ਚੰਡੀਗੜ੍ਹ :- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨਾਲ ਸਬੰਧਤ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਨੂੰ ਹੋਰ ਸੰਵੇਦਨਸ਼ੀਲ ਅਤੇ ਮਰਿਆਦਾ ਅਨੁਸਾਰ ਬਣਾਉਣ ਲਈ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ (ਪੀ.ਬੀ.ਆਈ.) ਨੇ ਸੂਬੇ ਦੇ ਸਮੂਹ ਪੁਲਿਸ ਕਮਿਸ਼ਨਰਾਂ ਅਤੇ ਸੀਨੀਅਰ ਪੁਲਿਸ ਕਪਤਾਨਾਂ ਨੂੰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਨਿਰਦੇਸ਼ਾਂ ਅਨੁਸਾਰ ਹੁਣ ਜਾਂਚ ਦੌਰਾਨ ਤਿਆਰ ਕੀਤੀਆਂ ਜਾਣ ਵਾਲੀਆਂ ਕੇਸ ਡਾਇਰੀਆਂ, ਰਿਪੋਰਟਾਂ ਅਤੇ ਹੋਰ ਅਧਿਕਾਰਤ ਦਸਤਾਵੇਜ਼ਾਂ ਵਿੱਚ ਕੇਵਲ ਵਿਭਾਗ ਵੱਲੋਂ ਨਿਰਧਾਰਿਤ ਸ਼ਬਦਾਵਲੀ ਦੀ ਹੀ ਵਰਤੋਂ ਕੀਤੀ ਜਾਵੇਗੀ।
52 ਸ਼ਰਧਾਪੂਰਵਕ ਸ਼ਬਦਾਂ ਦੀ ਸੂਚੀ ਲਾਗੂ
ਪੀ.ਬੀ.ਆਈ. ਦੇ ਡਾਇਰੈਕਟਰ ਐਲ. ਕੇ. ਯਾਦਵ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਬੇਅਦਬੀ ਵਰਗੇ ਸੰਵੇਦਨਸ਼ੀਲ ਮਾਮਲਿਆਂ ਦੀ ਜਾਂਚ ਦੌਰਾਨ ਭਾਸ਼ਾ ਦੀ ਪੂਰੀ ਮਰਿਆਦਾ ਬਣਾਈ ਰੱਖਣਾ ਲਾਜ਼ਮੀ ਹੋਵੇਗਾ। ਇਸ ਲਈ ਪੁਲਿਸ ਅਧਿਕਾਰੀਆਂ ਨੂੰ 52 ਵਿਸ਼ੇਸ਼ ਧਾਰਮਿਕ ਸ਼ਬਦਾਂ ਦੀ ਸੂਚੀ ਭੇਜੀ ਗਈ ਹੈ, ਜਿਸ ਦੀ ਸ਼ਬਦ-ਦਰ-ਸ਼ਬਦ ਪਾਲਣਾ ਕਰਨੀ ਹੋਵੇਗੀ। ਕਿਸੇ ਵੀ ਆਮ ਜਾਂ ਗੈਰ-ਨਿਰਧਾਰਿਤ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ ਹੈ।
16 ਜੂਨ ਦੇ ਸਰਕੂਲਰ ਦੀ ਅਗਲੀ ਕੜੀ
ਇਹ ਹਦਾਇਤਾਂ 16 ਜੂਨ ਨੂੰ ਜਾਰੀ ਸਰਕੂਲਰ ਦੇ ਅਗਲੇ ਪੜਾਅ ਵਜੋਂ ਲਾਗੂ ਕੀਤੀਆਂ ਗਈਆਂ ਹਨ। ਬਿਊਰੋ ਦਾ ਮੰਨਣਾ ਹੈ ਕਿ ਇਕਸਾਰ ਸ਼ਬਦਾਵਲੀ ਅਪਣਾਉਣ ਨਾਲ ਜਾਂਚ ਪ੍ਰਕਿਰਿਆ ਵਿੱਚ ਪਾਰਦਰਸ਼ਤਾ, ਸੰਵੇਦਨਸ਼ੀਲਤਾ ਅਤੇ ਇੱਕਸਾਰਤਾ ਬਣੀ ਰਹੇਗੀ ਅਤੇ ਧਾਰਮਿਕ ਮਰਿਆਦਾ ਦਾ ਪੂਰਾ ਸਤਿਕਾਰ ਵੀ ਯਕੀਨੀ ਬਣੇਗਾ।
ਧਾਰਮਿਕ ਭਾਵਨਾਵਾਂ ਦਾ ਸਤਿਕਾਰ ਪਹਿਲੀ ਤਰਜੀਹ
