ਚੰਡੀਗੜ੍ਹ :- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਵੱਲੋਂ ਬਿਜਲੀ ਲਾਈਨਾਂ ਅਤੇ ਉਪਕਰਨਾਂ ਦੀ ਰੱਖ-ਰਖਾਅ ਲਈ ਸ਼ੁੱਕਰਵਾਰ ਨੂੰ ਸੂਬੇ ਦੇ ਵੱਖ-ਵੱਖ ਇਲਾਕਿਆਂ ਵਿੱਚ ਨਿਰਧਾਰਿਤ ਸਮੇਂ ਲਈ ਬਿਜਲੀ ਸਪਲਾਈ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਵਿਭਾਗ ਨੇ ਲੋਕਾਂ ਨੂੰ ਪਹਿਲਾਂ ਹੀ ਸੂਚਿਤ ਕਰਦਿਆਂ ਅਪੀਲ ਕੀਤੀ ਹੈ ਕਿ ਉਹ ਆਪਣੇ ਰੋਜ਼ਾਨਾ ਦੇ ਕੰਮ ਇਸ ਅਨੁਸਾਰ ਯੋਜਨਾਬੱਧ ਕਰ ਲੈਣ। ਸਵੇਰ ਤੋਂ ਹੀ ਕਈ ਥਾਵਾਂ ‘ਤੇ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਰੂਪਨਗਰ ਵਿੱਚ ਚਾਰ ਘੰਟੇ ਬਿਜਲੀ ਸਪਲਾਈ ਰਹੇਗੀ ਪ੍ਰਭਾਵਿਤ
ਪੀਐੱਸਪੀਸੀਐੱਲ ਅਨੁਸਾਰ 132 ਕੇਵੀ ਸਬ-ਸਟੇਸ਼ਨ ਰੂਪਨਗਰ ਨਾਲ ਜੁੜੇ 11 ਕੇਵੀ ਗੋਬਿੰਦ ਵੈਲੀ ਅਤੇ ਕੋਲਡ ਸਟੋਰ ਫੀਡਰਾਂ ਦੀ ਤਕਨੀਕੀ ਮੁਰੰਮਤ ਲਈ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਬੰਦ ਰਹੇਗੀ। ਇਸ ਦੌਰਾਨ ਸੁਖਰਾਮਪੁਰ ਟੱਪਰੀਆਂ, ਸੁਖਰਾਮਪੁਰ ਇਨਕਲੇਵ, ਗੋਬਿੰਦ ਵੈਲੀ ਕਾਲੋਨੀ, ਮਾਜਰੀ ਰੋਡ, ਨਾਨਕਪੁਰਾ, ਜੇ.ਜੇ. ਵੈਲੀ, ਅਮਰ ਕਾਲੋਨੀ, ਸਦਾਬਰਤ, ਆਈ.ਟੀ.ਆਈ., ਗ੍ਰੀਨ ਐਵੇਨਿਊ, ਹੁਸੈਨਪੁਰ, ਗਊਸ਼ਾਲਾ ਰੋਡ, ਵੈਟਰਨਰੀ ਹਸਪਤਾਲ ਇਲਾਕਾ, ਹਸਪਤਾਲ ਰੋਡ, ਪ੍ਰਤਾਪ ਬਾਜ਼ਾਰ, ਰਾਮਲੀਲਾ ਰੋਡ, ਸਬਜ਼ੀ ਮੰਡੀ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਸਪਲਾਈ ਪ੍ਰਭਾਵਿਤ ਰਹੇਗੀ।
ਬੱਸੀ ਪਠਾਣਾਂ ਵਿੱਚ ਦੋ ਪੜਾਅ ਵਿੱਚ ਲੱਗੇਗਾ ਪਾਵਰ ਕੱਟ
ਬੱਸੀ ਪਠਾਣਾਂ ਦੇ 220 ਕੇਵੀ ਸਬ-ਸਟੇਸ਼ਨ ਨਾਲ ਜੁੜੇ 11 ਕੇਵੀ ਆਈ.ਟੀ.ਆਈ. ਫੀਡਰ ਦੀ ਦੇਖਭਾਲ, ਜੀ.ਓ. ਸਵਿੱਚਾਂ ਦੀ ਮੁਰੰਮਤ ਅਤੇ ਲਾਈਨਾਂ ਨਾਲ ਲੱਗੀਆਂ ਦਰੱਖਤਾਂ ਦੀਆਂ ਟਾਹਣੀਆਂ ਦੀ ਕਟਾਈ ਕਾਰਨ ਸਵੇਰੇ 9:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਬਿਜਲੀ ਬੰਦ ਰਹੇਗੀ। ਇਸ ਕਾਰਨ ਖਰੜ ਰੋਡ, ਬੱਸ ਸਟੈਂਡ ਇਲਾਕਾ, ਰੇਲਵੇ ਰੋਡ, ਰੇਲਵੇ ਕਲੋਨੀ, ਐਮ.ਪੀ. ਕਲੋਨੀ, ਚੀਮਾ ਕਲੋਨੀ ਅਤੇ ਇੰਡਸਟਰੀ ਏਰੀਆ ਪ੍ਰਭਾਵਿਤ ਰਹੇਗਾ।
