਾ ਹਮੇਸ਼ਾ ਲੋਕਾਂ ਨੂੰ ਸਰਬੱਤ ਦੇ ਭਲੇ ਲਈ ਕੰਮ ਕਰਨ ਲਈ ਪ੍ਰੇਰਿਤ ਕਰਦੀ ਰਹੇਗੀ।
ਉਨ੍ਹਾਂ ਨੇ ਸਿੱਖ ਇਤਿਹਾਸ ਵਿੱਚ ਇਨ੍ਹਾਂ ਯੋਧਿਆਂ ਦੇ ਯੋਗਦਾਨ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਪ੍ਰਣਾਮ ਕੀਤਾ ਅਤੇ ਇਸ ਇਤਿਹਾਸਕ ਮੌਕੇ ‘ਤੇ ਸੰਗਤ ਨੂੰ ਸ਼ੁਭਕਾਮਨਾਵਾਂ ਦਿੱਤੀਆਂ।