ਕੁਲਚਾ ਨਿਰਮਾਤਾਵਾਂ ਅਤੇ ਰੈਸਟੋਰੈਂਟ ਸੰਚਾਲਕਾਂ ਨਾਲ ਲਗਾਤਾਰ ਮੀਟਿੰਗਾਂ; ‘ਅੰਮ੍ਰਿਤਸਰੀ ਕੁਲਚਾ ਮੇਕਰਜ਼ ਐਸੋਸੀਏਸ਼ਨ’ ਬਣਾਉਣ ਤੇ ਜ਼ੋਰ
ਅੰਮ੍ਰਿਤਸਰ :- ਅੰਮ੍ਰਿਤਸਰ ਦੀ ਵਿਸ਼ਵ ਪ੍ਰਸਿੱਧ ਖਾਣ-ਪੀਣ ਦੀ ਵਿਰਾਸਤ ਨੂੰ ਕਾਨੂੰਨੀ ਸੁਰੱਖਿਆ ਅਤੇ ਵਿਲੱਖਣ ਪਛਾਣ ਦਿਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਅੰਮ੍ਰਿਤਸਰੀ ਕੁਲਚੇ ਨੂੰ ਭੂਗੋਲਿਕ ਸੰਕੇਤ (ਜੀ.ਆਈ.) ਟੈਗ ਦਿਵਾਉਣ ਦੀ ਪ੍ਰਕਿਰਿਆ ਨੂੰ ਰਫ਼ਤਾਰ ਦੇ ਦਿੱਤੀ ਹੈ। ਇਸ ਮਕਸਦ ਨਾਲ ਕੁਲਚਾ ਨਿਰਮਾਤਾਵਾਂ, ਰੈਸਟੋਰੈਂਟ ਸੰਚਾਲਕਾਂ ਅਤੇ ਇਸ ਕਾਰੋਬਾਰ ਨਾਲ ਜੁੜੇ ਹੋਰ ਹਿੱਸੇਦਾਰਾਂ ਨਾਲ ਲਗਾਤਾਰ ਜਾਗਰੂਕਤਾ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਜੀ.ਆਈ. ਟੈਗ ਲਈ ਲੋੜੀਂਦੀ ਕਾਰਵਾਈ ਸਮੇਂ ਸਿਰ ਪੂਰੀ ਕੀਤੀ ਜਾ ਸਕੇ।
ਜੀ.ਆਈ. ਟੈਗ ਨਾਲ ਅੰਮ੍ਰਿਤਸਰੀ ਕੁਲਚੇ ਨੂੰ ਮਿਲੇਗੀ ਵੱਖਰੀ ਪਛਾਣ
ਸਹਾਇਕ ਕਮਿਸ਼ਨਰ (ਜਨਰਲ) ਪ੍ਰਗਤੀ ਸੇਠੀ ਨੇ ਦੱਸਿਆ ਕਿ ਅੰਮ੍ਰਿਤਸਰੀ ਕੁਲਚਾ ਸਿਰਫ਼ ਇੱਕ ਪਕਵਾਨ ਨਹੀਂ, ਸਗੋਂ ਸ਼ਹਿਰ ਦੀ ਸੱਭਿਆਚਾਰਕ ਅਤੇ ਰਵਾਇਤੀ ਪਛਾਣ ਦਾ ਅਹਿਮ ਹਿੱਸਾ ਹੈ। ਉਨ੍ਹਾਂ ਕਿਹਾ ਕਿ ਜੀ.ਆਈ. ਟੈਗ ਮਿਲਣ ਨਾਲ ਇਸ ਦੀ ਮੌਲਿਕਤਾ ਨੂੰ ਕਾਨੂੰਨੀ ਸੁਰੱਖਿਆ ਮਿਲੇਗੀ ਅਤੇ ਦੇਸ਼-ਵਿਦੇਸ਼ ਵਿੱਚ ਇਸ ਦੀ ਵਿਲੱਖਣ ਪਛਾਣ ਹੋਰ ਮਜ਼ਬੂਤ ਹੋਵੇਗੀ। ਇਸ ਨਾਲ ਸਥਾਨਕ ਵਪਾਰ ਨੂੰ ਨਵਾਂ ਹੁਲਾਰਾ ਮਿਲਣ ਦੇ ਨਾਲ-ਨਾਲ ਰਵਾਇਤੀ ਖਾਣ-ਪੀਣ ਦੀ ਵਿਰਾਸਤ ਨੂੰ ਵੀ ਸੰਭਾਲਣ ਵਿੱਚ ਮਦਦ ਮਿਲੇਗੀ।
ਐਸੋਸੀਏਸ਼ਨ ਦਾ ਗਠਨ ਹੋਵੇਗਾ ਅਹਿਮ ਕਦਮ
