ਚੰਡੀਗੜ੍ਹ :- ਪੰਜਾਬ ਭਾਜਪਾ ਵਿੱਚ ਜਲਦ ਵੱਡਾ ਸੰਗਠਨਾਤਮਕ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਪਾਰਟੀ ਦੇ ਅੰਦਰੂਨੀ ਸੂਤਰਾਂ ਮੁਤਾਬਕ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦੀ ਕਮਾਨ ਸੌਂਪਣ ਬਾਰੇ ਗੰਭੀਰ ਵਿਚਾਰ ਚੱਲ ਰਿਹਾ ਹੈ। ਮੌਜੂਦਾ ਪ੍ਰਧਾਨ ਸੁਨੀਲ ਜਾਖੜ ਦਾ ਕਾਰਜਕਾਲ ਖ਼ਤਮ ਹੋਣ ਦੇ ਮੱਦੇਨਜ਼ਰ ਨਵੇਂ ਪ੍ਰਧਾਨ ਦੇ ਨਾਂ ‘ਤੇ ਚਰਚਾ ਤੇਜ਼ ਹੋ ਗਈ ਹੈ।
ਸਿੱਖ ਚਿਹਰੇ ਰਾਹੀਂ ਪੇਂਡੂ ਪੰਜਾਬ ‘ਚ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼
ਪਾਰਟੀ ਹਲਕਿਆਂ ਵਿੱਚ ਇਹ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਪੰਜਾਬ ਵਿੱਚ ਆਪਣਾ ਆਧਾਰ ਵਧਾਉਣ ਲਈ ਇਸ ਵਾਰ ਕਿਸੇ ਸਿੱਖ ਚਿਹਰੇ ਨੂੰ ਅੱਗੇ ਲਿਆਉਣਾ ਚਾਹੁੰਦੀ ਹੈ। ਕੇਵਲ ਸਿੰਘ ਢਿੱਲੋਂ ਨੂੰ ਮਾਲਵਾ ਖੇਤਰ ਵਿੱਚ ਪ੍ਰਭਾਵਸ਼ਾਲੀ ਆਗੂ ਵਜੋਂ ਦੇਖਿਆ ਜਾਂਦਾ ਹੈ ਅਤੇ ਉਨ੍ਹਾਂ ਦਾ ਲੰਮਾ ਰਾਜਨੀਤਿਕ ਤਜਰਬਾ ਪਾਰਟੀ ਲਈ ਫਾਇਦੇਮੰਦ ਮੰਨਿਆ ਜਾ ਰਿਹਾ ਹੈ।
ਕਾਂਗਰਸ ਛੱਡ ਭਾਜਪਾ ਵਿੱਚ ਹੋਏ ਸਨ ਸ਼ਾਮਲ
ਕੇਵਲ ਸਿੰਘ ਢਿੱਲੋਂ ਪਹਿਲਾਂ ਕਾਂਗਰਸ ਪਾਰਟੀ ਨਾਲ ਜੁੜੇ ਰਹੇ ਹਨ ਅਤੇ ਉਹ ਬਰਨਾਲਾ ਤੋਂ ਵਿਧਾਇਕ ਵੀ ਰਹਿ ਚੁੱਕੇ ਹਨ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਉਹ ਭਾਜਪਾ ਵਿੱਚ ਸ਼ਾਮਲ ਹੋਏ ਸਨ। ਇਸ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ ਸੂਬਾ ਇਕਾਈ ਵਿੱਚ ਅਹਿਮ ਜ਼ਿੰਮੇਵਾਰੀ ਵੀ ਸੌਂਪੀ ਸੀ।
ਹੋਰ ਸਿੱਖ ਆਗੂਆਂ ਦੇ ਨਾਂ ਵੀ ਰਹੇ ਚਰਚਾ ‘ਚ
ਸੂਤਰਾਂ ਅਨੁਸਾਰ ਭਾਜਪਾ ਵੱਲੋਂ ਸੂਬੇ ਵਿੱਚ ਸੰਗਠਨ ਮਜ਼ਬੂਤ ਕਰਨ ਲਈ ਕਈ ਸਿੱਖ ਆਗੂਆਂ ਦੇ ਨਾਂ ‘ਤੇ ਵਿਚਾਰ ਕੀਤਾ ਗਿਆ ਸੀ। ਇਨ੍ਹਾਂ ਵਿੱਚ ਕੁਝ ਕੇਂਦਰੀ ਅਤੇ ਸੂਬਾਈ ਪੱਧਰ ਦੇ ਆਗੂ ਵੀ ਸ਼ਾਮਲ ਦੱਸੇ ਜਾ ਰਹੇ ਹਨ। ਹਾਲਾਂਕਿ ਪਾਰਟੀ ਵੱਲੋਂ ਅਜੇ ਤੱਕ ਅਧਿਕਾਰਿਕ ਐਲਾਨ ਨਹੀਂ ਕੀਤਾ ਗਿਆ।