ਇਸ ਤੋਂ ਬਾਅਦ ਦੁਪਹਿਰ 1:30 ਵਜੇ ਤੋਂ ਸ਼ਾਮ 5:30 ਵਜੇ ਤੱਕ 11 ਕੇਵੀ ਮਾਤਾ ਰਾਣੀ ਫੀਡਰ (ਕੈਟਾਗਰੀ-1) ਦੀ ਮੁਰੰਮਤ ਲਈ ਸਪਲਾਈ ਬੰਦ ਰਹੇਗੀ। ਇਸ ਦੌਰਾਨ ਚੌਧਰੀ ਕਲੋਨੀ, ਅਮਨ ਹਸਪਤਾਲ, ਬਾਵਾ ਨਰਸਿੰਗ ਹੋਮ, ਐੱਸ.ਬੀ.ਆਈ., ਐੱਚ.ਡੀ.ਐੱਫ.ਸੀ. ਅਤੇ ਇਲਾਹਾਬਾਦ ਬੈਂਕ, ਬਚਿੱਤਰ ਨਗਰ, ਐੱਸ.ਡੀ.ਐੱਮ. ਦਫ਼ਤਰ, ਬੀ.ਐੱਸ.ਐੱਨ.ਐੱਲ. ਐਕਸਚੇਂਜ, ਕਮੇਟੀ ਰੋਡ, ਗਿਲਜੀਆਂ ਮੁਹੱਲਾ, ਕਲੰਦਰਸ਼ਾਹ ਵੇਹੜਾ, ਮੋਟੇ ਵਾਲਾ ਚੌਕ, ਹਾਈ ਸਕੂਲ, ਸਿਵਲ ਹਸਪਤਾਲ, ਕਟਿਹਰਾ ਮੁਹੱਲਾ, ਛੋਟੀ ਬਾਲਮੀਕੀ ਬਸਤੀ, ਜੜਖੇਲਾ ਖੇੜੀ, ਅਸ਼ੋਕ ਕਲੋਨੀ, ਇੰਦਰਾ ਮੁਹੱਲਾ, ਸਿੰਘਪੁਰਾ ਅਤੇ ਗੁਰੂ ਨਾਨਕਪੁਰਾ ਸਮੇਤ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਨਵਾਂਸ਼ਹਿਰ ਦੇ ਕਈ ਪਿੰਡਾਂ ਵਿੱਚ ਕੱਲ੍ਹ ਬਿਜਲੀ ਰਹੇਗੀ ਬੰਦ
ਨਵਾਂਸ਼ਹਿਰ ਦੇ ਦਿਹਾਤੀ ਉਪ ਮੰਡਲ ਅਧੀਨ 132 ਕੇਵੀ ਸਬ-ਸਟੇਸ਼ਨ ਤੋਂ ਚੱਲਦੇ 11 ਕੇਵੀ ਬਰਨਾਲਾ ਯੂ.ਪੀ.ਐੱਸ. ਫੀਡਰ ਦੀ ਜ਼ਰੂਰੀ ਮੁਰੰਮਤ ਲਈ 18 ਜੁਲਾਈ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ। ਇਸ ਦੌਰਾਨ ਬਰਨਾਲਾ ਕਲਾਂ, ਸਲੋਹ, ਪੂਨੂੰ ਮਜਾਰਾ, ਜੇਠੂ ਮਜਾਰਾ, ਚੂਹੜਪੁਰ, ਸੋਨਾ, ਬਘੌਰਾ, ਰੁੜਕੀ ਖ਼ਾਸ, ਸਿੰਬਲੀ ਅਤੇ ਨੇੜਲੇ ਪਿੰਡਾਂ ਵਿੱਚ ਬਿਜਲੀ ਨਹੀਂ ਮਿਲੇਗੀ।
ਲੋਕਾਂ ਨੂੰ ਪਹਿਲਾਂ ਤੋਂ ਤਿਆਰੀ ਕਰਨ ਦੀ ਅਪੀਲ
ਬਿਜਲੀ ਵਿਭਾਗ ਨੇ ਕਿਹਾ ਹੈ ਕਿ ਇਹ ਬੰਦਸ਼ ਸਿਰਫ਼ ਜ਼ਰੂਰੀ ਰੱਖ-ਰਖਾਅ ਅਤੇ ਬਿਜਲੀ ਪ੍ਰਣਾਲੀ ਨੂੰ ਹੋਰ ਭਰੋਸੇਯੋਗ ਬਣਾਉਣ ਲਈ ਕੀਤੀ ਜਾ ਰਹੀ ਹੈ। ਵਿਭਾਗ ਨੇ ਖਪਤਕਾਰਾਂ ਨੂੰ ਬੇਨਤੀ ਕੀਤੀ ਹੈ ਕਿ ਨਿਰਧਾਰਿਤ ਸਮੇਂ ਦੌਰਾਨ ਲੋੜੀਂਦੇ ਕੰਮ ਪਹਿਲਾਂ ਹੀ ਨਿਪਟਾ ਲੈਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਿਆ ਜਾ ਸਕੇ।