ਜਾਰੀ ਹਦਾਇਤਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਜਾਂਚ ਦੀ ਕਿਸੇ ਵੀ ਕਾਰਵਾਈ ਜਾਂ ਦਸਤਾਵੇਜ਼ੀ ਭਾਸ਼ਾ ਕਾਰਨ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਣੀ ਚਾਹੀਦੀ। ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਅਜਿਹੇ ਮਾਮਲਿਆਂ ਵਿੱਚ ਵਰਤੀ ਜਾਣ ਵਾਲੀ ਭਾਸ਼ਾ ਪੂਰੀ ਤਰ੍ਹਾਂ ਸਤਿਕਾਰਯੋਗ ਅਤੇ ਮਰਿਆਦਾ ਅਨੁਸਾਰ ਹੋਣੀ ਚਾਹੀਦੀ ਹੈ ਤਾਂ ਜੋ ਕਾਨੂੰਨ-ਵਿਵਸਥਾ ‘ਤੇ ਕੋਈ ਨਕਾਰਾਤਮਕ ਅਸਰ ਨਾ ਪਵੇ।
ਸਰਕਾਰੀ ਰਿਕਾਰਡਾਂ ਵਿੱਚ ਬਦਲੇ ਜਾਣਗੇ ਕਈ ਸ਼ਬਦ
ਨਵੇਂ ਨਿਯਮਾਂ ਅਨੁਸਾਰ ਹੁਣ ਅਧਿਕਾਰਤ ਦਸਤਾਵੇਜ਼ਾਂ ਵਿੱਚ ‘ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ’ ਜਾਂ ‘ਪਾਵਨ ਸਰੂਪ’ ਵਰਗੇ ਸ਼ਬਦ ਹੀ ਵਰਤੇ ਜਾਣਗੇ। ਇਸੇ ਤਰ੍ਹਾਂ ‘ਪੰਨਾ’ ਦੀ ਥਾਂ ‘ਪਾਵਨ ਅੰਗ’, ‘ਪ੍ਰਕਾਸ਼ ਅਸਥਾਨ’, ‘ਸੁਖਆਸਨ ਅਸਥਾਨ’, ‘ਜਿਲਦ’, ‘ਗੁਟਕਾ ਸਾਹਿਬ’, ‘ਰੁਮਾਲਾ ਸਾਹਿਬ’, ‘ਚੌਂਰ ਸਾਹਿਬ’ ਅਤੇ ਹੋਰ ਧਾਰਮਿਕ ਸ਼ਬਦ ਨਿਰਧਾਰਿਤ ਰੂਪ ਵਿੱਚ ਲਿਖਣੇ ਲਾਜ਼ਮੀ ਹੋਣਗੇ।
ਸੇਵਾਦਾਰਾਂ ਲਈ ਵਿਸ਼ੇਸ਼ ਪਛਾਣ ਪ੍ਰਣਾਲੀ ਵੀ ਬਣੇਗੀ
ਹਦਾਇਤਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪਾਵਨ ਸਰੂਪਾਂ ਦੀ ਸੇਵਾ ਅਤੇ ਦੇਖਭਾਲ ਨਾਲ ਜੁੜੇ ਸੇਵਾਦਾਰਾਂ ਅਤੇ ਪ੍ਰਬੰਧਕਾਂ ਲਈ ਵਿਸ਼ੇਸ਼ ‘ਸੇਵਾ ਯੂਨੀਕ ਪਛਾਣ ਨੰਬਰ’ ਜਾਰੀ ਕਰਨ ਦੀ ਪ੍ਰਕਿਰਿਆ ਵੀ ਅਮਲ ਵਿੱਚ ਲਿਆਂਦੀ ਜਾਵੇਗੀ, ਤਾਂ ਜੋ ਰਿਕਾਰਡ ਅਤੇ ਜਵਾਬਦੇਹੀ ਹੋਰ ਪ੍ਰਭਾਵਸ਼ਾਲੀ ਬਣ ਸਕੇ।
ਸਾਰੇ ਜਾਂਚ ਅਧਿਕਾਰੀਆਂ ਨੂੰ ਪਾਲਣਾ ਦੇ ਹੁਕਮ
ਬਿਊਰੋ ਨੇ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਅਧੀਨ ਕੰਮ ਕਰ ਰਹੇ ਜਾਂਚ ਅਧਿਕਾਰੀਆਂ ਨੂੰ ਇਨ੍ਹਾਂ ਨਵੇਂ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਹਿਣ। ਬਿਊਰੋ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਧਾਰਮਿਕ ਮਰਿਆਦਾ ਅਤੇ ਕਾਨੂੰਨੀ ਪ੍ਰਕਿਰਿਆ ਦੋਵਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਜਾ ਸਕੇਗੀ।