ਉਨ੍ਹਾਂ ਦੱਸਿਆ ਕਿ ਜੀ.ਆਈ. ਟੈਗ ਲਈ ਅਰਜ਼ੀ ਦਾਖ਼ਲ ਕਰਨ ਵਾਸਤੇ ‘ਅੰਮ੍ਰਿਤਸਰੀ ਕੁਲਚਾ ਮੇਕਰਜ਼ ਐਸੋਸੀਏਸ਼ਨ’ ਦਾ ਗਠਨ ਕੀਤਾ ਜਾਣਾ ਲਾਜ਼ਮੀ ਹੈ। ਇਹ ਸੰਸਥਾ ਨਾ ਸਿਰਫ਼ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਅੱਗੇ ਵਧਾਏਗੀ, ਸਗੋਂ ਅੰਮ੍ਰਿਤਸਰੀ ਕੁਲਚੇ ਦੀ ਗੁਣਵੱਤਾ, ਪ੍ਰਮਾਣਿਕਤਾ ਅਤੇ ਰਵਾਇਤੀ ਤਿਆਰੀ ਵਿਧੀ ਨੂੰ ਵੀ ਸੁਰੱਖਿਅਤ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਏਗੀ।
ਕੁਲਚਾ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ
ਪ੍ਰਗਤੀ ਸੇਠੀ ਨੇ ਕੁਲਚਾ ਤਿਆਰ ਕਰਨ, ਵੇਚਣ ਜਾਂ ਇਸ ਨਾਲ ਸਬੰਧਤ ਕਾਰੋਬਾਰ ਕਰਨ ਵਾਲੇ ਸਾਰੇ ਹਿੱਸੇਦਾਰਾਂ ਨੂੰ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਅਜੇ ਤੱਕ ਇਸ ਪਹਿਲ ਦਾ ਹਿੱਸਾ ਨਹੀਂ ਬਣੇ, ਉਹ ਜਾਗਰੂਕਤਾ ਮੀਟਿੰਗਾਂ ਵਿੱਚ ਸ਼ਾਮਲ ਹੋ ਕੇ ਐਸੋਸੀਏਸ਼ਨ ਦੇ ਗਠਨ ਵਿੱਚ ਆਪਣਾ ਯੋਗਦਾਨ ਪਾਉਣ, ਤਾਂ ਜੋ ਜੀ.ਆਈ. ਟੈਗ ਲਈ ਸਾਂਝੇ ਤੌਰ ‘ਤੇ ਮਜ਼ਬੂਤ ਦਾਅਵਾ ਪੇਸ਼ ਕੀਤਾ ਜਾ ਸਕੇ।
ਸਮੇਂ ਸਿਰ ਅਰਜ਼ੀ ਦਾਖ਼ਲ ਕਰਨ ਲਈ ਜਾਰੀ ਹਨ ਉਪਰਾਲੇ
ਜ਼ਿਲ੍ਹਾ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਕਿ ਸਾਰੇ ਸਬੰਧਤ ਧਿਰਾਂ ਨਾਲ ਤਾਲਮੇਲ ਕਰਕੇ ਜੀ.ਆਈ. ਟੈਗ ਲਈ ਅਰਜ਼ੀ ਸਮੇਂ ਸਿਰ ਦਾਖ਼ਲ ਕਰਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਨੇ ਕਿਹਾ ਕਿ ਇਸ ਮੁਹਿੰਮ ਨਾਲ ਜੁੜਨ ਜਾਂ ਐਸੋਸੀਏਸ਼ਨ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਦੇ ਇੱਛੁਕ ਵਿਅਕਤੀ ਅਮਨ ਖਾਲਸਾ (ਖਾਲਸਾ ਕੁਲਚੇ ਵਾਲੇ) ਨਾਲ ਸੰਪਰਕ ਕਰ ਸਕਦੇ ਹਨ।q

