ਚੰਡੀਗੜ੍ਹ :- ਪੰਜਾਬ ਵਿੱਚ ਸੋਮਵਾਰ ਨੂੰ ਮੌਸਮ ਨੂੰ ਲੈ ਕੇ ਰਾਹਤ ਭਰੀ ਸਥਿਤੀ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਸੂਬੇ ਲਈ ਕਿਸੇ ਵੀ ਤਰ੍ਹਾਂ ਦਾ ਅਲਰਟ ਜਾਰੀ ਨਹੀਂ ਕੀਤਾ। ਇਸ ਦੇ ਬਾਵਜੂਦ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ।
ਇਨ੍ਹਾਂ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ
ਮੌਸਮ ਵਿਭਾਗ ਅਨੁਸਾਰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਅਤੇ ਰੂਪਨਗਰ ਦੇ ਕੁਝ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਐਸਏਐਸ ਨਗਰ (ਮੁਹਾਲੀ) ਦੇ ਵੱਖ-ਵੱਖ ਇਲਾਕਿਆਂ ਵਿੱਚ ਵੀ ਮੀਂਹ ਪੈਣ ਦੇ ਆਸਾਰ ਹਨ।
ਅਗਲੇ ਤਿੰਨ ਦਿਨ ਵੀ ਅਲਰਟ ਤੋਂ ਬਿਨਾਂ ਲੰਘਣਗੇ
14 ਤੋਂ 16 ਜੁਲਾਈ ਤੱਕ ਵੀ ਪੰਜਾਬ ਲਈ ਕੋਈ ਮੌਸਮੀ ਅਲਰਟ ਜਾਰੀ ਨਹੀਂ ਕੀਤਾ ਗਿਆ। ਹਾਲਾਂਕਿ, ਇਸ ਦੌਰਾਨ ਵੀ ਉੱਤਰੀ ਅਤੇ ਕੇਂਦਰੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਛਿਟਪੁੱਟ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐਸਏਐਸ ਨਗਰ ਸ਼ਾਮਲ ਹਨ।
ਤਾਪਮਾਨ ‘ਚ ਹਲਕੀ ਗਿਰਾਵਟ, ਆਮ ਦੇ ਨੇੜੇ ਰਿਹਾ ਮੌਸਮ
ਬੀਤੇ 24 ਘੰਟਿਆਂ ਦੌਰਾਨ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.7 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ। ਇਸ ਦੇ ਬਾਵਜੂਦ ਸੂਬੇ ਦਾ ਤਾਪਮਾਨ ਆਮ ਪੱਧਰ ਦੇ ਨੇੜੇ ਬਣਿਆ ਰਿਹਾ। ਸਭ ਤੋਂ ਵੱਧ ਵੱਧੋ-ਵੱਧ ਤਾਪਮਾਨ ਬਠਿੰਡਾ ਏਅਰਪੋਰਟ ਵਿੱਚ 36.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਵੱਖ-ਵੱਖ ਸ਼ਹਿਰਾਂ ਦਾ ਤਾਪਮਾਨ
ਚੰਡੀਗੜ੍ਹ ਸ਼ਹਿਰ ਦਾ ਵੱਧੋ-ਵੱਧ ਤਾਪਮਾਨ 36.1 ਡਿਗਰੀ ਸੈਲਸੀਅਸ, ਚੰਡੀਗੜ੍ਹ ਏਅਰਪੋਰਟ 35.4 ਡਿਗਰੀ, ਅੰਮ੍ਰਿਤਸਰ 29.0 ਡਿਗਰੀ, ਲੁਧਿਆਣਾ 34.6 ਡਿਗਰੀ, ਪਟਿਆਲਾ 35.7 ਡਿਗਰੀ, ਪਠਾਨਕੋਟ 30.7 ਡਿਗਰੀ, ਫਰੀਦਕੋਟ 35.2 ਡਿਗਰੀ, ਬੱਲੋਵਾਲ ਸੌਂਖੜੀ 32.1 ਡਿਗਰੀ, ਅਬੋਹਰ 33.4 ਡਿਗਰੀ, ਫਿਰੋਜ਼ਪੁਰ 34.5 ਡਿਗਰੀ, ਹੁਸ਼ਿਆਰਪੁਰ 31.8 ਡਿਗਰੀ, ਮੋਗਾ 33.7 ਡਿਗਰੀ, ਮੁਹਾਲੀ 35.5 ਡਿਗਰੀ, ਸ੍ਰੀ ਮੁਕਤਸਰ ਸਾਹਿਬ 34.9 ਡਿਗਰੀ, ਥੀਨ ਡੈਮ 30.4 ਡਿਗਰੀ, ਰੂਪਨਗਰ 35.2 ਡਿਗਰੀ ਅਤੇ ਸੰਗਰੂਰ 32.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

